ਜਨੂੰਨ – ਬਲਦੇਵ ਸਿੰਘ ਢੀਂਡਸਾ

ਮਨ ਪ੍ਰੇਸ਼ਾਨ ਤਾਂ ਪਰਸੋਂ ਹੀ ਹੋ ਗਿਆ ਸੀ। ਸ਼ਾਮ ਜਿਹੀ ਨੂੰ। ਕੱਲ੍ਹ ਤਾਂ ਇਸ ਵਿਚ ਤੂਫ਼ਾਨ ਹੀ ਝੁਲਦੇ ਰਹੇ। ਨਫ਼ਰਤ ਦੇ। ਗੁੱਸੇ ਦੇ। ਹਈ ਕਲ਼ਾਪ ਦੇ। ਕਿਸਮਤ ਨੂੰ ਕੋਸਣ ਦੇ। ਵਿਦਰੋਹ ਦੇ। ਕੁਝ ਕਰ ਗੁਜ਼ਰਨ ਦੇ।

ਪਰ ਅੱਜ ਇਹ ਉਦਾਸ ਹੈ। ਡਰਿਆ-ਡਰਿਆ। ਵੈਰਾਗਿਆ ਵੈਰਾਗਿਆ। ਇਹ ਰਾਤ ਦੇ ਸੁਪਨੇ ਕਾਰਨ ਹੀ ਹੈ।

ਅੰਦਰੋਂ ਨਿਕਲ਼ ਬਗੀਚੇ ਵੱਲ ਤੁਰ ਪਿਆ ਹਾਂ।

ਵਿਹੜੇ ਦੀ ਨੁੱਕਰ ‘ਤੇ ਖੜ੍ਹੀ ਟਾਹਲੀ ਕੋਲ਼ ਰੁਕ ਗਿਆ ਹਾਂ। ਇਹ ਲਗਪਗ ਮੇਰੇ ਹੀ ਹਾਣ ਦੀ ਹੈ।

ਇਕ ਉਦਾਸ ਨਜ਼ਰ ਨਾਲ਼ ਇਸਦੇ ਭਰਵੇਂ ਪਰਿਵਾਰ ਨੂੰ ਤੱਕਿਆ ਹੈ।

ਇਸਦੇ ਤਣੇ ਨਾਲ਼ ਖੱਬਾ ਮੋਢਾ ਲਾ ਖੜ੍ਹ ਗਿਆ ਹਾਂ। ਨਿਗਾਹ ਬਗੀਚੇ ਵੱਲ ਗਈ ਹੈ। ਆੜੂਆਂ ਦਾ ਬੂਟਾ, ਜੋ ਕੁਝ ਦਿਨ ਪਹਿਲੇ ਫੁੱਲਾਂ ਨਾਲ਼ ਲੱਦਿਆ ਹੋਇਆ ਸੀ, ਅਪਣਾ ਰੰਗ ਵਟਾ ਚੁੱਕਾ ਹੈ। ਫੁੱਲ ਫ਼ਲ਼ਾਂ ਵਿਚ ਤਬਦੀਲ ਹੋ ਚੁੱਕੇ ਹਨ। ਰੁੰਡ ਮਰੁੰਡ ਟਾਹਣੀਆਂ ਪੱਤੀਆਂ ਨੇ ਕੱਜ ਲਈਆਂ ਹਨ। ਇਸ ਪ੍ਰਕਿਰਿਆ ਨੇ ਮਨ ਨੂੰ ਝੂਣਿਆ ਹੈ। ਉਦਾਸੀ ਹੋਰ ਵੱਧ ਗਈ ਹੈ।

ਹੌਲ਼ੀ ਹੌਲ਼ੀ ਸਿਰ ਟਾਹਲੀ ਦੇ ਤਣੇ ਨਾਲ਼ ਲੱਗ ਗਿਆ ਹੈ।

ਸੁਪਨਾ ਮਨ ‘ਚ ਫਿਰ ਤੈਰਿਆ ਹੈ।

ਯਾਦ ਕਰਦਾ ਹਾਂ ਕਿ ਇਹ ਸੁਪਨਾ ਪਹਿਲੇ ਪਹਿਲ ਕਦੋਂ ਆਇਆ ਸੀ। ਅੱਠਵੀਂ ਜਾਂ ਨੌਵੀਂ ‘ਚ ਹੋਵਾਂਗਾ।

ਦਿਨੇ ਪਰਿਵਾਰ ਦੇ ਮੈਂਬਰਾਂ ਨਾਲ਼ ਸਾਂਝਾ ਕੀਤਾ ਸੀ:

ਰਾਤੀ ਮੈਂ ਇਕ ਬੇੜੀ ‘ਚ ਸਵਾਰ ਸੀ। ਚਾਰੇ ਪਾਸੇ ਪਾਣੀ ਹੀ ਪਾਣੀ। ਮੈਂ ਮੱਛੀਆਂ ਫੜ੍ਹ-ਫੜ੍ਹ ਅਪਣੀ ਬੇੜੀ ਭਰ ਲਈ। ਜਦੋਂ ਮੈ ਵਾਪਸ ਆ ਰਿਹਾ ਸੀ ਤਾਂ ਸ਼ਾਰਕ ਮੱਛੀਆਂ ਦਾ ਇਕ ਝੁੰਡ ਮੇਰੀ ਕਿਸ਼ਤੀ ਦੇ ਮਗਰ-ਮਗਰ ਤੈਰਨ ਲੱਗਾ। ਇਕ ਵੱਡੀ ਸ਼ਾਰਕ ਮੱਛੀ ਵਾਰ ਵਾਰ ਮੇਰੀ ਕਿਸ਼ਤੀ ਵੱਲ ਹਮਲਾ ਕਰਨ ਲਈ ਵਧੇ। ਮੈਨੂੰ ਲੱਗੇ ਕਿ ਇਹ ਟੱਕਰ ਮਾਰਕੇ ਮੇਰੀ ਕਿਸ਼ਤੀ ਪਲਟ ਦੇਵੇਗੀ ਅਤੇ ਮੇਰੀਆਂ ਫੜ੍ਹੀਆਂ ਹੋਈਆਂ ਮੱਛੀਆਂ ਨੂੰ ਇਹ ਖਾ ਜਾਵੇਗੀ। ਨੇੜੇ ਆਈ ਸ਼ਾਰਕ ਮੱਛੀ ‘ਤੇ ਮੈਂ ਅਪਣੇ ਬਰਛੇ ਨਾਲ਼ ਭਰਪੂਰ ਵਾਰ ਕੀਤਾ। ਉਹ ਲਹੂ ਲੁਹਾਨ ਹੋਈ ਵਾਪਸ ਭੱਜ ਤੁਰੀ। ਬਾਕੀ ਸ਼ਾਰਕਾਂ ਵੀ ਉਸ ਮਗਰ ਭੱਜ ਗਈਆਂ। ਮੈਂ ਬੇੜੀ ਤੇਜ਼ ਭਜਾ ਕੇ ਕੰਢੇ ‘ਤੇ ਲੈ ਆਇਆ। ਮੇਰਾ ਸੱਜਾ ਹੱਥ ਜੇਤੂ ਅੰਦਾਜ਼ ‘ਚ ਉੱਪਰ ਉੱਠਿਆ ਹੋਇਆ ਸੀ।

ਸੁਪਨੇ ਦਾ ਸਾਰ ਤੱਤ ਸੁਣ ਭਾਪਾ ਬੋਲਿਆ ਸੀ:

”ਸਾਲ਼ਿਆ ਮਛੇਰਿਆ! ਬਾਬਾ ਤੂੰ ਦੇਖਿਆ ਤਾਂ ਹੈ ਨੀ ਪਰ ਓਦ੍ਹੇ ਕਾਰਨਾਮਿਆਂ ਦੇ ਸੁਪਨੇ ਕਿੱਦਾਂ ਲੈਣ ਲੱਗ ਪਿਆ? ਉੱਦਾਂ ਆਪਾਂ ਝੀਰ ਹੁੰਨੇ ਆ। ਖੁਆਜ਼ੇ ਨਾਲ਼ ਧੁਰੋਂ ਸਾਂਝ ਏ। ਪਾਣੀ ਦੇ ਸੁਪਨੇ ਆਉਣੇ ਕੋਈ ਅਲੋਕਾਰੀ ਗੱਲ ਨੀ।”

ਅਸਲ ਵਿਚ ਬਾਬੇ ਦੇ ਕਾਰਨਾਮੇ ਪਿਛਲੇ ਛੇ ਕੁ ਮਹੀਨਿਆਂ ਤੋਂ ਭਾਪਾ ਹੀ ਸਾਨੂੰ ਸੁਣਾਉਂਦਾ ਆ ਰਿਹਾ ਸੀ।

ਬਾਬਾ ਸਾਡਾ ਭਾਪੇ ਦੇ ਛੋਟੇ ਹੁੰਦਿਆਂ ਹੀ ਰੁੱਸ ਕੇ ਘਰੋਂ ਚਲੇ ਗਿਆ ਸੀ। ਫਿਰ ਉਸਦੀ ਕੋਈ ਉੱਘ ਸੁੱਘ ਨਾ ਲੱਗੀ। ਕਈ ਦਹਾਕੇ। ਸਭ ਕੁਝ ਭੁੱਲ ਭਲਾ ਗਿਆ। ਅਚਾਨਕ ਹੀ ਸਾਡੇ ਘਰ ਵਿਚ ਇਕ ਚਿੱਠੀ ਆਈ। ਗੁਜਰਾਤ ਦੇ ਇਕ ਪਿੰਡ ਤੋਂ। ਬਾਬਾ ਸਖ਼ਤ ਬਿਮਾਰ ਸੀ। ਭਾਪੇ ਨੂੰ ਮਿਲਣ ਦੀ ਇੱਛਾ ਕੀਤੀ ਹੋਈ ਸੀ। ਭਾਪਾ ਅਪਣੇ ਇਕ ਮਿੱਤਰ ਨੂੰ ਲੈ ਕੇ ਨੱਠ ਗਿਆ ਸੀ। ਮਹੀਨਾ ਭਰ ਰਹਿ ਕੇ ਆਇਆ ਸੀ। ਇਸੇ ਸਮੇਂ ‘ਚ ਬਾਬਾ ਪੂਰਾ ਹੋ ਗਿਆ ਸੀ। ਭਾਪਾ ਉਸ ਦੀਆਂ ਅੰਤਮ ਰਸਮਾਂ ਨਿਭਾਅ ਕੇ ਹੀ ਪਰਤਿਆ ਸੀ। ਭਾਵੇਂ ਬਾਬੇ ਦੇ ਉੱਥੇ ਤਿੰਨ ਮੁੰਡੇ ਹੋਰ ਸਨ ਪਰ ਉਹਨੀਂ ਭਾਪੇ ਨੂੰ ਵੱਡਾ ਭਰਾ ਹੋਣ ਦੇ ਨਾਤੇ ਪੂਰਾ ਮਾਣ ਦਿੱਤਾ ਸੀ। ਭਾਪੇ ਨੇ ਹੀ ਆ ਕੇ ਦੱਸਿਆ ਸੀ ਕਿ ਬਾਬਾ ਸਾਡਾ ਫਿਰਦਾ ਫਿਰਾਉਂਦਾ ਗੁਜਰਾਤ ਦੇ ਇਕ ਪਿੰਡ ਪਹੁੰਚ ਗਿਆ। ਇਹ ਮਛੇਰਿਆਂ ਦੀ ਬਸਤੀ ਸੀ। ਬਾਬਾ ਉੱਥੇ ਹੀ ਕਿਸੇ ਨਾਲ਼ ਕੰਮ ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਉਸ ਨੇ ਉੱਥੇ ਹੀ ਵਿਆਹ ਕਰਵਾ ਲਿਆ ਤੇ ਉੱਥੇ ਦਾ ਹੋ ਕੇ ਹੀ ਰਹਿ ਗਿਆ। ਮੱਛੀਆਂ ਫੜ੍ਹਨ ‘ਚ ਉਸਦਾ ਕੋਈ ਸਾਨੀ ਨਹੀਂ ਸੀ। ਉਸਦੇ ਨਾਂ ਨਾਲ਼ ਕਈ ਕਾਰਨਾਮੇਂ ਜੁੜੇ ਹੋਏ ਸਨ।

ਮੇਰੇ ਮਨ ‘ਚ ਬਾਬੇ ਦਾ ਇਕ ਰੂਪ ਵਿਕਸਤ ਹੋ ਗਿਆ ਸੀ। ਸ਼ਾਰਕਾਂ ਨਾਲ਼ ਲੜਦੇ ਦਾ। ਪਰ ਸੁਪਨੇ ‘ਚ ਹਰ ਵਾਰ ਕਿਸ਼ਤੀ ‘ਤੇ ਮੈਂ ਹੁੰਦਾ। ਹਰ ਵਾਰ ਹੀ ਸ਼ਾਰਕਾਂ ਨਾਲ਼ ਮੁਕਾਬਲਾ ਹੁੰਦਾ। ਹਰ ਵਾਰ ਹੀ ਜੇਤੂ ਅੰਦਾਜ਼ ‘ਚ ਬਾਂਹ ਖੜ੍ਹੀ ਕਰੀ ਮੈਂ ਕਿਨਾਰੇ ‘ਤੇ ਪਹੁੰਚ ਜਾਂਦਾ।

ਹੌਲ਼ੀ-ਹੌਲ਼ੀ ਇਹ ਸੁਪਨਾ ਮੇਰੀ ਜ਼ਿੰਦਗੀ ਦਾ ਸਾਥੀ ਬਣ ਗਿਆ। ਜਦੋਂ ਵੀ ਕਿਸੇ ਸਮੱਸਿਆ ਨਾਲ਼ ਜ਼ਿੰਦਗੀ ‘ਚ ਦੋ ਚਾਰ ਹੋਣਾ ਪਿਆ ਤਾਂ ਜੇ ਉਹਨੀਂ ਦਿਨੀਂ ਇਹ ਸੁਪਨਾ ਇਸੇ ਰੂਪ ‘ਚ ਆ ਜਾਂਦਾ ਤਾਂ ਮੈਨੂੰ ਯਕੀਨ ਹੋ ਜਾਂਦਾ ਕਿ ਸਮੱਸਿਆ ਜ਼ਰੂਰ ਹੱਲ ਹੋ ਜਾਵੇਗੀ। ਮੈਂ ਸਮੱਸਿਆ ਦੇ ਹੱਲ ਲਈ ਦੂਣੇ ਵਿਸ਼ਵਾਸ਼ ਨਾਲ਼ ਜੂਝਦਾ।

ਇਕ ਵਾਰੀ ਮੈਂ ਇਕ ਅਣਜੰਮੀ ਸਮੱਸਿਆ ਨਾਲ਼ ਹੀ ਘਿਰ ਗਿਆ। ਸ਼ਾਇਦ ਇਹ ‘ਠ੍ਹਾਟ-ਉਨੱਤਰ ਦੀ ਗੱਲ ਹੈ। ਇਕ ਸਰਕਾਰੀ ਪ੍ਰਾਇਮਰੀ ਸਕੂਲ ‘ਚ ਅਧਿਆਪਕ ਲੱਗੇ ਨੂੰ ਮੈਨੂੰ ਤਿੰਨ ਕੁ ਸਾਲ ਹੋ ਗਏ ਸਨ। ਇਕ ਦਿਨ ਮੈਂ ਕਿਸੇ ਅਮਰੀਕਨ ਵਿਗਿਆਨੀ ਦੀ ਟਿੱਪਣੀ ਪੜ੍ਹੀ। ਅਖ਼ਬਾਰ ਵਿਚ। ਇਹ ਪੰਜਾਬ ਵਿਚ ਸ਼ੁਰੂ ਹੋ ਚੁੱਕੇ ਹਰੇ ਇਨਕਲਾਬ ਬਾਰੇ ਸੀ। ਬਹੁਤ ਸਾਲ ਤਾਂ ਮੈਂ ਅਖ਼ਬਾਰ ਦੀ ਉਹ ਕਟਿੰਗ ਸੰਭਾਲ਼ ਰੱਖੀ ਸੀ। ਟਿੱਪਣੀ ਕੁਝ ਇਸ ਤਰ੍ਹਾਂ ਸੀ:

