ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਦਰਜ 31 ਸ਼ੁੱਧ ਰਾਗਾਂ ਵਿਚੋਂ 25ਵੇਂ ਸਥਾਨ ਦੀ ਬਖਸ਼ਿਸ਼ ਨੂੰ ਪ੍ਰਾਪਤ ‘ਰਾਗੁ ਬਸੰਤੁ’ ਅਜਿਹਾ ਪ੍ਰਸਿੱਧ ਮੌਸਮੀ ਤੇ ਸ਼੍ਰੋਮਣੀ ਰਾਗ ਹੈ, ਜਿਸ ਦੀਆਂ ਮਨਮੋਹਣੀਆਂ, ਸੁਰੀਲੀਆਂ, ਸੁਰਾਵਲੀਆਂ ਵਿਚ ਪਵਿੱਤਰ ਗੁਰਬਾਣੀ ਦਾ ਸ਼ਬਦ ਕੀਰਤਨ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਪੋਹ ਮਹੀਨੇ ਦੀ ਅਖੀਰਲੀ ਰਾਤ ਤੋਂ ਮਰਿਆਦਾ ਅਨੁਸਾਰ ਆਰੰਭ ਹੋ ਕੇ ਹੋਲਾ-ਮਹੱਲਾ ਦੇ ਪਵਿੱਤਰ ਦਿਹਾੜੇ ਦੀ ‘ਆਸਾ ਕੀ ਵਾਰ’ ਦੀ ਸ਼ਬਦ ਕੀਰਤਨ ਚੌਕੀ ਤੱਕ ਬਹੁਤ ਸ਼ਰਧਾ ਭਾਵਨਾ ਤੇ ਪੂਰੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੇ ਸਾਬਕਾ ਮੁੱਖ ਗ੍ਰੰਥੀ ਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਸ਼੍ਰੋ: ਗੁ: ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਦੁਆਰਾ ਆਪਣੀ ਪ੍ਰਕਾਸ਼ਿਤ ਪੁਸਤਕ ‘ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ’ ਦੇ ਪੰਨਾ 237 ‘ਤੇ ਰਾਗੁ ਬਸੰਤੁ ਸਬੰਧੀ ਲਿਖਦੇ ਹਨ, ‘ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬਸੰਤ ਰਾਗ ਗਾਉਣ ਦੀ ਪੁਰਾਤਨ ਸਮੇਂ ਤੋਂ ਜੋ ਮਰਿਆਦਾ ਚਲੀ ਆਉਂਦੀ ਹੈ, ਉਹ ਹੋਰ ਕਿਸੇ ਅਸਥਾਨ ‘ਤੇ ਨਹੀਂ। ਜਦੋਂ ਬਸੰਤ ਰਾਗ ਸਬੰਧੀ ਵਿਦਵਾਨਾਂ ‘ਚ ਚਰਚਾ ਚਲਦੀ ਹੈ ਤਾਂ ਬਸੰਤ ਰਾਗ ਤੇ ਬਸੰਤ ਰੁੱਤ ਦੀ ਸਮਾਨਤਾ ਦਾ ਜ਼ਿਕਰ ਨਾਂਅ ਦਾ ਇਕੋ ਜਿਹੇ ਹੋਣ ਦੇ ਨਾਲ-ਨਾਲ ਪ੍ਰਕ੍ਰਿਤਕ ਤੌਰ ‘ਤੇ ਬਸੰਤ ਰਾਗ ਤੇ ਬਸੰਤ ਰੁੱਤ ਦੀ ਵਿਰਾਸਤੀ ਸਾਂਝ (ਸੁਭਾਅ ਦੀ), ਨਿਰਧਾਰਤ ਰਾਗੁ ਬਸੰਤੁ ਵਿਚ ਸ਼ਬਦ ਗਾਇਨ ਉਪਰੰਤ ‘ਬਸੰਤ ਕੀ ਵਾਰ’ ਦੇ ਚਾਰ ਮਾਤਰਿਆਂ ਦੀ ਖੁੱਲ੍ਹੇ ਬੋਲਾਂ ਵਾਲੀ ਪਉੜੀ ਤਾਲ ‘ਚ ਗਾਇਨ ਕਰਨ ਤੋਂ ਇਲਾਵਾ ਜਿਥੇ ਦੇਸ਼ ਦੇ ਚੋਟੀ ਦੇ ਚਿੱਤਰਕਾਰਾਂ ਨੇ ਬਸੰਤ ਰਾਗ ਦਾ ਅਤਿ ਸੁੰਦਰ ਚਿੱਤਰ ਤਿਆਰ ਕਰਕੇ ਆਪਣੀ ਕਲਾਤਮਿਕ ਭਾਵਨਾ ਨੂੰ ਪ੍ਰਗਟ ਕੀਤਾ ਹੈ, ਉਥੇ ਬਸੰਤ ਦਾ ਸਬੰਧ ਪੀਲੇ ਰੰਗ ਦੇ ਨਾਲ ਹੋਣਾ, ਖੇਤਾਂ ‘ਚ ਆਈ ਹਰਿਆਲੀ, ਇਸ ਮੌਸਮੀ ਬਦਲਾਅ ਨੂੰ ਮਹਿਸੂਸ ਕਰਦਿਆਂ ‘ਆਈ ਬਸੰਤ ਪਾਲਾ ਉਡੰਤ’ ਦੀ ਰਾਇ ਆਮ ਲੋਕਾਂ ਵਲੋਂ ਪ੍ਰਗਟ ਕਰਨੀ ਅਤੇ ਹਿੰਦੁਸਤਾਨੀ ਤਾਲ ਵਾਦਨ ਪਰੰਪਰਾ ‘ਚ ਜਿਥੇ ਬਾਕਾਇਦਾ ‘ਬਸੰਤ ਤਾਲ’ ਦਾ ਜ਼ਿਕਰ ਹੁੰਦਾ ਹੈ, ਉਥੇ ਮਹਾਨ ਗੁਰਮਤਿ ਸੰਗੀਤ ਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਵਿਚ ਬਸੰਤ ਰਾਗ ਦੇ ਸੁਰਾਤਮਕ ਤਕਨੀਕ ਪੱਖੋਂ ਚਾਰ ਸੰਗੀਤਕ ਸਰੂਪ, ਜਿਨ੍ਹਾਂ ‘ਚ (1) ਪੂਰਵੀ ਅੰਗ ਦਾ ਬਸੰਤ, (2) ਬਿਲਾਵਲ ਅੰਗ ਦਾ ਬਸੰਤ, (3) ਮਾਰਵਾ ਅੰਗ ਦਾ ਬਸੰਤ, (4) ਕਲਿਆਣ ਅੰਗ ਦਾ ਬਸੰਤ ਸੰਗੀਤਕ ਖੇਤਰ ‘ਚ ਬਾਖੂਬੀ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਰਾਗ-ਰਾਗਣੀ ਵਰਗੀਕਰਨ ਦੇ ਅੰਤਰਗਤ ਬਸੰਤ ਰਾਗ ਨੂੰ ਜਿਥੇ ਇਕ ਪੁਰਸ਼ ਰਾਗ ਵਜੋਂ ਮਾਨਤਾ ਦਿੱਤੀ ਜਾਂਦੀ ਰਹੀ ਹੈ, ਉਥੇ ਪਟਨਾ ਦੇ ‘ਮੁਹੰਮਦ ਰਜ਼ਾ’ ਨੇ ‘ਨਾਗਮਾਤੇ ਆਸਫ਼ੀ 1813 ਈ: ਵਿਚ ਬਸੰਤ ਰਾਗ ਨੂੰ ਹਿੰਡੋਲ ਰਾਗ ਦੀ ਰਾਗਣੀ ਮੰਨਿਆ ਹੈ।
ਅਹਿਮ ਗੱਲ ਇਹ ਵੀ ਹੈ ਕਿ ਗੁਰਮਤਿ ਸੰਗੀਤ ਦੀ ਮਹਾਨ ਵਿਰਾਸਤ ਵਿਚ ਬਸੰਤ ਰਾਗ ਦੀਆਂ ਜਿਥੇ ਇਕ-ਇਕ ਸ਼ਬਦ ਦੀਆਂ ਅਨੇਕਾਂ ਬੰਦਸ਼ਾਂ ਨੂੰ ਸੁਰਲਿਪੀਬੱਧ ਕਰਨ ਦੇ ਨਾਲ-ਨਾਲ ਵੱਖ-ਵੱਖ ਸੰਗੀਤ ਵਿਦਵਾਨਾਂ ਵਲੋਂ ਸ਼ਲਾਘਾਯੋਗ ਉਪਰਾਲੇ ਕਰਕੇ ਕੀਮਤੀ ਤੇ ਸੁੰਦਰ ਬੰਦਿਸ਼ਾਂ ਦਾ ਸੰਗ੍ਰਹਿ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਕੇ ਵੀ ਗੁਰਬਾਣੀ ਸੰਗੀਤ ਦਾ ਪ੍ਰਚਾਰ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤਾ ਜਾ ਰਿਹਾ ਹੈ, ਉਥੇ ਸਿੱਖੀ ਦੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਪੁਰਾਤਨ ਸਮੇਂ ਤੋਂ ਹੀ ਗੁਰੂ ਦਰਬਾਰ ਦੇ ਸਤਿਕਾਰਯੋਗ ਰਬਾਬੀਏ ਤੇ ਰਾਗੀ ਪਵਿੱਤਰ ਗੁਰਬਾਣੀ ਨੂੰ ਵੱਖ-ਵੱਖ ਤਾਲਾਂ ‘ਚ ਤਾਲਬੱਧ ਕਰਕੇ ਹਾਜ਼ਰੀ ਲਗਵਾਉਂਦੇ ਆ ਰਹੇ ਹਨ, ਕਰ ਰਹੇ ਹਨ ਤੇ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਸਦਾ ਕਰਦੇ ਰਹਿਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ 1168 ਤੋਂ ਆਰੰਭ ਹੋ ਕੇ ਅੰਗ 1196 ਤੱਕ ਰਾਗ ਬਸੰਤ ਵਿਚ ਦਰਜ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 13, ਸ੍ਰੀ ਗੁਰੂ ਅਮਰਦਾਸ ਜੀ ਦੇ 19, ਸ੍ਰੀ ਗੁਰੂ ਰਾਮਦਾਸ ਜੀ ਦੇ 2 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 20 ਸ਼ਬਦ ਜਦਕਿ ‘ਰਾਗੁ ਬਸੰਤ ਹਿੰਡੋਲੁ’ ਵਿਚ ਪਹਿਲੇ ਪਾਤਿਸ਼ਾਹ ਦੇ 5, ਤੀਜੇ ਪਾਤਿਸ਼ਾਹ ਦਾ ਇਕ, ਚੌਥੇ ਪਾਤਿਸ਼ਾਹ ਦੇ 6, ਪੰਜਵੇਂ ਪਾਤਿਸ਼ਾਹ ਦੇ 3 ਅਤੇ 5 ਸ਼ਬਦ ਨੌਵੇਂ ਪਾਤਿਸ਼ਾਹ ਦੇ ਦਰਜ ਹਨ। ਅੰਗ 1193 ‘ਤੇ ‘ਬਸੰਤ ਕੀ ਵਾਰ ਮਹਲੁ ੫’ ਦਰਜ ਹੈ, ਜਿਸ ਦੀਆਂ ਤਿੰਨ ਪਉੜੀਆਂ ਹਨ। ਅੰਗ 1193 ਤੋਂ 1196 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਕਬੀਰ ਜੀ ਦੇ 7, ਭਗਤ ਰਾਮਾਨੰਦ ਜੀ ਦਾ ਇਕ, ਭਗਤ ਰਵਿਦਾਸ ਜੀ ਦਾ ਇਕ ਤੇ ਭਗਤ ਨਾਮਦੇਉ ਜੀ ਦੇ 3 ਸ਼ਬਦ ਹਨ ਜਦਕਿ ‘ਰਾਗੁ ਬਸੰਤੁ ਹਿੰਡੋਲੁ’ ਵਿਚ ਭਗਤ ਕਬੀਰ ਜੀ ਦਾ ਇਕ ਸ਼ਬਦ ਦਰਜ ਹੈ।
ਉਂਜ ਤਾਂ ਬਸੰਤ ਰੁੱਤ ਦੌਰਾਨ ਸਾਰੇ ਇਤਿਹਾਸਕ ਗੁਰੂ-ਘਰਾਂ ‘ਚ ਬਸੰਤ ਰਾਗ ਦੀਆਂ ਸੁਰਾਵਲੀਆਂ ਵਿਚ ਸ਼ਬਦ ਕੀਰਤਨ ਹੁੰਦਾ ਹੀ ਹੈ ਪਰ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਚ ਇਕ ਵਿਸ਼ੇਸ਼ ਮਰਿਆਦਾ ਹੈ। ਪੋਹ ਮਹੀਨੇ ਦੀ ਅਖੀਰਲੀ ਰਾਤ ਕਰੀਬ ਪੌਣੇ ਕੁ ਨੌਂ ਵਜੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋ ਰਹੇ ਸ਼ਬਦ ਕੀਰਤਨ ਦੌਰਾਨ ਉਚੇਚੇ ਤੌਰ ‘ਤੇ ਹਾਜ਼ਰ ਹਜ਼ੂਰੀ ਰਾਗੀ ਜਥਾ ਸ੍ਰੀ ‘ਅਨੰਦੁ’ ਸਾਹਿਬ ਦੀਆਂ 6 ਪਉੜੀਆਂ ਦਾ ਕੀਰਤਨ ਕਰਦਾ ਹੈ, ਉਪਰੰਤ ਰਾਗ ਬਸੰਤ ਵਿਚ ਸ਼ਬਦ ਕੀਰਤਨ ਦੀ ਆਰੰਭਤਾ ਵਾਸਤੇ ਅਰਦਾਸ ਹੋਣ ਤੋਂ ਬਾਅਦ ਰਾਗੀ ਜਥਾ ‘ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ’ ਦਾ ਗਾਇਨ ਬਾਕਾਇਦਾ ਨਿਰਧਾਰਤ ਰਾਗ ਵਿਚ ਹੀ ਕਰਦਾ ਹੈ। ਇਸ ਤਰ੍ਹਾਂ ‘ਆਸਾ ਕੀ ਵਾਰ’ ਕੀਰਤਨ ਚੌਕੀ ਵਿਚ ਤੇ ਬਾਕੀ ਸਾਰੀਆਂ (ਆਰਤੀ ਦੀ ਚੌਕੀ ਨੂੰ ਛੱਡ ਕੇ) ਕੀਰਤਨ ਚੌਕੀਆਂ ਦੇ ਆਰੰਭ ਤੇ ਭੋਗ ਸਮੇਂ ਬਸੰਤ ਰਾਗ ਦੀਆਂ ਸੁਰਾਂ ਵਿਚ ਸ਼ਬਦ ਗਾਇਨ ਕੀਤਾ ਜਾਂਦਾ ਹੈ।
ਹਰ ਕੀਰਤਨ ਚੌਕੀ ਦੀ ਸਮਾਪਤੀ ਸਮੇਂ ਸਹਾਇਕ ਰਾਗੀ ਸਿੰਘ ਪਹਿਲੇ ਪਾਤਸ਼ਾਹ ਦਾ ਰਚਿਤ ਸਲੋਕੁ ‘ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥’ (ਅੰਗ 1089) ਦਾ ਗਾਇਨ ਤਾਲ ਰਹਿਤ ਕਰਨ ਉਪਰੰਤ ਰਾਗੀ ਜਥਾ ਸਮੂਹਿਕ ਤੌਰ ‘ਤੇ ਬਸੰਤ ਕੀ ਵਾਰ ਦੀ ਤੀਜੀ ਪਉੜੀ ‘ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ॥’ ਦਾ ਗਾਇਨ ਤਾਲ ਸਹਿਤ ਕਰਦਾ ਹੈ ਤੇ ਫਿਰ ਸਹਾਇਕ ਰਾਗੀ ਸਿੰਘ ਦੁਬਾਰਾ ਤਾਲ ਰਹਿਤ ਗਾਇਨ ਕਰਦਾ ਹੈ। ਉਪਰੰਤ ਸ੍ਰੀ ‘ਜਪੁ’ ਜੀ ਸਾਹਿਬ ਦਾ ਸਲੋਕੁ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਗਾਇਨ ਵੀ ਬਸੰਤ ਰਾਗ ਦੀਆਂ ਸੁਰਾਵਲੀਆਂ ‘ਚ ਕਰਕੇ ਚੌਕੀ ਦੀ ਸਮਾਪਤੀ ਲਈ ਫ਼ਤਹਿ ਬੁਲਾਈ ਜਾਂਦੀ ਹੈ। ਹੋਲਾ ਮਹੱਲਾ ਦੇ ਦਿਹਾੜੇ ਦੀ ‘ਆਸਾ ਕੀ ਵਾਰ’ ਕੀਰਤਨ ਚੌਕੀ ਦਾ ਉਚੇਚੇ ਤੌਰ ‘ਤੇ ਅਰਦਾਸੀਆ ਸਿੰਘ ਬਸੰਤ ਰਾਗ ਦੇ ਸ਼ਬਦ ਗਾਇਨ ਦੀ ਸਮਾਪਤੀ ਲਈ ਅਰਦਾਸ ਬੇਨਤੀ ਕਰਦਾ ਹੈ। ਉਪਰੰਤ ਰੋਜ਼ਾਨਾ ਪ੍ਰਚੱਲਤ ਰਾਗਾਂ ‘ਚ ਸ਼ਬਦ ਕੀਰਤਨ ਆਰੰਭ ਹੋ ਜਾਂਦਾ ਹੈ।
–