ਡਾਕਟਰਾਂ ਮੁਤਾਬਿਕ ਸਰਦੀ ਅਤੇ ਪ੍ਰਦੂਸ਼ਣ ਭਰੇ ਮਾਹੌਲ ਵਿਚ ਦਮੇ ਦਾ ਦੌਰਾ ਕਦੇ ਵੀ ਪੈ ਸਕਦਾ ਹੈ ਅਤੇ ਇਹ ਕਸਰਤ ਨਾਲ ਵੀ ਹੋ ਸਕਦਾ ਹੈ। ਇਸ ਨਾਲ ਦਮੇ ਦੇ ਮਰੀਜ਼ਾਂ ਦਾ ਸਾਹ ਮਾਰਗ ਪ੍ਰਭਾਵਿਤ ਹੋਣ ਲਗਦਾ ਹੈ ਅਤੇ ਉਨ੍ਹਾਂ ਦੀਆਂ ਸਾਹ ਨਾੜੀਆਂ ਸੁੰਗੜਨ ਲਗਦੀਆਂ ਹਨ ਅਤੇ ਰੇਸ਼ਾ ਵੀ ਜ਼ਿਆਦਾ ਬਣਨ ਲਗਦਾ ਹੈ। ਨਤੀਜੇ ਵਜੋਂ ਖੰਘ, ਸੀਨੇ ਵਿਚ ਜਕੜਨ ਮਹਿਸੂਸ ਹੋਣਾ, ਘਰਘਰਾਹਟ, ਸਾਹ ਲੈਣ ਵਿਚ ਮੁਸ਼ਕਿਲ ਆਦਿ ਸਮੱਸਿਆਵਾਂ ਹੋਣ ਲਗਦੀਆਂ ਹਨ। ਇਸ ਲਈ ਇਸ ਦੌਰਾਨ ਸਾਵਧਾਨੀ ਵਰਤਣ ਦੇ ਨਾਲ-ਨਾਲ ਡਾਕਟਰਾਂ ਦੁਆਰਾ ਦੱਸੀਆਂ ਗਈਆਂ ਦਵਾਈਆਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਉਂਜ ਤਾਂ ਕਦੇ-ਕਦੇ ਆਰਾਮ ਕਰਨ ਨਾਲ ਦੌਰੇ ਤੋਂ ਰਾਹਤ ਮਿਲ ਜਾਂਦੀ ਹੈ ਪਰ ਇਸ ਤੋਂ ਤੁਰੰਤ ਬਚਣ ਲਈ ਹਮੇਸ਼ਾ ਛੇਤੀ ਹੀ ਇਸ ਨਾਲ ਸਬੰਧਤ ਦਵਾਈਆਂ ਲੈਣੀਆਂ ਬਹੁਤ ਜ਼ਰੂਰੀ ਹੁੰਦਾ ਹੈ। ਦੱਸ ਦਈਏ ਕਿ ਇਸ ਸਮੇਂ ਹਰ 10 ਵਿਚੋਂ ਇਕ ਬੱਚੇ ਵਿਚ ਇਸ ਦੇ ਲੱਛਣ ਪਾਏ ਜਾਂਦੇ ਹਨ ਜਦੋਂ ਕਿ ਵੱਡਿਆਂ ਵਿਚ ਇਹ ਸਮੱਸਿਆ ਹਰ 20 ਲੋਕਾਂ ਵਿਚੋਂ ਇਕ ਵਿਚ ਪਾਈ ਜਾਂਦੀ ਹੈ। ਚਲੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਦੇ ਠੰਢੇ ਦਿਨਾਂ ਵਿਚ ਦਮੇ ਦੇ ਮਰੀਜ਼ ਕਿਵੇਂ ਆਪਣਾ ਖਿਆਲ ਰੱਖ ਸਕਦੇ ਹਨ।
ਇੰਜ ਰੱਖੋ ਖੁਦ ਦਾ ਖਿਆਲ
ਦਮੇ ਤੋਂ ਬਚਣ ਲਈ ਸਭ ਤੋਂ ਪਹਿਲਾਂ ਹਮੇਸ਼ਾ ਆਪਣੇ ਖਾਣ-ਪੀਣ ‘ਤੇ ਵਿਸ਼ੇਸ਼ ਧਿਆਨ ਦਿਓ। ਮੈਦੇ ਤੋਂ ਬਣੀਆਂ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਛੱਡ ਦਿਓ, ਕਿਉਂਕਿ ਇਸ ਨਾਲ ਸਾਹ ਨਲੀ ਵਿਚ ਰੁਕਾਵਟ ਪੈਦਾ ਹੁੰਦੀ ਹੈ, ਨਾਲ ਹੀ ਬਲਗਮ ਬਣਾਉਣ ਵਾਲੀਆਂ ਚੀਜ਼ਾਂ ਤੋਂ ਵੀ ਦੂਰੀ ਬਣਾ ਕੇ ਰੱਖੋ।