”-ਭਾਰਤ ਅੰਨ ‘ਚ ਨਿਰਭਰ ਹੋ ਜਾਏਗਾ। ਇਸ ਵਿਚ ਵੱਡਾ ਹਿੱਸਾ ਪੰਜਾਬ ਦਾ ਹੋਏਗਾ। ਪਰ ਪੰਜਾਬ ਆਪ ਤਬਾਹ ਹੋ ਜਾਏਗਾ। ਭਾਰਤੀ ਵਿਗਿਆਨੀ ਕੁਆਂਟਿਟੀ ਮਗਰ ਪੈ ਗਏ ਹਨ। ਸ਼ਾਇਦ ਸਰਕਾਰਾਂ ਦੀ ਵੀ ਇਹੋ ਮੰਗ ਹੈ। ਕੁਆਲਿਟੀ ਵਾਲ਼ੀ ਗੱਲ ਪਿਛਾਂਹ ਪੈ ਗਈ ਹੈ। ਰਸਾਇਣਾਂ ਦੀ ਗਲਤ ਵਰਤੋਂ ਦਾ ਰੁਝਾਨ ਬੇਲਗਾਮ ਹੋਣ ਜਾ ਰਿਹਾ ਹੈ। ਆਉਣ ਵਾਲ਼ੇ ਸਮੇਂ ਵਿਚ ਪੰਜਾਬ ਦੀ ਮਿੱਟੀ ਤੇ ਪਾਣੀ ਜ਼ਹਿਰੀਲੇ ਹੋ ਜਾਣਗੇ। ਇਸ ‘ਚੋਂ ਪੈਦਾ ਹੋਇਆ ਅਨਾਜ, ਫਲ਼ ਤੇ ਸਬਜ਼ੀਆਂ ਪਾਬੰਦੀ ਲੱਗੀ ਜ਼ਹਿਰ ਦੇ ਤੁਲ ਹੋਣਗੇ। ਕਿਸਾਨ ਦੀ ਅਨਪੜ੍ਹਤਾ, ਵਪਾਰੀ ਦੀ ਅੱਤ ਲਾਲਚੀ ਸੋਚ ਅਤੇ ਸਿਆਸੀ ਲੋਕਾਂ ਦੀ ਗੈਰ ਜ਼ਿੰਮੇਵਾਰਨਾ ਪਹੁੰਚ ਹੱਸਦੇ ਵੱਸਦੇ ਪੰਜਾਬ ਦੀ ਬੇੜੀ ਡੂੰਘੇ ਸਮੁੰਦਰਾਂ ਵਿਚ ਡੋਬ ਦੇਣਗੇ।”

ਦੂਜੇ ਦਿਨ ਦੀਆਂ ਅਖ਼ਬਾਰਾਂ ਵਿਚ ਪੰਜਾਬ ਦੇ ਕਈ ਲੀਡਰਾਂ ਵਲੋਂ ਇਸ ਟਿੱਪਣੀ ਦੀ ਜੰਮ ਕੇ ਆਲੋਚਨਾ ਕੀਤੀ ਗਈ। ਵਿਗਿਆਨੀ ਦੀ ਟਿੱਪਣੀ ਨੂੰ ਸਾਜ਼ਸ਼ੀ ਤੇ ਹਵਾ ‘ਚ ਤੀਰ ਗਰਦਾਨਿਆ ਗਿਆ।

ਪਰ ਤੀਰ ਮੇਰੇ ਅੰਦਰ ਲਹਿ ਗਿਆ ਸੀ।

ਪੰਜਾਬੀ ਦੀ ਅਖ਼ਬਾਰ ਨੇ ਦਿੱਲੀ ਤੋਂ ਛਪਦੀ ਜਿਸ ਅੰਗਰੇਜ਼ੀ ਅਖ਼ਬਾਰ ਦੇ ਆਧਾਰ ‘ਤੇ ਇਹ ਟਿੱਪਣੀ ਲਿਖੀ ਸੀ ਮੈਂ ਉਸ ਅੰਗਰੇਜ਼ੀ ਅਖ਼ਬਾਰ ਦਾ ਉਹ ਅੰਕ ਪ੍ਰਾਪਤ ਕਰ ਲਿਆ। ਇਸ ਵਿਚ ਵਿਗਿਆਨੀ ਐਚæ ਸ਼ਾਰਨ ਲਾਰੰਸ ਦਾ ‘ਦੁਨੀਆ ਦੀ ਭਵਿੱਖੀ ਖੇਤੀ’ ਨਾਮੀ ਲੰਮਾ ਲੇਖ ਸੀ। ਉਸ ਦੇ ਤਰਕ ਦਿਲ ਨੂੰ ਟੁੰਬਦੇ ਸਨ।

ਮੈਂ ਪੰਜਾਬ ਅਤੇ ਅਪਣੇ ਭਵਿੱਖ ਨੂੰ ਲੈ ਕੇ ਚਿੰਤਾਵਾਨ ਹੋ ਗਿਆ। ਕਈ ਦਿਨ ਮੈਂ ਇਹਨਾਂ ਸੋਚਾਂ ਨਾਲ਼ ਗ੍ਰੱਸਿਆ ਰਿਹਾ। ਇਕ ਦੋ ਸਾਥੀਆਂ ਨਾਲ਼ ਅਪਣੀ ਚਿੰਤਾ ਸਾਂਝੀ ਕਰਨੀ ਚਾਹੀ ਤਾਂ ਇਕ ਨੇ ਤਾਂ ਗੱਲ ਹੀ ਮੁਕਾ ਦਿੱਤੀ ਸੀ:-

-ਓ ਝੀਰਾ! ਤੈਨੂੰ ਖੇਤੀਆਂ ਦਾ ਕੀ ਪਤਾ? ਵਿਆਹ ਕੁੜਮਾਈਆਂ ਦੇ ਲਾਗ ਵਿਹਾਰਾਂ ਬਾਰੇ ਸੋਚਿਆ ਕਰ।

ਦਿਲ ਕੀਤਾ ਸੀ ਕਿ ਚੱਕ ਕੇ ਇੱਟ ਮਾਰਾਂ ਸਿਰ ਵਿਚ। ਪਰ ਉਸ ਮੂਰਖ਼ ਤੇ ਮੂੰਹ ਫੱਟ ਤੋਂ ਅਸੀਂ ਸਾਰੇ ਡਰਦੇ ਸੀ।

ਅਚਾਨਕ ਇਕ ਰਾਤ ਮੈਨੂੰ ਸੁਪਨਾ ਆਇਆ। ਮੈਂ ਸਮੁੰਦਰ ‘ਚੋਂ ਵਧੀਆ ਮੱਛੀਆਂ ਦੀ ਬੇੜੀ ਭਰਕੇ ਸ਼ਾਰਕਾਂ ਦਾ ਮੁਕਾਬਲਾ ਕਰਦਾ ਹੋਇਆ ਜੇਤੂ ਅੰਦਾਜ਼ ਵਿਚ ਬਾਂਹ ਖੜ੍ਹੀ ਕਰਦਾ ਹੋਇਆ ਕੰਢੇ ਆਣ ਲੱਗਾ। ਮੇਰਾ ਮਨ ਕਾਫ਼ੀ ਸਹਿਜ ਹੋ ਗਿਆ।

ਸਮਾਂ ਬੀਤਦਾ ਗਿਆ।

ਹੌਲ਼ੀ-ਹੌਲ਼ੀ ਸਾਡੇ ਵਿਗਿਆਨੀ ਵੀ ਆਉਣ ਵਾਲ਼ੇ ਖ਼ਤਰਿਆ ਬਾਰੇ ਸੁਚੇਤ ਕਰਨ ਲੱਗ ਪਏ।

ਮਨ ਫਿਰ ਚਿੰਤਾਵਾਨ ਰਹਿਣ ਲੱਗਾ।

ਕਦੇ ਕਦੇ ਇਹ ਕੁਝ ਨਵਾਂ ਕਰਨ ਲਈ ਸੋਚਣ ਲੱਗ ਪੈਂਦਾ। ਪਰ ਸਾਧਨ ਸੀਮਤ ਸਨ।

ਇਸ ਪਿੰਡ ਦਾ ਮੋਢੀ ਕਿਸੇ ਸਮੇਂ ਜਦੋਂ ਸਾਡੇ ਕਿਸੇ ਵਡਾਰੂ ਨੂੰ ਪਿੰਡ ‘ਚ ਕੰਮ ਕਰਨ ਲਈ ਲੈ ਕੇ ਆਇਆ ਸੀ ਤਾਂ ਉਸ ਪੱਠੇ ਦੱਥੇ ਲਈ ਛੇ ਕੁ ਕੁਨਾਲ਼ ਜ਼ਮੀਨ ਪਿੰਡ ਦੇ ਬਸੀਮੇ ‘ਤੇ ਦਿੱਤੀ ਸੀ। ਇਸ ਪਾਸੇ ਨੂੰ ਬਸੀਮਾ ਪਿੰਡੋਂ ਬਹੁਤਾ ਦੂਰ ਨਹੀਂ ਸੀ। ਇਹ ਜ਼ਮੀਨ ਦਾ ਟੁਕੜਾ ਚਾਰ ਕਰਮ ਦੇ ਰਸਤੇ ਉਪਰ ਸੀ। ਅੱਜ ਕੱਲ੍ਹ ਇਹ ਸੜਕ ਪੱਕੀ ਬਣੀ ਹੋਈ ਹੈ। ਹੌਲ਼ੀ ਹੌਲ਼ੀ ਇਸ ਟੁਕੜੇ ਦੇ ਅੱਗੋਂ ਹੋਰ ਟੁਕੜੇ ਹੋ ਗਏ। ਸਾਡੇ ਹਿੱਸੇ ਵੀ ਕਨਾਲ਼ ਕੁ ਥਾਂ ਸੀ। ਇਕ ਕਨਾਲ਼ ਘਰਾਂ ‘ਚੋਂ ਲਗਦੇ ਭਰਾ ਪਿਆਰੇ ਦਾ ਸੀ। ਇਹ ਮੈਂ ਕੁਝ ਸਮਾਂ ਪਹਿਲਾਂ ਖਰੀਦ ਲਿਆ ਸੀ। ਬਾਕੀ ਚਾਰ ਕਨਾਲ਼ ਦੇ ਮਾਲਕ ਪੰਜ ਟੱਬਰ ਲੁਧਿਆਣੇ ਜਾ ਵਸੇ ਸਨ। ਮੇਰਾ ਉਨ੍ਹਾਂ ਸਾਰਿਆਂ ਨਾਲ਼ ਮੇਲ ਜੋਲ ਤਾਂ ਪਹਿਲਾਂ ਵੀ ਸੀ। ਪਰ ਫਿਰ ਮੈਂ ਹੋਰ ਵਧਾ ਦਿੱਤਾ। ਅਖ਼ੀਰ ਮੈਂ ਅਪਣੇ ਮਿਸ਼ਨ ਵਿਚ ਸਫ਼ਲ ਹੋ ਗਿਆ। ਜ਼ਮੀਨਾਂ ਦੇ ਭਾਅ ਭਾਵੇਂ ਉਦੋਂ ਬਹੁਤ ਨਹੀਂ ਸਨ ਫਿਰ ਵੀ ਉਹ ਹਿੱਸਾ ਖ਼ਰੀਦਣ ਲਈ ਮੈਨੂੰ ਕਾਫ਼ੀ ਔਖਾ ਹੋਣਾ ਪਿਆ। ਇਹ ਟਾਹਲੀ ਵੀ ਉਸ ਹਿੱਸੇ ‘ਚ ਆਈ ਸੀ।

ਕੁਝ ਸਾਲਾਂ ਬਾਅਦ ਮੈਂ ਛੋਟਾ ਜਿਹਾ ਘਰ ਵੀ ਇਥੇ ਬਣਾ ਲਿਆ। ਮੈਂ ਜੋ ਬਗੀਚਾ ਇੱਥੇ ਲਾਉਣ ਜਾ ਰਿਹਾ ਸੀ, ਉਸਦੀ ਰਾਖੀ ਲਈ ਵੀ ਇਹ ਜ਼ਰੂਰੀ ਸੀ।

ਮੈਂ ਅਪਣੀ ਸਕੀਮ ਅਨੁਸਾਰ ਪਹਿਲਾਂ ਸਾਰੀ ਜ਼ਮੀਨ ਦੁਆਲ਼ੇ ਜਬਰਦਸਤ ਵੱਟ ਲਾਈ ਤਾਂ ਕਿ ਦੂਜੇ ਖੇਤਾਂ ਦਾ ਖਾਦਾਂ-ਦੁਆਈਆਂ ਵਾਲ਼ਾ ਪਾਣੀ ਇਸ ਵਿਚ ਦਾਖਲ ਨਾ ਹੋ ਸਕੇ। ਚੁਫੇਰੇ ਹੀ ਦੇਸੀ ਗੁਲਾਬ ਦੀ ਵਾੜ ਲਾ ਦਿੱਤੀ। ਘਰ ਦੇ ਵਿਹੜੇ ਦੇ ਨਾਲ਼ੋਂ ਹੀ ਬਗੀਚਾ ਲਾਉਣਾ ਸ਼ੁਰੂ ਕਰ ਦਿੱਤਾ। ਜੋ ਵੀ ਫ਼ਲਦਾਰ ਬੂਟਾ ਅਪਣੀ ਧਰਤੀ ਅਤੇ ਮੌਸਮ ਵਿਚ ਚਲ ਸਕਦਾ ਸੀ ਉਹ ਮੈਂ ਲਾਇਆ। ਬਾਕੀ ਜ਼ਮੀਨ ਮੈਂ ਕਣਕ, ਮੱਕੀ ਅਤੇ ਗਾਂ ਦੇ ਪੱਠਿਆਂ ਲਈ ਵਰਤਣੀ ਸ਼ੁਰੂ ਕਰ ਦਿੱਤੀ। ਸਬਜ਼ੀ ਭਾਜੀ ਵੀ ਕਦੇ ਮੁੱਕਦੀ ਨਾ। ਸਭ ਕੁਝ ਦੇਸੀ ਰੂੜੀ ਨਾਲ਼ ਪੈਦਾ ਕਰਦਾ। ਨਦੀਨਾਂ ਦੀ ਰੋਕ ਥਾਮ ਰੰਬੀ ਦੇ ਸਹਾਰੇ ਕਰਦਾ। ਕੀਟ ਨਾਸ਼ਕਾਂ ਦੀ ਵਰਤੋਂ ਬਹੁਤ ਸੰਜਮ ਤੇ ਸਾਵਧਾਨੀ ਨਾਲ਼ ਕਰਦਾ।

ਸੱਤ ਸਾਲ ਹੋ ਗਏ ਸੇਵਾਮੁਕਤ ਹੋਏ ਨੂੰ। ਕਦੇ ਬੋਰੀਅਤ ਮਹਿਸੂਸ ਨਹੀਂ ਹੋਈ। ਜ਼ਿੰਦਗੀ ਦਾ ਨਜ਼ਾਰਾ ਆ ਗਿਆ। ਲੋਕ ਮੈਨੂੰ ਬਗੀਚੀ ਵਾਲ਼ਾ ਮਾਸਟਰ ਸੱਦਦੇ ਹਨ ਅਤੇ ਬਗੀਚੀ ਨੂੰ ਮਾਸਟਰ ਦੀ ਬਗੀਚੀ ਕਹਿੰਦੇ ਹਨ।

ਆਹ ਪਿਛਲੇ ਸਾਲ ਇਸ ਬਗੀਚੀ ਨੇ ਉਲ਼ਾਂਭਾ ਵੀ ਜ਼ਬਰਦਸਤ ਦਵਾ ਦਿੱਤਾ ਸੀ।

ਸ਼ਾਮ ਦੇ ਪੰਜ ਕੁ ਵੱਜੇ ਸਨ। ਬਾਹਰਲੀ ਬਸਤੀ ਦੇ ਦੌਲਤੀ ਦੇ ਘਰੋਂ ਫ਼ੂਨ ਆਇਆ ਸੀ। ਦੌਲਤੀ ਬੋਲਿਆ ਸੀ:

”ਆ ਮਾਹਟਰਾ ਤੇਰੀ ਬਗੀਚੀ ਨੇ ਮੇਰਾ ਘਰ ਪੱਟ ਦੇਣਾ ਸੀ। ਓਏ ਛੇਤੀ ਆ। ਆ ਕੇ ‘ਨੀਤਾ ਨੂੰ ਸਮਝਾ ਕੁਛ।”

ਅਨੀਤਾ ਦੌਲਤੀ ਦੀ ਨੂੰਹ ਹੈ। ਸੀਰੋਵਾਲ ਤੋਂ। ਜਦੋਂ ਮੈਂ ਸੀਰੋਵਾਲ ਪੜ੍ਹਾਉਂਦਾ ਸੀ ਤਾਂ ਪੰਜਵੀਂ ਵਿਚ ਪੜ੍ਹਦੀ ਹੁੰਦੀ ਸੀ। ਅਨੀਤਾ ਦੇ ਪਰਿਵਾਰ ਨਾਲ਼ ਮੇਰੇ ਵਧੀਆ ਸੰਬੰਧ  ਬਣ ਗਏ ਸਨ। ਅਨੀਤਾ ਦਾ ਰਿਸ਼ਤਾ ਦੌਲਤੀ ਦੇ ਮੁੰਡੇ ਭਗਤੇ ਨੂੰ ਮੈਂ ਹੀ ਕਰਾਇਆ ਸੀ। ਦੋਨੇ ਪੜ੍ਹਾਉਂਦੇ ਹਨ। ਐਸ਼ ਐਸ਼ ਅਧਿਆਪਕ ਦੇ ਤੌਰ ‘ਤੇ।

ਮੈਂ ਸਕੂਟਰ ਚੁੱਕਿਆ ਤੇ ਪਹੁੰਚ ਗਿਆ ਸੀ, ਦੌਲਤੀ ਦੇ ਘਰ। ਉਸਦਾ ਵਿਹੜਾ ਬੰਦੇ ਤੀਵੀਆਂ ਨਾਲ਼ ਭਰਿਆ ਪਿਆ ਸੀ।

ਪੁੱਛਣ-ਗਿੱਛਣ ‘ਤੇ ਮਾਮਲਾ ਸਾਹਮਣੇ ਆਇਆ। ਭਗਤਾ ਪਿੰਡ ਦੇ ਮੋਹਣੇ ਜੱਟ ਨਾਲ਼ ਢਾਈ ਕਨਾਲ਼ ਜ਼ਮੀਨ ਦਾ ਸੌਦਾ ਕਰ ਆਇਆ ਸੀ। ਪੰਜ ਲੱਖ ‘ਚ। ਜ਼ਮੀਨ ਪਿੰਡ ਤੋਂ ਬਹੁਤਾ ਦੂਰ ਵੀ ਨਹੀਂ ਸੀ। ਸੀ ਵੀ ਭਾਅ ਸਿਰ। ਇਹ ਥਾਂ ਭਗਤੇ ਨੂੰ ਤਾਂ ਮਿਲ਼ ਗਈ ਕਿਉਂਕਿ ਮੋਹਣੇ ਜੱਟ ਦੀ ਨਾਲ਼ ਲਗਦੇ ਜੱਟਾਂ ਨਾਲ਼ ਬਣਦੀ ਨਹੀਂ ਸੀ। ਚਾਰ ਕੁ ਸਾਲ ਪਹਿਲਾਂ ਮੋਹਣੇ ਨੇ ਉਨ੍ਹਾਂ ਨੂੰ ਚਾਰ ਕਨਾਲ਼ ਬੈਅ ਕੀਤੀ ਸੀ। ਉਹ ਪੈਸਿਆਂ ਵਿਚ ਕੁਝ ਹੇਰ ਫੇਰ ਕਰ ਗਏ ਸਨ। ਮੋਹਣੇ ਨੇ ਬਹਿਸ-ਮੁਬਾਸੇ ਵਿਚ ਉਦੋਂ ਹੀ ਆਖ ਦਿੱਤਾ ਸੀ:

”ਜਾਂਦੀ ਵਾਰੀ ਤੁਹਾਡੇ ‘ਚ ਕੋਈ ਚੂਹੜਾ-ਚਮਾਰ ਵਾੜ ਕੇ ਜਾਊਂ।”

ਸੋ ਮੋਹਣੇ ਨੇ ਤਾਂ ਅਪਣੇ ਬੋਲ ਪੁਗਾਏ ਸਨ। ਨਾਲ਼ ਦੇ ਜੱਟ ਛੇ ਲੱਖ ਵੀ ਦਿੰਦੇ ਸਨ।

ਅਨੀਤਾ ਨੂੰ ਜਦੋਂ ਪਤਾ ਲੱਗਾ ਉਹ ਤਾਂ ਹੋ ਗਈ ਲੋਹੀ ਲਾਖੀ। ਭਗਤਾ ਅਪਣੇ ਥਾਂ ਅੜ ਗਿਆ।

ਕੱਲ ਸਵੇਰ ਤੋਂ ਘਰ ਵਿਚ ਕਲੇਸ਼ ਸੀ। ਪਰ ਅੱਜ ਕਲ੍ਹ ਤਾਂ ਕਹਿਰ ਹੀ ਵਾਪਰ ਚੱਲਿਆ ਸੀ। ਅਨੀਤਾ ਨੇ ਰਸੋਈ ਵਿਚ ਵੜ ਕੇ ਅਪਣੇ ਉੱਤੇ ਤੇਲ ਪਾ ਲਿਆ। ਉਹ ਤਾਂ ਚੰਗੇ ਕਰਮਾਂ ਨੂੰ ਭਗਤੇ ਦੀ ਨਜ਼ਰ ਪੈ ਗਈ। ਤੀਲੀ ਬਾਲਣ ਤੋਂ ਪਹਿਲਾਂ ਹੀ ਭਗਤਾ ਉਸਨੂੰ ਧੂ ਕੇ ਵਿਹੜੇ ਵਿਚ ਲੈ ਗਿਆ। ਚੀਕ ਚਿਹਾੜਾ ਪੈ ਗਿਆ। ਲੋਕ ‘ਕੱਠੇ ਹੋ ਗਏ।

ਮਾਮਲਾ ਮੇਰੀ ਸਮਝ ਵਿਚ ਆ ਚੁੱਕਾ ਸੀ। ਸਭ ਤੋਂ ਪਹਿਲਾਂ ਮੈਂ ਸਾਰੇ ਤਮਾਸ਼ਬੀਨਾਂ ਨੂੰ ਹੱਥ ਜੋੜ ਕੇ ਘਰੋਂ ਘਰੀਂ ਭੇਜਿਆ। ਫਿਰ ਦੋਹਾਂ ਤੀਵੀਂ ਆਦਮੀ ਨੂੰ ਇਕ ਥਾਂ ਬਿਠਾਇਆ। ਮੇਰੇ ਪੁੱਛਣ ‘ਤੇ ਅਨੀਤਾ ਨੇ ਬੜੇ ਹਰਖ ‘ਚ ਬੋਲਣਾ ਸ਼ੁਰੂ ਕੀਤਾ:

”ਦੇਖੋ ਅੰਕਲ ਜੀ ਇਹਨਾਂ ਦੀ ਮੱਤ! ਮੈਂ ਸ਼ੁਰੂ ਤੋਂ ਕਹਿੰਨੀ ਆ ਕਿ ਆਪਾਂ ਸ਼ਹਿਰ ਮਕਾਨ ਬਣਾਉਣੈਂ। ਇਥੇ ਪਿੰਡਾਂ ਦਾ ਵੀ ਕੋਈ ਰਹਿਣ ਏ? ਕਲ੍ਹ ਨੂੰ ਬੱਚਿਆਂ ਨੇ ਸਕੂਲ ਜਾਣਾ ਹੈ। ਸ਼ਹਿਰ ਕਿਸੇ ਵਧੀਆ ਸਕੂਲੇ ਪਾਵਾਂਗੇ। ਅੰਕਲ ਸ਼ਹਿਰ ‘ਚ ਕੋਈ ਪਤਾ ਲਗਦਾ ਕਿ ਕੋਈ ਕੌਣ ਹੈ। ਇਥੇ ਪਿੰਡੋਂ ਬਾਹਰ ਅਲੱਗ ਬਣੀ ‘ਬਾਹਰਲੀ ਬਸਤੀ’ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਚਮਾਰ ਹਨ। ਸੱਚੀ ਗੱਲ ਆ ਕਿ ਜਦੋਂ ਮੇਰੀ ਕੋਈ ਸ਼ਹਿਰੀ ਸਹੇਲੀ ਘਰ ਆਉਂਦੀ ਹੈ ਤਾਂ ਪਤਾ ਮੇਰਾ ਕੀ ਹਾਲ ਹੁੰਦਾ ਹੈ, ਜਦੋਂ ਅਗਲੀ ਕਹਿੰਦੀ ਆ ‘ਯਾਰ ਅਨੀਤਾ ਕਿਉਂ ਇਥੇ ਗੰਦੀ ਜਿਹੀ ਚਮਾਰਲ਼ੀ ‘ਚ ਬੈਠੀ ਏਂ? ਗੰਦੇ ਲੋਕਾਂ ‘ਚ। ਤੁਸੀਂ ਦੋ ਜਣੇ ਕਮਾਉਂਦੇ ਹੋ ਸ਼ਹਿਰ ਪਲਾਟ ਲਵੋ। ਕੁਝ ਸਮੇਂ ਮਗਰੋਂ ਮਕਾਨ ਬਣ ਜਾਏਗਾ।”

”ਪਰ ਇਹਨਾਂ ਨੂੰ ਤੁਹਾਡੀ ਬਗੀਚੀ ਵਰਗੀ ਬਗੀਚੀ ਲਾਉਣ ਦਾ ਝੱਲ ਚੜ੍ਹਿਆ ਹੋਇਆ ਹੈ।”

ਭਗਤੇ ਦੀਆਂ ਨਾਸਾਂ ਫਰਕੀਆਂ ਸਨ। ਪਰ ਫਿਰ ਵੀ ਉਸ ਗੁੱਸੇ ਨੂੰ ਕਾਬੂ ਵਿਚ ਰੱਖਕੇ ਬੋਲਣਾ ਸ਼ੁਰੂ ਕੀਤਾ ਸੀ:

”ਦੇਖੋ ਅੰਕਲ ਏਦ੍ਹੀ ਸੋਚ। ਅਪਣੇ ਲੋਕਾਂ ਨੂੰ ਹੀ ਗੰਦੇ ਕਹਿੰਦੀ ਹੈ। ਇਹ ਆਪ ਵੀ ਤਾਂ ਚਮਾਰਲ਼ੀ ‘ਚ ਜੰਮੀ ਪਲ਼ੀ ਹੈ। ਹੋਰ ਸੀਰੋਵਾਲ ਕਿਹੜਾ ਚੰਡੀਗੜ੍ਹ ਸੀ। ਰਹੀ ਗੱਲ ਬੱਚਿਆਂ ਨੂੰ ਚੰਗੇ ਸਕੂਲ ਭੇਜਣ ਦੀ। ਉਹ ਪਿੰਡ ਵਿਚ ਰਹਿ ਕੇ ਵੀ ਮੁਸ਼ਕਲ ਨਹੀਂ। ਸਾਡੀ ਸਮਰਥਾ ਵਾਲ਼ੇ ਸਕੂਲ ਪਿੰਡੋਂ ਕੋਈ ਬਹੁਤ ਦੂਰ ਨੀ। ਬਾਕੀ ਰਹੀ ਸ਼ਹਿਰ ਪਲਾਟ ਲੈ ਕੇ ਮਕਾਨ ਬਣਾਉਣ ਦੀ ਗੱਲ। ਜਿੰਨੇ ਪੈਸੇ ਉਥੇ ਪਲਾਟ ‘ਤੇ ਲੱਗਣੇ ਹਨ ਉਨਿਆਂ ਨਾਲ਼ ਇੱਥੇ ਮਕਾਨ ਵੀ ਬਣ ਜਾਣਾ ਹੈ। ਇਥੇ ਢਾਈ ਕਨਾਲ਼ ਜ਼ਮੀਨ ਖਰੀਦ ਹੋ ਰਹੀ ਹੈ। ਉਥੇ ਅਰਬਨ ਅਸਟੇਟ ਵਿਚ ਇੰਨੇ ਪੈਸਿਆਂ ਨਾਲ਼ ਢਾਈ ਮਰਲੇ ਵੀ ਖਰੀਦ ਨੀ ਹੋਣੇ, ਜਿੱਥੇ ਨੂੰ ਇਹ ਕਾਹਲ਼ੀ ਹੈ। ਇਥੇ ਦਸ ਮਰਲੇ ‘ਚ ਮਕਾਨ ਬਣਾ ਕੇ ਬਾਕੀ ‘ਚ ਸਬਜ਼ੀ-ਭਾਜੀ ਲਾ ਲਿਆ ਕਰਾਂਗੇ।”

ਬੜਾ ਕੁਝ ਦੋਹਾਂ ਨੇ ਕਿਹਾ ਸੁਣਿਆ।

ਮੈਂ ਗੰਭੀਰਤਾ ਨਾਲ਼ ਸੁਣਦਾ ਰਿਹਾ। ਸੋਚਦਾ ਰਿਹਾ।

ਅਨੀਤਾ ਨੇ ਪਰੈਸਟਿਜ ਇਸ਼ੂ ਬਣਾ ਲਿਆ ਸੀ। ਉਹ ਪੈਰੀਂ ਪਾਣੀ ਨਹੀਂ ਸੀ ਪੈਣ ਦੇ ਰਹੀ। ਮੈਂ ਇਕ ਟੱਕ ਉਹਦੇ ਚਿਹਰੇ ਵੱਲ ਤੱਕ ਰਿਹਾ ਸੀ। ਮੈਨੂੰ ਉਹ ਇਕ ਸ਼ਾਰਕ ਲੱਗਣ ਲੱਗੀ। ਮੈਂ ਅਪਣਾ ਸਿਰ ਝਟਕਿਆ।

