ਪਪੀਤਾ ਇਕ ਅਜਿਹਾ ਸਦਾਬਹਾਰ ਫਲ ਹੈ, ਜੋ ਪੂਰਾ ਸਾਲ ਬਾਜ਼ਾਰ ਵਿਚ ਉਪਲਬਧ ਰਹਿੰਦਾ ਹੈ। ਇਹ ਫਲ ਮਿੱਠਾ ਹੋਣ ਦੇ ਨਾਲ-ਨਾਲ ਜ਼ਿਆਦਾ ਮਹਿੰਗਾ ਵੀ ਨਹੀਂ ਹੈ। ਇਸ ਫਲ ਨੂੰ ਹਰ ਉਮਰ ਦਾ ਵਿਅਕਤੀ ਖਾ ਸਕਦਾ ਹੈ। ਇਹ ਕਦੇ ਹਾਨੀਕਾਰਕ ਨਹੀਂ ਹੈ। ਹਾਂ, ਜਿਥੋਂ ਤੱਕ ਹੋ ਸਕੇ, ਰਾਤ ਨੂੰ ਇਸ ਦਾ ਸੇਵਨ ਨਾ ਕਰੋ। ਅੰਮ੍ਰਿਤ ਬਰਾਬਰ ਇਸ ਫਲ ਦੇ ਅਨੇਕ ਫਾਇਦੇ ਹਨ। ਤੁਸੀਂ ਵੀ ਕਈ ਬਿਮਾਰੀਆਂ ਵਿਚ ਇਸ ਦੀ ਵਰਤੋਂ ਕਰਕੇ ਲਾਭ ਲੈ ਸਕਦੇ ਹੋ-
* ਜੇ ਤੁਹਾਡੇ ਦੰਦਾਂ ਵਿਚ ਦਰਦ ਹੈ ਤਾਂ ਪਪੀਤੇ ਵਿਚੋਂ ਨਿਕਲਣ ਵਾਲੇ ਸਫੈਦ ਦੁੱਧ ਨੂੰ ਰੂੰ ਦੇ ਫਹੇ ਵਿਚ ਭਰ ਕੇ ਦੰਦ ਥੱਲੇ ਦਬਾਅ ਲਓ।
* ਬੱਚਿਆਂ ਜਾਂ ਬਜ਼ੁਰਗਾਂ ਦੇ ਗਲੇ ਵਿਚ ਟੌਂਸਲ ਹੋ ਜਾਣ ਤਾਂ ਕੱਚੇ ਪਪੀਤੇ ਨੂੰ ਦੁੱਧ ਵਿਚ ਮਿਲਾ ਕੇ ਗਰਾਰੇ ਕਰੋ। ਹਫ਼ਤਾ ਭਰ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
* ਉੱਚ ਖੂਨ ਦਬਾਅ ਵਾਲੇ ਵਿਅਕਤੀ ਸਵੇਰੇ ਖਾਲੀ ਪੇਟ 500 ਗ੍ਰਾਮ ਤਾਜ਼ਾ ਪਪੀਤਾ ਖਾਣ ਪਰ ਇਕ-ਡੇਢ ਘੰਟੇ ਤੱਕ ਨਾ ਤਾਂ ਪਾਣੀ ਪੀਣ, ਨਾ ਹੀ ਕੁਝ ਖਾਣ।
* ਜੇ ਤੁਹਾਡਾ ਹਾਜ਼ਮਾ ਸਹੀ ਨਹੀਂ ਹੈ, ਖੱਟੇ ਡਕਾਰ ਆਉਂਦੇ ਹਨ ਤਾਂ ਰੋਜ਼ ਇਕ ਛੋਟਾ ਪਪੀਤਾ ਖਾਣਾ ਖਾਣੇ ਤੋਂ ਬਾਅਦ ਖਾਓ।
* ਬੱਚਿਆਂ ਦੇ ਪੇਟ ਵਿਚ ਕੀੜੇ ਹੋ ਜਾਣ ਤਾਂ ਪਪੀਤੇ ਦੇ 10-12 ਬੀਜ ਪੀਸ ਕੇ ਅੱਧਾ ਗਿਲਾਸ ਪਾਣੀ ਵਿਚ ਮਿਲਾ ਕੇ 10 ਤੋਂ 15 ਦਿਨ ਤੱਕ ਲੈਣ ਨਾਲ ਕੀੜੇ ਮਰ ਕੇ ਬਾਹਰ ਨਿਕਲ ਜਾਂਦੇ ਹਨ।
* ਜੇ ਜਿਗਰ ਅਤੇ ਤਿੱਲੀ ਰੋਗ ਹੈ ਤਾਂ ਅੱਧਪੱਕੇ ਪਪੀਤੇ ਦੇ ਟੁਕੜਿਆਂ ਨੂੰ ਕੱਟ ਕੇ ਇਕ ਹਫ਼ਤੇ ਤੱਕ ਸਿਰਕੇ ਵਿਚ ਭਿਉਂ ਦਿਓ। ਇਸ ਤੋਂ ਬਾਅਦ ਇਕ-ਇਕ ਟੁਕੜਾ ਰੋਜ਼ ਖਾਓ।
* ਜੇ ਪੇਟ ਵਿਚ ਕਬਜ਼ ਰਹਿੰਦੀ ਹੈ ਤਾਂ ਇਕ ਛੋਟਾ ਪਪੀਤਾ ਉਦੋਂ ਤੱਕ ਖਾਓ ਜਦੋਂ ਤੱਕ ਕਬਜ਼ ਦੂਰ ਨਾ ਹੋ ਜਾਵੇ।
* ਚਿਹਰੇ ‘ਤੇ ਹਲਕੀਆਂ ਛਾਈਆਂ ਪੈਣ ‘ਤੇ ਪੱਕੇ ਪਪੀਤੇ ਨੂੰ ਪੀਸ ਕੇ ਉਸ ਦੇ ਗੁੱਦੇ ਨੂੰ ਮਲੋ। ਲਾਭ ਹੋਵੇਗਾ।
* ਪਿਸ਼ਾਬ ਵਿਚ ਜਲਣ ਦੀ ਸ਼ਿਕਾਇਤ ਹੈ ਤਾਂ ਕੱਚੇ ਪਪੀਤੇ ਦੀ ਸਬਜ਼ੀ ਜਾਂ ਰਾਇਤਾ ਬਣਾ ਕੇ ਖਾਓ।
* ਹਾਂ, ਗਰਭਵਤੀ ਔਰਤਾਂ ਪਪੀਤੇ ਦਾ ਕਦੇ ਸੇਵਨ ਨਾ ਕਰਨ। ਇਸ ਨਾਲ ਕਦੇ-ਕਦੇ ਗਰਭਪਾਤ ਹੋ ਜਾਂਦਾ ਹੈ।