ਕਦੇ ਖੇਡ ਮੈਦਾਨ ਚ ਪਾਇਆ ਗਾਹ ਹੁਣ ਵੇਚਣੀ ਪੈ ਗਈ ਚਾਹ

ਜਲਪਾਈਗੁੜੀ— 10 ਸਾਲ ਪਹਿਲਾਂ ਦੇਸ਼ ਦੀ ਅਗਵਾਈ ਕਰਨ ਵਾਲੀ ਇਕ ਮਹਿਲਾ ਫੁੱਟਬਾਲਰ ਆਰਥਿਕ ਤੰਗੀ ਕਾਰਨ ਇੱਥੇ ਸੜਕ ‘ਤੇ ਚਾਹ ਵੇਚਣ ਨੂੰ ਮਜਬੂਰ ਹੈ। 26 ਸਾਲਾ ਕਲਪਨਾ ਰਾਏ ਅਜੇ ਵੀ 30 ਲੜਕਿਆਂ ਨੂੰ ਦਿਨ ਵਿਚ 2 ਵਾਰ ਟ੍ਰੇਨਿੰਗ ਦਿੰਦੀ ਹੈ। ਉਸਦਾ ਸੁਪਨਾ ਇਕ ਵਾਰ ਫਿਰ ਤੋਂ ਦੇਸ਼ ਲਈ ਖੇਡਣ ਦਾ ਹੈ। ਕਲਪਨਾ ਨੂੰ 2013 ਵਿਚ ਭਾਰਤੀ ਫੁੱਟਬਾਲ ਸੰਘ ਵਲੋਂ ਆਯੋਜਿਤ ਮਹਿਲਾ ਲੀਗ ਦੌਰਾਨ ਪੈਰ ਵਿਚ ਸੱਟ ਲੱਗ ਗਈ ਸੀ।ਕਲਪਨਾ ਨੇ 2008 ਵਿਚ ਅੰਡਰ-19 ਫੁੱਟਬਾਲਰ ਦੇ ਤੌਰ ‘ਤੇ 4 ਕੌਮਾਂਤਰੀ ਮੈਚ ਖੇਡੇ । ਉਸ ਨੇ ਕਿਹਾ, ”ਮੈਨੂੰ ਇਸ ਤੋਂ ਉਭਰਨ ਵਿਚ ਇਕ ਸਾਲ ਲੱਗਾ। ਮੈਨੂੰ ਕਿਸੇ ਤੋਂ ਕੋਈ ਆਰਥਿਕ ਮਦਦ ਨਹੀਂ ਮਿਲੀ। ਇਸਦੇ ਇਲਾਵਾ ਤਦ ਤੋਂ ਮੈਂ ਚਾਹ ਦੀ ਦੁਕਾਨ ਲਾ ਰਹੀ ਹਾਂ।” ਉਸ ਦੇ ਪਿਤਾ ਚਾਹ ਦੀ ਦੁਕਾਨ ਕਰਦੇ ਸਨ ਪਰ ਹੁਣ ਉਹ ਵਧਦੀ ਉਮਰ ਤੇ ਬੀਮਾਰੀਆਂ ਤੋਂ ਪ੍ਰੇਸ਼ਾਨ ਹਨ। ਉਸ ਨੇ ਕਿਹਾ, ”ਸੀਨੀਅਰ ਰਾਸ਼ਟਰੀ ਟੀਮ ਲਈ ਟ੍ਰਾਇਲ ਲਈ ਮੈਨੂੰ ਬੁਲਾਇਆ ਗਿਆ ਸੀ ਪਰ ਆਰਥਿਕ ਮੁਸ਼ਕਿਲਾਂ ਕਾਰਨ ਮੈਂ ਨਹੀਂ ਗਈ। ਮੇਰੇ ਕੋਲ ਕੋਲਕਾਤਾ ਵਿਚ ਰਹਿਣ ਦੀ ਕੋਈ ਜਗ੍ਹਾ ਵੀ ਨਹੀਂ ਹੈ।”ਕੋਚਿੰਗ ਤੋਂ ਮਿਲਦੇ ਹਨ 3000 ਰੁਪਏ ਪ੍ਰਤੀ ਮਹੀਨਾ ਹੁਣ ਕਲਪਨਾ 30 ਲੜਕਿਆਂ ਨੂੰ ਸਵੇਰੇ ਤੇ ਸ਼ਾਮ ਨੂੰ ਕੋਚਿੰਗ ਦਿੰਦੀ ਹੈ। ਉਹ 4 ਵਜੇ ਦੁਕਾਨ ਬੰਦ ਕਰ ਕੇ 2 ਘੰਟੇ ਅਭਿਆਸ ਕਰਵਾਉਂਦੀ ਹੈ ਤੇ ਫਿਰ ਦੁਕਾਨ ਖੋਲ੍ਹਦੀ ਹੈ। ਉਸ ਨੇ ਕਿਹਾ, ”ਲੜਕਿਆਂ ਦਾ ਕਲੱਬ ਮੈਨੂੰ 3000 ਰੁਪਏ ਮਹੀਨਾ ਦਿੰਦਾ ਹੈ, ਜਿਹੜਾ ਮੇਰੇ ਲਈ ਬਹੁਤ ਜ਼ਰੂਰੀ ਹੈ।”

Leave a Reply

Your email address will not be published. Required fields are marked *