ਦੋਹਾਂ ਨੂੰ ਸ਼ਾਂਤ ਹੋਣ ਲਈ ਕਿਹਾ। ਅੰਤ ਨੂੰ ਮੈਂ ਦੋਹਾਂ ਨੂੰ ਇਸ ਗੱਲ ‘ਤੇ ਸਹਿਮਤ ਕਰਨ ‘ਚ ਸਫ਼ਲ ਹੋ ਗਿਆ ਕਿ ਉਹ ਘੱਟੋ-ਘੱਟ ਦੋ ਦਿਨ ਇਸ ਮਸਲੇ ‘ਤੇ ਕੋਈ ਗੱਲ ਨਹੀਂ ਕਰਨਗੇ। ਅਗਲੇ ਦਿਨ ਮੈਂ ਫਿਰ ਆਉਣ ਦਾ ਵਾਅਦਾ ਕਰਕੇ ਘਰ ਆ ਗਿਆ।

ਰਾਤ ਨੂੰ ਮੰਜੇ ‘ਤੇ ਪਿਆ ਵੀ ਅਨੀਤਾ ਅਤੇ ਭਗਤੇ ਦੇ ਕਲੇਸ਼ ਬਾਰੇ ਮੈਂ ਸੋਚਦਾ ਰਿਹਾ। ਦਿਲੋਂ ਮੈਂ ਭਗਤੇ ਨਾਲ਼ ਖੜ੍ਹਾ ਸੀ ਪਰ ਅਨੀਤਾ ਦੇ ਅੜਬ ਸੁਭਾਅ ਤੋਂ ਵੀ ਜਾਣੂ ਸੀ। ਚਿੰਤਤਮਨ ਪਤਾ ਨੀ ਕਦੋਂ ਨੀਂਦ ‘ਚ ਗਿਆ।

ਤੜਕਸਾਰ ਮੈਨੂੰ ਉਹੀ ਸੁਪਨਾ ਆਇਆ। ਮੈਂ ਜੇਤੂ ਮੁਦਰਾ ‘ਚ ਬਾਂਹ ਖੜ੍ਹੀ ਕਰੀ ਕੰਢੇ ਆਣ ਲੱਗਾ।

ਸਵੇਰੇ ਮਨ ਚੜ੍ਹਦੀ ਕਲਾ ‘ਚ ਸੀ।

ਦੁਪਹਿਰੇ ਮੈਂ ਮੋਹਣੇ ਜੱਟ ਕੋਲ਼ ਗਿਆ।

ਲੌਢੇ ਵੇਲੇ ਭਗਤੇ ਨਾਲ਼ ਫ਼ੂਨ ਰਾਹੀਂ ਗੱਲਬਾਤ ਕਰਕੇ ਸਾਰੀ ਤਰਕੀਬ ਸਾਂਝੀ ਕੀਤੀ।

ਸ਼ਾਮੀ ਭਗਤੇ ਦੇ ਘਰ ਪਹੁੰਚ ਗਿਆ।

ਮੈਂ ਅਨੀਤਾ ਨੂੰ ਸਮਝਾਇਆ;

”ਭਗਤੇ ਦੀ ਗਲਤੀ ਹੈ ਕਿ ਇਸਨੇ ਸੌਦਾ ਕਰਨ ਤੋਂ ਪਹਿਲੇ ਤੇਰੇ ਨਾਲ਼ ਸਲਾਹ ਨੀ ਕੀਤੀ। ਉਤੋਂ ਇਸਨੇ ਸਾਈ ਵੀ ਪੰਜ ਨੀ ਦਸ ਨੀ ਸਗੋਂ ਪੰਜਾਹ ਹਜ਼ਾਰ ਦੇ ਦਿੱਤੀ। ਹੁਣ ਤੁਸੀਂ ਜੇ ਸੌਦਾ ਛੱਡਦੇ ਹੋ ਤਾਂ ਸਮਝੋ ਤੁਹਾਡੇ ਪੰਜਾਹ ਹਜ਼ਾਰ ਡੁੱਬੇ। ਜ਼ਮੀਨ ਤੁਹਾਨੂੰ ਸਸਤੀ ਮਿਲ਼ ਰਹੀ ਹੈ। ਜੇ ਤੁਸੀਂ ਮਕਾਨ ਬਣਾਉਣ ਲਈ ਸਹਿਮਤ ਨਾ ਹੋ ਸਕੇ ਤਾਂ ਸਾਲ ਖੰਡ ਤਾਈਂ ਵੇਚ ਦਿਓ। ਪੈਸੇ ਚੰਗੇ ਵੱਟ ਹੋ ਜਾਣੇ ਆ।”

ਭਗਤਾ ਵੀ ਇਹੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਰਜਿਸਟਰੀ ਹੋ ਜਾਵੇ। ਫਿਰ ਹੌਲ਼ੀ ਹੌਲ਼ੀ ਅਨੀਤਾ ਨੂੰ ਉਹ ਮਨਾ ਲਵੇਗਾ।

ਖ਼ੈਰ ਅਨੀਤਾ ਮੰਨ ਗਈ ਸੀ।

ਪਰ ਰਵੀਨਾ ਨਹੀਂ ਸੀ ਮੰਨੀ।

ਮੇਰੀ ਅਪਣੀ ਨੂੰਹ।

ਮੇਰੇ ਇਕਲੌਤੇ ਪੁੱਤਰ ਤਰਸੇਮ ਦੇ ਘਰਵਾਲ਼ੀ।

ਤਰਸੇਮ ਜੋ ਬੜੇ ਤਰਸੇਵੇਂ ਨਾਲ਼ ਮਿਲ਼ਿਆ ਸੀ। ਵਿਆਹ ਤੋਂ ਸਾਲ ਡੂਢ ਸਾਲ ਬਾਅਦ ਤੱਕ ਤਾਂ ਅਸੀਂ ਖ਼ੁਦ ਬਚਾਅ ਰੱਖਦੇ ਰਹੇ। ਪਰ ਜਦੋਂ ਅਸੀਂ ਬੱਚਾ ਚਾਹਿਆ ਤਾਂ ਗੱਲ ਨਾ ਬਣੇ। ਜੇ ਕਦੇ ਬਣਦੀ ਤਾਂ ਦੂਜੇ ਤੀਜੇ ਮਹੀਨੇ ਤੱਕ ਕੇਸ ਖ਼ਰਾਬ ਹੋ ਜਾਂਦਾ। ਸਮਝ, ਸਮਰੱਥਾ ਤੇ ਸਮੇਂ ਅਨੁਸਾਰ ਬੜਾ ਓਹੜ ਪੋਹੜ ਕੀਤਾ। ਨਹੀਂ ਸੀ ਆਸ ਪੁੱਗੀ। ਫਿਰ ਤਾਂ ਅਸੀਂ ਨਿਰਾਸ਼ ਹੋ ਕੇ ਆਸ ਹੀ ਛੱਡ ਦਿੱਤੀ।

ਅਚਾਨਕ ਰੱਬ ਨੇ ਆਸ ਪੂਰੀ ਕਰ ਦਿੱਤੀ। ਤਰਸੇਵੇਂ ਨਾਲ਼ ਮਿਲ਼ੇ ਪੁੱਤਰ ਦਾ ਨਾਂ ਵੀ ਅਸੀਂ ਤਰਸੇਮ ਹੀ ਰੱਖ ਦਿੱਤਾ।

ਮੇਰੇ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਤਰਸੇਮ ਬਹੁਤਾ ਪੜ੍ਹ ਨੀ ਸਕਿਆ। ਦਸਵੀਂ ਵੀ ਪਾਸ ਹੋਈ ਮਸੀਂ ਨਕਲ ਦੇ ਸਹਾਰੇ। ਅਸਲ ਵਿਚ ਓਦ੍ਹੀ ਰੂਹ ਕਿਸੇ ਕੰਮ ‘ਚ ਲਗਦੀ ਹੀ ਨਹੀਂ ਸੀ। ਕਦੇ ਸਿਲਾਈ ਕਢਾਈ ਸਿੱਖਣ ਲੱਗ ਪਿਆ। ਕਦੇ ਡਰੈਵਰੀ ਕਦੇ ਕੰਡਕਟਰੀ। ਕਦੇ ਮੋਟਰ ਮਕੈਨਕੀ ਤੇ ਕਦੇ ਸਕੂਟਰ ਮਕੈਨਕੀ। ਪਰ ਉਹ ਕਿਸੇ ਖੇਤਰ ‘ਚ ਕਾਮਯਾਬ ਨਾ ਹੋਇਆ। ਉੱਦਾਂ ਨਸ਼ੇ ਪੱਤੇ ਤੋਂ ਬਚਿਆ ਰਿਹਾ। ਮੇਰੇ ਤੇ ਬਿਮਲਾ ਲਈ ਇਹੀ ਬਹੁਤ ਸਕੂਨ ਦੀ ਗੱਲ ਸੀ।

ਤਰਸੇਮ ਦਾ ਵਿਆਹ ਕਰ ਦਿੱਤਾ।

ਰਵੀਨਾ ਆ ਗਈ। ਲੁਧਿਆਣੇ ਸ਼ਹਿਰ ਤੋਂ।

ਘਰ ਭਰਿਆ ਭਰਿਆ ਲੱਗਣ ਲੱਗ ਪਿਆ।

ਬਿਮਲਾ ਦੇ ਖ਼ੁਸ਼ੀ ‘ਚ ਪੈਰ ਭੁੰਜੇ ਨੀ ਸੀ ਲੱਗ ਰਹੇ।

ਪਰ ਰਵੀਨਾ ਸਾਡੀ ਪੇਂਡੂ ਜ਼ਿੰਦਗੀ ‘ਚ ਪੈਰ ਲਾਉਂਦੀ ਨੀ ਸੀ ਦਿਸ ਰਹੀ। ਉਸ ਦੀਆਂ ਗੱਲਾਂ ‘ਚੋਂ ਇਸ ਗੱਲ ਦੀ ਝਲਕ ਗਾਹੇ-ਬਗਾਹੇ ਪੈਣ ਲੱਗ ਪਈ ਸੀ। ਹੌਲ਼ੀ ਹੌਲ਼ੀ ਉਸਨੇ ਤਰਸੇਮ ਨੂੰ ਲੁਧਿਆਣੇ ਜਾ ਕੇ ਰਹਿਣ ਲਈ ਸਿਖਾਲਣਾ ਸ਼ੁਰੂ ਕਰ ਦਿੱਤਾ। ਤਰਸੇਮ ਦੱਬੀ ਸੁਰ ‘ਚ ਮੇਰੇ ਨਾਲ਼ ਗੱਲ ਕਰਦਾ। ਪਰ ਮੇਰੀਆਂ ਦਲੀਲਾਂ ਮੂਹਰੇ ਉਹ ਬੇਬੱਸ ਜਿਹਾ ਹੋ ਕੇ ਰਹਿ ਜਾਂਦਾ।

ਦੋ ਬੱਚੇ ਵੀ ਹੋ ਗਏ ਪਰ ਰਵੀਨਾ ਪਿੰਡ ਦੀ ਮਿੱਟੀ ਨਾਲ਼ ਮੋਹ ਨਾ ਪਾ ਸਕੀ। ਸ਼ਹਿਰ ਦੀ ਖਿੱਚ ਮਾਰ ਨਾ ਸਕੀ। ਬਗੀਚੀ ਦੇ ਬੇਰ-ਅਮਰੂਦ ਉਸਨੂੰ ਸ਼ਹਿਰ ਦੇ ਗੋਲ ਗੱਪਿਆਂ ਤੋਂ ਘਟੀਆ ਲਗਦੇ। ਅੰਮ੍ਰਿਤ ਵਰਗਾ ਦੁੱਧ ਦੇਣ ਵਾਲੀ ਗਾਂ ਦੇ ਗੋਹੇ ਤੋਂ ਉਸਨੂੰ ਮੁਸ਼ਕ ਆਉਣੋਂ ਨਾ ਹਟੀ। ਬਗੀਚੀ ‘ਚੋਂ ਤੋੜੀ ਸਬਜ਼ੀ ਜਾਂ ਕਿਸੇ ਫਲ਼ ‘ਚੋਂ ਜੇ ਕਿੱਧਰੇ ਇਕ ਅੱਧ ਸੁੰਡੀ ਨਿਕਲ਼ ਆਉਂਦੀ ਤਾਂ ਉਹ ਘਰ ਸਿਰ ‘ਤੇ ਚੁੱਕ ਲੈਂਦੀ। ਸ਼ਹਿਰ ਵਿਚ ਮਿਲ਼ਦੀਆਂ ਸਾਫ਼ ਸੁਥਰੀਆਂ ਸਬਜ਼ੀਆਂ ਦੀਆਂ ਸਿਫ਼ਤਾਂ ਕਰਦੀ। ਸ਼ੁਰੂ ਸ਼ੁਰੂ ‘ਚ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਬੇਅਰਥ। ਹੌਲ਼ੀ ਹੌਲ਼ੀ ਮੈਨੂੰ ਅਹਿਸਾਸ ਹੋ ਗਿਆ ਕਿ ਰਵੀਨਾ ਜ਼ਿੱਦੀ ਤੇ ਮੂਰਖ਼ਤਾ ਭਰੀ ਚਲਾਕ ਬਿਰਤੀ ਦੀ ਮਾਲਕ ਹੈ। ਤਰਸੇਮ ਉਸ ਮੂਹਰੇ ਕੂ ਵੀ ਨੀ ਸਕਦਾ। ਬਿਮਲਾ ਵੀ ਉਸਦੀ ਝੇਂਪ ਮੰਨਣ ਲੱਗ ਪਈ। ਇਕ ਹੋਰ ਗੱਲ ਵੀ ਮੇਰੀ ਸਮਝ ‘ਚ ਆ ਗਈ। ਰਵੀਨਾ ਦੀ ਸ਼ਹਿਰ ਰਹਿਣ ਦੀ ਜਨੂੰਨੀ ਇੱਛਾ ਨੂੰ ਉਸਦੇ ਮਾਂ-ਪਿਓ ਵੀ ਜੀਵਤ ਰੱਖ ਰਹੇ ਸਨ। ਉਹ ‘ਕੱਲੇ ਰਹਿ ਰਹੇ ਸਨ। ਰਵੀਨਾ ਤੋਂ ਵੱਡਾ ਬਹੁਤ ਸਾਲ ਪਹਿਲਾਂ ਲੀਬੀਆ ਗਿਆ ਸੀ। ਉਹ ਮੁੜ ਕੇ ਨਾ ਆਇਆ। ਕੋਈ ਕਹਿ ਰਿਹਾ ਸੀ ਉਸਨੇ ਉੱਥੇ ਵਿਆਹ ਕਰਵਾਇਆ ਹੋਇਆ ਹੈ ਤੇ ਕੋਈ ਕਹਿੰਦਾ ਕਿ ਉਹ ਹੈ ਹੀ ਨਹੀਂ। ਸਭ ਤੋਂ ਵੱਡੀ ਸਰੀਨਾ ਦਿੱਲੀ ਵਿਆਹੀ ਹੋਈ ਹੈ। ਉਹ ਵਰ੍ਹੇ-ਛਿਮਾਹੀ ਪਿਛੋਂ ਹੀ ਆਉਂਦੀ ਹੈ। ਉਦੋਂ ਵੀ ਉਹ ਵਰ੍ਹੇ ਬਾਅਦ ਹੀ ਆਈ ਸੀ। ਰਵੀਨਾ ਨੂੰ ਮਿਲਣ। ਮਿਲਕੇ ਜਾਣ ਤੋਂ ਤਿੰਨ ਦਿਨ ਬਾਅਦ ਹੀ ਰਵੀਨਾ ਨੇ ਅਪਣਾ ਅਸਲੀ ਰੰਗ ਦਿਖਾ ਦਿੱਤਾ ਸੀ।

