ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ’ਚ ਸਭ ਤੋਂ ਪਹਿਲਾਂ ਆਪਣੇ ਸੂਬੇ ਪੰਜਾਬ ’ਚ 23 ਮਾਰਚ ਨੂੰ ਹੀ ਕਰਫ਼ਿਊ ਲਾ ਦਿੱਤਾ ਸੀ। ਉਸ ਤੋਂ ਇੱਕ ਦਿਨ ਪਹਿਲਾਂ ਹੀ ਪੂਰੇ ਦੇਸ਼ ’ਚ ਜਨਤਾ–ਕਰਫ਼ਿਊ ਲਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਉਨ੍ਹਾਂ ਗੁੰਮਸ਼ੁਦਾ ਐੱਨਆਰਆਈਜ਼ ਦਾ ਪਤਾ ਲਾਉਣ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ; ਜਿਨ੍ਹਾਂ ਦੇ ਵਿਦੇਸ਼ਾਂ ਤੋਂ ਪਰਤਣ ਤੋਂ ਬਾਅਦ ਹੀ ਗੁੰਮ ਹੋਣ ਦੀ ਗੱਲ ਕੀਤੀ ਗਈ ਸੀ।
ਪੰਜਾਬ ’ਚ ਅਜਿਹੇ ਗੁੰਮਸ਼ੁਦਾ ਐੱਨਆਰਆਈਜ਼ (NRIs) ਦੀ ਗਿਣਤੀ 1,300 ਦੇ ਲਗਭਗ ਹੈ। ਇਸ ਦੇ ਨਾਲ ਹੀ ਪੰਜਾਬ ਨੇ ਰੱਬੀ ਭਾਵ ਹਾੜ੍ਹੀ ਦੀ ਫ਼ਸਲ ਦੀ ਵਾਢੀ ਦੀ ਤਿਆਰੀ ਵੀ ਕਰਨੀ ਹੈ ਤੇ ਉਸ ਫ਼ਸਲ ਦੀ ਖ਼ਰੀਦਦਾਰੀ ਵੇਲੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ’ਚ ਹਰ ਸਾਲ 135 ਲੱਖ ਟਨ ਦੇ ਲਗਭਗ ਕਣਕ ਦੀ ਫ਼ਸਲ ਹੁੰਦੀ ਹੈ।
ਅਜਿਹੀਆਂ ਤਿਆਰੀਆਂ ਬਹੁਤ ਜ਼ਰੂਰੀ ਹਨ ਅਤੇ ਜੇ ਇਹ ਤਿਆਰੀਆਂ ਨਾ ਕੀਤੀਆਂ ਗਈਆਂ, ਤਾਂ ਇਸ ਨਾਲ ਪੰਜਾਬ ਦੀ ਅਰਥ–ਵਿਵਸਥਾ ਕਮਜ਼ੋਰ ਹੋ ਜਾਵੇਗੀ। ਅਜਿਹੇ ਵੇਲੇ ਪੇਸ਼ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗੱਲਬਾਤ ਦੇ ਕੁਝ ਮੁੱਖ ਅੰਸ਼:
ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਕਾਰਨ ਕੀਤੇ ਲੌਕਡਾਊਨ ਦਾ ਸੂਬੇ ਦੀ ਅਰਥ–ਵਿਵਸਥਾ ਉੱਤੇ ਕੀ ਅਸਰ ਪਵੇਗਾ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਹਾਲੇ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਮੁਲਾਂਕਣ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ। ਹਾਲੇ ਤਾਂ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਦਮ ਚੁੱਕਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
