ਜੀਵਨ ‘ਤੇ ਪਿਛਲ ਝਾਤ ਮਾਰਦਿਆਂ, ਮੇਰੇ ਜ਼ਿਹਨ ਵਿਚ ਜੋ ਯਾਦ ਉਭਰਦੀ ਹੈ, ਉਹ ਹੈ ਮੇਰੀ ਸੋਝੀ ਵਿਚ ਖਿਚਵਾਈ ਗਈ, ਮੇਰੀ ਸਭ ਤੋਂ ਪਹਿਲੀ ਫੋਟੋ। ਮੇਰੇ ਬਾਪੂ ਜੀ ਸ਼ੇਰ ਸਿੰਘ ਮਾਂਗਟ, ਫੌਜ ਵਿਚ ਭਰਤੀ ਸਨ। ਸਾਲ ਛੇ ਮਹੀਨੇ ਬਾਅਦ ਜਦੋਂ ਉਹ ਛੁੱਟੀ ਆਉਂਦੇ ਤਾਂ ਉਨ੍ਹਾਂ ਦੇ ਚਾਅ ਨਾ ਚੁੱਕੇ ਜਾਂਦੇ। ਸੋਚ ਕੇ ਦਿਲ ਨੂੰ ਅੱਜ ਵੀ ਹੌਲ ਜਿਹਾ ਪੈਂਦਾ ਹੈ ਕਿ ਅਪਣੀ ਪਤਨੀ, ਪੁੱਤਰ ਅਤੇ ਪਰਿਵਾਰ ਨੂੰ ਛੱਡ ਕੇ, ਐਨਾ ਲੰਬਾ ਅਰਸਾ, ਉਹ ਕਿਵੇਂ ਬਰਫੀਲੀਆਂ ਪਹਾੜੀਆਂ ਮਿੱਧਦੇ ਫਿਰਦੇ ਹੋਣਗੇ। ਅੱਜ ਅਸੀਂ ਇੱਕ ਦਿਨ ਵੀ ਅਪਣੇ ਬੱਚਿਆਂ ਤੋਂ ਦੂਰ ਨਹੀਂ ਹੋ ਸਕਦੇ। ਜੇ ਕਿਤੇ ਜਾਈਏ ਵੀ ਤਾਂ ਘਰ ਦੀ ਯਾਦ ਸਤਾਉਣ ਲੱਗ ਜਾਂਦੀ ਹੈ। ਫੇਰ ਸੋਚਦਾ ਹਾਂ ਕਿ ਹੁਕਮ ਦਾ ਬੰਨਿਆ ਤੇ ਕਾਇਦੇ ਕਨੂੰਨਾਂ ਵਿਚ ਜਕੜਿਆ ਬੰਦਾ ਮਜਬੂਰੀਆਂ ਵਸ, ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦਾ ਹੋਵੇਗਾ। ਜੋ ਕਿ ਇੱਕ ਖੁਦਕਸ਼ੀ ਕਰਨ ਵਰਗੀ ਗੱਲ ਹੀ ਕਹੀ ਜਾ ਸਕਦੀ ਹੈ।
ਪਰਿਵਾਰਾਂ ਤੋਂ ਵਿਛੜਿਆਂ ਲਈ ਫੋਟੋਆਂ ਬਹੁਤ ਵੱਡਾ ਆਸਰਾ ਹੁੰਦੀਆਂ ਹਨ। ਤੇ ਇਨ੍ਹਾਂ ਦੀ ਅਹਿਮੀਅਤ ਵੀ ਉਹ ਹੀ ਸਮਝ ਸਕਦੇ ਹਨ, ਜੋ ਅਪਣੇ ਪਰਿਵਾਰਾਂ ਤੋਂ ਵਿਛੜੇ ਹੋਣ। ਮੇਰੇ ਬਾਪੂ ਜੀ ਵੀ ਅਪਣੇ ਨੰਨੇ ਜਿਹੇ ਪੁੱਤ ਦੀ ਯਾਦ ਨੂੰ ਫੋਟੋ ਵਿਚ ਬੰਦ ਕਰਕੇ ਲੈ ਜਾਣਾ ਚਾਹੁੰਦੇ ਹੋਣਗੇ। ਉਨ੍ਹਾਂ ਦਿਨਾਂ ਵਿਚ ਮੈਂ ਅਪਣੇ ਨਾਨਕੇ ਪਿੰਡ ਪੂਨੀਆਂ ਰਹਿੰਦਾ ਸਾਂ। ਮੈਂ, ਮਾਂ ਬਾਪ ਵਿਹੂਣਾ, ਜਿਸ ਦਾ ਪਿਉ ਫੌਜ ਵਿਚ ਤੇ ਮਾਂ ਅਪਣੇ ਸਹੁਰੇ ਰਹਿੰਦੀ ਸੀ।
ਨਾਨੀ ਦੇ ਗੋਡੇ ਨਾਲ ਲੱਗਿਆ ਚੁੱਪ ਗੜੁੱਪ ਤੇ ਇੱਕ ਉਦਾਸ ਜਿਹਾ ਚਿਹਰਾ। ਏਥੇ ਹੀ ਮੈਂ ਰਿੜਨਾ ਤੁਰਨਾ ਤੇ ਬੋਲਣਾ ਸਿਖਿਆ। ਮਾਂ ਬਾਪ ਦੀਆਂ ਨਿੱਘੀਆਂ ਗੱਲਵੱਕੜੀਆਂ ਤੋਂ ਬਗੈਰ ਹੀ। ਅੰਦਰੇ ਅੰਦਰ ਸਾਰਾ ਕੁੱਝ ਮੱਚਦਾ ਤੇ ਖੌਲਦਾ ਰਹਿੰਦਾ, ਪਰ ਜ਼ੁਬਾਨ ‘ਤੇ ਨਾ ਆਉਂਦਾ। ਸ਼ਾਇਦ ਮਨ ਦੇ ਕੋਨੇ ਵਿਚ ਦੱਬੇ ਉਹ ਹੀ ਕੋਈ ਢੇਰ ਹੋਣਗੇ, ਜਿਨ੍ਹਾਂ ਨੂੰ ਮੈਂ ਹੌਲੀ ਹੌਲੀ ਕਲਮ ਦੀ ਚੁੰਝ ਨਾਲ ਕੁਰੇਦ ਕੁਰੇਦ ਕੇ ਬਾਹਰ ਕੱਢਣਾ ਸ਼ੁਰੂ ਕੀਤਾ।
ਮਨ ਅੰਦਰ ਦੱਬੀਆਂ ਲੱਖਾਂ ਯਾਦਾਂ ਦੀ ਪਰਛਾਈ ਹੈ, ਮੇਰੇ ਬਚਪਨ ਦੀ ਇਹ ਪਹਿਲੀ ਤਸਵੀਰ। ਜਿਸ ਨੂੰ ਮੈਂ ਅੱਜ ਤੱਕ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਲੋਕ ਤਾਂ ਤਸਵੀਰਾਂ ਫਰੇਮ ਕਰਵਾ ਕੇ ਦੀਵਾਰ ‘ਤੇ ਟੰਗ ਦਿੰਦੇ ਨੇ, ਮੈਂ ਇਸ ਨੂੰ ਅਪਣੇ ਮਨ ਦੀ ਕੰਧ ‘ਤੇ ਟੰਗਿਆ ਹੋਇਆ ਹੈ। ਜਿਸ ਨੂੰ ਜਦ ਵੀ ਦੇਖਦਾ ਹਾਂ ਤਾਂ ਇਹ ਯਾਦ ਤਾਜ਼ਾ ਹੋ ਜਾਂਦੀ ਹੈ।