ਲੋਢਾ ਵੇਲਾ ਸੀ। ਮੈਂ ਬਗੀਚੀ ਵਿਚ ਕੁਝ ਪਨੀਰੀਆਂ ਪਾ ਰਿਹਾ ਸੀ। ਮੈਨੂੰ ਰਵੀਨਾ ਦੇ ਗਰਜਣ ਦੀ ਆਵਾਜ਼ ਸੁਣੀ। ਬਿਮਲਾ ਦਾ ਬੋਲ ਵੀ ਸੁਣਿਆ। ਮੈਂ ਘਰ ਵੱਲ ਭੱਜਿਆ। ਬਿਮਲਾ ਤੇ ਰਵੀਨਾ ਝਗੜ ਰਹੀਆਂ ਸਨ। ਤਰਸੇਮ ਘੁੱਗੂ ਮਾਟਾ ਬਣਿਆ ਖੜਾ ਸੀ।

ਮੇਰੇ ਘਰ ਪਹੁੰਚਣ ‘ਤੇ ਬਿਮਲਾ ਤਾਂ ਕੁਝ ਢੈਲ਼ੀ ਪੈ ਗਈ ਸੀ। ਪਰ ਰਵੀਨਾ ਨੇ ਹੋਰ ਸਪੀਡ ਫੜ੍ਹ ਲਈ ਸੀ:

”ਮਾਤਾ ਤੂੰ ‘ਕੱਲੀ ਰਹਿਣ ਗਿੱਝੀ ਹੋਈ ਏਂ। ਤੈਨੂੰ ਕੀ ਪਤਾ ਕਿ ਟੱਬਰਾਂ ‘ਚ ਕਿੱਦਾਂ ਰਹੀਦਾ ਏ। ਮੈਂ ਚਾਚੇ ਤਾਇਆ ਦੇ ਵੀਹ ਜੀਆਂ ‘ਚ ਰਹਿੰਦੀ ਵੱਡੀ ਹੋਈ ਹਾਂ। ਤੁਸੀਂ ਮੇਰੀ ਭੈਣ ਆਈ ‘ਤੇ ਕਈ ਗੱਲਾਂ ਲਾ-ਲਾ ਕੀਤੀਆਂ। ਮੈਂ ਵੀ ਪੇ ਦੀ ਧੀ ਨਹੀਂ ਜੇ ਮੁੜ ਇਸ ਘਰ ‘ਚ ਪੈਰ ਪਾ ਜਾਵਾਂ।”

ਬਿਮਲਾ ਨੇ ਕੁਝ ਕਹਿਣਾ ਚਾਹਿਆ ਪਰ ਉਹ ਤਾਂ ਟਾਇਮ ਹੀ ਨਹੀਂ ਸੀ ਦੇ ਰਹੀ।

”ਦੇਖੋ ਤਰਸੇਮ ਜੀ ਮੈਨੂੰ ਸਵੇਰੇ ਲੁਧਿਆਣੇ ਛੱਡ ਆਵੋ। ਤੁਸੀਂ ਜੀ ਸਦਕੇ ਮਾਂ ਕੋਲ਼ ਰਹੋ। ਪਰ ਮੈਂ ਇਸ ਘਰ ‘ਚ ਹੋਰ ਨੀ ਰਹਿ ਸਕਦੀ।”

ਰਵੀਨਾ ਬੋਲੀ ਜਾ ਰਹੀ ਸੀ। ਉਹ ਮੇਰੀ ਸ਼ਰਮ ਵੀ ਨਹੀਂ ਸੀ ਮੰਨ ਰਹੀ।

”ਮੈਂ ਤਾਂ ਪਹਿਲੇ ਦਿਨ ਹੀ ਤਾੜ ਗਈ ਸੀ ਕਿ ਬੰਦੇ ਮਾੜੇ ਹੀ ਹਨ।”

ਉਸਦੀ ਇਹ ਗੱਲ ਸੁਣਕੇ ਮੈਂ ਤਾਂ ਹਿੱਲ ਹੀ ਗਿਆ ਸੀ। ਮੈਂ ਉਸਨੂੰ ਸ਼ਾਂਤ ਕਰਨ ਲਈ ਉਸ ਮੂਹਰੇ ਹੱਥ ਜੋੜੇ ਸਨ। ਬਿਮਲਾ ਨੂੰ ਲੈ ਕੇ ਬਗੀਚੀ ਵੱਲ ਨਿਕਲ਼ ਗਿਆ ਸੀ।

ਸੋਚਿਆ ਸੀ ਕਿ ਸਵੇਰ ਤਾਈਂ ਰਵੀਨਾ ਟਲ਼ ਜਾਵੇਗੀ।

ਪਰ ਰਵੀਨਾ ਨਹੀਂ ਸੀ ਟਲ਼ੀ। ਸਵੇਰੇ ਹੀ ਤਰਸੇਮ ਤੇ ਨਿਆਣਿਆਂ ਨੂੰ ਲੈ ਤੁਰੀ ਸੀ। ਲੁਧਿਆਣੇ ਨੂੰ।

ਅਸੀਂ ਕਿਹਾ ਚੱਲੋ ਦਸ ਦਿਨ ਰਹਿ ਕੇ ਮੁੜ ਆਉਣਗੇ ਜਾਂ ਫਿਰ ਮੈਂ ਜਾ ਕੇ ਲੈ ਆਉਂਗਾ।

ਪਰ ਨਹੀਂ ਦਸ ਸਾਲ ਹੋ ਗਏ ਉਹ ਨਹੀਂ ਮੁੜੇ।

ਮੇਰੇ ਸਾਰੇ ਤਰਕ ਬਿਤਰਕ ਫੇਲ੍ਹ ਕਰ ਦਿੱਤੇ ਰਵੀਨਾ ਨੇ ਇਹ ਕਹਿੰਦਿਆ:

”ਡੈਡੀ ਜੀ ਰਵੀਨਾ ਦਾ ਕਿਹਾ ਪੱਥਰ ‘ਤੇ ਲਕੀਰ ਹੁੰਦਾ ਹੈ। ਤੁਸੀਂ ਇਹ ਗੱਲ ਦਿਮਾਗ ‘ਚੋਂ ਕੱਢ ਦਿਉ ਕਿ ਰਵੀਨਾ ਪਿੰਡ ਆ ਜਾਵੇਗੀ। ਹਾਂ ਤਰਸੇਮ ਨੂੰ ਇੰਨੀ ਛੋਟ ਦੇ ਦਿੰਦੀ ਹਾਂ ਕਿ ਉਹ ਮਹੀਨੇ ‘ਚ ਇਕ ਅੱਧ ਵਾਰੀ ਤੁਹਾਨੂੰ ਆ ਕੇ ਨਿਆਣੇ ਮਿਲਾ ਲਿਜਾਇਆ ਕਰੂ। ਤੁਸੀਂ ਵੀ ਆ ਕੇ ਕਦੇ ਮਿਲ਼ ਸਕਦੇ ਹੋ। ਤੁਸੀਂ ਡੈਡੀ ਸਿਰਫ਼ ਤੁਸੀਂ।”

ਤਰਸੇਮ ਵੀ ਬੋਲਿਆ ਸੀ:

”ਡੈਡੀ! ਮੰਮੀ ਰਵੀਨਾ ਨੂੰ ਚਾਹੁੰਦੀ ਨੀ। ਉਹææææ।”

ਮੈਨੂੰ ਸਮਝਣ ‘ਚ ਦੇਰ ਨਾ ਲੱਗੀ ਕਿ ਰਵੀਨਾ ਅਪਣੇ ਮਿਸ਼ਨ ‘ਚ ਕਾਮਯਾਬ ਹੋ ਗਈ ਹੈ।

ਬਹੁਤ ਰੋਈ ਸੀ ਬਿਮਲਾ, ਰਵੀਨਾ ਤੇ ਤਰਸੇਮ ਦੀਆਂ ਗੱਲਾਂ ਸੁਣਕੇ। ਮਸੀਂ ਚੁੱਪ ਕਰਾਇਆ ਸੀ। ਚੁੱਪ ਕਰਦੀ ਕਰਦੀ ਬੋਲੀ ਸੀ:

”ਤਰਸੇਮ ਦੇ ਭਾਪਾ ਦੋਸ਼ਣ ਮੈਂ ਹੀ ਹੋਈ। ਮੇਰਾ ਦਿਲ ਕਰਦਾ ਹੈ ਅਪਣੇ ਆਪ ਨੂੰ ਖ਼ਤਮ ਕਰ ਲਵਾ। ਲੜਾਈ ਭਲਾ ਕਿਸ ਟੱਬਰ ‘ਚ ਨੀ ਹੁੰਦੀ। ਉੱਥੇ ਓਦ੍ਹੇ ਪਰਿਵਾਰ ‘ਚ ਨੀ ਹੋਈ ਹੋਵੇਗੀ? ਕਿਹੜਾ ਸਤਿਯੁਗੀ ਪਰਿਵਾਰ ਹੈ ਦੁਨੀਆ ‘ਤੇ ਜੀਹਦੇ ‘ਚ ਕਦੀ ਬੋਲ ਬੁਲਾਰਾ ਨੀ ਹੋਇਆ ਹੋਵੇਗਾ? ਪਰ ਇਸ ਤਰ੍ਹਾਂ ਲਕੀਰਾਂæææ।”

ਬਿਮਲਾ ਫਿਰ ਰੋਣ ਲੱਗ ਪਈ ਸੀ। ਮੈਂ ਦਿਲਾਸਾ ਦਿੰਦੇ ਨੇ ਭਾਣਾ ਮੰਨਣ ਲਈ ਕਿਹਾ ਸੀ। ਸਮਝਾਇਆ ਸੀ ਕਿ ਲੜਾਈ ਤਾਂ ਫੌਰੀ ਬਹਾਨਾ ਸੀ, ਇਹ ਖਿਚੜੀ ਤਾਂ ਪਹਿਲਾ ਹੀ ਪੱਕੀ ਹੋਈ ਸੀ। ਤੂੰ ਸਬਰ ਕਰ। ਪਿੰਡਾਂ ‘ਚ ਕਈ ਮੁੰਡੇ ਬਹੂਆਂ ਦੇ ਮਗਰ ਲੱਗਕੇ ਮਾਵਾਂ ਨੂੰ ਕੁੱਟਦੇ ਆਏ ਨੇ। ਕਈ ਮਾਵਾਂ ਦੇ ਆਖੇ ਲੱਗ ਬਹੂਆਂ ਨੂੰ। ਇਸ ਗੱਲੋਂ ਤਾਂ ਬਚਾਅ ਹੈ। ਬਿਮਲਾ ਚੁੱਪ ਕਰ ਗਈ ਸੀ।

ਸ਼ਾਇਦ ਅੱਜ ਚੁੱਪ ਨਾ ਕਰਦੀ। ਜੇ ਮੈਂ ਰਵੀਨਾ ਤੇ ਤਰਸੇਮ ਨਾਲ਼ ਕੱਲ੍ਹ ਹੋਈ ਸਾਰੀ ਗੱਲਬਾਤ ਉਸ ਨੂੰ ਦੱਸ ਦਿੰਦਾ। ਖਾਸ ਕਰਕੇ ਜੋ ਰਵੀਨਾ ਨੇ ਮੈਨੂੰ ਤੁਰਨ ਲੱਗੇ ਨੂੰ ਕਿਹਾ ਸੀ। ਕੱਲ੍ਹ ਮੇਰੇ ਲੁਧਿਆਣੇ ਜਾਣ ਦੇ ਅਸਲ ਮਕਸਦ ਦਾ ਬਿਮਲਾ ਨੂੰ ਪਤਾ ਹੀ ਨਹੀਂ ਸੀ। ਮੈਂ ਦੱਸਿਆ ਹੀ ਨਹੀਂ ਸੀ।

ਪਤਾ ਤਾਂ ਉਸਨੂੰ ਲੱਗ ਜਾਣਾ ਸੀ ਜੇ ਉਹ ਘਰ ਹੁੰਦੀ। ਪਰਸੋਂ ਸ਼ਾਮ ਨੂੰ ਉਹ ਪਿੰਡ ‘ਚ ਗਈ ਹੋਈ ਸੀ। ਕਿਸੇ ਦੇ ਘਰ। ਉਦੋਂ ਜਦੋਂ ਉਹ ਆਏ ਸੀ। ਦੋ ਜਣੇ। ਮੈਂ ਘਰ ‘ਕੱਲਾ ਹੀ ਸੀ।

ਮੈਂ ਉਹਨਾਂ ਨੂੰ ਬੜੇ ਆਦਰ ਨਾਲ਼ ਮਿਲ਼ਿਆ ਸੀ। ਕੁਰਸੀਆਂ ‘ਤੇ ਬਿਠਾਇਆ ਸੀ। ਚਾਹ ਪਾਣੀ ਪੁੱਛਣ ਤੋਂ ਬਾਅਦ ਮੈਂ ਆਖਿਆ ਸੀ:

”ਮੈਂ ਆਪ ਨੂੰ ਪਛਾਣਿਆ ਨੀ, ਹੁਕਮ?”

”ਅਸੀਂ ਜੀ ਲੁਧਿਆਣੇ ਤੋਂ ਆਏ ਹਾਂ। ਲਾਲਾ ਦੁਨੀ ਚੰਦ ਨੇ ਭੇਜਿਆ ਹੈ ਸਾਨੂੰ। ਉਨ੍ਹਾਂ ਦੇ ਕਰਿਆਨੇ ਦੇ ਸਟੋਰ ‘ਤੇ ਤੁਹਾਡਾ ਲੜਕਾ ਤਰਸੇਮ ਕੰਮ ਕਰਦਾ ਹੈ ਨਾ?”