ਕੈਪਟਨ ਨੇ ਕਿਹਾ ਕਿਹਾ ਲੇ ਤਾਂ ਚਿੰਤਾ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਜ਼ਰੂਰੀ ਤੇ ਰੋਜ਼ਮੱਰਾ ਦੀਆਂ ਵਸਤਾਂ ਦੀ ਕੋਈ ਘਾਟ ਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀ ਇਸ ਸਖ਼ਤ ਇਮਤਿਹਾਨ ਤੇ ਸੰਕਟ ਦੀ ਘੜੀ ਵਿੱਚੋਂ ਵੀ ਜ਼ਰੂਰ ਬਚ ਕੇ ਬਾਹਰ ਨਿੱਕਲਣਗੇ।
‘ਹਿੰਦੁਸਤਾਨ ਟਾਈਮਜ਼’ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਅਜਿਹਾ ਕੋਈ ਵੀ ਵਰਗ ਜਾਂ ਭਾਈਚਾਰਾ ਨਹੀਂ ਹੈ, ਜਿਸ ਵਿੱਚ ਖਾਸ ਤੌਰ ’ਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਪਾਈ ਜਾ ਸਕੇ। ਇੱਥੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਮਾਜ ਦਾ ਫਲਾਣਾ ਵਰਗ ਇਸ ਵਾਇਰਸ ਤੋਂ ਹਰ ਹਾਲਤ ’ਚ ਬਚ ਸਕੇਗਾ।
ਇਸ ਘਾਤਕ ਵਾਇਰਸ ਤੋਂ ਸਭ ਨੂੰ ਖ਼ਤਰਾ ਹੈ ਅਤੇ ਇਸ ਵਾਇਰਸ ਦਾ ਜ਼ੋਰ ਹਾਲੇ ਅਗਲੇ ਕੁਝ ਦਿਨਾਂ ਅੰਦਰ ਹੋਰ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਅਜਿਹੇ ਹਰੇਕ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਦੇਖਭਾਲ ਲਈ ਤਿੰਨ ਪੱਧਰ ਦੇ ਕੇਂਦਰ ਬਣਾਏ ਗਏ ਹਨ। ਪਹਿਲੇ ਤਾਂ ਉਹ ਕੇਂਦਰ ਹਨ, ਜਿੱਥੇ ਇਸ ਮਾਰੂ ਵਾਇਰਸ ਦੀ ਲਾਗ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਤੇ ਗ੍ਰਸਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ; ਜਿਨ੍ਹਾਂ ਨੂੰ ਤੁਸੀਂ ‘ਇੰਟੈਂਸਿਵ ਕੇਅਰ ਯੂਨਿਟਸ’ (ICUs) ਵੀ ਆਖ ਸਕਦੇ ਹੋ। ਇਸ ਲਈ ਸਰਕਾਰੀ ਮੈਡੀਕਲ ਕਾਲਜਾਂ ’ਚ ਜਾਣ ਦੀ ਲੋੜ ਪੈਂਦੀ ਹੈ।
ਦੂਜੀ ਕਿਸਮ ਦੇ ਉਹ ਮਰੀਜ਼ ਹਨ, ਜਿਨ੍ਹਾਂ ਵਿੱਚ ਕੋਰੋਨਾ ਦੇ ਮਾਮੂਲੀ ਜਿਹੇ ਲੱਛਣ ਵਿਖਾਈ ਦਿੰਦੇ ਹਨ; ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂ ’ਚ ਰੱਖਿਆ ਜਾ ਰਿਹਾ ਹੈ। ਅਜਿਹੇ ਸਪੈਸ਼ਲ ਵਾਰਡ ਸਾਰੇ ਸਰਕਾਰੀ ਹਸਪਤਾਲਾਂ ’ਚ ਬਦਾਏ ਗਏ ਹਨ ਤੇ ਅਜਿਹੇ ਕੁੱਲ ਵਾਰਡਾਂ ਦੀ ਸਮਰੱਥਾ 5,000 ਬਿਸਤਰਿਆਂ ਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੀਜੀ ਕਿਸਮ ਦੇ ਕੇਂਦਰ ਕਾਲਜਾਂ ਦੇ ਹੋਸਟਲਾਂ ਦੀਆਂ ਇਮਾਰਤਾਂ ’ਚ ਬਣਾਉਣਗੇ ਹੋਣਗੇ; ਜੇ ਕਿਤੇ ਨੇੜ ਭਵਿੱਖ ’ਚ ਕੋਰੋਨਾ ਮਹਾਮਾਰੀ ਬਹੁਤ ਵੱਡੇ ਪੱਧਰ ਉੱਤੇ ਫੈਲ ਜਾਂਦੀ ਹੈ। ਤਦ ਪੰਜਾਬ 25,000 ਦੇ ਲਗਭਗ ਕੋਰੋਨਾ ਦੇ ਸੰਭਾਵੀ ਪਾਜ਼ਿਟਿਵ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਸਮਰੱਥ ਹੋਵੇਗਾ।
ਉਂਝ ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਭਾਰਤ ਦੀ ਇਹ ਖੁਸ਼ਕਿਸਮਤੀ ਹੀ ਆਖੀ ਜਾਵੇਗੀ ਕਿ ਇੱਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੀਜੇ ਪੜਾਅ ਤੱਕ ਨਹੀਂ ਪੁੱਜੀ; ਜਿਸ ’ਚ ਇਹ ਵਬਾਅ ਆਮ ਲੋਕਾਂ ’ਚ ਵੱਡੇ ਪੱਧਰ ਉੱਤੇ ਫੈਲ ਸਕਦੀ ਸੀ। ਉਨ੍ਹਾਂ ਕਿਹਾ ਕਿ ਜੇ ਕਿਤੇ ਅਜਿਹਾ ਹੁੰਦਾ ਹੈ; ਤਦ ਵੱਧ ਤੋਂ ਵੱਧ ਧਿਆਨ ਇਸ ਗੱਲ ’ਤੇ ਕੇਂਦ੍ਰਿਤ ਕੀਤਾ ਜਾਵੇਗਾ ਕਿ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਨਾ ਵਧੇ।
ਕੈਪਟਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਪਾਜ਼ਿਟਿਵ ਮਾਮਲੇ ਬਹੁਤ ਘੱਟ ਗਿਣਤੀ ’ਚ ਸਾਹਮਣੇ ਆ ਰਹੇ ਹਨ; ਜੋ ਕਿ ਵਧੀਆ ਗੱਲ ਹੈ। ਇਸ ਤੋਂ ਅਗਲੇ ਪੜਾਅ ’ਚ ਵੱਧ ਤੋਂ ਵੱਧ ਲੋਕਾਂ ਦੇ ਕੋਰੋਨਾ–ਟੈਸਟ ਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡਾਂ ’ਚ ਰੱਖਣ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮਹਾਮਾਰੀ ਨੂੰ ਇੰਝ ਹੀ ਰੋਕਿਆ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਮੋਹਾਲੀ ਤੇ ਅੰਮ੍ਰਿਤਸਰ ਦੋ ਕੌਮਾਂਤਰੀ ਹਵਾਈ ਅੱਡਿਆਂ ਰਾਹੀਂ 95,000 NRIs ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਆਏ ਹਨ ਤੇ ਅਸੀਂ ਉਨ੍ਹਾਂ ਦਾ ਮੈਡੀਕਲ ਚੈਕਅਪ ਕੀਤਾ ਹੈ। ਇਸ ਤੋਂ ਇਲਾਵਾ ਵਾਹਗਾ ਤੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਵੀ ਚੈਕਿੰਗ ਕੀਤੀ ਗਈ ਹੈ।