ਸ਼ਾਇਦ ਕੱਤਕ ਦਾ ਮਹੀਨਾ ਸੀ ਤੇ ਦਿਵਾਲੀ ਦੇ ਦਿਨ ਸਨ। ਇਨ੍ਹਾਂ ਦਿਨਾਂ ਵਿਚ ਮੇਰਾ ਨਾਨਕਾ ਪਿੰਡ ਭੁੱਜੀ ਹੋਈ ਮੂੰਗਫਲੀ ਅਤੇ ਮੱਕੀ ਦੀਆਂ ਖਿੱਲਾਂ ਦੀ ਖੁਸ਼ਬੂ ਨਾਲ ਮਹਿਕ ਉੱਠਦਾ ਸੀ। ਉਦੋਂ ਅਜੇ ਪੰਜਾਬ ਵਿਚ ਝੋਨਾ ਲਾਉਣ ਦਾ ਰਿਵਾਜ਼ ਨਹੀਂ ਸੀ ਪਿਆ। ਲੋਕ ਮੂੰਗਫਲੀ ਪੁੱਟਦੇ, ਲਾਂਗੇ ਝਾੜਦੇ, ਧੂੜ ਉਡਾਉਂਦੇ। ਛੱਲੀਆਂ ਅਤੇ ਭੁੱਜੀ ਹੋਈ ਮੂੰਗਫਲੀ ਦੀ ਮਹਿਕ ਨਾਲ ਦੀਵਾਲੀ ਦੇ ਦਿਨਾਂ ਵਿਚ ਪਾਂਡੂ ਮਿੱਟੀ ਨਾਲ ਲਿੱਪੀਆਂ ਕੱਚੀਆਂ ਕੰਧਾਂ ਵੀ ਮਹਿਕ ਉੱਠਦੀਆਂ। ਏਹਨਾਂ ਕੰਧਾਂ ਉੱਪਰ ਧਾਰਮਿਕ ਕੈਲੰਡਰ ਟੰਗਣ ਦਾ ਰਿਵਾਜ਼ ਵੀ ਪੈ ਚੁੱਕਾ ਸੀ।
ਸਾਡੇ ਘਰ ਦੀਆਂ ਕੰਧਾਂ ‘ਤੇ ਵੀ ਗੁਰੂ ਅਰਜਣ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸੀ। ਜਿਸ ਵਿਚ ਉਹ ਤੱਤੀ ਤਵੀ ‘ਤੇ ਬੈਠੇ ਸਨ ਤੇ ਚੰਦੂ ਸਿਰ ਵਿਚ ਗਰਮ ਰੇਤ ਪਾ ਰਿਹਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਜੱਲਾਦ ਨੀਂਹਾਂ ਵਿਚ ਚਿਣ ਰਹੇ ਸਨ, ਵਰਗੇ ਕੈਲੰਡਰ ਸਨ। ਪਰ ਘਰ ਦੀ ਕਿਸੇ ਦੀਵਾਰ ਉੱਪਰ ਪਰਿਵਾਰ ਦੇ ਕਿਸੇ ਮੈਂਬਰ ਦੀ ਕੈਮਰੇ ਨਾਲ ਖਿੱਚੀ ਹੋਈ ਫੋਟੋ ਨਹੀਂ ਸੀ।
