ਜਰਮਨੀ ਦੇ ਇੱਕ ਸਾਬਕਾ ਨਰਸ ਨੇ ਆਪਣੇ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ 100 ਮਰੀਜ਼ਾਂ ਨੂੰ ਮਾਰਨ ਦਾ ਇਲਜ਼ਾਮ ਸਵਿਕਾਰ ਕੀਤਾ ਹੈ।ਇਹ ਦੋਸ਼ ਮੰਨ ਲੈਣ ਨਾਲ ਇਹ ਨਰਸ ਦੁਨੀਆਂ ਦੀ ਸਭ ਤੋਂ ਭਿਆਨਕ ਸੀਰੀਅਲ ਕਿਲਰ ਬਣ ਗਿਆ ਹੈ।ਜਾਂਚਕਰਤਾ ਨੇ ਦਾਅਵਾ ਕੀਤ ਕਿ ਨੀਲਜ਼ ਹੋਏਗਲ ਨਾਂ ਦੇ ਇਸ ਨਰਸ ਨੇ ਉੱਤਰੀ ਜਰਮਨੀ ਦੇ ਦੋ ਹਸਪਤਾਲਾਂ ਵਿਚ ਕੰਮ ਕਰਦਿਆਂ 100 ਦੇ ਕਰੀਬ ਲੋਕਾਂ ਨੂੰ ਮਾਰੂ ਦਵਾਈ ਦੀ ਡੋਜ਼ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ਹੋ ਗਈ।
ਨੀਲਜ਼ ਹੋਏਗਲ ਇਸ ਸਮੇਂ 6 ਮੌਤਾਂ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।ਮੈਡੀਕਲ ਪ੍ਰੋਫੈਸ਼ਨ ਨਾਲ ਜੁੜਿਆ ਇਨਸਾਨ ਭਲਾ ਕਤਲ ਕਿਵੇਂ ਕਰ ਸਕਦਾ ਹੈ? ਉਹ ਵੀ ਸੌ ਲੋਕਾਂ ਦਾ? ਪਰ ਜਰਮਨੀ ਦੀ ਇਸ ਸਾਬਕਾ ਨਰਸ ਨੇ ਇਲਜ਼ਾਮ ਖੁਦ ਹੀ ਸਵਿਕਾਰ ਕਰ ਲਏ ਹਨ।ਸਰਕਾਰੀ ਪੱਖ ਦਾ ਦਾਅਵਾ ਸੀ , “ਟੌਕਸਿਕਲੋਜੀ ਟੈਸਟ ਵਿੱਚ ਇਹ ਸੰਕੇਤ ਮਿਲਦੇ ਹਨ ਕਿ ਨਰਸ ਨੀਲਜ਼ ਹੋਏਗਲ ਨੇ ਦੋ ਹਸਪਤਾਲਾਂ ਵਿੱਚ ਘੱਟੋ ਘੱਟ ਸੌ ਲੋਕਾਂ ਦੀ ਜਾਨ ਲਈ ਹੈ।”ਟੌਕਸਿਕੋਲੋਜੀ ਅਸਲ ਵਿੱਚ ਜ਼ਹਿਰ ਵਿਗਿਆਨ ਹੈ, ਜਿਸ ਵਿੱਚ ਜ਼ਹਿਰ ਅਤੇ ਉਸਦੇ ਅਸਰਾਂ ਦਾ ਅਧਿਐਨ ਕੀਤਾ ਜਾਂਦਾ ਹੈ। ਹੋਏਗਲ ਨੇ ਕੰਮ ਦੌਰਾਨ 1999 ਤੋਂ 2005 ਦੇ ਵਿਚਕਾਰ, ਉੱਤਰੀ ਜਰਮਨੀ ਦੇ ਦੋ ਹਸਪਤਾਲਾਂ, ਓਲਡੇਨਬਰਗ ਵਿੱਚ 64 ਮਰੀਜ਼ਾਂ ਅਤੇ ਡੇਲੇਮਨਹੋਸਟ ਵਿੱਚ 36 ਮਰੀਜ਼ਾਂ ਨੂੰ ਮਾਰਿਆ ਹੈ।ਪੜਤਾਲ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਨਰਸ ਨੀਲਜ਼ ਹੋਏਗਲ ਨੇ ਪੂਰੇ ਹੋਸ਼ੋ-ਹਵਾਸ ਵਿੱਚ ਤਰੀਕੇ ਨਾਲ ਆਪਣੇ ਮਰੀਜ਼ਾਂ ਨੂੰ ਜਾਨਲੇਵਾ ਡੋਜ਼ ਦਿੱਤੀ।
