ਗਰਮੀਆਂ ਹੀ ਨਹੀਂ, ਸਰਦੀਆਂ ਵਿਚ ਵੀ ਮੁਹਾਸੇ ਹੋ ਸਕਦੇ ਹਨ, ਜਿਸ ਕਰਕੇ ਚਿਹਰੇ ਦੀ ਸੁੰਦਰਤਾ ਖ਼ਤਮ ਹੋ ਸਕਦੀ ਹੈ। ਇਸ ਲਈ ਮੁਹਾਸਿਆਂ ਤੋਂ ਬਚਣ ਲਈ-* ਪੇਟ ਨੂੰ ਸਾਫ਼ ਰੱਖੋ ਅਤੇ ਕਬਜ਼ ਨਾ ਰਹਿਣ ਦਿਓ। ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਇਕ ਤੋਂ ਤਿੰਨ ਗਲਾਸ ਕੋਸੇ ਪਾਣੀ ਵਿਚ ਕਿ ਨਿੰਬੂ, ਸ਼ਹਿਦ ਦੇ ਦੋ ਚਮਚ ਮਿਲਾ ਕੇ ਪੀਓ। * ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਸੈਰ ਜ਼ਰੂਰ ਕਰੋ, ਨਾਸ਼ਤੇ ਵਿਚ ਹਲਕਾ ਭੋਜਨ ਲਓ। * ਹਰ ਰੋਜ਼ ਮੂਲੀ, ਗਾਜਰ, ਟਮਾਟਰ, ਖੀਰੇ ਦਾ ਸਲਾਦ ਜ਼ਰੂਰ ਖਾਓ। * ਚਾਹ ਤੇ ਕੌਫੀ ਦੀ ਥਾਂ ਸੰਤਰੇ ਤੇ ਮੁਸੱਮੀ ਦਾ ਰਸ ਪੀਓ। * ਮੁਹਾਸਿਆਂ ਨੂੰ ਵਾਰ-ਵਾਰ ਹੱਥ ਨਾ ਲਗਾਓ ਅਤੇ ਨਾ ਹੀ ਤੋੜੋ। ਇਸ ਨਾਲ ਚਿਹਰੇ ਉੱਤੇ ਸਥਾਈ ਦਾਗ ਪੈ ਸਕਦੇ ਹਨ। * ਮੁਹਾਸਿਆਂ ‘ਤੇ ਅਲੱਗ-ਅਲੱਗ ਤਰ੍ਹਾਂ ਦੇ ਸਾਬਣ ਨਾ ਲਗਾਓ। ਹੋ ਸਕੇ ਤਾਂ ਕੇਵਲ ਮੈਡੀਕੇਟਡ ਸਾਬਣ ਅਤੇ ਗਰਮ ਪਾਣੀ ਨਾਲ ਹੀ ਮੂੰਹ ਧੋਵੋ। ਚਿਹਰੇ ‘ਤੇ ਮੇਕਅਪ ਕਰਨ ਤੋਂ ਗੁਰੇਜ਼ ਹੀ ਕਰੋ।
ਇਲਾਜ : * ਚਿਹਰੇ ਦੀ ਰੋਜ਼ਾਨਾ ਸਫ਼ਾਈ ਕਰੋ। ਦਿਨ ਵਿਚ ਦੋ-ਤਿੰਨ ਵਾਰ ਮੈਡੀਕੇਟਡ ਸਾਬਣ ਅਤੇ ਗਰਮ ਪਾਣੀ ਨਾਲ ਚਿਹਰਾ ਧੋਵੋ। * ਹਫ਼ਤੇ ਵਿਚ ਦੋ ਵਾਰ ਭਾਫ਼ ਜ਼ਰੂਰ ਲਵੋ ਤਾਂ ਜੋ ਚਿਹਰੇ ਦੀ ਚਮੜੀ ਦੇ ਰੋਮ ਖੁੱਲ੍ਹ ਜਾਣ ਅਤੇ ਗੰਦਗੀ ਬਾਹਰ ਨਿਕਲ ਜਾਵੇ। * ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਜ਼ਰੂਰ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ ਪਰ ਕਿਸੇ ਕਿਸਮ ਦੀ ਬਾਜ਼ਾਰੀ ਸੁੰਦਰਤਾ ਸਮੱਗਰੀ ਨਹੀਂ ਵਰਤਣੀ ਚਾਹੀਦੀ। * ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ। ਹੋ ਸਕੇ ਤਾਂ ਖਾਣਾ ਖਾਣ ਤੋਂ ਬਾਅਦ ਥੋੜ੍ਹੀ ਸੈਰ ਜ਼ਰੂਰ ਕਰੋ। * ਹਰੀਆਂ ਸਬਜ਼ੀਆਂ ਦੀ ਵਰਤੋਂ ਤੇ ਦਿਨ ਵਿਚ ਘੱਟੋ-ਘੱਟ 8-10 ਗਿਲਾਸ ਪਾਣੀ ਪੀਣ ਨਾਲ ਚਿਹਰੇ ਦੀ ਸੁੰਦਰਤਾ ਵਿਚ ਹੈਰਾਨੀਜਨਕ ਵਾਧਾ ਹੁੰਦਾ ਹੈ।