ਹੰਗਰੀ ਦੀ ਜਨਸੰਖਿਆ ਲਗਤਾਰ ਘੱਟ ਰਹੀ ਹੈ, ਇਸ ਨਵੀਂ ਸਕੀਮ ਤੋਂ ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਬੱਚੇ ਪੈਦਾ ਕਰਨ ਦਾ ਰੁਝਾਨ ਵਧੇਗਾ।
ਹੰਗਰੀ ਵਿੱਚ ਚਾਰ ਜਾਂ ਇਸ ਤੋਂ ਵੱਧ ਬੱਚਿਆਂ ਦੀਆਂ ਮਾਵਾਂ ਨੂੰ ਸਾਰੀ ਉਮਰ ਆਮਦਨ ਕਰ ਨਹੀਂ ਦੇਣਾ ਪਵੇਗਾ। ਦੇਸ ਵਿੱਚ ਬੱਚਿਆਂ ਦੀ ਪੈਦਾਇਸ਼ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹੰਗਰੀ ਦੇ ਪ੍ਰਧਾਨ ਮੰਤਰੀ ਨੇ ਇਸ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ।
ਮੰਤਰੀ ਪ੍ਰਧਾਨ ਮੰਤਰੀ ਵਿਕਟਰ ਔਬਰਨ ਨੇ ਕਿਹਾ ਕਿ ਪ੍ਰਵਾਸੀਆਂ ‘ਤੇ ਨਿਰਭਰਤਾ ਘਟਾਉਣ ਲਈ ਅਤੇ ਹੰਗਰੀ ਦੇ ਭਵਿੱਖ ਨੂੰ ਬਚਾਉਣ ਲਈ ਇਹ ਇੱਕ ਰਾਹ ਹੈ।
ਸੱਜੇ-ਪੱਖੀ ਰਾਸ਼ਟਰਵਾਦੀ ਲੋਕ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਲੋਕਾਂ ਦਾ ਖਾਸ ਤੌਰ ਉੱਤੇ ਵਿਰੋਧ ਕਰਦੇ ਆ ਰਹੇ ਹਨ।
ਹੰਗਰੀ ਦੀ ਆਬਾਦੀ ਵਿਚ ਹਰ ਸਾਲ 32 ਹਜ਼ਾਰ ਲੋਕਾਂ ਦੀ ਘਾਟ ਹੋ ਰਹੀ ਹੈ, ਅਤੇ ਯੂਰਪੀ ਯੂਨੀਅਨ ਦੇ ਮੁਕਾਬਲੇ, ਇੱਥੇ ਦੀਆਂ ਔਰਤਾਂ ਦੇ ਬੱਚਿਆਂ ਦੀ ਔਸਤ ਗਿਣਤੀ ਘੱਟ ਹੈ।
ਇਸੇ ਸਕੀਮ ਦੇ ਹਿੱਸੇ ਵਜੋਂ ਨੌਜਵਾਨ ਜੋੜਿਆਂ ਨੂੰ ਤਕਰੀਬਨ ਇੱਕ ਲੱਖ ਹੰਗਰੀਅਨ ਕਰੰਸੀ ਭਾਵ 26 ਲੱਖ ਰੁਪਏ ਤੱਕ ਦਾ ਵਿਆਜ ਤੋਂ ਮੁਕਤ ਕਰਜ ਦਿੱਤਾ ਜਾਵੇਗਾ। ਸਕੀਮ ਮੁਤਾਬਕ ਜਿਵੇਂ ਹੀ ਉਨ੍ਹਾਂ ਦੇ ਤਿੰਨ ਬੱਚੇ ਹੋਏ ਇਹ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਔਬਰਨ ਨੇ ਕਿਹਾ ਹੈ ਕਿ ਪੱਛਮੀ ਦੇਸਾਂ ਲਈ ਯੂਰਪ ਦੀ ਘੱਟਦੀ ਆਬਾਦੀ ਦਾ ਹੱਲ ਪਰਵਾਸੀ ਸਨ: “ਹਰ ਇੱਕ ਘੰਟੇ ਦੌਰਾਨ ਇੱਕ ਬੱਚੇ ਦਾ ਆਉਣਾ ਜ਼ਰੂਰੀ ਹੈ, ਅਤੇ ਇਸ ਤਰ੍ਹਾਂ ਲੋਕਾਂ ਦੀ ਗਿਣਤੀ ਠੀਕ ਰਹਿੰਦੀ ਹੈ।”
ਉਨ੍ਹਾਂ ਕਿਹਾ ਕਿ, “ਹੰਗਰੀ ਦੇ ਲੋਕ ਦੂਸਰੇ ਤਰੀਕੇ ਸੋਚਦੇ ਹਨ। ਸਾਨੂੰ ਗਿਣਤੀ ਦੇ ਨਹੀਂ ਹੰਗਰੀ ਦੇ ਆਪਣੇ ਬੱਚੇ ਚਾਹੀਦੇ ਹਨ।”