ਆਯੁਰਵੈਦ ਦੀ ਮੰਨੀਏ ਤਾਂ ਪਾਲਕ ਅਤੇ ਗਾਜਰ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਦਮੇ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ ਜਦੋਂਕਿ ਜੇ ਮੇਥੀ ਨੂੰ ਪਾਣੀ ਵਿਚ ਉਬਾਲ ਕੇ ਸ਼ਹਿਦ ਅਤੇ ਅਦਰਕ ਦੇ ਰਸ ਨਾਲ ਮਿਲਾ ਕੇ ਰੋਜ਼ਾਨਾ ਪੀਂਦੇ ਹੋ ਤਾਂ ਵੀ ਇਸ ਦੀ ਛੁੱਟੀ ਕੀਤੀ ਜਾ ਸਕਦੀ ਹੈ।
ਦੇਖਣ ਵਿਚ ਆਇਆ ਹੈ ਕਿ ਸਰਦੀਆਂ ਦੇ ਦਿਨਾਂ ਵਿਚ ਦਮੇ ਦੇ ਮਰੀਜ਼ ਸਰੀਰ ਨੂੰ ਗਰਮੀ ਦਿਵਾਉਣ ਲਈ ਕਦੇ-ਕਦੇ ਅੱਗ ਦੇ ਨੇੜੇ ਜਾ ਕੇ ਵੀ ਬੈਠ ਜਾਂਦੇ ਹਨ, ਜੋ ਕਾਫੀ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ।
ਜਦੋਂ ਦਮੇ ਦੇ ਰੋਗੀ ਕਿਤੇ ਬਾਹਰ ਘੁੰਮ ਕੇ ਘਰ ਆਉਂਦੇ ਹਨ ਤਾਂ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਜ਼ਰੂਰ ਧੋਣ, ਕਿਉਂਕਿ ਅਜਿਹਾ ਕਰਨ ਨਾਲ ਹੱਥਾਂ ਵਿਚ ਲੱਗੇ ਧੂੜ-ਮਿੱਟੀ ਦੇ ਕਣ ਅਤੇ ਕੀਟਾਣੂ ਉਨ੍ਹਾਂ ਦੀ ਸਾਹ ਨਲੀ ਜਾਂ ਮੂੰਹ ਤੱਕ ਅਸਾਨੀ ਨਾਲ ਨਹੀਂ ਪਹੁੰਚ ਸਕਣਗੇ। ਹੋਰ ਤਾਂ ਹੋਰ, ਸਰੀਰ ਵਿਚ ਪੈਦਾ ਹੋਣ ਵਾਲੀਆਂ ਹੋਰ ਕਈ ਬਿਮਾਰੀਆਂ ਤੋਂ ਵੀ ਮੁਕਤੀ ਮਿਲੇਗੀ।
ਜਿਥੋਂ ਤੱਕ ਸੰਭਵ ਹੋ ਸਕੇ, ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਗਰਮ ਕੱਪੜਿਆਂ ਨਾਲ ਢਕ ਕੇ ਰੱਖਣ ਅਤੇ ਏ. ਸੀ. ਅਤੇ ਪੱਖੇ ਤੋਂ ਦੂਰ ਰਹਿਣ ਤਾਂ ਲਾਭਦਾਇਕ ਹੋਵੇਗਾ। ਇਸ ਦੇ ਨਾਲ ਹੀ ਇਹ ਯਾਦ ਰੱਖਣ ਕਿ ਇਨਹੇਲਰ ਨਾਲ ਰੱਖਣ ਅਤੇ ਸਟੇਰਾਇਡ ਦੀ ਵਰਤੋਂ ਡਾਕਟਰ ਦੀ ਸਲਾਹ ‘ਤੇ ਹੀ ਕਰਨ।
ਦਮੇ ਤੋਂ ਪੀੜਤ ਵਿਅਕਤੀ ਕਦੇ ਵੀ ਕੇਲਾ ਨਾ ਖਾਣ, ਕਿਉਂਕਿ ਉਸ ਦੀ ਤਸੀਰ ਠੰਢੀ ਹੁੰਦੀ ਹੈ। ਇਸ ਤੋਂ ਇਲਾਵਾ ਮਾਸਾਹਾਰੀ ਭੋਜਨ ਵਿਚ ਮਸਾਲੇਦਾਰ ਤਲਿਆ ਕਬਾਬ, ਤਲੀ ਮੱਛੀ ਅਤੇ ਤਲੇ ਹੋਏ ਮਾਸ ਤੋਂ ਵੀ ਬਹੁਤ ਦੂਰ ਰਹਿਣ ਅਤੇ ਤਰਲ ਪਦਾਰਥਾਂ ਦਾ ਵੀ ਭੁੱਲ ਕੇ ਸੇਵਨ ਨਾ ਕਰਨ। ਤਾਂ ਹੀ ਖੁਦ ਨੂੰ ਇਸ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕਦਾ ਹੈ।
ਭੋਜਨ ਮਾਹਿਰਾਂ ਦੇ ਅਨੁਸਾਰ ਦਮੇ ਤੋਂ ਪੀੜਤ ਵਿਅਕਤੀ ਸਦਾ ਘਰ ਦਾ ਬਣਿਆ ਘੱਟ ਚਰਬੀ ਵਾਲਾ ਭੋਜਨ ਹੀ ਖਾਣ। ਜੇ ਤੁਹਾਨੂੰ ਖੱਟੇ ਪਦਾਰਥਾਂ ਤੋਂ ਐਲਰਜੀ ਹੁੰਦੀ ਹੈ ਤਾਂ ਇਸ ਦਾ ਸੇਵਨ ਕਰਨਾ ਵੀ ਬੰਦ ਕਰ ਦਿਓ।
ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸ਼ਹਿਦ ਅਤੇ ਤੁਲਸੀ ਦੇ ਪੱਤਿਆਂ ਨੂੰ ਕਾਲੀ ਮਿਰਚ ਦੇ ਨਾਲ ਮਿਲਾ ਕੇ, ਚਬਾ ਕੇ ਖਾਧਾ ਜਾਵੇ ਤਾਂ ਇਹ ਦਮੇ ਦੇ ਵਾਰ-ਵਾਰ ਪੈਂਦੇ ਦੌਰਿਆਂ ਦੀ ਸੰਭਾਵਨਾ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦਾ ਹੈ।
ਦਮੇ ਤੋਂ ਪੀੜਤ ਲੋਕਾਂ ਨੂੰ ਹਮੇਸ਼ਾ ਵਾਲ ਰੰਗਣ ਤੋਂ ਵੀ ਬਚਣਾ ਚਾਹੀਦਾ ਹੈ, ਕਿਉਂਕਿ ਇਸ ਵਿਚ ਅਜਿਹੇ ਕਈ ਰਸਾਇਣ ਮਿਲੇ ਹੁੰਦੇ ਹਨ ਜਿਨ੍ਹਾਂ ਨੂੰ ਸੁੰਘਣ ਨਾਲ ਹੀ ਸਾਹ ਸਬੰਧੀ ਪ੍ਰੇਸ਼ਾਨੀਆਂ ਆਪਣੇ-ਆਪ ਵਧਣ ਲਗਦੀਆਂ ਹਨ।
ਅੰਤ ਵਿਚ ਜੇ ਤੁਸੀਂ ਰੋਜ਼ਾਨਾ ਸਵੇਰੇ ਸੈਰ ਕਰਦੇ ਹੋ ਤਾਂ ਸੂਰਜ ਨਿਕਲਣ ਤੋਂ ਬਾਅਦ ਹੀ ਕਰੋ, ਕਿਉਂਕਿ ਪ੍ਰਦੂਸ਼ਣ ਦੀ ਵਜ੍ਹਾ ਨਾਲ ਰਾਤ ਦੇ ਵਾਤਾਵਰਨ ਵਿਚ ਜਮ੍ਹਾਂ ਧੂੰਆਂ ਸਵੇਰ ਦੀ ਧੁੰਦ ਵਿਚ ਮਿਲ ਕੇ ਸਮਾਗ ਬਣਾ ਦਿੰਦਾ ਹੈ। ਸਵੇਰੇ ਛੇਤੀ ਨਿਕਲਣ ਦੀ ਬਜਾਏ ਧੁੱਪ ਹੋਣ ‘ਤੇ ਹੀ ਸੈਰ ਲਈ ਨਿਕਲੋ ਤਾਂ ਕਾਫੀ ਲਾਭਦਾਇਕ ਸਾਬਤ ਹੋਵੇਗਾ।
ਧਿਆਨ ਰੱਖੋ, ਬਾਹਰ ਨਿਕਲਦੇ ਸਮੇਂ ਚਿਹਰੇ ‘ਤੇ ਮਾਸਕ ਵੀ ਜ਼ਰੂਰ ਲਗਾਓ, ਤਾਂ ਹੀ ਦਿਨੋ-ਦਿਨ ਵਧਦੀਆਂ ਦਮੇ ਦੀਆਂ ਸਮੱਸਿਆਵਾਂ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ।