ਪਟਿਆਲਾ:ਇਸ ਵਾਰ ਜਦੋਂ ਆਈ.ਪੀ.ਐੱਲ. ਨੀਲਾਮੀ ਸ਼ੁਰੂ ਹੋਈ ਤਾਂ ਪਟਿਆਲਾ ਦੇ ਇਸ ਪਰਿਵਾਰ ਨੂੰ ਵੀ ਇਹ ਉਮੀਦ ਸੀ ਕਿ ਉਸ ਦੇ ਘਰ ਦੇ ਦੋਵੇਂ ਪੁੱਤਰਾਂ ਨੂੰ 8 ਫ੍ਰੈਚਾਇਜ਼ੀ ‘ਚੋਂ ਕੋਈ ਨਾ ਕੋਈ ਤਾਂ ਖਰੀਦ ਹੀ ਲਵੇਗੀ। ਦੋਵੇਂ ਭਰਾਵਾਂ ਨੂੰ ਦੋ ਵੱਖ-ਵੱਖ ਫ੍ਰੈਚਾਇਜ਼ੀ ਨੇ ਖਰੀਦ ਲਿਆ ਪਰ ਵਿਕਟ ਕੀਪਰ ਤੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ‘ਤੇ ਜਦੋਂ ਫ੍ਰੈਚਾਇਜ਼ੀ ਨੇ ਖੁੱਲ੍ਹ ਕੇ ਬੋਲੀ ਲਗਾਈ, ਤਾਂ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਆਖਿਰਕਾਰ 4.8 ਕਰੋੜ ਰੁਪਏ ਦੀ ਬੋਲੀ ਲਗਾ ਕੇ ਕਿੰਗ ਐਕਸ ਆਈ ਪੰਜਾਬ ਪ੍ਰਭਸਿਮਰਨ ਨੂੰ ਆਪਣੇ ਪਾਲੇ ‘ਚ ਕਰਨ ‘ਚ ਕਾਮਯਾਬ ਰਹੀ। ਉੱਥੇ ਉਨ੍ਹਾਂ ਦੇ ਭਰਾ ਅਨਮੋਲਪ੍ਰੀਤ ਸਿੰਘ ਨੂੰ ਵੀ ਮੁੰਬਈ ਇੰਡੀਆ ਨੇ 80 ਲੱਖ ਰੁਪਏ ‘ਚ ਆਪਣੀ ਟੀਮ ਲਈ ਚੁਣਿਆ। ਅਨਮੋਲ ਚੰਗਾ ਬੈਟਸਮੈਨ ਹੈ।
ਹੈਂਡਬਾਲ ਦੇ ਨੈਸ਼ਨਲ ਪਲੇਅਰ ਰਹੇ ਹਨ ਅਨਮੋਲ ਦੇ ਪਿਤਾ
ਅਨਮੋਲ ਅਤੇ ਪ੍ਰਭਸਿਮਰਨ ਚਚੇਰੇ ਭਰਾ ਹਨ ਅਤੇ ਇਹ ਜੁਆਇੰਟ ਫੈਮਿਲੀ ‘ਚ ਇਕੱਠੇ ਰਹਿੰਦੇ ਹਨ। ਅਨਮੋਲ ਦੇ ਪਿਤਾ ਸਤਵਿੰਦਰ ਸਿੰਘ ਹੈਂਡਬਾਲ ਦੇ ਖਿਡਾਰੀ ਰਹੇ ਹਨ ਅਤੇ ਉਹ ਭਾਰਤ ਲਈ ਵੀ ਖੇਡੇ ਹਨ। ਦਿਲਚਸਪ ਗੱਲ ਇਹ ਹੈ ਕਿ ਸਤਵਿੰਦਰ ਸਿੰਘ ਨੂੰ ਕ੍ਰਿਕਟ ਦਾ ਖੇਡ ਬਿਲਕੁੱਲ ਪਸੰਦ ਨਹੀਂ ਸੀ ਅਤੇ ਉਹ ਕਦੇ ਵੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਅਤੇ ਭਤੀਜੇ ਕ੍ਰਿਕਟਰ ਬਣਨ ਪਰ ਦੋਵੇਂ ਲੜਕਿਆਂ ਨੇ ਉਹੀ ਚੁਣਿਆ ਜੋ ਉਨ੍ਹਾਂ ਨੂੰ ਸਭ ਤੋਂ ਵਧ ਪਸੰਦ ਆਇਆ। ਇਸ ਪਰਿਵਾਰ ‘ਚ ਤਿੰਨ ਪੁੱਤਰ ਹਨ ਅਤੇ ਹੁਣ ਤਾਂ ਛੋਟਾ (ਤੀਜਾ) ਪੁੱਤਰ ਤੇਜਪ੍ਰੀਤ ਵੀ ਕ੍ਰਿਕਟ ‘ਚ ਨਾਂ ਰੋਸ਼ਨ ਕਰ ਰਿਹਾ ਹੈ। ਸਤਵਿੰਦਰ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੁੱਤਰ ਵੀ ਹੈਂਡਬਾਲ ‘ਚ ਆਪਣਾ ਕੈਰੀਅਰ ਬਣਾਉਣ, ਪਰ ਹੁਣ ਉਨ੍ਹਾਂ ਦੇ ਬੱਚਿਆਂ ਦੇ ਕ੍ਰਿਕਟ ਚੁਣਨ ‘ਤੇ ਮਾਣ ਹੈ।