ਹੁਣ ਗਰੀਬ ਦੀ ਥਾਲੀ ਹੋਵੇਗੀ ਸਸਤੀ

ਨਵੀਂ ਦਿੱਲੀ— ਸਰਕਾਰ ‘ਟਾਰਗੇਟ ਪਬਲਿਕ ਡਿਸਟ੍ਰੀਬਿਊਸ਼ਨ ਸਕੀਮ (ਟੀ. ਪੀ. ਡੀ. ਐੱਸ.)’ ‘ਚ ਗਰੀਬ ਪਰਿਵਾਰਾਂ ਲਈ ਅਨਾਜ ਵੰਡ ਵਧਾਉਣ ‘ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਸਰਕਾਰੀ ਖਰੀਦ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਗੋਦਾਮਾਂ ‘ਚ ਭਰਿਆ ਪੁਰਾਣਾ ਸਟਾਕ ਘੱਟ ਹੋ ਸਕੇ।
ਜਾਣਕਾਰੀ ਮੁਤਾਬਕ, ਜਨਤਕ ਵੰਡ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਲਈ ਅਨਾਜ ਖਰੀਦਣ ਵਾਲੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਕੋਲ ਕਣਕ ਅਤੇ ਚਾਵਲ ਦਾ ਕੁੱਲ ਸਟਾਕ 4.77 ਕਰੋੜ ਟਨ ਤੋਂ ਵੱਧ ਹੋ ਚੁੱਕਾ ਹੈ, ਜੋ ਸਾਲ 2013 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। 2013 ‘ਚ ਇਹ ਸਟਾਕ 6.63 ਕਰੋੜ ਟਨ ਹੋ ਗਿਆ ਸੀ।
ਹਰ ਮਹੀਨੇ ਮਿਲੇਗਾ 40 ਕਿਲੋ ਅਨਾਜ-
ਖੁਰਾਕ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਕਲਿਆਣਕਾਰੀ ਯੋਜਨਾਵਾਂ ‘ਚ ਗਰੀਬ ਪਰਿਵਾਰਾਂ ਨੂੰ ਸਬਸਿਡੀ ‘ਤੇ ਅਨਾਜ ਦਿੱਤਾ ਜਾਂਦਾ ਹੈ, ਉਨ੍ਹਾਂ ‘ਚ ਚਾਵਲ ਅਤੇ ਕਣਕ ਦੀ ਵੰਡ 3-5 ਕਿਲੋ ਵਧਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਾਲ ਗੋਦਾਮਾਂ ‘ਚ ਵਧ ਰਿਹਾ ਭੰਡਾਰ ਘੱਟ ਹੋਵੇਗਾ ਅਤੇ ਕਣਕ ਦੀ ਨਵੀਂ ਖਰੀਦ ‘ਚ ਸਹੂਲਤ ਹੋਵੇਗੀ, ਜੋ 15 ਮਾਰਚ ਨੂੰ ਮੱਧ ਪ੍ਰਦੇਸ਼ ਤੋਂ ਸ਼ੁਰੂ ਹੋਣ ਵਾਲੀ ਹੈ।
ਸਰਕਾਰ ਰਾਸ਼ਨ ਦੀਆਂ ਦੁਕਾਨਾਂ ‘ਤੇ ਹਰ ਗਰੀਬ ਵਿਅਕਤੀ ਲਈ ਪ੍ਰਤੀ ਮਹੀਨੇ 5 ਕਿਲੋ ਅਨਾਜ ਦਿੰਦੀ ਹੈ। ‘ਅੰਤੋਦਿਆ ਅੰਨ ਯੋਜਨਾ’ ਤਹਿਤ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 35 ਕਿਲੋ ਅਨਾਜ ਦਿੱਤਾ ਜਾਂਦਾ ਹੈ। ਇਸ ‘ਚ ਚਾਵਲ 3 ਰੁਪਏ ਕਿਲੋ, ਕਣਕ 2 ਰੁਪਏ ਕਿਲੋ, ਜਦੋਂ ਕਿ ਮੋਟਾ ਅਨਾਜ 1 ਰੁਪਏ ਕਿਲੋ ਦੇ ਮੁੱਲ ‘ਤੇ ਦਿੱਤਾ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਜੇਕਰ ਮਾਤਰਾ ਵਧਾਈ ਤਾਂ ਹਰ ਗਰੀਬ ਵਿਅਕਤੀ ਨੂੰ ਪ੍ਰਤੀ ਮਹੀਨੇ 8-10 ਕਿਲੋ ਅਨਾਜ ਦਿੱਤਾ ਜਾਵੇਗਾ। ਇਸੇ ਤਰ੍ਹਾਂ ਅੰਤੋਦਿਆ ਯੋਜਨਾ ਵਾਲੇ ਪਰਿਵਾਰਾਂ ਨੂੰ ਹਰ ਮਹੀਨੇ 40 ਕਿਲੋ ਅਨਾਜ ਮਿਲੇਗਾ।

Leave a Reply

Your email address will not be published. Required fields are marked *