ਧਨਵੀਰ ਸਿੰਘ ਭੰਡਾਰੀ ਨੂੰ ਜੇਕਰ ਪੂਰੇ ਉੱਤਰਾਖੰਡ ਦਾ ਮਾਣ ਆਖ ਦਿੱਤਾ ਜਾਵੇ ਤਾਂ ਅਤਿਕਥਨੀ ਨਹੀਂ ਆਖੀ ਜਾ ਸਕਦੀ ਪਰ ਇਸ ਦੇ ਨਾਲ ਹੀ ਪਵਿੱਤਰ ਗੰਗਾ ਨਦੀ ਦੇ ਕਿਨਾਰੇ ਵਸੇ ਸ਼ਹਿਰ ਰਿਸ਼ੀਕੇਸ ਦੇ ਵਾਸੀ ਆਖਦੇ ਹਨ ਕਿ ਧਨਵੀਰ ਸਿੰਘ ਸਾਡਾ ਮਾਣ ਹੈ। ਧਨਵੀਰ ਸਿੰਘ ਦਾ ਜਨਮ ਰਿਸ਼ੀਕੇਸ ਵਿਖੇ 10 ਮਈ, 1985 ਨੂੰ ਪਿਤਾ ਸੱਤਿਆ ਸਿੰਘ ਦੇ ਘਰ ਮਾਤਾ ਗਨੇਸੀ ਦੇਵੀ ਦੀ ਕੁੱਖੋਂ ਤਪੋਵਨ ਲਖਸ਼ਮਣ ਝੂਲਾ ਵਿਖੇ ਹੋਇਆ। ਧਨਵੀਰ ਸਿੰਘ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਲੀ ਪੱਧਰ ‘ਤੇ ਹੀ ਇਕ ਚੰਗੇ ਦੌੜਾਕ ਵਜੋਂ ਉੱਭਰਿਆ ਅਤੇ ਉਹ 1500 ਮੀਟਰ, 3000 ਮੀਟਰ ਅਤੇ 5000 ਮੀਟਰ ਦੌੜ ਵਿਚ ਸਕੂਲ ਵਜੋਂ ਚੈਂਪੀਅਨ ਬਣਿਆ ਅਤੇ ਧਨਵੀਰ ਸਿੰਘ ਦੀ ਇਹ ਦਿਲੀ ਇੱਛਾ ਸੀ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਲਈ ਦੌੜੇਗਾ ਅਤੇ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰੇਗਾ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਸਾਲ 2009 ਵਿਚ ਉਹ ਆਪਣੇ ਇਕ ਦੋਸਤ ਨਾਲ ਬਾਜ਼ਾਰ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਵਾਹਨ ਨੇ ਬੁਰੀ ਤਰ੍ਹਾਂ ਲਪੇਟ ਵਿਚ ਲੈ ਲਿਆ ਅਤੇ ਉਹ ਦੋਵੇਂ ਦੋਸਤ ਜ਼ਖਮੀ ਹੋ ਗਏ।
ਬੁਰੀ ਤਰ੍ਹਾਂ ਜ਼ਖ਼ਮੀ ਹੋਏ ਧਨਵੀਰ ਸਿੰਘ ਦਾ ਡਾਕਟਰੀ ਇਲਾਜ ਚੱਲਿਆ ਪਰ ਇਲਾਜ ਹੋਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਪਾਈਨਲ ਕੋਰਡ ਇੰਜਰੀ ਹੋ ਜਾਣ ਦੀ ਪੁਸ਼ਟੀ ਕਰ ਦਿੱਤੀ ਭਾਵ ਉਸ ਦੇ ਨਿਚਲੇ ਹਿੱਸੇ ਨੇ ਕੰਮ ਕਰਨਾ ਛੱਡ ਦਿੱਤਾ ਅਤੇ ਜਦ ਇਸ ਗੱਲ ਦਾ ਪਤਾ ਧਨਵੀਰ ਸਿੰਘ ਨੂੰ ਲੱਗਾ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਅਤੇ ਉਹ ਸੋਚਣ ਲੱਗਾ ਕਿ ਕੀ ਤੋਂ ਕੀ ਹੋ ਗਿਆ। ਧਨਵੀਰ ਸਿੰਘ ਇਸ ਹਾਦਸੇ ਤੋਂ ਬਾਅਦ ਡੂੰਘੇ ਸਦਮੇ ਵਿਚ ਚਲਾ ਗਿਆ। ਮਾਂ-ਬਾਪ ਨੇ ਆਸਰਾ ਦਿੱਤਾ ਅਤੇ ਉਸ ਨੂੰ ਬੈਸਾਖੀਆਂ ਦੇ ਸਹਾਰੇ ਚੱਲਣ ਦੇ ਸਮਰੱਥ ਕਰ ਦਿੱਤਾ। ਇਕ ਦਿਨ ਉਹ ਘਰ ਵਿਚ ਬੈਠਾ ਦੂਰ ਤੱਕ ਵਿਸ਼ਾਲ ਹਿਮਾਲਿਆ ਦੇ ਪਹਾੜ ਤੱਕ ਰਿਹਾ ਸੀ ਅਤੇ ਧਨਵੀਰ ਸਿੰਘ ਨੇ ਸੋਚਿਆ ਕਿ ਕੁਦਰਤ ਵੀ ਕਿੰਨੀ ਮਹਾਨ ਹੈ, ਪਹਾੜਾਂ ਵਿਚੋਂ ਦੀ ਦੁੱਧ ਰੰਗੀ ਇਕ ਬੱਦਲੀ ਉੱਚੀ ਉਡਾਨ ਭਰਦੀ ਦਿਖਾਈ ਦਿੱਤੀ ਤਾਂ ਧਨਵੀਰ ਸਿੰਘ ਸੋਚਣ ਲੱਗਾ ਕਿ, ‘ਇਤਨੀ ਠੋਕਰੇਂ ਦੇਨੇ ਕੇ ਲੀਏ ਸ਼ੁਕਰੀਆਂ ਏ ਜ਼ਿੰਦਗੀ, ਚਲਨੇ ਕਾ ਨਾ ਸਹੀ ਸੰਭਲਨੇ ਕਾ ਹੁਨਰ ਤੋ ਆ ਈ ਜਾਏਗਾ…।’ ਕੁਦਰਤ ਦਾ ਭਾਣਾ ਸਵੀਕਾਰ ਕਰ ਧਨਵੀਰ ਹੌਂਸਲੇ ਵਿਚ ਆਇਆ ਅਤੇ ਮਨ ਨੇ ਉਡ ਰਹੀ ਬੱਦਲੀ ਵਾਂਗ ਉਡਾਨ ਭਰੀ ਅਤੇ ਅੰਗੜਾਈ ਲੈ ਕੇ ਬੋਲਿਆ, ‘ਜ਼ਿੰਦਗੀ ਚੱਲਨੇ ਕਾ ਨਾਮ ਹੈ…।’ ਧਨਵੀਰ ਸਿੰਘ ਨੇ ਯੋਗਾ ਕਰਨਾ ਅਤੇ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਉਹ ਇਸ ਖੇਤਰ ਵਿਚ ਯੋਗ ਗੁਰੂ ਬਣਿਆ। ਇਕ ਦਿਨ ਉਸ ਨੂੰ ਸਪਾਈਨਲ ਕੋਰਡ ਇੰਜਰੀ ਤੋਂ ਹੀ ਪੀੜਤ ਅਤੇ ਪੈਰਾ ਖਿਡਾਰੀ ਗਜਿੰਦਰ ਸਿੰਘ ਨੇਗੀ ਦਾ ਫੋਨ ਆਇਆ। ਉਸ ਨੇ ਉਸ ਨੂੰ ਅੰਗਹੀਣ ਭਾਵ ਪੈਰਾ ਖੇਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਧਨਵੀਰ ਸਿੰਘ ਨੂੰ ਲੱਗਾ ਕਿ ਜਿਵੇਂ ਉਸ ਦੀ ਉਡਾਨ ਨੂੰ ਹੋਰ ਪੰਖ ਲੱਗ ਗਏ ਅਤੇ ਧਨਵੀਰ ਸਿੰਘ ਵੀਲ੍ਹਚੇਅਰ ਉੱਪਰ ਖੇਡਾਂ ਦੀ ਤਿਆਰੀ ਕਰਨ ਲੱਗਿਆ ਅਤੇ ਗਜਿੰਦਰ ਸਿੰਘ ਨੇਗੀ ਹੀ ਉਸ ਨੂੰ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਲਵਲੀ ਯੂਨੀਵਰਸਿਟੀ ਵਿਚ ਹੋਣ ਵਾਲੀਆਂ ਪੈਰਾ ਖੇਡਾਂ ਵਿਚ ਹਿੱਸਾ ਦਿਵਾਉਣ ਲਈ ਲੈ ਕੇ ਆਇਆ, ਜਿੱਥੇ ਧਨਵੀਰ ਸਿੰਘ ਨੇ ਸ਼ਾਟਪੁੱਟ ਵਿਚ ਸੋਨ ਤਗਮਾ ਅਤੇ ਡਿਸਕਸ ਥਰੋ ਅਤੇ ਜੈਵਲਿਨ ਥਰੋ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ।
ਫਿਰ ਧਨਵੀਰ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਕ ਤੋਂ ਇਕ ਪ੍ਰਾਪਤੀਆਂ ਕਰਨ ਲੱਗਿਆ। ਜਦ ਉਸ ਦਾ ਨਾਂਅ ਉੱਤਰਾਖੰਡ ਵਿਚ ਚਰਚਾ ਵਿਚ ਆਇਆ ਤਾਂ ਉੱਤਰਾਖੰਡ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦੇ ਕੋਚ ਹਰੀਸ਼ ਚੌਧਰੀ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਦੀ ਚੋਣ ਵੀਲ੍ਹਚੇਅਰ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਟੀਮ ਵਿਚ ਇਕ ਸਫਲ ਬੈਟਸਮੈਨ ਬਣਿਆ ਅਤੇ ਬਹੁਤ ਸਾਰੇ ਮੈਚਾਂ ਵਿਚ ਉਹ ਮੈਨ ਆਫ ਦਾ ਮੈਚ ਚੁਣਿਆ ਗਿਆ। ਸਾਲ 2019 ਦੇ ਖੇਲ ਮਹਾਂਕੁੰਭ ਵਿਚ ਉਸ ਨੇ ਸ਼ਾਟਪੁੱਟ ਅਤੇ ਡਿਸਕਸ ਥਰੋ ਵਿਚ 2 ਸੋਨ ਤਗਮੇ ਜਿੱਤੇ ਅਤੇ ਉੱਤਰਾਖੰਡ ਦੀਆਂ ਸਟੇਟ ਖੇਡਾਂ ਵਿਚ ਵੀ ਉਸ ਨੇ ਭਾਗ ਲਿਆ, ਜਿਥੇ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਆਪਣੀ ਝੋਲੀ ਪਾ ਕੇ ਆਪਣੇ ਪ੍ਰਾਂਤ ਦਾ ਮਾਣ ਵਧਾਇਆ। ਧਨਵੀਰ ਸਿੰਘ ਮਾਣ ਨਾਲ ਆਖਦਾ ਹੈ ਕਿ ਖੇਡਣਾ ਉਸ ਦਾ ਸ਼ੌਕ ਵੀ ਹੈ ਅਤੇ ਉਸ ਦੀ ਆਦਤ ਵੀ ਹੈ। ਧਨਵੀਰ ਸਿੰਘ ਖੇਡਾਂ ਦੇ ਨਾਲ-ਨਾਲ ਜਿੱਥੇ ਸਕੂਲ ਵਿਚ ਬੱਚਿਆਂ ਨੂੰ ਸਿੱਖਿਅਕ ਬਣਾ ਰਿਹਾ ਹੈ, ਉਥੇ ਉਹ ਯੋਗਾ ਵਿਚ ਵੀ ਐਮ. ਏ. ਕਰ ਰਿਹਾ ਹੈ ਅਤੇ ਯੋਗ ਸਾਧਨਾ ਨਾਲ ਉਹ ਯੋਗ ਸਿਖਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚਾ ਰਿਹਾ ਹੈ।
ਗੁਰਤੇਜ ਸਿੰਘ ਬੱਬੀ