ਹੈਦਰਾਬਾਦ:ਜਲਦ ਹੀ ਰਾਇਲ ਐਨਫੀਲਡ ਦੀ ਸਸਤੀ ਬਾਈਕ ਦੇਖਣ ਨੂੰ ਮਿਲੇਗੀ। ਬਾਜ਼ਾਰ ‘ਚ ਛਾਈ ਮੰਦੀ ਵਿਚਕਾਰ ਕੰਪਨੀ 250 ਸੀਸੀ ‘ਚ ਨਵਾਂ ਮੋਟਰਸਾਈਕਲ ਲਾਂਚ ਕਰਨ ‘ਤੇ ਵਿਚਾਰ ਕਰ ਰਹੀ ਹੈ।
ਬੀਮਾ ਮਹਿੰਗਾ ਹੋਣ, ਸਰਕਾਰ ਵੱਲੋਂ ਬਾਈਕਸ ‘ਚ ABS ਜ਼ਰੂਰੀ ਕਰਨ ਅਤੇ ਲਾਗੂ ਹੋਣ ਜਾ ਰਹੇ ਬੀ. ਐੱਸ.-6 ਨਿਯਮਾਂ ਕਾਰਨ ਕੰਪਨੀ ਨੇ ਬੀਤੇ ਦੋ ਸਾਲਾਂ ‘ਚ ਮੋਟਰਸਾਈਕਲਾਂ ਦੀ ਕੀਮਤ 8-10 ਫੀਸਦੀ ਵਧਾਈ ਹੈ, ਜਿਸ ਕਾਰਨ ਉਸ ਨੂੰ ਬਾਜ਼ਾਰ ‘ਚ ਖਰੀਦਦਾਰਾਂ ਦਾ ਮਿਲਣਾ ਮੁਸ਼ਕਲ ਹੋ ਰਿਹਾ ਹੈ। ਸੁਸਤ ਅਰਥਵਿਵਸਥਾ ਤੇ ਬਾਜ਼ਾਰ ‘ਚ 1 ਲੱਖ ਰੁਪਏ ਤੋਂ 1.5 ਲੱਖ ਰੁਪਏ ਵਿਚਕਾਰ ਦਰਜਨਾਂ ਹੋਰ ਮੋਟਰਸਾਈਕਲ ਲਾਂਚ ਹੋਣ ਨਾਲ ਵੀ ਕੰਪਨੀ ਦੀ ਚਿੰਤਾ ਵਧੀ ਹੈ। ਪਿਛਲੇ ਪੰਜ-ਛੇ ਸਾਲਾਂ ਤੋਂ ਦੋਹਰੇ ਅੰਕਾਂ ‘ਚ ਗ੍ਰੋਥ ਦਰਜ ਕਰਨ ਵਾਲੀ ਰਾਇਲ ਐਨਫੀਲਡ ਨੇ ਇਸ ਵਾਰ ਪਿਛਲੇ 4 ਮਹੀਨਿਆਂ ਤੋਂ ਦੋਹਰੇ ਅੰਕਾਂ ‘ਚ ਗਿਰਾਵਟ ਦਰਜ ਕੀਤੀ ਹੈ। ਜਾਣਕਾਰੀ ਮੁਤਾਬਕ, ਕੰਪਨੀ ਦੂਰ-ਦੁਰਾਡੇ ਖੇਤਰਾਂ ‘ਚ ਪਹੁੰਚ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ 350 ਛੋਟੇ ਵਿਕਰੀ ਸਟੋਰ ਖੋਲ੍ਹੇ ਜਾ ਸਕਦੇ ਹਨ।
ਕੰਪਨੀ ਦਾ ਕਹਿਣਾ ਹੈ ਕਿ ਵਾਲਿਊਮ ‘ਚ ਮੌਜੂਦਾ ਗਿਰਾਵਟ ਕਾਫੀ ਹੱਦ ਤਕ ਆਰਥਿਕ ਮੰਦੀ ਨਾਲ ਸੰਬੰਧਤ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ 9 ਮਹੀਨਿਆਂ ‘ਚ ਕੀਮਤਾਂ ‘ਚ ਵਾਧੇ ਦੇ ਅਸਰ ਕਾਰਨ ਵਿਕਰੀ ਡਾਊਨ ਹੋਈ ਹੈ।