”ਜੀ-ਜੀ ਕੀ ਹੋਇਆ ਤਰਸੇਮ ਨੂੰ?” ਮੈਂ ਕਾਹਲ਼ੀ ਨਾਲ਼ ਪੁੱਛ ਗਿਆ ਸੀ।

”ਨਹੀਂ ਜੀ- ਨਹੀਂ, ਕੁਝ ਨੀ ਹੋਇਆ ਤੁਹਾਡੇ ਤਰਸੇਮ ਨੂੰ। ਸਾਨੂੰ ਤਾਂ ਆ ਟਾਹਲੀ ਦੇਖਣ ਭੇਜਿਆ ਹੈ ਲਾਲੇ ਹੁਰੀਂ।” ਟਾਹਲੀ ਵੱਲ ਨੂੰ ਹੱਥ ਕਰਦਾ ਹੋਇਆ ਇਕ ਜਣਾ ਬੋਲਿਆ ਸੀ।

”ਟਾਹæææ।”

ਮੇਰਾ ਤਾਂ ਮੂੰਹ ਟੱਡਿਆ ਹੀ ਰਹਿ ਗਿਆ ਸੀ।

ਉਹ ਉੱਠਕੇ ਟਾਹਲੀ ਕੋਲ਼ ਚਲੇ ਗਏ ਸਨ। ਇਕ ਜਣਾ ਸਕੂਟਰ ‘ਚੋਂ ਫੀਤਾ ਚੁੱਕ ਲਿਆਇਆ ਸੀ। ਉਹਨੀਂ ਫੀਤੇ ਨਾਲ਼ ਟਾਹਲੀ ਦਾ ਘੇਰਾ ਮਿਣਿਆ। ਖੱਬੇ ਸੱਜੇ ਘੁੰਮ ਫਿਰਕੇ ਇਸਦੇ ਟਾਹਣਿਆਂ ਨੂੰ ਤਾੜਿਆ। ਫਿਰ ਇਕ ਪਾਸੇ ਖੜੋਕੇ ਘੁਸਰ ਮੁਸਰ ਕਰਦੇ ਰਹੇ। ਵਿਚ-ਵਿਚ ਟਾਹਲੀ ਵੱਲ ਨੂੰ ਤੱਕਦੇ ਰਹੇ।

ਮੈਂ ਡੌਰ-ਭੌਰ ਹੋਇਆ ਉਹਨਾਂ ਦੀਆਂ ਹਰਕਤਾਂ ਦੇਖਦਾ ਰਿਹਾ। ਮੇਰੇ ਕੁਝ ਵੀ ਪੱਲੇ ਨੀ ਸੀ ਪੈ ਰਿਹਾ।

ਉਹ ਮੇਰੇ ਕੋਲ਼ ਆਏ। ‘ਚੰਗਾ ਜੀ’ ਆਖ ਤੁਰਦੇ ਬਣੇ।

ਸ਼ਾਇਦ ਮੈਥੋਂ ਉਨ੍ਹਾਂ ਦੀ ‘ਚੰਗਾ ਜੀ’ ਦਾ ਜੁਆਬ ਵੀ ਨਹੀਂ ਸੀ ਦੇ ਹੋਇਆ।

ਮੈਂ ਤਾਂ ਸਿਰ ਫੜਕੇ ਬੈਠ ਗਿਆ ਸੀ। ਮਾਮਲਾ ਮੇਰੀ ਸਮਝ ‘ਚ ਥੋੜ੍ਹਾ-ਥੋੜ੍ਹਾ ਆਉਣ ਲੱਗ ਪਿਆ ਸੀ। ਪਰ ਮਨ ਮੰਨਦਾ ਨਹੀਂ ਸੀ।

ਮੈਂ ਬਿਮਲਾ ਨੂੰ ਹਾਲ ਦੀ ਘੜੀ ਕੁਝ ਵੀ ਨਾ ਦੱਸਣ ਦਾ ਮਨ ਬਣਾ ਲਿਆ। ਸਵੇਰੇ ਲੁਧਿਆਣੇ ਜਾ ਕੇ ਗੱਲ ਦੀ ਤਹਿ ਤੱਕ ਪੜਤਾਲ ਕਰਨੀ ਚੰਗੀ ਸਮਝੀ।

ਸਵੇਰੇ ਮੈਂ ਬਿਮਲਾ ਨੂੰ ਲੁਧਿਆਣੇ ਜਾਣ ਦਾ ਪ੍ਰੋਗਰਾਮ ਦੱਸਿਆ ਬਈ ਮੈਂ ਇਕ ਦੋਸਤ ਦੀ ਡੀæਐਮæਸੀæ ਖ਼ਬਰ ਲੈਣੀ ਹੈ ਤੇ ਨਾਲ਼ੇ ਤਰਸੇਮ ਹੁਰਾਂ ਵੱਲ ਗੇੜਾ ਮਾਰ ਆਉਂਗਾ।

ਬਿਮਲਾ ਨੂੰ ਤਾਂ ਚਾਅ ਚੜ੍ਹ ਗਿਆ ਸੀ।

ਉਸਨੇ ਸਾਗ, ਗੰਨੇ, ਪਾਲਕ, ਮੇਥੇ, ਧਨੀਆ, ਗਾਜਰਾਂ, ਮੂਲੀਆਂ, ਸ਼ਲਗਮ, ਗੋਭੀ ਤੇ ਮੂੰਗਰਿਆਂ ਆਦਿ ਨਾਲ਼ ਮੇਰਾ ਸਕੂਟਰ ਲੱਦ ਦਿੱਤਾ। ਚਾਰ ਕਿਲੋ ਦੇਸੀ ਘਿਓ ਦਾ ਡੱਬਾ ਫੜਾਉਂਦੀ ਹੋਈ ਬੋਲੀ ਸੀ:

”ਤਰਸੇਮ ਨੂੰ ਕਿਹੋ ਕਿ ਨਿਆਣਿਆਂ ਨੂੰ ਪਿੰਨੀਆਂ ਬਣਾ ਦੇਣ। ਉਹ ਨੂੰ ਕਹਿਣਾ ਕਿ ਆਪ ਵੀ ਖਾ ਲਿਆ ਕਰੇ। ਆ ਠੰਢ ਘਟੀ ਤੇ ਇਕ ਦਿਨ ਨਿਆਣੇ ਮੈਨੂੰ ਮਿਲਾ ਲਿਜਾਵੇ।”

ਮੈਂ ਜਦੋਂ ਵੀ ਲੁਧਿਆਣੇ ਜਾਂਦਾ ਹਾਂ ਉਹ ਇਸੇ ਤਰ੍ਹਾਂ ਹੀ ਲੱਦਕੇ ਤੋਰਦੀ ਹੈ। ਜੋ ਵੀ ਚੀਜ਼ ਬਗੀਚੀ ‘ਚ ਮੌਜੂਦ ਹੋਵੇ ਉਹ ਚੰਗੀ ਮਾਤਰਾ ‘ਚ ਭੇਜਦੀ ਹੈ। ਜਦੋਂ ਕਦੇ ਤਰਸੇਮ ਆਵੇ ਤਾਂ ਉਸ ਨੂੰ ਵੀ ਪੰਡ ਬੰਨ੍ਹ ਦਿੰਦੀ ਹੈ। ਦੁੱਧ ਘਿਓ ਵੀ ਭੇਜਦੀ ਰਹਿੰਦੀ ਹੈ। ਹਰ ਆਏ ਗਏ ਕੋਲ਼।

ਮੈਂ ਵੀ ਹਰ ਵਾਰ ਚੀਜ਼ਾਂ ਦੀ ਚੋਣ ਤੇ ਪੈਕਿੰਗ ਕਰਵਾਉਂਦਾ ਹੁੰਦਾ ਸੀ ਉਹਦੇ ਨਾਲ਼। ਪਰ ਐਤਕੀਂ ਮੈਨੂੰ ਸੁਝ ਹੀ ਕੁਝ ਨਹੀਂ ਰਿਹਾ ਸੀ।

ਸੁਝ ਤਾਂ ਰਾਤੀਂ ਵੀ ਕੁਝ ਨਹੀਂ ਸੀ ਰਿਹਾ। ਲੁਧਿਆਣੇ ਤੋਂ ਵਾਪਸ ਆਏ ਨੂੰ ਜਦੋਂ ਬਿਮਲਾ ਪੁੱਛ-ਦੱਸ ਕਰ ਰਹੀ ਸੀ। ਬੱਸ ਹੂੰ, ਹਾਂ, ਨਹੀਂ ਆਦਿ ਸ਼ਬਦ ਮੇਰੇ ਮੂੰਹ ‘ਚੋਂ ਨਿਕਲ਼ ਰਹੇ ਸਨ।

ਉਸਨੇ ਪੁੱਛ ਹੀ ਲਿਆ, ”ਤੁਸੀਂ ਪ੍ਰੇਸ਼ਾਨ ਲਗਦੇ ਹੋ।”

”ਹਾਂ ਉਹ ਮੇਰਾ ਦੋਸਤ ਹੈ ਨਾ ਦੋਰਾਹੇ ਵਾਲ਼ਾ ਜੀਤ। ਉਹਦੀ ਹਾਲਤ ਠੀਕ ਨਹੀਂ। ਬੱਸ ਜਦੋਂ ਦਾ ਉਹਨੂੰ ਦੇਖਿਆ ਰੂਹ ਉਦਾਸ ਹੋ ਗਈ ਏ।”

ਮੈਂ ਕੋਰਾ ਝੂਠ ਬੋਲ ਦਿੱਤਾ ਸੀ।

”ਰੱਬ ਭਲੀ ਕਰੂ। ਮੈਂ ਗੀਜ਼ਰ ਆਨ ਕੀਤਾ ਹੋਇਆ ਹੈ। ਤੁਸੀਂ ਨਹਾ ਲਵੋ। ਮੈਂ ਰੋਟੀ ਲਾਹ ਦਿੰਦੀ ਹਾਂ।”

ਮੈਂ ਅਲਮਾਰੀ ਖੋਲ੍ਹੀ। ਓਲਡ ਮੌਕ ਰੰਮ ਦੀ ਬੋਤਲ ਕੱਢ ਰਸੋਈ ‘ਚ ਹੀ ਲੈ ਗਿਆ ਸੀ।

ਗਰਮ ਪਾਣੀ ਨਾਲ਼ ਪੈਗ ਬਣਾਇਆ ਤੇ ਇਕੋ ਸਾਹੇ ਪੀ ਗਿਆ।

ਨਹਾਉਣ ਨੂੰ ਦਿਲ ਨਾ ਕਰੇ। ਦਿਲ ਕਾਸੇ ਨੂੰ ਵੀ ਨਹੀਂ ਸੀ ਕਰ ਰਿਹਾ। ਬਸ ਚਾਹੁੰਦਾ ਸੀ ਕਿ ਦੋ ਚਾਰ ਪੈੱਗ ਅੰਦਰ ਸੁੱਟਾ ਤੇ ਸੌਂ ਜਾਵਾਂ ਤਾਂ ਕਿ ਦਿਮਾਗ ਵਿਚ ਹੋ ਰਹੀ ਉਥਲ-ਪੁਥਲ ਤੋਂ ਨਿਜਾਤ ਮਿਲ਼ ਜਾਵੇ।

ਕਮੀਜ਼ ਖੋਲ੍ਹੀ ਤਾਂ ਦੇਖਿਆ ਕਿ ਕਾਲਰ ਅਤੇ ਕਫ਼ਾਂ ‘ਤੇ ਕਾਲਖ਼ ਜੰਮੀ ਹੋਈ ਸੀ।

‘ਸ਼ਹਿਰ ਵਿਚ ਇਕ ਵਾਰ ਲੰਘਣ ‘ਤੇ ਇੰਨੀ ਕਾਲਖ਼?’

ਮੈਂ ਬਾਥਰੂਮ ‘ਚ ਜਾ ਵੜਿਆ।

ਨਹਾ ਕੇ ਠੋਕਵਾਂ ਜਿਹਾ ਪੈੱਗ ਹੋਰ ਲਾ ਲਿਆ।

ਦਿਲ ਨਾ ਕਰਨ ਦੇ ਬਾਵਜੂਦ ਔਖੇ ਸੌਖੇ ਦੋ ਫੁਲਕੇ ਅੰਦਰ ਸੁੱਟ ਲਏ।

ਅਪਣੇ ਬੈੱਡ ‘ਤੇ ਚਲਾ ਗਿਆ।

ਬਿਮਲਾ ਤਰਸੇਮ ਹੁਰਾਂ ਦੀਆਂ ਗੱਲਾਂ ਕਰਨੀਆਂ ਚਾਹੁੰਦੀ ਸੀ।

ਮੈਂ ‘ਸਵੇਰੇ ਕਰਾਂਗੇ’ ਆਖ ਦਿੱਤਾ।

ਸੌਣ ਦਾ ਯਤਨ ਕਰਨ ਲੱਗਾ।

ਪਰ ਕਿੱਥੇ?

ਅੰਦਰ ਤਾਂ ਭਾਂਬੜ ਮਚ ਰਹੇ ਸਨ।

ਸਮੱਸਿਆ ਦੇ ਹੱਲ ਲਈ ਸੋਚਾਂ ਦਾ ਘੋੜਾ ਦੌੜ ਰਿਹਾ ਸੀ। ਪਰ ਇਹ ਘੋੜਾ ਘੁੰਮ ਫਿਰ ਕੇ ਫਿਰ ਸਟਾਰਟਿੰਗ ਪੁਆਇੰਟ ‘ਤੇ ਆ ਖੜੋਂਦਾ।

ਮਨ ‘ਚ ਇਕ ਆਸ ਜਾਗੀ। ਜੇ ਰਾਤ ਨੂੰ ‘ਜੇਤੂ ਅੰਦਾਜ਼’ ਵਾਲ਼ਾ ਸੁਪਨਾ ਆ ਗਿਆ ਤਾਂ ਹੱਲ ਜ਼ਰੂਰ ਨਿਕਲ਼ ਆਵੇਗਾ।

ਸੁਪਨਾ ਆ ਗਿਆ ਸੀ।

ਮੈਂ ਸੁਪਨੇ ‘ਚ ਕਿਸ਼ਤੀ ‘ਤੇ ਜਾਲ਼ ਲੈ ਕੇ ਮੱਛੀਆਂ ਫੜਨ ਸਮੁੰਦਰ ‘ਚ ਚਲੇ ਗਿਆ। ਮੈਂ ਬਹੁਤ ਦੂਰ ਨਿਕਲ਼ ਗਿਆ। ਸਮੁੰਦਰ ਦੇ ਧੁਰ ਅੰਦਰ। ਮੈਂ ਮੱਛੀਆਂ ਫੜ੍ਹ-ਫੜ੍ਹ ਅਪਣੀ ਬੇੜੀ ਭਰ ਲਈ। ਅਜੇ ਮੈਂ ਵਾਪਸ ਮੁੜਿਆ ਹੀ ਸੀ ਕਿ ਸਮੁੰਦਰ ‘ਚ ਜ਼ਬਰਦਸਤ ਉਥਲ਼ ਪੁਥਲ਼ ਹੋਈ। ਇਕ ਪਾਣੀ ਦੀ ਕੰਧ ਦੀ ਕੰਧ ਮੇਰੇ ਵੱਲ ਵਧੀ। ਮੈਂ ਕਿਧਰੇ, ਬੇੜੀ ਕਿਤੇ ਤੇ ਮੱਛੀਆਂ ਕਿਤੇ। ਮੈਂ ਕਦੇ ਡੁੱਬਦਾ ਕਦੇ ਤੈਰਦਾ। ਫਿਰ ਮੈਨੂੰ ਅਪਣਾ ਘਰ, ਬਗੀਚੀ ਤੇ ਬਿਮਲਾ ਸਭ ਰੁੜ੍ਹੇ ਜਾਂਦੇ ਦਿਸਣ ਲੱਗੇ। ਡਰ ਨਾਲ਼ ਮੇਰੀ ਅੱਖ ਖੁੱਲ੍ਹ ਗਈ।

ਮੈਂ ਵਾਖਰੂ-ਵਾਖਰੂ ਕਰਦਾ ਉੱਠ ਬੈਠਾ।

ਮੇਰੇ ਸਾਹ ਉਖੜੇ ਹੋਏ ਸਨ।

ਸਾਹ ਤਾਂ ਹੁਣ ਵੀ ਉਖੜ ਰਹੇ ਹਨ।

ਕੱਲ੍ਹ ਵਾਲੀ ਰੀਲ ਫਿਰ ਚੱਲ ਪਈ ਹੈ।

ਕੱਲ੍ਹ ਜਦੋਂ ਮੈਂ ਤਰਸੇਮ ਦੇ ਘਰ ਪਹੁੰਚਿਆ ਤਾਂ ਰਵੀਨਾ ਘਰ ‘ਕੱਲੀ ਸੀ। ਬੱਚੇ ਸਕੂਲ ਗਏ ਹੋਏ ਸਨ। ਤਰਸੇਮ ਤੇ ਉਨ੍ਹਾਂ ਦਾ ਡੈਡੀ ਕੰਮ ‘ਤੇ ਸਨ। ਰਵੀਨਾ ਦੀ ਮੰਮੀ ਕੁਸ਼ੱਲਿਆ ਵੀ ਘਰ ਨਹੀਂ ਸੀ।

ਰਵੀਨਾ ਕਾਫ਼ੀ ਖ਼ੁਸ਼ ਹੋ ਕੇ ਮਿਲੀ ਸੀ। ਉਸ ਪਾਣੀ ਦੇ ਕੇ ਚਾਹ ਧਰ ਦਿੱਤੀ ਸੀ। ਚਾਹ ਬਣਦੀ ਨੂੰ ਤਰਸੇਮ ਵੀ ਆ ਗਿਆ ਸੀ। ਸ਼ਾਇਦ ਰਵੀਨਾ ਨੇ ਫ਼ੂਨ ਕਰ ਦਿੱਤਾ ਹੋਵੇ।

ਚਾਹ ਪੀਣ ਤੋਂ ਬਾਅਦ ਮੈਂ ਹੀ ਗੱਲ ਤੋਰੀ ਸੀ:

”ਹਾਂ ਤਰਸੇਮ ਕੱਲ ਤੇਰੇ ਮਾਲਕ ਨੇ ਦੋ ਬੰਦੇ ਭੇਜੇ ਸੀ। ਤੈਨੂੰ ਪਤਾ?”

”ਡੈਡੀ ਉਹ ਬੰਦੇ ਮੇਰੀ ਸਲਾਹ ਨਾਲ਼ ਹੀ ਗਏ ਸੀ। ਸਾਡੇ ਮਾਲਕ ਦੇ ਛੋਟੇ ਮੁੰਡੇ ਨੇ ਨਵੀਂ ਕੋਠੀ ਬਣਾਉਣੀ ਹੈ। ਸ਼ੁਰੂ ਤਾਂ ਉਸ ਅਗਲੇ ਸਾਲ ਕਰਨੀ ਹੈ ਪਰ ਉਹ ਚਾਹੁੰਦੇ ਨੇ ਲੱਕੜ ਪਹਿਲਾਂ ਖਰੀਦ ਲਈ ਜਾਵੇ ਤਾਂ ਕਿ ਸੁੱਕ ਜਾਵੇ। ਉਹ ਸ਼ਾਹ ਟਾਹਲੀ ਲਾਉਣੀ ਚਾਹੁੰਦੇ ਹਨ। ਮੈਂ ਤੇ ਰਵੀਨਾ ਨੇ ਸਲਾਹ ਕਰਕੇ ਹੀ ਉਨ੍ਹਾਂ ਨੂੰ ਦੱਸਿਆ ਸੀ ਅਪਣੀ ਟਾਹਲੀ ਬਾਰੇ।”

ਮੇਰੇ ਮੂੰਹੋਂ ਅਵਾਜ਼ ਨਹੀਂ ਸੀ ਨਿੱਕਲ਼ੀ। ਸਿਰਫ਼ ਸਵਾਲੀਆ ਨਜ਼ਰਾਂ ਨਾਲ਼ ਹੀ ਤੱਕ ਸਕਿਆ ਸੀ।

”ਹਾਂ ਡੈਡੀ ਟਾਹਲੀ ਉਨ੍ਹਾਂ ਦੇ ਪਸੰਦ ਹੈ। ਉਹਨੀਂ ਮੁੱਲ ਵੀ ਸੱਤਰ ਹਜ਼ਾਰ ਲਾ ਦਿੱਤਾ ਹੈ।” ਮੈਂ ਕਿਹਾ ਕਿ ਡੈਡੀ ਨਾਲ਼ ਸਲਾਹ ਕਰਕੇ ਦੱਸੂੰ। ਮੈਂ ਐਤਵਾਰ ਆਉਣਾ ਸੀ। ਚੰਗਾ ਹੋਇਆ ਤੁਸੀਂ ਆ ਗਏ।”

ਮੇਰੇ ਅੰਦਰ ਇਕ ਚੜ੍ਹ ਰਹੀ ਸੀ, ਇਕ ਲਹਿ ਰਹੀ ਸੀ। ਪਰ ਮੈਥੋਂ ਬੋਲਿਆ ਕੁਝ ਨਹੀਂ ਸੀ ਜਾ ਰਿਹਾ।

”ਹਾਂ ਡੈਡੀ ਉੱਦਾਂ ਅਸੀਂ ਆਖ ਛੱਡਿਆ ਹੈ ਕਿ ਮੁੱਲ ਡੈਡੀ ਹੁਰੀਂ ਹੀ ਕਰਨਾ ਹੈ। ਉਹਨਾਂ ਦੀ ਚੀਜ਼ ਹੈ ਪੰਜੀ ਦੇਣ ਪੰਜਾਹੀ ਦੇਣ। ਤੁਸੀਂ ਕਹਿ ਦਿਓ ਕਿ ਪੂਰਾ ਲੱਖ ਲੈਣਾ ਹੈ। ਆਪੇ ਸੌਦਾ ਅੱਸੀ-ਨੱਬੇ ਦੇ ਗੇੜ ‘ਚ ਹੋ ਜਾਵੇਗਾ।” ਐਤਕੀਂ ਰਵੀਨਾ ਬੋਲੀ ਸੀ।

”ਹੂੰ ਫੈਸਲੇ ਤੁਸੀਂ ਕਰੋ- ਉੱਦਾਂ ਚੀਜ਼ ਡੈਡੀ ਦੀ ਹੈ। ਆਫ਼ਰੀਨ ਤੁਹਾਡੇ ਨੇਕ ਬੱਚਿਆਂ ਦੇ।” ਮੇਰਾ ਮਨ ਕੂਕਿਆ ਸੀ।

”ਪੈਸੇ ਉਹਨੀਂ ਨਕਦ ਦੇ ਦੇਣੇ ਨੇ। ਸੌਦਾ ਹੋਣ ਸਾਰ। ਪੱਟ ਭਾਵੇਂ ਚਾਰ ਦਿਨ ਅਟਕ ਕੇ ਲੈਣਗੇ। ਪੈਸਿਆਂ ਦੀ ਸਾਨੂੰ ਲੋੜ ਹੈ। ਮਹਿੰਗਾਈ ਬਹੁਤ ਹੋ ਗਈ ਹੈ। ਖਰਚੇ ਬਹੁਤ ਨੇ। ਬੱਚਿਆਂ ਦੇ ਖਰਚੇ ਦਾ ਹੀ ਨਹੀਂ ਪੱਤਣ। ਸ਼ਹਿਰ ਵਿਚ ਹਰ ਚੀਜ਼ ਮੁੱਲ ਦੀ ਹੈ ਉੱਤੋਂæææ।”

ਰਵੀਨਾ ਲਗਾਤਾਰ ਬੋਲੀ ਜਾ ਰਹੀ ਸੀ।

”ਤੁਹਾਨੂੰ ਸਾਲ਼ਿਓ ਸ਼ਹਿਰ ਰਹਿਣ ਨੂੰ ਕਿਹੜੇ ਕੰਜਰ ਨੇ ਕਿਹਾ?” ਮੈਂ ਚਾਹਕੇ ਵੀ ਨਾ ਕਹਿ ਸਕਿਆ।

ਰਵੀਨਾ ਨੇ ਤਰਸੇਮ ਵੱਲ ਇਸ਼ਾਰਾ ਕੀਤਾ ਤੇ ਕਿਹਾ ”ਦੂਜੀ ਗੱਲ਼ææ।”

”ਤੂੰ ਹੀ ਕਰਦੇ ਰਵੀਨਾæææ।”

”ਹਾਂ ਡੈਡੀ ਸਾਡੀ ਦੂਜੀ ਗਲ਼ੀ ‘ਚ ਮੇਰੇ ਤਾਏ ਦਾ ਮਕਾਨ ਵਿਕਦਾ ਹੈ। ਤਾਏ ਨੇ ਅਪਣੇ ਮੁੰਡੇ ਕੋਲ਼ ਦਿੱਲੀ ਚਲੇ ਜਾਣਾ ਹੈ। ਤਾਈ ਮੁੱਕ ਗਈ ਕਰਕੇ। ਮੁੰਡਾ ਕਹਿੰਦਾ ਪਿਤਾ ਜੀ ਨੂੰ ‘ਕੱਲਾ ਨਹੀਂ ਛੱਡਣਾ। ਥਾਂ ਤਾਂ ਸਾਡੇ ਮਕਾਨ ਜਿੰਨੀ ਹੈ ਜਾਣੀ ਚਾਰ ਕੁ ਮਰਲੇ। ਪਰ ਡਬਲ ਸਟੋਰੀ ਹੈ। ਵਾਧਾ ਇਹ ਹੈ ਕਿ ਥੱਲੇ ਦੇ ਪੋਰਸ਼ਨ ‘ਚ ਤਾਏ ਦੀ ਕਰਿਆਨੇ ਦੀ ਦੁਕਾਨ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹ ਮਕਾਨ ਖਰੀਦ ਲਵੋ। ਤਾਇਆ ਮੰਗਦਾ ਤਾਂ ਜ਼ਿਆਦਾ ਹੈ ਪਰ ਆਪਾਂ ਨੂੰ ਚੌਵੀ-ਪੱਚੀ ਲੱਖ ‘ਚ ਛੱਡ ਦੇਵੇਗਾ।”

”ਪਰ ਮੇਰੇ ਕੋਲ਼ ਪੁੱਤ ਚੌਵੀ-ਪੱਚੀ ਲੱਖ ਕਿੱਥੇ?” ਮੈਂ ਹੈਰਾਨੀ ‘ਚ ਬੋਲਿਆ ਸੀ।

ਵਾਰੀ ਤਰਸੇਮ ਨੇ ਸੰਭਾਲ ਲਈ ਸੀ:

”ਡੈਡੀ ਜੀ ਤੁਹਾਡੇ ਕੋਲ਼ ਇੰਨਾ ਤਾਂ ਮਾਲ ਪੱਤਾ ਹੈ। ਬਗੀਚੀ ਤੇ ਘਰ ਇੰਨੇ ਕੁ ਦਾ ਤਾਂ ਵਿਕ ਹੀ ਜਾਉ। ਮੈਂ ਨਾਲ਼ ਲਗਦੇ ਹਰਨਾਮ ਸੂ ਦੇ ਘਰ ਇਕ ਦਿਨ ਫ਼ੂਨ ਕਰਕੇ ਗੱਲ ਕੀਤੀ ਸੀ। ਉਹ ਕਹਿੰਦੇ ਰੱਖ ਲਵਾਂਗੇ ਸਭ ਕੁਝ।”

”ਪੁੱਤ ਇਹ ਤੂੰ ਕੀ ਕਹਿ ਰਿਹਾ ਏ? ਬਗੀਚੀ ਵੇਚ ਦੇਵਾਂ?” ਚਾਰ ਮਰਲੇ ਦਾ ਮਕਾਨ ਖਰੀਦਣ ਖ਼ਾਤਰ? ਬਗੀਚੀ ਪਤਾ ਆਪਾਂ ਨੂੰ ਕੀ ਕੀ ਦਿੰਦੀ ਏ? ਇਹ ਆਪਾਂææææ।”

”ਬੱਸ ਬੱਸ ਡੈਡੀ ਬੱਸ। ਉਹੀ ਪੁਰਾਣਾ ਲੈਕਚਰ ਸ਼ੁਰੂ ਕਰ ਦੇਵੋਗੇ। ਬਗੀਚੀ ਸਾਨੂੰ ਜਿਹੜੇ ਫਲ, ਸਬਜ਼ੀਆਂ ਤੇ ਅਨਾਜ ਦਿੰਦੀ ਹੈ, ਉਹ ਜ਼ਹਿਰੀਲੇ ਨਹੀਂ ਹੁੰਦੇ। ਔਰਗੈਨਿਕ ਹੁੰਦੇ ਹਨ। ਮੁੱਲ ਦੀ ਸਬਜ਼ੀ ਤਾਂ ਜ਼ਹਿਰ ਹੁੰਦੀ ਹੈ। ਕਿੰਨੇ ਕੁ ਲੋਕੀਂ ਮਰ ਗਏ ਮੁੱਲ ਦੀ ਸਬਜ਼ੀ ਖਾ ਕੇ? ਤੁਹਾਨੂੰ ਇਸੇ ਵਹਿਮ ਨੇ ਪਿੰਡ ਬੰਨ੍ਹ ਕੇ ਰੱਖੀ ਛੱਡਿਆ। ਇਹੀ ਛੇ ਕਨਾਲ਼ ਲੁਧਿਆਣੇ ਖਰੀਦੀ ਹੁੰਦੀ ਅੱਜ ਕਰੋੜਾਂ ਦੀ ਹੁੰਦੀ। ਚਿੱਟੇ ਕੱਪੜੇ ਪਾ ਕੇ ਫਿਰਦੇ। ਸਬਜ਼ੀਆਂ ਭਾਵੇਂ ਬੰਬੇ ਤੋਂ ਮੰਗਵਾ ਕੇ ਖਾਂਦੇ। ਹੁਣ ਸਾਰਾ ਦਿਨ ਰੰਬੀ ਘਸਾਉਂਦੇ ਰਹਿੰਦੇ ਹੋ।” ਤਰਸੇਮ ਤਾਂ ਤੋਤੇ ਵਾਂਗ ਪਟਾਕ ਰਿਹਾ ਸੀ।

”ਪੁੱਤ ਵਹਿਮ ਮੈਨੂੰ ਨਹੀਂ ਤੁਹਾਨੂੰ ਏ ਕਿ ਮੈਂ ਲੁਧਿਆਣੇ ਛੇ ਕਨਾਲ਼ ਖਰੀਦ ਸਕਦਾ ਸੀ। ਲੁਧਿਆਣੇ ਉਦੋਂ ਵੀ ਛੇ ਕਨਾਲ਼ ਦੀ ਥਾਂ ‘ਤੇ ਛੇ ਮਰਲੇ ਹੀ ਖਰੀਦ ਹੋਣੇ ਸੀ।” ਮੈਂ ਮਸੀਂ ਕਹਿ ਸਕਿਆ ਸੀ।

”ਡੈਡੀ ਜੀ ਛੱਡੋ ਪਿਛਲੀਆਂ ਗੱਲਾਂ ਨੂੰ। ਬੀਤਿਆ ਵੇਲਾ ਕਦੇ ਹੱਥ ਆਉਂਦੈ? ਹੁਣ ਵਾਲ਼ਾ ਸੰਭਾਲ਼ ਲਵੋ। ਜੇ ਤਾਏ ਵਾਲ਼ਾ ਮਕਾਨ ਖਰੀਦ ਹੋ ਜਾਵੇ ਤਾਂ ਤਰਸੇਮ ਉਸ ਵਿਚ ਚੱਲ ਰਹੀ ਕਰਿਆਨੇ ਦੀ ਦੁਕਾਨ ਆਪ ਕਰ ਲਵੇਗਾ। ਵੇਲੇ ਕੁਵੇਲੇ ਤੁਸੀਂ ਦੁਕਾਨ ‘ਤੇ ਬੈਠ ਗਏ। ਤੁਸੀਂ ਤੇ ਮੰਮੀ ਉਪਰ ਰਹਿਣ ਲੱਗ ਪਿਓ। ਰਾਤ ਨੂੰ ਬੱਚੇ ਤੁਹਾਡੇ ਕੋਲ਼ ਆ ਜਾਇਆ ਕਰਨਗੇ।” ਰਵੀਨਾ ਬਹੁਤ ਸਹਿਜ ਨਾਲ਼ ਬੋਲੀ ਸੀ।

ਪਰ ਮੈਂ ਸਹਿਜ ਨਹੀਂ ਸੀ ਰਿਹਾ। ਮੈਨੂੰ ਉਥੇ ਬੈਠਣਾ ਮੁਸ਼ਕਲ ਹੋ ਰਿਹਾ ਸੀ।

”ਕੋਈ ਨੀ ਡੈਡੀ ਤੁਸੀਂ ਮੰਮੀ ਨਾਲ਼ ਸਲਾਹ ਕਰ ਲਿਓ ਅਜੇ ਤਾਏ ਹੁਰੀਂ ਦੋ ਕੁ ਮਹੀਨੇ ਇੱਥੇ ਹੀ ਹਨ। ਉਹ ਹੌਲ਼ੀ ਹੌਲ਼ੀ ਅਪਣਾ ਉਧਾਰ ‘ਕੱਠਾ ਕਰ ਰਹੇ ਹਨ। ਆਪਾਂ ਇਕ ਵਾਰ ਉਨ੍ਹਾਂ ਨਾਲ਼ ਗੱਲ ਟੁੱਕ ਲਈਏ ਫਿਰ ਉਹ ਹੋਰ ਕਿਸੇ ਨਾਲ਼ ਗੱਲ ਨਹੀਂ ਤੋਰਨਗੇ। ਮੈਂ ਅਗਲੇ ਹਫ਼ਤੇ ਆਵਾਂਗਾ। ਹਾਂ ਜੇ ਕਣਕ ਪਈ ਹੈਗੀ ਤਾਂ ਇਕ ਬੋਰੀ ਲਾਲਾ ਦੁਨੀ ਚੰਦ ਹੁਰਾਂ ਨੂੰ ਦੇਣੀ ਹੈ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰਾ ਡੈਡੀ ਬਿਨਾਂ ਦੁਆਈ ਖਾਦ ਕਣਕ ਪੈਦਾ ਕਰਦਾ ਹੈ ਤਾਂ ਉਹ ਤਾਂ ਮੇਰੇ ਮਗਰ ਹੀ ਪੈ ਗਏ ਕਿ ਪੁੱਤਰਾਂ ਇਕ ਬੋਰੀ ਜ਼ਰੂਰ ਲੈ ਕੇ ਆ। ਮੈਨੂੰ ਪਤਾ ਤੁਹਾਡੇ ਕੋਲ਼ ਤਾਂ ਪਿਛਲੇ ਸਾਲ ਦੀ ਵੀ ਪਈ ਹੋਣੀ ਹੈ। ਹਾਂ ਡੈਡੀ ਲਾਲੇ ਹੁਰੀਂ ਮੁਫ਼ਤ ਨੀ ਰੱਖਣਗੇ। ਦੂਣੀ ਕੀਮਤ ਦੇਣਗੇ। ਬੈਸੇ ਇਹ ਤਿੰਨ ਚਾਰ ਦੁਕਾਨਦਾਰ ਰਲ਼ਕੇ ਹਰੇਕ ਸਾਲ ਰਾਜਸਥਾਨ ਤੋਂ ਕਣਕ ਦਾ ਟੈਂਪੂ ਮੰਗਵਾ ਲੈਂਦੇ ਨੇ। ਕਹਿੰਦੇ ਉੱਥੇ ਖਾਦ ਦਵਾਈ ਘੱਟ ਪੈਂਦੀ ਹੈ। ਐਂਤਕੀ ਲਿਆਂਦੀ ਕਣਕ ਤੋਂ ਕੋਈ ਹੋਰ ਜਾਣੂ ਗਲ਼ ਪੈ ਗਿਆ ਤੇ ਬੋਰੀ ਉਹ ਲੈ ਗਿਆ ਸੀ।”

”ਜੇ ਬੋਰੀ ਤੋਂ ਵੱਧ ਹੋਈ ਤਾਂ ਵੱਧ ਕਰ ਦਿਓ। ਨਾਲ਼ੇ ਰਵੀਨਾ ਤਾਂ ਘਰ ਥੈਲੀ ਦਾ ਆਟਾ ਹੀ ਵਰਤਦੀ ਹੈ। ਇਹ ਕਹਿੰਦੀ ਮੈਥੋਂ ਨੀ ਪਟੋਟੇ ਹੁੰਦੇ। ਪਹਿਲਾ ਛੱਟੋ-ਸਵਾਰੋ, ਧੋਵੋ-ਸੁਕਾਵੋ ਫਿਰ ਪਿਹਾਵੋæææ।” ਤਰਸੇਮ ਕਿਸੇ ਮਾਹਰ ਵਾਂਗ ਤਕਰੀਰ ਕਰੀ ਜਾ ਰਿਹਾ ਸੀ।

”ਕੋਈ ਨੀ ਪੁੱਤ ਸੋਚਦਾਂ ਘਰ ਜਾ ਕੇ। ਕਰਦਾਂ ਤੁਹਾਡੀ ਮਾਂ ਨਾਲ਼ ਵੀ ਸਲਾਹ।” ਕਹਿੰਦਿਆਂ ਮੈਂ ਉੱਠ ਖੜਾ ਹੋਇਆ ਸੀ। ਹਰਖ਼ ‘ਚ। ਤਰਸੇਮ ਸਾਈਕਲ ਚੁੱਕ ਚਲੇ ਗਿਆ ਸੀ। ਮੈਂ ਵੀ ਸਕੂਟਰ ਵੱਲ ਤੁਰ ਪਿਆ ਸੀ।

ਤੁਰ ਹੁਣ ਵੀ ਪਿਆ ਹਾਂ। ਬਗੀਚੇ ‘ਚ ਆੜੂ ਦੇ ਬੂਟੇ ਕੋਲ਼ ਰੁਕ ਗਿਆ ਹਾਂ। ਇਸ ਦੀਆਂ ਟਾਹਣੀਆਂ ਨੂੰ ਫੜ੍ਹ-ਫੜ੍ਹ ਪਲ਼ੋਸਦਾ ਹਾਂ। ਇਹਨ੍ਹਾਂ ਨੂੰ ਚੁੰਮਦਾ ਹਾਂ। ਇਹ ਆੜੂ ਦਾ ਬੂਟਾ ਬਿਮਲਾ ਨੇ ਉਚੇਚ ਕਰਕੇ ਲਗਵਾਇਆ ਸੀ। ਉਸ ਦਿਨ ਜਿਸ ਦਿਨ ਪੋਤਾ ਅਮਰ ਜੰਮਿਆ ਸੀ। ਅਮਰ ਤੜਕੇ ਜੰਮਿਆ ਸੀ। ਨਾਨਕੇ ਘਰ ਲੁਧਿਆਣੇ। ਸਵੇਰੇ ਅੱਠ ਕੁ ਵਜੇ ਫ਼ੋਨ ਆਇਆ ਸੀ। ਬਿਮਲਾ ਨੇ ਜਦੇ ਹੀ ਹੁਕਮ ਸੁਣਾ ਦਿੱਤਾ ਸੀ ਕਿ ਆੜੂ ਦਾ ਬੂਟਾ ਲੈ ਕੇ ਆਓ। ਅਭੀ। ਮੈਂ ਕਿਹਾ ਸੀ ਕਿ ਜੇ ਕੁੜੀ ਹੁੰਦੀ ਤਾਂ ਫਿਰ ਕਿਹੜਾ ਬੂਟਾ ਲਾਉਂਦੀ। ਉਸ ਫਟਾ-ਫਟ ਕਿਹਾ ਸੀ ਕਿ ‘ਕਲੀਆਂ’ ਦਾ। ਸੋ, ਦੋ ਸਾਲ ਬਾਅਦ ਜਨਮੀ ਬੱਚੀ ‘ਕਲੀ’ ਦੇ ਜਨਮ ਵਾਲ਼ੇ ਦਿਨ ਕਲੀਆਂ ਦਾ ਬੂਟਾ ਲਾ ਦਿੱਤਾ ਸੀ।

ਮੈਂ ਕਲੀ ਵੱਲ ਤੁਰ ਪਿਆ ਹਾਂ। ਇਸਦੀਆਂ ਟਾਹਣੀਆਂ ਨੂੰ ਲਡਾਉਂਦਾ ਹਾਂ। ਫਿਰ ਆੜੂ ਵੱਲ ਭੱਜ ਪਿਆ ਹਾਂ। ਅੰਦਰ ਖ਼ਿਆਲ ਵੀ ਭੱਜ ਉੱਠੇ ਨੇ।

-ਨਹੀਂ ਨਹੀਂ ਰਵੀਨਾ ਇੰਝ ਨਹੀਂ ਕਰੇਗੀ। ਕਰ ਵੀ ਸਕਦੀ ਹੈ। ਮੂਰਖ਼ ਬੰਦਾ ਅਪਣੀ ਅੜੀ ਪੁਗਾਉਣ ਲਈ ਕੁਝ ਵੀ ਕਰ ਸਕਦਾ ਹੈ। ਉਹ ਆਪ ਮਰ ਸਕਦਾ ਹੈ ਤੇ ਦੂਜਿਆਂ ਨੂੰ ਮਾਰ ਸਕਦਾ ਹੈ। ਆਖਰਕਾਰ ਉਹ ਮਾਂ ਹੈ। ਕੋਈ ਕੋਈ ਮਾਂ ਡੈਣ ਵੀ ਬਣ ਜਾਇਆ ਕਰਦੀ ਹੈ। ਉਸ ਨੂੰ ਇਕ ਵਾਰ ਫਿਰ ਸਮਝਾ ਕੇ ਦੇਖਾਂ? ਕੋਈ ਫਾਇਦਾ ਨਹੀਂ।

ਮੈਂ ਫਿਰ ਆੜੂ ਕੋਲ਼ ਪਹੁੰਚ ਗਿਆ ਹਾਂ। ਰਾਤ ਵਾਲ਼ੇ ਸੁਪਨੇ ਵਾਂਗ ਇਹ ਮੈਨੂੰ ਪਾਣੀ ‘ਤੇ ਤੈਰਦਾ ਦਿਸਿਆ ਹੈ। ਮੈਂ ਇਸ ਦੇ ਤਣੇ ਨੂੰ ਘੁੱਟ ਕੇ ਜੱਫੀ ਪਾ ਲਈ ਹੈ।

ਰਵੀਨਾ ਦੇ ਬੋਲ ਮੇਰੇ ਕੰਨਾਂ ‘ਚ ਫਿਰ ਗੂੰਜੇ ਹਨ। ਜੋ ਉਸ ਮੇਰੇ ਸਕੂਟਰ ਸਟਾਰਟ ਕਰਨ ਤੋਂ ਪਹਿਲਾਂ ਬੜੇ ਠਰੰਮੇ ਨਾਲ਼ ਬੋਲੇ ਸਨ:

”ਡੈਡੀ ਜੀ ਮੈਂ ਰਵੀਨਾ ਹਾਂ। ਜੋ ਕਹਾਂ ਪੂਰਾ ਕਰ ਦਿੰਦੀ ਹਾਂ। ਤੁਸੀਂ ਟਾਹਲੀ ਵੀ ਵੇਚੋਗੇ ਤੇ ਬਗੀਚੀ ਵੀ। ਤਾਏ ਵਾਲ਼ਾ ਮਕਾਨ ਜ਼ਰੂਰ ਖਰੀਦ ਕੇ ਦੇਵੋਗੇ। ਜੇ ਇੰਝ ਨਾ ਕੀਤਾ ਤਾਂ ਪਹਿਲਾਂ ਤਾਂ ਤੁਹਾਡਾ ਨਿਆਣਿਆਂ ਤੇ ਤਰਸੇਮ ਨਾਲ਼ ਮੇਲ਼ ਮਿਲਾਪ ਬੰਦ। ਫਿਰ ਵੀ ਕੰਮ ਲੋਟ ਨਾ ਆਇਆ ਤਾਂ ਤੁਹਾਡੇ ਲਾਡਲੇ ਤਰਸੇਮ ਤੇ ਪੋਤੇ-ਪੋਤੀ ਨੂੰ ਜ਼ਹਿਰ ਦੇਵਾਂਗੀ ਤੇ ਮਗਰੋਂ ਆਪ ਖਾਵਾਂਗੀ। ਆਖ਼ਰੀ ਖ਼ਾਹਿਸ਼ ਦੇ ਤੌਰ ‘ਤੇ ਲਿਖਕੇ ਜਾਵਾਂਗੀ ਕਿ ਸਾਡੇ ਸਸਕਾਰ ਬਗੀਚੀ ‘ਚ ਕੀਤੇ ਜਾਣ ਤੇ ਸਮਾਧਾਂ ਬਣਾਈਆਂ ਜਾਣ। ਇਹ ਰਵੀਨਾ ਦੀ ਪੱਥਰ ‘ਤੇ ਲਕੀਰ ਹੈ। ਦੇਖਿਓ ਕਿਤੇ ਅੰਬ-ਆੜੂ ਸਾਂਭਦੇ ਸਾਂਭਦੇ ਅਮਰ ਤੇ ਕਲੀ ਤੋਂ ਹੱਥ ਨਾ ਧੋ ਬੈਠਿਓ।”

ਮੇਰਾ ਮਨ ਭਰ ਆਇਆ ਹੈ। ਅੱਖਾਂ ‘ਚੋਂ ਹੰਝੂ ਟਪਕ ਪਏ ਨੇ।

”ਦੇਖਿਓ ਕਿਤੇ ਅੰਬ-ਆੜੂ ਸਾਂਭਦੇ ਸਾਂਭਦੇæææ” ਰਵੀਨਾ ਦੇ ਬੋਲ ਵਾਰ ਵਾਰ ਸੁਣਾਈ ਦੇ ਰਹੇ ਨੇ।

ਮੇਰੀ ਧਾਹ ਨਿਕਲ਼ ਗਈ ਹੈ।

ਆੜੂ ਦੇ ਤਣੇ ਤੋਂ ਬਾਹਾਂ ਥੱਲੇ ਖਿਸਕ ਆਈਆਂ ਨੇ।

ਮੈਂ ਥੱਕੇ ਥੱਕੇ ਕਦਮੀਂ ਘਰ ਵੱਲ ਤੁਰ ਪਿਆ ਹਾਂ।

ਥੱਕੇ ਥੱਕੇ ਵਿਚਾਰ ਮਨ ‘ਚ ਤੈਰੇ ਨੇ।

ਓੜਕ ਤਾਂ ਬਿਮਲਾ ਨੂੰ ਦੱਸਣਾ ਹੀ ਪਊ? ਬਿਮਲਾ ਕਿਵੇਂ ਬਰਦਾਸ਼ਤ ਕਰੂ ਸਭ ਕੁਝ?  ਰੋਣ ਧੋਣ ਮਗਰੋਂ ਸ਼ਾਇਦ ਉਹ ਫਿਰ ਓਹੀ ਬੋਲ ਬੋਲੇਗੀ ਜੋ ਅੱਗੇ ਵੀ ਕਈ ਵਾਰ ਬੋਲ ਹਟੀ ਹੈ:

”ਤਰਸੇਮ ਦਿਆ ਭਾਪਾ ਰਵੀਨਾ ਨੇ ਆਪਾਂ ਨੂੰ ਰੋਟੀ ਨੀ ਦੇਣੀ। ਕੋਈ ਬਿਰਧ ਆਸ਼ਰਮ ਦੇਖ ਛੱਡ।”

ਮੇਰਿਆਂ ਕਦਮਾਂ ਵਿਚ ਜਰਾ ਰਵਾਨਗੀ ਆਈ ਪਰ ਬਹੁਤਾ ਚਿਰ ਕਾਇਮ ਨਹੀਂ ਰਹੀ।

ਮੋਬਾਈਲ : 98151-57815

Leave a Reply

Your email address will not be published. Required fields are marked *