ਮੇਰੇ ਪਹਿਲੇ ਦੋ ਮਾਮਿਆਂ ਦੇ ਵਿਆਹ ਵੇਲੇ ਦੀ ਤਾਂ ਕੋਈ ਵੀ ਯਾਦ ਕੈਮਰਾ ਬੰਦ ਨਹੀਂ ਸੀ ਹੋ ਸਕੀ। ਉਦੋਂ ਕੈਮਰੇ ਪ੍ਰਚੱਲਤ ਹੀ ਨਹੀਂ ਸਨ। ਹਾਂ ਤੀਜੇ ਮਾਮੇ ਦੇ ਵਿਆਹ ਵੇਲੇ ਮੇਰੇ ਬਾਪੂ ਜੀ ਨੇ ਫੌਜ ਵਿਚੋਂ ਲਿਆਂਦੇ ਕੈਮਰੇ ਨਾਲ ਕੁੱਝ ਫੋਟੋਆਂ ਜ਼ਰੂਰ ਖਿੱਚੀਆਂ ਸਨ, ਜੋ ਇੱਕ ਨਿੱਕੀ ਜਿਹੀ ਐਲਬਮ ਵਿਚ ਮੌਜੂਦ ਸਨ। ਇੱਕ ਬਲੈਕ ਐਂਡ ਵਾਈਟ ਫੋਟੋ ਵਿਚ ਮੇਰੇ ਬਾਪੂ ਜੀ ਦੇ ਗਲ਼ ਬਾਰਾਂ ਬੋਰ ਦੀ ਬੰਦੂਕ ਪਾਈ ਹੋਈ ਸੀ। ਇੱਕ ਹੋਰ ਫੋਟੋ ਵਿਚ ਮੇਰੀ ਮਾਮੀ, ਮੇਰੇ ਮਾਮੇ ਨਾਲ ਆਨੰਦਾਂ ‘ਤੇ ਇੱਕ ਚਾਦਰ ਵਿਚ ਲਿਪਟੀ ਬੈਠੀ ਸੀ। ਪਰ ਮੇਰੇ ਨਾਨੇ ਨੇ ਇਹ ਫੋਟੋਆਂ ਜੜਾ ਕੇ ਕੰਧ ‘ਤੇ ਟੰਗਣ ਦੀ ਆਗਿਆ ਨਹੀਂ ਸੀ ਦਿੱਤੀ, ਕਿ ਘਰ ਆਇਆ ਹਰ ਬੰਦਾ ਲੜਕੀ ਨੂੰ ਵੇਖੇਗਾ। ਪਰ ਮੇਰਾ ਨੰਨਾ ਮਨ ਸੋਚਦਾ, ਕਾਸ਼ ਮੇਰੀ ਵੀ ਕੋਈ ਫੋਟੋ ਹੋਵੇ।
ਆਖਰ ਇੱਕ ਦਿਨ ਮੇਰੀ ਇਹ ਤਮੰਨਾ ਵੀ ਪੂਰੀ ਹੋ ਹੀ ਗਈ। ਮੇਰੇ ਬਾਪੂ ਜੀ ਅਪਣੇ ਨਵੇਂ ਕਢਾਏ ਐਟਲਸ ਸਾਈਕਲ ‘ਤੇ ਪਿੰਡ ਆਏ। ਦਰਅਸਲ ਉਨ੍ਹਾਂ ਮੈਨੂੰ ਦੀਵਾਲੀ ਮੌਕੇ ਪਿੰਡ ਲੈ ਕੇ ਜਾਣਾ ਸੀ। ਮੇਰੇ ਨਾਲ ਉਨ੍ਹਾਂ ਦੀ ਇਹ ਪਹਿਲੀ ਦੀਵਾਲੀ ਹੋਣੀ ਸੀ। ਅੱਜ ਉਨ੍ਹਾਂ ਦੇ ਮੋਢੇ ਟ੍ਰਾਂਜਿਸਟਰ ਵੀ ਪਾਇਆ ਹੋਇਆ ਸੀ, ਜੋ ਉਹ ਫੌਜ ਵਿਚੋਂ ਨਾਲ ਲੈ ਕੇ ਆਏ ਸਨ ਤੇ ਉਸ ਉੱਪਰ ਗੀਤ ਸੁਣ ਰਹੇ ਸਨ। ਸਹੁਰੇ ਘਰ ਉਨ੍ਹਾਂ ਦੀ ਪੂਰੀ ਟੌਹਰ ਸੀ। ਮੇਰੀ ਨਾਨੀ ਉਨ੍ਹਾਂ ਦੀ ਆਉ ਭਗਤ ਕਰ ਰਹੀ ਸੀ। ਮੇਰੇ ਬਾਪੂ ਜੀ ਨੇ ਦੱਸਿਆ ਕਿ ਮੇਜਰ ਦੀ ਫੋਟੋ ਕਰਵਾ ਕੇ ਲਿਆਉਣੀ ਹੈ, ਤੇ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰ ਦੇਵੋ। ਫੇਰ ਮੇਰੀਆਂ ਮੀਢੀਆਂ ਗੁੰਦ ਕੇ ਸੋਹਣੇ ਕੱਪੜੇ ਪਾ ਦਿੱਤੇ ਗਏ। ਮੈਂ ਬਾਪੂ ਜੀ ਨਾਲ ਪਹਿਲੀ ਵਾਰੀ ਸਾਈਕਲ ਦੀ ਸਵਾਰੀ ਕੀਤੀ।
ਪਹਿਲੀ ਵਾਰ ਸ਼ਹਿਰ ‘ਚ ਐਨੀਆਂ ਦੁਕਾਨਾਂ ਟਾਂਗੇ ਤੇ ਮੋਟਰ ਗੱਡੀਆਂ ਵੇਖੀਆਂ। ਮੇਰੇ ਪਾਏ ਹੋਏ ਕੱਪੜੇ ਸ਼ਾਇਦ ਬਾਪੂ ਜੀ ਨੂੰ ਪਸੰਦ ਨਾ ਆਏ। ਫੇਰ ਉਨ੍ਹਾਂ ਮੇਰੇ ਲਈ ਇੱਕ ਸ਼ਰਟ ਤੇ ਬੱਧਰੀਆਂ ਵਾਲੀ ਪੈਂਟ ਲਈ। ਅਸੀਂ ਸ਼ਹਿਰ ਸਮਰਾਲੇ ਦੇ ਫਰੈਂਡਜ਼ ਸਟੁਡੀਓ ਪਾਸ ਗਏ। ਸਟੂਡੀਓ ਵਾਲੇ ਨੇ ਮੇਰੇ ਨਵੇਂ ਕੱਪੜੇ ਪਹਿਨਾਏ। ਵਾਲ਼ ਖੋਹਲ ਕੇ ਉਨ੍ਹਾਂ ਨੂੰ ਕੁੜੀਆਂ ਵਰਗੀ ਗੁੱਤ ਕਰਕੇ, ਦੁਬਾਰਾ ਤੋਂ ਗੁੰਦਿਆ ਤੇ ਚੂੰਡੇ ਉੱਪਰ ਰਿਬਨ ਦਾ ਫੁੱਲ ਬਣਾਇਆ। ਮੇਰੇ ਬਾਪੂ ਜੀ ਨੇ ਸ਼ਹਿਰੋਂ ਖਰੀਦ ਕੇ ਤਾਜ਼ੇ ਫੁੱਲਾਂ ਦਾ ਗੁੱਟ ਮੇਰੇ ਇੱਕ ਹੱਥ ਫੜਾਇਆ। ਇਸ ਦਿਨ ਮੈਨੂੰ ਨਵੀਂ ਗੁਰਗਾਬੀ ਵੀ ਲੈ ਕੇ ਦਿੱਤੀ ਗਈ। ਸੱਜੇ ਧੱਜੇ ਨੂੰ ਮੈਨੂੰ ਕੈਮਰੇ ਅੱਗੇ ਖੜਾ ਕੇ ਫੋਟੋ ਖਿੱਚ ਦਿੱਤੀ ਗਈ ਤੇ ਇਹ ਮੇਰੇ ਜੀਵਨ ਦੀ ਪਹਿਲੀ ਫੋਟੋ ਸੀ।