ਨੀਤੀਆਂ ਦਾ ਵਿਰੋਧ
ਜਦੋਂ ਪ੍ਰਧਾਨ ਮੰਤਰੀ ਔਬਰਨ ਦੇਸ਼ ਨੂੰ ਸੰਬੋਧਨ ਕਰ ਰਹੇ ਸਨ ਤਾਂ ਦੇਸ਼ ਦੀ ਰਾਜਧਾਨੀ ਬੁਡਾਪੈਸਟ ਵਿਚ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ।
ਉਨ੍ਹਾਂ ਦੇ ਦਫ਼ਤਰ ਦੇ ਬਾਹਰ ਤਕਰੀਬਨ ਦੋ ਹਜ਼ਾਰ ਪ੍ਰਦਰਸ਼ਨਕਾਰੀ ਇਹਨਾਂ ਨੂੰ ਨੀਤੀਆਂ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਸਨ। ਮੁਲਕ ਦੇ ਦੂਜੇ ਹਿੱਸਿਆਂ ਵਿਚ ਵੀ ਇਸ ਖਿਲਾਫ਼ ਪ੍ਰਦਰਸ਼ਨ ਹੋ ਰਹੇ ਸਨ।
ਪੱਤਰਕਾਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਸਭ ਤੋਂ ਵੱਧ ਤਾੜੀਆਂ ਉਸ ਵੇਲੇ ਵੱਜੀਆਂ ਜਦੋਂ ਉਨ੍ਹਾਂ ਨੇ ਜਨਮ-ਦਰ ਨੂੰ ਵਧਾਉਣ ਲਈ ਸੱਤ ਨੁਕਾਤੀ ਯੋਜਨਾ ਦਾ ਐਲਾਨ ਕੀਤਾ।
ਉਨ੍ਹਾਂ ਦੀ ਯੋਜਨਾ ਵਿਚ ਹੋਰ ਕੀ ਕੁਝ ਸ਼ਾਮਲ ਹੈ:
ਅਗਲੇ ਤਿੰਨ ਸਾਲਾਂ ਵਿੱਚ 21 ਹਜ਼ਾਰ ਤੋਂ ਵੱਧ ਨਰਸਰੀਆਂ ਬਣਾਈਆਂ ਜਾਣਗੀਆਂ।
ਦੇਸ਼ ਦੀ ਸਿਹਤ ਪ੍ਰਣਾਲੀ ‘ਤੇ 2.5 ਬਿਲੀਅਨ ਡਾਲਰ ਹੋਰ ਖਰਚ ਕੀਤੇ ਜਾਣਗੇ।
ਘਰਾਂ ‘ਤੇ ਸਬਸਿਡੀ ਦਿੱਤੀ ਜਾਵੇਗੀ।
ਸੱਤ ਸੀਟਾਂ ਵਾਲੀ ਗੱਡੀਆਂ ਖਰੀਦਣ ਵਾਲਿਆਂ ਨੂੰ ਸਰਕਾਰੀ ਮਦਦ।
ਪ੍ਰਧਾਨ ਮੰਤਰੀ ਔਬਰਨ ਨੇ ਆਪਣੇ ਸੰਬੋਧਨ ਦੀ ਸਮਾਪਤੀ “ਹੰਗਰੀ ਜ਼ਿੰਦਾਬਾਦ, ਹੰਗਰੀ ਵਾਸੀ ਜ਼ਿੰਦਾਬਾਦ” ਦੇ ਨਾਅਰੇ ਨਾਲ ਕੀਤੀ।
ਯੂਰਪੀ ਯੂਨੀਅਨ ਦੀ ਇੱਕ ਔਰਤ ਔਸਤ 1.58 ਬੱਚਿਆਂ ਨੂੰ ਜਨਮ ਦਿੰਦੀ ਹੈ ਜਦਕਿ ਇੱਕ ਹੰਗਰੀ ਔਰਤ ਔਸਤ 1.45 ਬੱਚਿਆਂ ਨੂੰ ਹੀ ਜਨਮ ਦਿੰਦੀ ਹੈ, ਜੋ ਘੱਟ ਹੈ।
ਯੂਰਪੀ ਯੂਨੀਅਨ ਵਿੱਚ, ਫਰਾਂਸ ਇਸ ਮਾਮਲੇ ‘ਚ ਮੋਹਰੀ ਹੈ। ਇੱਥੇ ਦੀਆਂ ਔਰਤਾਂ ਦੇ ਔਸਤ 1.96 ਬੱਚੇ ਹਨ, ਜਦੋਂਕਿ ਸਪੇਨ ਇਸ ਸੂਚੀ ਵਿੱਚ ਸਭ ਤੋਂ ਥੱਲੇ ਹੈ। ਇੱਥੇ ਦੀਆਂ ਔਰਤਾਂ ਦੇ ਔਸਤ 1.33 ਬੱਚੇ ਹਨ।
ਦੁਨੀਆ ਭਰ ਵਿਚ ਸਭ ਤੋਂ ਵੱਧ ਅਬਾਦੀ ਦਰ ਪੱਛਮ ਅਫ਼ਰੀਕੀ ਦੇਸ ਨਾਈਜਰ ਦਾ ਹੈ। ਇੱਥੇ ਹਰ ਔਰਤ ਦੇ ਔਸਤ 7.24 ਬੱਚੇ ਹਨ।