ਸਿਓਲ — ਦੱਖਣੀ ਕੋਰੀਆ ਦਾ ਇਕ ਵਫਦ ਦੋਹਾਂ ਦੇਸ਼ਾਂ ਨੂੰ ਵੰਡਣ ਵਾਲੇ ਕੋਰੀਆਈ ਪ੍ਰਾਇਦੀਪ ‘ਚ ਸੜਕ ਅਤੇ ਰੇਲਵੇ ਮਾਰਗ ਨੂੰ ਇਕ ਵਾਰ ਫਿਰ ਜੋੜਣ ਲਈ ਆਯੋਜਿਤ ਨੀਂਹ ਪੱਥਰ ਪ੍ਰੋਗਰਾਮ ਲਈ ਬੁੱਧਵਾਰ ਨੂੰ ਉੱਤਰੀ ਕੋਰੀਆ ਰਵਾਨਾ ਹੋਇਆ।
ਇਹ ਪ੍ਰੋਗਰਾਮ ਅਜਿਹੇ ਸਮੇਂ ‘ਚ ਆਯੋਜਿਤ ਕੀਤਾ ਜਾ ਰਿਹਾ ਹੈ ਜਦੋਂ ਦੋਹਾਂ ਕੋਰੀਆਈ ਦੇਸ਼ਾਂ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਨੂੰ ਲੈ ਕੇ ਗੱਲਬਾਤ ਰੁਕੀ ਹੋਈ ਹੈ। ਅਧਿਕਾਰੀਆਂ ਅਤੇ ਉੱਤਰੀ ਕੋਰੀਆ ‘ਚ ਜਨਮੇ 5 ਲੋਕਾਂ ਸਮੇਤ ਕਰੀਬ 100 ਦੱਖਣੀ ਕੋਰੀਆਈ ਨਾਗਰਿਕਾਂ ਨੂੰ ਲਿਜਾ ਰਹੀ 9 ਡੱਬਿਆਂ ਵਾਲੀ ਵਿਸ਼ੇਸ਼ ਟ੍ਰੇਨ ਸਵੇਰੇ ਸਿਓਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੁੰਦੀ ਹੋਈ ਦੇਖੀ ਗਈ। ਇਥੋਂ ਉੱਤਰੀ ਕੋਰੀਆਈ ਸਰਹੱਦ ਸ਼ਹਿਰ ਕੇਯਸੋਂਗ ਤੱਕ ਦਾ ਰਾਸਤਾ 2 ਘੰਟੇ ਦਾ ਹੈ। ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ-ਜੇਈ-ਇਨ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਓਨ ਪਿਓਂਗਯਾਂਗ ‘ਚ (ਸਤੰਬਰ ‘ਚ) ਆਪਣੀ ਤੀਜੀ ਮੁਲਾਕਾਤ ਦੌਰਾਨ ਸਾਲ ਦੇ ਆਖਿਰ ‘ਚ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾਣ ‘ਤੇ ਸਹਿਮਤ ਹੋਏ ਸਨ।