ਮਿਲਾਨ/ਇਟਲੀ — ਸੱਚ ਜਾਣੀਏ ਤਾਂ ਕੁਦਰਤ ਆਪਣੀ ਬੁੱਕਲ ਵਿਚ ਬਹੁਤ ਕੁਝ ਲੁਕੋਈ ਬੈਠੀ ਹੈ। ਕਈ ਵਾਰੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ, ਜਿੰਨ੍ਹਾਂ ਨੂੰ ਸੁਣਕੇ ਤਾਂ ਕੀ ਅੱਖੀਂ ਵੇਖ ਕੇ ਵੀ ਯਕੀਨ ਜਿਹਾ ਨਹੀ ਹੁੰਦਾ। ਅਜਿਹੀ ਇਕ ਘਟਨਾ ਇਟਲੀ ਦੇ ਸ਼ਹਿਰ ਫੌਜਾ ਵਿਚ ਵਾਪਰੀ, ਜਿੱਥੇ ਇਕ 93 ਸਾਲ ਦੇ ਬਜ਼ੁਰਗ ਨੂੰ ਬਾਪ ਬਣਨ ਦਾ ਸੁੱਖ ਪ੍ਰਾਪਤ ਹੋਇਆ ਹੈ। ਉਹ ਵੀ ਉਸ ਦਿਨ ਜਿਸ ਨੂੰ ਪਿਆਰ ਕਰਨ ਵਾਲਿਆਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
ਦੱਖਣੀ ਇਟਲੀ ਦੀ ਸਟੇਟ ਪੂਲੀਆ ਦੇ ਸ਼ਹਿਰ ਫੌਜਾ ਦੇ ਨੇੜਲੇ ਪਿੰਡ ਵਿਚ ਰਹਿਣ ਵਾਲੇ 93 ਸਾਲ ਦੇ ਬਾਬੇ ਨੇ ਸਾਲ 2015 ਵਿਚ ਮਰਾਕੋ ਮੂਲ ਦੀ ਔਰਤ ਨਾਲ ਵਿਆਹ ਕਰਵਾਇਆ ਸੀ। ਇਸ ਨਵਜੰਮੇ ਬੱਚੇ ਦੀ ਮਾਂ ਦੀ ਉਮਰ ਆਪਣੇ ਪਤੀ ਉਮਰ ਨਾਲੋ ਅੱਧੀ ਹੈ ਜਿਸਨੇ 42 ਸਾਲ ਦੀ ਉਮਰ ਵਿਚ ਬੱਚੇ ਨੂੰ ਜਨਮ ਦਿੱਤਾ ਹੈ। ਦੱਸਣਯੋਗ ਹੈ ਕਿ ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਇੰਨੀ ਵੱਡੀ ਉਮਰ ਦੇ ਕਿਸੇ ਵਿਅਕਤੀ ਨੂੰ ਬਾਪ ਬਣਨ ਦਾ ਸੁੱਖ ਪ੍ਰਾਪਤ ਹੋਇਆ ਹੈ। ਇਸ ਮਾਮਲੇ ਨੂੰ ਇਕ ਰਿਕਾਰਡ ਵਜੋਂ ਵੀ ਵੇਖਿਆ ਜਾ ਰਿਹਾ ਹੈ।