ਪਰ ਹੁਣ ਸੁਆਲ ਉੱਠਿਆ ਕਿ ਫੋਟੋ ਸਜਾਉਣੀ ਕਿੱਥੇ ਹੈ? ਉਹਦੇ ਲਈ ਮੇਰੇ ਬਾਪੂ ਜੀ ਨੇ ਪੱਥਰ ਦੀ ਬਿੱਲੀ ਵਾਲਾ ਇੱਕ ਟੇਬਲ ਲੈਂਪ ਲਿਆ। ਜਿਸ ਦੇ ਸ਼ੇਡ ‘ਤੇ ਮੋਤੀਆਂ ਦੀ ਝਾਲਰ ਲਟਕ ਰਹੀ ਸੀ। ਏਸੇ ਲੈਂਪ ਦੇ ਬੇਸ ‘ਤੇ ਮੇਰੀ ਜੜਾਊ ਸਟੈਂਡ ਵਾਲੀ ਫੋਟੋ ਰੱਖੀ ਜਾਣੀ ਸੀ। ਜੋ ਹੁਣ ਵੀ ਸਾਡੇ ਘਰ ਮੌਜੂਦ ਹੈ। ਉਸ ਦਿਨ ਮੈਨੂੰ ਕੁੱਝ ਖੁਆਇਆ ਪਿਆਇਆ ਵੀ ਗਿਆ ਹੋਊ ਉਹ ਤਾਂ ਮੈਨੂੰ ਹੁਣ ਯਾਦ ਨਹੀਂ। ਸ਼ਾਇਦ ਬਾਤੀ ਖਾਧੀ ਹੋਵੇ ਜਾਂ ਗੋਲ਼ੀ ਵਾਲਾ ਬੱਤਾ ਵੀ ਪੀਤਾ ਹੋਵੇ। ਹਾਂ ਉਸ ਦਿਨ ਦੀ ਇੱਕ ਘਟਨਾਂ ਮੈਨੂੰ ਅੱਜ ਤੱਕ ਨਹੀਂ ਭੁੱਲਦੀ, ਜੋ ਮੇਰੀਆਂ ਯਾਦਾਂ ਵਿਚ ਜੜੀ ਹੋਈ ਹੈ।
ਮੈਂ ਨਵੇਂ ਕੱਪੜੇ ਪਹਿਨੀ, ਬਾਪੂ ਜੀ ਪਿੱਛੇ ਸਾਈਕਲ ਦੇ ਕੈਰੀਅਰ ‘ਤੇ ਬੈਠਾ ਜਾ ਰਿਹਾ ਸੀ। ਨਵੀਂ ਜੁੱਤੀ ਪਹਿਨੀ ਹੋਈ ਸੀ। ਤਾਜ਼ੀ ਹਵਾ ਦੇ ਬੁੱਲਿਆਂ ਨਾਲ ਮੈਨੂੰ ਨੀਂਦ ਨੇ ਘੇਰਾ ਪਾ ਲਿਆ। ਸ਼ਾਇਦ ਮੇਰਾ ਪੈਰ ਵੀ ਸੌਂ ਗਿਆ ਹੋਵੇ। ਮੇਰੀ ਨਵੀਂ ਜੁੱਤੀ ਵਾਲਾ ਪੈਰ ਸਾਈਕਲ ਦੇ ਗਜ਼ਾਂ ਵਿਚ ਆ ਕੇ ਲਹੂ ਲੁਹਾਣ ਹੋ ਗਿਆ ਸੀ। ਜਦੋਂ ਬਾਪੂ ਜੀ ਨੂੰ ਮੇਰੇ ਰੋਣ ਤੋਂ ਪਤਾ ਲੱਗਿਆ ਉਦੋ ਤੱਕ ਤਾਂ ਜੁੱਤੀ ਪਤਾ ਨਹੀਂ ਕਿੱਥੇ ਡਿਗ ਚੁੱਕੀ ਸੀ। ਬਾਪੂ ਜੀ ਘਬਰਾ ਗਏ। ਉਨ੍ਹਾਂ ਮੇਰੇ ਪੈਰ ‘ਤੇ ਕੱਪੜਾ ਬੰਨਿਆ ਤੇ ਮੁੜ ਨਾਨਕੇ ਪਿੰਡ ਲੈ ਗਏ।
