ਪੁਰਾਣੇ ਬਜੁਰਗ ਦੀ ਸੇਧ ,ਹਮੇਸ਼ਾ ਰਲ ਮਿਲ ਕੇ ਰਹਿਣ ਦੀ ਹੁੰਦੀ ਸੀ

ਓਹਨਾ ਦੀ ਹੁੰਦੀ ਬਹਿਸ ਝੱਟ ਹੀ ਲੜਾਈ ਵਿਚ ਬਦਲ ਗਈ ਤੇ ਦੋਵੇਂ ਇੱਕ ਦੂਜੇ ਨੂੰ ਤਾਹਨੇ -ਮੇਹਣੇ ਦਿੰਦੀਆਂ ਵੇਹੜੇ ਵਿਚ ਖੇਡਦੇ ਆਪੋ ਆਪਣੇ ਨਿਆਣੇ ਚੁੱਕ ਅੰਦਰ ਜਾ ਵੜੀਆਂ ਤੇ ਠਾਹ ਕਰਦੇ ਬੂਹੇ ਭੇੜ ਲਏ! ਕੁਝ ਸਮੇ ਬਾਅਦ ਹੀ ਬੂਹੇ ਤੇ ਦਸਤਕ ਹੋਈ ! ਉਸਨੇ ਅੰਦਰੋਂ ਹੀ ਉੱਚੀ ਸਾਰੀ ਅਵਾਜ ਵਿਚ ਪੁੱਛਿਆ…ਕੌਣ ਏ ? “ਮੈਂ ਹਾਂ ਜੀ ..” “ਕੀ ਲੈਣ ਆਈ ਏਂ ਹੁਣ ? ਹੁਣੇ ਹੀ ਤਾਂ ਵਡੀਆਂ ਵਡੀਆਂ ਸੋਹਾਂ ਖਾ ਕੇ ਗਈ ਸੀ ਕੇ ਮਾਂ ਦੀ ਧੀ ਨਾ ਆਖੀਂ ਜੇ ਤੇਰੇ ਨਾਲ ਦੋਬਾਰਾ ਬੋਲ ਗਈ ਤਾਂ ..ਹੁਣ ਕੀ ਹੋ ਗਿਆ ” ਤੇ ਨਾਲ ਹੀ ਉਸਨੇ ਬੂਹਾ ਖੋਲ ਦਿੱਤਾ ! ਸਾਮਣੇ ਜੇਠਾਣੀ ਚਾਹ ਦੇ ਦੋ ਕੱਪ ਲਈ ਖਲੋਤੀ ਮੁਸਕੁਰਾ ਰਹੀ ਸੀ ! “ਭੈਣੇਾਂ ਸੋਚ ਕੇ ਤੇ ਮੈਂ ਵੀ ਇਹੋ ਗਈ ਸਾਂ ਕੇ ਫੇਰ ਕਦੀ ਨੀ ਬੁਲਾਉਣਾ ਪਰ ਪਤਾ ਨੀ ਨਾਨੀ ਦੀ ਕਿਸੇ ਵੇਲੇ ਆਖੀ ਕਿਥੋਂ ਚੇਤੇ ਆ ਗਈ ਕੇ “ਜਦੋ ਕਿਸੇ ਨਾਲ ਨਰਾਜਗੀ ਹੋ ਜਾਵੇ ਤਾਂ ਉਸਦੀਆਂ 99 ਬੁਰਾਈਆਂ ਭੁੱਲ ਕੇ ਕੋਈ ਇੱਕ ਚੰਗਿਆਈ ਚੇਤੇ ਕਰ ਲਵੀਂ…ਉੱਬਲਦੇ ਦੁੱਧ ਵਿਚ ਪਾਣੀ ਦੇ ਛਿਟਿਆਂ ਦਾ ਕੰਮ ਕਰੂ” ਤੇਰੇ ਨਾਲ ਲੜ ਕੇ ਜਦੋ ਤੇਰੀਆਂ ਚੰਗਿਆਈਆਂ ਲੱਭਣ ਲੱਗੀ ਤਾਂ ਸੱਚੀ-ਮੁੱਚੀ ਢੇਰ ਹੀ ਲੱਗ ਗਿਆ..ਫੇਰ ਸੱਚੀ ਪੁਛੇਂ ਮੈਥੋਂ ਰਿਹਾ ਨਾ ਗਿਆ..ਓਸੇ ਵੇਲੇ ਚੁੱਲੇ ਤੇ ਲਾਚੀਆਂ ਅਧਰਕ ਵਾਲੀ ਚਾਹ ਧਰੀ ਤੇ ਛੇਤੀ ਨਾਲ ਕੱਪਾਂ ਚ ਪਾ ਤੇਰਾ ਦਰ ਖੜਕਾ ਦਿੱਤਾ” ਓਸੇ ਵੇਲੇ ਜੱਫੀਆਂ ਪੈ ਗਈਆਂ ਤੇ ਵੇਹੜੇ ਚੋਂ ਕੁਝ ਚਿਰ ਪਹਿਲਾਂ ਹੀ ਗੁਆਚ ਗਈ ਨਿਆਣਿਆਂ ਦੀ ਰੌਣਕ ਮੁੜ ਪਰਤ ਆਈ ! ਦੋਸਤੋ ਲੱਸੀ ਲੜਾਈ ਤੇ ਗਲਤਫਹਿਮੀਂ ਜਿੰਨੀ ਮਰਜੀ ਵਧਾ ਲਵੋ ਵਧਦੀ ਜਾਊ ਤੇ ਸੱਚੀ ਪੁਛੋ ਜੇ ਬੰਦਾ ਆਖਰੀ ਦੋ ਚੀਜਾਂ ਮੁਕਾਉਣ ਤੇ ਆ ਜਾਵੇ ਤਾਂ ਸਕਿੰਟ ਨੀ ਲੱਗਦਾ ਬਸ਼ਰਤੇ ਕੋਸ਼ਿਸ਼ ਇਮਾਨਦਾਰ ਹੋਵੇ !

Leave a Reply

Your email address will not be published. Required fields are marked *