ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਵਾਇਰਸ ਮਹਾਮਾਰੀ ਦਾ ਖੌਫ਼ ਦਿਨੋਂ ਦਿਨ ਵੱਧ ਜਾ ਰਿਹਾ ਹੈ। ਇਸ ਦੇ ਚਲਦਿਆਂ ਕੋਵਿਡ 19 ਦੇ ਮਾਮਲਿਆਂ ਦੇ ਲਈ ਬਣਾਈ ਦਿੱਲੀ ਸਰਕਾਰ ਦੀ ਕਮੇਟੀ ਦੇ ਮੁਖੀ ਨੇ ਮਹਾਮਾਰੀ ਨੂੰ ਕਾਬੂ ਕਰਨ ਲਈ ਲੌਕਡਾਊਨ ਨੂੰ 16 ਮਈ ਤੱਕ ਵਧਾਉਣ ਦਾ ਸੁਝਾਅ ਦਿੱਤਾ ਹੈ। ਕੇਂਦਰ ਸਰਕਾਰ ਨੇ 24 ਮਾਰਚ ਦੀ ਅੱਧੀ ਰਾਤ 14 ਅਪ੍ਰੈਲ ਤੱਕ ਦੇ ਲਈ ਦੇਸ਼ਵਿਆਪੀ ਲੌਕਡਾਊਨ ਲਾਗੂ ਕੀਤਾ ਸੀ ਜਿਸ ਦੀ ਮਿਆਦ ਪੂਰੀ ਹੋਣ ‘ਤੇ ਇਸ ਨੂੰ ਮੁੜ ਤੋਂ 3 ਮਈ ਤੱਕ ਵਧਾ ਦਿੱਤਾ ਗਿਆ ਸੀ।
ਕੋਵਿਡ 19 ਕਮੇਟੀ ਦੇ ਮੁਖੀ ਡਾ. ਐਸ.ਕੇ. ਸਰੀਨ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਾਲੇ ਵੀ ਕਰੋਨਾ ਵਾਇਰਸ ਮਹਾਮਾਰੀ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਲਈ ਜੇਕਰ ਲੌਕਡਾਊਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਦਿੱਤੀ ਗਈ ਤਾਂ ਮਾਮਲਿਆਂ ਵਿਚ ਬਹੁਤ ਵਾਧਾ ਹੋ ਜਾਵੇਗਾ।
ਇਹ ਪੁੱਛੇ ਜਾਣ ‘ਤੇ ਕਿ 16 ਮਈ ਦਾ ਅਨੁਮਾਨ ਕਿਵੇਂ ਲਗਾਇਆ ਗਿਆ ਤਾਂ ਡਾ. ਐਸ.ਕੇ. ਸਰੀਨ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਵਾਇਰਸ ਦਾ ਪਹਿਲਾ ਮਾਮਲਾ ਤਿੰਨ ਮਾਰਚ ਨੂੰ ਸਾਹਮਣੇ ਆਇਆ ਸੀ। ਮਹਾਮਾਰੀ ਨੂੰ ਲੈ ਕੇ ਚੀਨ ਦੇ ਅੰਕੜੇ ਦਰਸਾਉਂਦੇ ਹਨ ਕਿ ਮਹਾਮਾਰੀ ਦੇ ਗ੍ਰਾਫ਼ ਵਿੱਚ ਗਿਰਾਵਟ ਦਰਜ ਕਰਨ ਵਿੱਚ ਕਰੀਬ 10 ਹਫ਼ਤੇ ਦਾ ਸਮਾਂ ਲੱਗ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 95 ਹੋ ਗਈ ਹੈ। ਇਨ੍ਹਾਂ ਖੇਤਰਾਂ ਵਿਚ ਆਵਾਜਾਈ ‘ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ। ਦਿੱਲੀ ਸਰਕਾਰ ਨੇ ਸ਼ਾਲੀਮਾਰ ਬਾਗ਼ ਦੇ ਬਲਾਕ ਨੰਬਰ 3 ਅਤੇ 9, ਯਾਦਵ ਵਿਲਾ ਦੀ ਗਲੀ ਨੰਬਰ 1 ਅਤੇ 3 ਨੂੰ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕੀਤਾ ਹੈ।