ਮੇਰੀ ਨਾਨੀ ਪੰਜਾਬ ਕੌਰ ਘਬਰਾਈ ਹੋਈ ਮੇਰੇ ਪੈਰ ਨੂੰ ਟਕੋਰਾਂ ਕਰ ਰਹੀ ਸੀ ਅਤੇ ਸੇਕ ਦੇ ਰਹੀ ਸੀ। ਉਸ ਨੂੰ ਮੇਰੇ ਪੈਰ ਦੀ ਸੱਟ ਨਾਲੋਂ ਬਾਪੂ ਜੀ ਵਲੋਂ ਮੈਨੂੰ ਲੈ ਕੇ ਦਿੱਤੀ ਜੁੱਤੀ ਦੇ ਇੱਕ ਪੈਰ ਗੁਆਚ ਜਾਣ ਦਾ ਵਧੇਰੇ ਸੰਸਾ ਸੀ। ਨਾਨੀ ਨੂੰ ਆਸ ਸੀ ਕਿ ਜੁੱਤੀ ਦਾ ਦੂਜਾ ਪੈਰ ਸ਼ਾਇਦ ਲੱਭ ਜਾਵੇ। ਪਰ ਅਜਿਹਾ ਕਦੀ ਨਹੀਂ ਸੀ ਹੋਇਆ। ਤੇ ਜੁੱਤੀ ਦਾ ਉਹ ਪੈਰ ਇੱਕਲਾ ਹੀ ਯਾਦ ਬਣਿਆ, ਘਰ ਵਿਚ ਹੁਣ ਤੱਕ ਪਿਆ ਰਿਹਾ ਏ। ਮੁੜਕੇ ਮੇਰੇ ਜੀਵਨ ਵਿਚ ਸੈਂਕੜੇ ਜੁੱਤੀਆਂ ਆਈਆਂ ਤੇ ਗਈਆਂ, ਪਰ ਉਸ ਗੁਆਚੀ ਜੁੱਤੀ ਦੇ ਇੱਕ ਪੈਰ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ। ਜਿਵੇਂ ਕਿਸੇ ਮਾਂ ਦਾ ਬੱਚਾ ਪੇਟ ਵਿਚ ਹੀ ਮਰ ਗਿਆ ਹੋਵੇ। ਜਾਂ ਜਿਸਮ ਦਾ ਕੋਈ ਅੰਗ ਲਹਿ ਗਿਆ ਹੋਵੇ। ਅਜਿਹਾ ਦਰਦ ਮੈਂ ਅੱਜ ਤੱਕ ਵੀ ਮਹਿਸੂਸ ਕਰਦਾ ਹਾਂ।
ਜਦੋਂ ਬਾਪੂ ਜੀ ਨੂੰ ਲੱਗਿਆ ਕਿ ਹੁਣ ਪੈਰ ਨੂੰ ਡੋਲ ਨਹੀਂ ਪੈਂਦਾ ਤੇ ਸੋਜ਼ ਵੀ ਘੱਟ ਹੈ ਤਾਂ ਉਹ ਦੂਸਰੇ ਦਿਨ ਹੀ ਮੈਨ੍ਹੰ ਸਾਈਕਲ ਦੇ ਡੰਡੇ ‘ਤੇ ਪਰਨਾਂ ਬੰਨ, ਬਿਠਾਕੇ ਪਿੰਡ ਨੂੰ ਲੈ ਤੁਰੇ। ਰੋਜ਼ ਗਰਮ ਪਾਣੀ ਵਿਚ ਨਿੱਮ ਦੇ ਪੱਤਿਆਂ ਦੀ ਟਕੋਰ ਕਰਨ ਨਾਲ, ਪੈਰ ਪੱਕਣ ਤੋਂ ਬਿਨਾਂ ਹੀ ਅਰਾਮ ਆ ਗਿਆ। ਦੀਵਾਲੀ ਤੱਕ ਪੈਰ ਠੀਕ ਹੋ ਗਿਆ ਤੇ ਅਸੀਂ ਸ਼ਾਮ ਨੂੰ ਰਲ਼ ਕੇ ਲਕਸ਼ਮੀ ਪੂਜਾ ਕੀਤੀ। ਦੀਵਿਆਂ ਤੇ ਮੋਮਬੱਤੀਆਂ ਨਾਲ ਬਿੱਲੀ ਵਾਲਾ ਲੈਂਪ ਵੀ ਲਾਇਆ ਗਿਆ ਤੇ ਉਸ ‘ਤੇ ਮੇਰੀ ਫੋਟੋ ਵੀ ਰੱਖੀ ਗਈ। ਫੇਰ ਇਹ ਦੋਨੋਂ ਚੀਜ਼ਾਂ ਸਾਡੇ ਘਰ ਦਾ ਸ਼ਿੰਗਾਰ ਬਣ ਗਈਆਂ। ਕਦੇ ਬੈਠਕ ਵਿਚ ਤੇ ਕਦੇ ਚੁਬਾਰੇ ਵਿਚ ਜਾਂ ਫੇਰ ਇਹ ਕਿਸੇ ਕੰਸ ਜਾਂ ਮੇਜ਼ ‘ਤੇ ਸਜੀਆਂ ਰਹਿੰਦੀਆਂ। 1990 ਵਿਚ ਜਦੋਂ ਮੈਂ ਕੈਨੇਡਾ ਆਇਆ ਤਾਂ ਬਹੁਤ ਕੁੱਝ ਪਿੱਛੇ ਰਹਿ ਗਿਆ ਸੀ। ਉਹ ਬਿੱਲੀ ਵਾਲਾ ਲੈਂਪ ਤੇ ਫੋਟੋ ਵੀ।
1993 ਵਿਚ ਜਦੋਂ ਮੇਰੇ ਬਾਪੂ ਜੀ ਕੈਨੇਡਾ ਆਏ ਤੇ ਇਹ ਫੋਟੋ ਵੀ ਅਪਣੇ ਨਾਲ ਲੈ ਆਏ। ਉਸੇ ਸਾਲ ਉਹ ਇੱਕ ਐਕਸੀਡੈਂਟ ਦਾ ਸ਼ਿਕਾਰ ਹੋ ਕੇ, ਸਦਾ ਸਦਾ ਲਈ ਸਾਡੇ ਤੋਂ ਵਿਛੜ ਗਏ। ਤੇ ਮੇਰੇ ਕੋਲ ਉਨ੍ਹਾਂ ਦੀ ਯਾਦ ਨਾਲ ਜੁੜੀ ਰਹਿ ਗਈ, ਮੇਰੀ ਇਹ ਪਹਿਲੀ ਫੋਟੋ, ਜਿਸ ਨੂੰ ਕਦੀ ਕਦੀ ਮੈਂ ਨੀਝ ਨਾਲ ਵੇਖਦਾ ਹਾਂ ਤੇ ਮੈਨੂੰ ਅਪਣਾ ਆਪ, ਮੇਰੀ ਛੋਟੀ ਬੇਟੀ ਬਿਸਮਨ ਵਰਗਾ ਲੱਗਦਾ ਹੈ।
ਕੁੱਝ ਯਾਦਾਂ ਤੁਹਾਡੇ ਮਨ ਵਿਚ ਫਰੇਮ ਹੋ ਜਾਂਦੀਆਂ ਨੇ ਤੇ ਸੋਚ ਦੀ ਦੀਵਾਰ ‘ਤੇ ਹਮੇਸ਼ਾਂ ਲਈ ਟੰਗੀਆਂ ਜਾਂਦੀਆਂ ਨੇ। ਇਸ ਤਸਵੀਰ ਨੂੰ ਵੀ ਬੱਸ ਐਦਾਂ ਹੀ ਸਮਝ ਲਵੋ। ਮੇਰੇ ਲਈ ਤਾਂ ਇਹ ਇੱਕ ਕੀਮਤੀ ਖਜ਼ਾਨਾ ਹੈ। ਮੇਰੇ ਬਾਪੂ ਜੀ ਨਾਲ ਜੁੜੀ, ਤੇ ਮੇਰੇ ਜੀਵਨ ਦੀ ਸਟੂਡੀਓ ਵਿਚ ਖਿਚਵਾਈ, ਇਹ ਪਹਿਲੀ ਫੋਟੋ ਤੇ ਪਹਿਲੀ ਯਾਦ।