ਬੀਜਿੰਗ— ਚੀਨ ਦੀ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ 8 ਸਾਲ ਦੀ ਬੱਚੀ ਅਚਾਨਕ ਪਾਂਡਾ ਦੇ ਵਾੜੇ ਵਿਚ ਡਿੱਗ ਪਈ। ਸੁਰੱਖਿਆ ਕਰਮਚਾਰੀਆਂ ਦੀ ਸੂਝ-ਬੂਝ ਅਤੇ ਹੁਸ਼ਿਆਰੀ ਨਾਲ ਬੱਚੀ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਇਹ ਘਟਨਾ ਚੀਨ ਦੇ ਚੇਂਗਦੂ ਰਿਸਰਚ ਬੇਸ ਆਫ ਜਿਆਂਟ ਪਾਂਡਾ ਬ੍ਰੀਡਿੰਗ ਦੀ ਹੈ। ਜਾਣਕਾਰੀ ਮੁਤਾਬਕ 8 ਸਾਲ ਦੀ ਬੱਚੀ ਵੀਕੈਂਡ ‘ਤੇ ਆਪਣੇ ਮਾਤਾ-ਪਿਤਾ ਨਾਲ ਇੱਥੇ ਘੁੰਮਣ ਆਈ ਸੀ। ਇਸ ਦੌਰਾਨ ਜਦੋਂ ਬੱਚੀ ਉੱਪਰੋਂ ਪਾਂਡਾ ਦੇ ਵਾੜੇ ਵੱਲ ਦੇਖ ਰਹੀ ਸੀ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਪਈ। ਜਿਵੇਂ ਹੀ ਬੱਚੀ ਪਾਂਡਾ ਦੇ ਵਾੜੇ ਵਿਚ ਡਿੱਗਦੀ ਹੈ, ਦੋ ਪਾਂਡਾ ਉਸ ਵੱਲ ਵੱਧਦੇ ਹਨ। ਬੱਚੀ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੰਦੀ ਹੈ। ਮੌਕੇ ‘ਤੇ ਮੌਜੂਦ ਹੋਰ ਲੋਕ ਉੱਥੇ ਪਹੁੰਚਦੇ ਹਨ ਅਤੇ ਬੱਚੀ ਨੂੰ ਬਚਾਉਣ ਲਈ ਮਦਦ ਦੀ ਅਪੀਲ ਕਰਦੇ ਹਨ। ਲੋਕਾਂ ਦਾ ਸ਼ੋਰ ਸੁਣ ਦੋ ਗਾਰਡ ਤੁਰੰਤ ਬੱਚੀ ਦੀ ਮਦਦ ਲਈ ਪਹੁੰਚਦੇ ਹਨ।
ਗਾਰਡ ਪਹਿਲਾਂ ਇਕ ਛੋਟੇ ਜਿਹੇ ਪੋਲ ਨਾਲ ਬੱਚੀ ਨੂੰ ਸੁਰੱਖਿਅਤ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਪਰ ਅਸਫਲ ਰਹਿੰਦੇ ਹਨ। ਇਸ ਵਿਚਕਾਰ ਇਕ ਹੋਰ ਪਾਂਡਾ ਹੌਲੀ-ਹੌਲੀ ਬੱਚੀ ਵੱਲ ਵੱਧਦਾ ਹੈ। ਬੱਚੀ ਡਰ ਦੇ ਮਾਰੇ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ। ਮੌਕੇ’ਤੇ ਮੌਜੂਦ ਇਕ ਹੋਰ ਗਾਰਡ ਆਪਣੀ ਜਾਨ ਖਤਰੇ ਵਿਚ ਪਾ ਕੇ ਬੱਚੀ ਦੀ ਮਦਦ ਕਰਦਾ ਹੈ। ਗਾਰਡ ਹੇਠਾਂ ਵੱਲ ਲਟਕ ਕੇ ਬੱਚੀ ਵੱਲ ਆਪਣਾ ਹੱਥ ਕਰਦਾ ਹੈ। ਇਸ ਦੌਰਾਨ ਉਸ ਦੀ ਟੋਪੀ ਪਾਂਡਾ ਦੇ ਵਾੜੇ ਵਿਚ ਡਿੱਗ ਪੈਂਦੀ ਹੈ। ਉੱਧਰ ਬੱਚੀ ਤੁਰੰਤ ਗਾਰਡ ਦਾ ਹੱਥ ਫੜ ਲੈਂਦੀ ਹੈ ਅਤੇ ਉੱਪਰ ਖੜ੍ਹੇ ਲੋਕ ਗਾਰਡ ਸਮੇਤ ਬੱਚੀ ਨੂੰ ਬਾਹਰ ਖਿੱਚ ਲੈਂਦੇ ਹਨ।
ਬੱਚੀ ਨੂੰ ਬਾਹਰ ਕੱਢਣ ਦੇ ਤੁਰੰਤ ਬਾਅਦ ਉਸ ਦੇ ਮਾਤਾ-ਪਿਤਾ ਨਾਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ। ਇਸ ਘਟਨਾ ਨਾਲ ਬੱਚੀ ਕਾਫੀ ਡਰ ਗਈ ਸੀ। ਬੱਚੀ ਨੂੰ ਮਾਮੂਲੀ ਝਰੀਟਾਂ ਲੱਗੀਆਂ ਸਨ। ਲੋਕ ਪਾਂਡਾ ਦੇ ਵਾੜੇ ਵਿਚੋਂ ਬੱਚੀ ਨੂੰ ਬਾਹਰ ਕੱਢਣ ਵਾਲੇ ਗਾਰਡ ਲਿਊ ਗੁਹੁਆ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ। ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਵਾਇਰਲ ਹੁੰਦਾ ਦੇਖ ਸਿਚੁਆਨ ਸੂਬੇ ਵੱਲੋਂ ਇਕ ਚਿਤਾਵਨੀ ਜਾਰੀ ਕੀਤੀ ਗਈ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ,”ਪਾਂਡਾ ਹਮੇਸ਼ਾ ਸ਼ਾਂਤ ਨਹੀਂ ਹੁੰਦੇ। ਗੁੱਸੇ ਵਿਚ ਹੋਣ ‘ਤੇ ਪਾਂਡਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੇ ਹਨ।”