ਰਾਜਸਥਾਨ— ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਰਾਜਸਥਾਨ ਦੇ ਰਹਿਣ ਵਾਲੇ ਜਵਾਨ ਰੋਹਿਤਾਸ਼ ਲਾਂਬਾ ਵੀ ਸ਼ਹੀਦ ਹੋ ਗਏ ਹਨ। ਉਨ੍ਹਾਂ ਦੇ ਘਰ ਮਾਤਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਸਾਲ ਪਹਿਲਾਂ ਹੀ ਰੋਹਿਤਾਸ਼ ਵਿਆਹ ਦੇ ਬੰਧਨ ‘ਚ ਬੱਝੇ ਸਨ। ਤਿੰਨ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਨੇ ਬੱਚੀ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਕਿ ਬੱਚੀ ਨੂੰ ਦੇਖਣ ਲਈ ਰੋਹਿਤਾਸ਼ ਹੋਲੀ ‘ਤੇ ਘਰ ਆਉਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਉਹ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਘਰ ‘ਚ ਹੀ ਨਹੀਂ ਸਗੋਂ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਹੈ।
ਉਨ੍ਹਾਂ ਦੇ ਦੋਸਤ ਨੇ ਦੱਸਿਆ ਕਿ ਘਰ ਸਾਰਾ ਕੁਝ ਸਹੀ ਚੱਲ ਰਿਹਾ ਸੀ, ਉਦੋਂ ਸ਼੍ਰੀਨਗਰ ਤੋਂ ਆਏ ਇਕ ਫੋਨ ਨਾਲ ਰੋਹਿਤਾਸ਼ ਦੇ ਘਰ ਮਾਤਮ ਪਸਰ ਗਿਆ। ਫੋਨ’ਤੇ ਸੀ.ਆਰ.ਪੀ.ਐੱਫ. ਦੇ ਮੇਜਰ ਨੇ ਘਰ ਵਾਲਿਆਂ ਨੂੰ ਸ਼ਹਾਦਤ ਦੀ ਖਬਰ ਦਿੱਤੀ ਤਾਂ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਰੋਹਿਤਾਸ਼ ਦੇ ਭਰਾ ਜਿਤੇਂਦਰ (ਜੀਤੂ) ਲਾਂਬਾ ਦੀ ਤਾਂ ਸਿਹਤ ਵਿਗੜ ਗਈ। ਨੇੜੇ-ਤੇੜੇ ਦੇ ਲੋਕਾਂ ਨੂੰ ਪਿੰਡ ਦੇ ਬੇਟੇ ਦੀ ਸ਼ਹਾਦਤ ਦੀ ਖਬਰ ਲੱਗੀ ਤਾਂ ਸਾਰੇ ਇਕੱਠੇ ਹੋ ਗਏ। ਪੂਰਾ ਪਿੰਡ ਰਾਤ ਭਰ ਜਾਗਦਾ ਰਿਹਾ। ਪਿੰਡ ‘ਚ ਵੱਖ-ਵੱਖ ਥਾਂ ਲੋਕ ਸਾਹਮਣੇ ਬੈਠੇ ਰਹੇ ਅਤੇ ਰੋਹਿਤਾਸ਼ ਦੀ ਸ਼ਹਾਦਤ, ਉਸ ਦੀ ਬਹਾਦਰੀ ਦੀ ਚਰਚਾ ਕਰਦੇ ਰਹੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਵੀਰਵਾਰ ਦੁਪਹਿਰ ਜਵਾਨਾਂ ‘ਤੇ ਹੋਏ ਸਭ ਤੋਂ ਵੱਡਾ ਆਤਮਘਾਤੀ ਹਮਲਾ ਹੋਇਆ। ਇਸ ਹਮਲੇ ‘ਚ 44 ਜਵਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 2500 ਜਵਾਨਾਂ ਦਾ ਕਾਫਲਾ ਪੁਲਵਾਮਾ ਜ਼ਿਲੇ ‘ਚ ਸ਼੍ਰੀਨਗਰ-ਜੰਮੂ ਰਾਜਮਾਰਗ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕ ਤੋਂ ਭਰੀ ਕਾਰ ਬੱਸ ‘ਚ ਜਾ ਵੱਜੀ ਅਤੇ 44 ਜਵਾਨਾਂ ਦੀ ਮੌਤ ਹੋ ਗਈ।