ਕਤਲ ਦੇ ਇਲਜ਼ਾਮ
ਨੀਲਜ਼ ਹੋਏਗਲ ਨੂੰ ਦੋ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ । ਕਿਹਾ ਜਾ ਰਿਹਾ ਹੈ ਕਿ ਨੀਲਜ਼ ਹੋਏਗਲ ਇਨ੍ਹਾਂ ਮਰੀਜ਼ਾਂ ਨੂੰ ਫੇਰ ਤੋਂ ਜਿਉਂਦੇ ਕਰਨ ਦੀ ਕੋਸ਼ਿਸ਼ ਕਰਕੇ ਆਪਣੇ ਸਹਿ-ਕਰਮੀਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ।ਪੜਤਾਲੀਆ ਅਫ਼ਸਰਾਂ ਨੇ ਕਿਹਾ ਸੀ ਕਿ ਨਰਸ ਨੀਲਜ਼ ਹੋਏਗਲ ਨੇ ਸੰਭਵ ਹੈ, ਹੋਰ ਲੋਕਾਂ ਨੂੰ ਵੀ ਮਾਰਿਆ ਹੋਵੇ ਪਰ ਉਨ੍ਹਾਂ ਦੇ ਅੰਤਮ ਸੰਸਕਾਰ ਕਰ ਦਿੱਤੇ ਗਏ ਹਨ ।
ਜੇ ਇਲਜ਼ਾਮ ਸਹੀ ਹੋਏ ਤਾਂ ਉਹ ਵਿਸ਼ਵ ਜੰਗ ਤੋਂ ਬਾਅਦ ਜਰਮਨੀ ਦੇ ਸਭ ਤੋਂ ਬੁਰੇ ਸੀਰੀਅਲ ਕਾਤਲਾਂ ਵਿੱਚ ਸ਼ੁਮਾਰ ਹੋਵੇਗਾ।
ਜ਼ਹਿਰ ਦੀ ਸੰਭਾਵਨਾ
ਸਾਲ 2015 ਦੀ ਅਦਾਲਤੀ ਸੁਣਵਾਈ ਦੌਰਾਨ ਨੀਲਜ਼ ਹੋਏਗਲ ਦੇ ਖ਼ਿਲਾਫ਼ ਚੱਲ ਰਹੇ ਕੇਸਾਂ ਦਾ ਘੇਰਾ ਉਸ ਸਮੇਂ ਵਧ ਗਿਆ ਜਦੋਂ ਉਸਨੇ 30 ਵਿਅਕਤੀਆਂ ਦੀ ਜਾਨ ਲੈਣ ਦੀ ਗੱਲ ਕਬੂਲ ਕਰ ਲਈ। ਸੁਣਵਾਈ ਦੌਰਾਨ ਉਸ ਨੂੰ ਕਤਲ ਦੇ ਦੋ, ਕਤਲ ਦੀ ਕੋਸ਼ਿਸ਼ ਦੇ ਦੋ ਅਤੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਗਿਆ।
ਪੜਤਾਲੀਆ ਅਫ਼ਸਰਾਂ ਨੇ 130 ਮਰੀਜ਼ਾਂ ਦੀਆਂ ਕਬਰਾਂ ਪੱਟ ਕੇ, ਤਫ਼ਤੀਸ਼ ਦੇ ਕੰਮ ਨੂੰ ਸਿਰੇ ਚਾੜ੍ਹਿਆ ਹੈ ਤਾਂ ਕਿ ਉਨ੍ਹਾਂ ਦੀ ਮੌਤ ਜ਼ਹਿਰ ਕਾਰਨ ਹੋਏ ਹੋਣ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕੇ।
ਨਰਸ ਨੀਲਜ਼ ਹੋਏਗਲ ਨੇ ਜਿਨ੍ਹਾਂ ਹਸਪਤਾਲਾਂ ਵਿੱਚ ਕੰਮ ਕੀਤਾ ਸੀ, ਦੇ ਰਿਕਾਰਡਾਂ ਵਿੱਚੋਂ ਚੰਗੀਆਂ ਟਿੱਪਣੀਆਂ ਹੀ ਮਿਲੀਆਂ।