ਅਸੀਂ ਅਜਿਹੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਹੈ ਤੇ ਉਨ੍ਹਾਂ ਉੱਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਲਗਭਗ ਸਾਰੇ ਪਾਜ਼ਿਟਿਵ ਕੇਸ ਉਹੀ ਪਾਏ ਗਏ ਹਨ; ਜਿਹੜੇ ਵਿਦੇਸ਼ ਦੀ ਯਾਤਰਾ ਕਰ ਕੇ ਆਏ ਹਨ। ਜੇ ਅਸੀਂ ਵੇਖੀਏ, ਤਾਂ 95,000 ਵਿੱਚੋਂ ਬਹੁਤ ਘੱਟ ਪਾਜ਼ਿਟਿਵ ਮਾਮਲੇ ਪਾਏ ਗਏ ਹਨ; ਇਹ ਕੁਝ ਰਾਹਤ ਵਾਲੀ ਗੱਲ ਹੈ।
ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਆਖ਼ਰ ਇਸ ਕੋਰੋਨਾ–ਲੌਕਡਾਊਨ ਦਾ ਅਸਰ ਪੰਜਾਬ ਦੀ ਅਰਥ–ਵਿਵਸਥਾ ’ਤੇ ਕੀ ਪਵੇਗਾ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਬਾਰੇ ਹਾਲੇ ਕੁਝ ਵੀ ਆਖਣਾ ਜਲਦਬਾਜ਼ੀ ਹੋਵੇਗੀ। ਹਾਲੇ ਤਾਂ ਸੂਬੇ ਦੇ ਸਾਰੇ ਵਸੀਲੇ ਇਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਵਰਤੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਆਪਾਂ ਸਾਰੇ ਇਸ ਮਹਾਮਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਾਂ। ਹਾਲੇ ਤਾਂ ਅਸੀਂ ਆਪਣੀ ਜਨਤਾ ਨੂੰ ਹਰ ਸੰਭਵ ਮਦਦ ਪਹੁੰਚਾ ਰਹੇ ਹਾਂ। ‘ਮੈਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਕਿਹਾ ਹੈ ਕਿ ਇਸ ਸਥਿਤੀ ਨਾਲ ਟੱਕਰ ਲੈਣ ਲਈ ਇੱਕ ਵਿਸਤ੍ਰਿਤ ਵਿੱਤੀ ਐਮਰਜੈਂਸੀ ਯੋਜਨਾ ਉਲੀਕੀ ਜਾਵੇ। ਇਸ ਮਹਾਂਮਾਰੀ ਨਾਲ ਜੂਝਣ ਤੋਂ ਬਾਅਦ ਅਰਥ–ਵਿਵਸਥਾ ’ਤੇ ਵੱਡਾ ਅਸਰ ਪੈਣ ਵਾਲਾ ਹੈ; ਜਿਸ ਵਿੱਚੋਂ ਲੰਘਣ ਲਈ ਵੀ ਬਹੁਤ ਜ਼ਿਆਦਾ ਸਮਾਂ ਲੱਗੇਗਾ। ਅਜਿਹੇ ਹਾਲਾਤ ਸਿਰਫ਼ ਪੰਜਾਬ ’ਚ ਹੀ ਨਹੀਂ, ਸਗੋਂ ਸਮੁੱਚੇ ਦੇਸ਼ ’ਚ ਹੀ ਹਨ।’
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਇੱਕ ਵੀ ਪ੍ਰਵਾਸੀ ਮਜ਼ਦੂਰ ਪੰਜਾਬ ਦੀਆਂ ਸੜਕਾਂ ’ਤੇ ਵਿਖਾਈ ਨਹੀਂ ਦੇਣਾ ਚਾਹੀਦਾ। ਉਦਯੋਗਾਂ ਤੇ ਭੱਠਾ–ਮਾਲਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਕੋਲ ਆਸਰਾ ਦੇਣ। ਇਸ ਤੋਂ ਇਲਾਵਾ ਰਾਧਾ ਸੁਆਮੀ ਸਤਿਸੰਗ ਨਾਲ ਵੀ ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਟਿਕਾਣਾ ਦੇਣ ਲਈ ਗੱਲਬਾਤ ਕੀਤੀ ਜਾ ਰਹੀ ਹੈ; ਤਾਂ ਜੋ ਤਾਂ ਅਜਿਹਾ ਨਾ ਹੋਵੇ ਕਿ ਅਗਲੇ ਦੋ ਕੁ ਹਫ਼ਤਿਆਂ ਤੱਕ ਕਣਕ ਦੀ ਵਾਢੀ ਸ਼ੁਰੂ ਹੋਣ ਸਮੇਂ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਮਿਲਣ ਹੀ ਨਾ।
ਮੁੱਖ ਮੰਤਰੀ ਨੇ ਦੱਸਿਆ ਕਿ ਲੌਕਡਾਊਨ ਕਾਰਨ ਬੇਰੁਜ਼ਗਾਰ ਹੋ ਚੁੱਕੇ ਦਿਹਾੜੀਦਾਰ ਮਜ਼ਦੂਰਾਂ ਤੱਕ ਭੋਜਨ ਤੇ ਰਹਿਣ ਲਈ ਟਿਕਾਣਾ ਉਪਲਬਧ ਕਰਵਾਉਣ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਨਾਲ ਭਾਰਤ ਵਾਸੀ ਬਹੁਤ ਮਜ਼ਬੂਤੀ ਨਾਲ ਟੱਕਰ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਪ੍ਰਵਾਸੀ ਮਜ਼ਦੂਰਾਂ ਦੀ ਹਿਜਰਤ ਦੀ ਸਮੱਸਿਆ ਨਾ ਹੁੰਦੀ, ਤਾਂ ਹੁਣ ਤੱਕ ਲੌਕਡਾਊਨ ਬਹੁਤ ਆਰਾਮ ਨਾਲ ਚੱਲ ਰਿਹਾ ਹੈ; ਸਿਰਫ਼ ਇਨ੍ਹਾਂ ਮਜ਼ਦੂਰਾਂ ਦੇ ਖਾਣੇ ਤੇ ਰਹਿਣ ਦੇ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਾਂ ਦੀ ਮਦਦ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ GST ਮੁਆਵਜ਼ੇ ਦਾ ਹਿੱਸਾ ਛੇਤੀ ਤੋਂ ਛੇਤੀ ਜਾਰੀ ਕਰਨ। ਇਸ ਦੇ ਨਾਲ ਹੀ ਮਗਨਰੇਗਾ ਦੇ ਬਕਾਇਆ ਭੁਗਤਾਨ ਵੀ ਜਾਰੀ ਹੋਣੇ ਚਾਹੀਦੇ ਹਨ। ਉਦਯੋਗਿਕ ਤੇ ਖੇਤੀਬਾੜੀ ਕਰਜ਼ਿਆਂ ਦੀਆਂ ਕਿਸ਼ਤਾਂ ਦੇ ਭੁਗਤਾਨ ਵੀ ਮੁਲਤਵੀ ਹੋਣੇ ਚਾਹੀਦੇ ਹਲ। ਪੁਲਿਸ ਤੇ ਸਫ਼ਾਈ ਸੇਵਕਾਂ ਲਈ ਖਾਸ ਬੀਮਾ ਸਕੀਮ ਐਲਾਨੀ ਜਾਣੀ ਚਾਹੀਦੀ ਹੈ – ਕੇਂਦਰ ਸਰਕਾਰ ਨੂੰ ਅਜਿਹੇ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਮੰਡੀਆਂ ਤੱਕ ਫ਼ਸਲ ਪਹੁੰਚਾਉਣ ਵਾਲੇ ਕਿਸਾਨਾਂ ਵਾਸਤੇ ਵੀ ਵਿਸ਼ੇਸ਼ ਵਿੱਤੀ–ਪ੍ਰੋਤਸਾਹਨ (ਇੰਸੈਂਟਿਵ) ਐਲਾਨਣੇ ਚਾਹੀਦੇ ਹਨ।