ਵਾਸ਼ਿੰਗਟਨ – ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਚੂਹਿਆਂ ਦੀ ਪਰੇਸ਼ਾਨੀ ਨਾਲ ਨਜਿੱਠ ਰਿਹਾ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ‘ਚ ਚੂਹਿਆਂ ਨੂੰ ਹਰ ਪਾਸੇ ਦੇਖਿਆ ਜਾ ਸਕਦਾ ਹੈ। ਚੂਹਿਆਂ ਨੂੰ ਵਾਸ਼ਿੰਗਟਨ ਸ਼ਹਿਰ ਦੀਆਂ ਗਲੀਆਂ ‘ਚ ਘੁੰਮਦੇ ਹੋਏ ਅਤੇ ਖਾਣੇ ਦੀ ਭਾਲ ‘ਚ ਕੂੜੇਦਾਨ ਦੇ ਆਲੇ-ਦੁਆਲੇ ਮੰਡਰਾਉਂਦੇ ਦੇਖਿਆ ਜਾਣਾ ਇਕ ਆਮ ਗੱਲ ਹੈ।
ਵਾਸ਼ਿੰਗਟਨ ਡੀ. ਸੀ. ‘ਚ ਔਸਤਨ ਹਰ 5 ਫੁੱਟ ਦੀ ਦੂਰੀ ‘ਤੇ ਇਕ ਚੂਹਾ ਦਿਖਾਈ ਦਿੰਦਾ ਹੈ। ਚੂਹੇ ਖਾਣੇ ਦੀ ਭਾਲ ‘ਚ ਆਪਣੀਆਂ ਖੁੱਡਾਂ ‘ਚੋਂ ਬਾਹਰ ਨਿਕਲ ਜਾਂਦੇ ਹਨ। ਹੁਣ ਇਹ ਚੂਹੇ ਵ੍ਹਾਈਟ ਹਾਊਸ ਦੇ ਕੰਪਲੈਕਸ ਤੱਕ ਪਹੁੰਚ ਚੁੱਕੇ ਹਨ। ਇਹ ਦੂਜਾ ਮੌਕਾ ਹੈ ਜਦੋਂ ਅਮਰੀਕਾ ‘ਚ ਚੂਹਿਆਂ ਦੀ ਚਰਚਾ ਹੈ। ਇਸ ਤੋਂ ਪਹਿਲਾਂ ਸਾਲ 2015 ‘ਚ ਨਿਊਯਾਰਕ ਸ਼ਹਿਰ ਦੀ ਭੀੜ ਭਰੀ ਸੜਕ ‘ਤੇ ਲੋਕਾਂ ਨੇ ਚੂਹੇ ਨੂੰ ਪਿੱਜ਼ਾ ਖਾਂਦੇ ਹੋਏ ਦੇਖਿਆ ਸੀ। ਉਸ ਸਮੇਂ ਇਸ ਘਟਨਾ ਦੀ ਕਾਫੀ ਚਰਚਾ ਹੋਈ ਸੀ। ਲੋਕਾਂ ਨੇ ਇਸ ਨੂੰ ਪਿੱਜ਼ਾ ਰੈਟ ਦਾ ਨਾਂ ਦਿੱਤਾ ਸੀ। ਦੱਸ ਦਈਏ ਕਿ ਡੀ. ਸੀ. ਦਾ ਹੈਲਥ ਡਿਪਾਰਟਮੈਂਟ ਚੂਹਿਆਂ ਨਾਲ ਨਜਿੱਠਣ ਲਈ ਕਾਫੀ ਵੱਡੀ ਰਕਮ ਖਰਚ ਕਰਦਾ ਹੈ ਪਰ ਇਸ ਦੇ ਬਾਵਜੂਦ ਚੂਹਿਆਂ ‘ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਅਜਿਹਾ ਲੱਗਦਾ ਹੈ ਕਿ ਚੂਹਿਆਂ ਨਾਲ ਨਜਿੱਠਣ ਲਈ ਅਮਰੀਕਾ ਨੂੰ ਕੋਈ ਰਣਨੀਤੀ ਬਣਾਉਣੀ ਪਵੇਗੀ।