‘ਉਸੇ ਜੋ ਮਨਜ਼ੂਰ ਥਾ ਉਸ ਨੇ ਕਰ ਵਿਖਾਇਆ ਪਰ ਹਮਨੇ ਭੀ ਅਪਨੀ ਹਿੰਮਤ ਸੇ ਅਪਨੇ ਕੋ ਮਜ਼ਬੂਤ ਬਨਾਇਆ |’ ਅਪਾਹਜ ਕ੍ਰਿਕਟ ਖਿਡਾਰੀ ਰੌਸ਼ਨ ਵਰਸਾ ਇਕ ਆਦੀਵਾਸੀ ਸਮਾਜ ਦਾ ਉਹ ਮਜ਼ਬੂਤ ਹਿੱਸਾ ਹੈ, ਜਿਸ ‘ਤੇ ਉਸ ਦੇ ਸਮਾਜ ਨੂੰ ਹੀ ਨਹੀਂ, ਸਗੋਂ ਦੇਸ਼ ਨੂੰ ਵੀ ਵੱਡੀਆਂ ਉਮੀਦਾਂ ਹਨ ਅਤੇ ਰੌਸ਼ਨ ਵਰਸਾ ਵੀ ਵੱਡੀਆਂ ਉਮੀਦਾਂ ਦੇ ਸਹਾਰੇ ਕ੍ਰਿਕਟ ਦੀ ਦੁਨੀਆ ਵਿਚ ਆਪਣੇ-ਆਪ ਨੂੰ ਦਿਨੋ-ਦਿਨ ਮਜ਼ਬੂਤ ਕਰ ਰਿਹਾ ਹੈ | ਰੌਸ਼ਨ ਵਰਸਾ ਦਾ ਜਨਮ 6 ਦਸੰਬਰ, 1997 ਨੂੰ ਰਾਮਸਿੰਗਬਾਈ ਵਰਸਾ ਦੇ ਘਰ ਮਾਤਾ ਉਰਮਲਾਬੈਨ ਦੀ ਕੱੁਖੋਂ ਗੁਜਰਾਤ ਦੇ ਜ਼ਿਲ੍ਹਾ ਟਾਪੀ ਦੇ ਇਕ ਪਿੰਡ ਅਮਲਪਾਡਾ ਵਿਚ ਹੋਇਆ | ਮਾਂ-ਬਾਪ ਨੇ ਬੜੀਆਂ ਉਮੀਦਾਂ ਨਾਲ ਰੌਸ਼ਨ ਵਰਸਾ ਨੂੰ ਲਿਆ ਸੀ ਅਤੇ ਉਹ ਘਰ ਦਾ ਬਹੁਤ ਹੀ ਲਾਡਲਾ ਸੀ ਪਰ ਉਹ ਜਨਮ ਜਾਤ ਹੀ ਪੈਰਾਂ ਤੋਂ ਅਪਾਹਜ ਸੀ ਅਤੇ ਉਹ ਲੰਗੜਾ ਕੇ ਤੁਰਨ ਲੱਗਿਆ ਅਤੇ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਠੀਕ ਨਾ ਹੋ ਸਕਿਆ | ਪਰ ਰੌਸ਼ਨ ਵਰਸਾ ਨੇ ਹਿੰਮਤ ਨਾ ਹਾਰੀ ਅਤੇ ਉਹ ਜ਼ਿੰਦਗੀ ਦੀ ਮੰਜ਼ਿਲ ਨੂੰ ਕਦਮ-ਦਰ-ਕਦਮ ਮਾਪਣ ਲੱਗਿਆ | ਰੌਸ਼ਨ ਵਰਸਾ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਸੀ ਅਤੇ ਉਸ ਨੇ ਅਪਾਹਜ ਹੁੰਦਿਆਂ ਵੀ ਕ੍ਰਿਕਟ ਦੇ ਮੈਦਾਨ ਵਿਚ ਐਸਾ ਪੈਰ ਧਰਿਆ ਕਿ ਹੁਣ ਕ੍ਰਿਕਟ ਹੀ ਉਸ ਦਾ ਸ਼ੌਕ ਅਤੇ ਜਨੂੰਨ ਹੈ ਅਤੇ ਅੱਜ ਉਹ ਗੁਜਰਾਤ ਦੀ ਅਪਾਹਜ ਕ੍ਰਿਕਟ ਟੀਮ ਦਾ ਰੌਸ਼ਨ ਸਿਤਾਰਾ ਹੈ |
ਸਾਲ 2016 ਵਿਚ ਪਹਿਲੀ ਵਾਰ ਉਸ ਨੂੰ ਜ਼ਿਲ੍ਹੇ ਦੇ ਖੇਡ ਮਹਾਂਕੰੁਭ ਵਿਚ ਅਪਾਹਜ ਕ੍ਰਿਕਟ ਟੀਮ ਵਿਚ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਸਮੇਂ ਉਸ ਦੇ ਚੰਗੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਹ ਗੁਜਰਾਤ ਦੀ ਕ੍ਰਿਕਟ ਟੀਮ ਦੀ ਲੋੜ ਬਣਿਆ ਅਤੇ ਉਹ ਅੱਜ ਗੁਜਰਾਤ ਟੀਮ ਦਾ ਛੋਟੀ ਉਮਰ ਦਾ ਵੱਡਾ ਖਿਡਾਰੀ ਹੈ | ਸਾਲ 2017 ਵਿਚ ਉਹ ਮੁੰਬਈ ਵਿਖੇ ਹੋਏ ਮੇਅਰ ਕੱਪ ਵਿਚ ਆਪਣੀ ਟੀਮ ਵਲੋਂ ਖੇਡਿਆ ਅਤੇ ਉਸ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਕ ਦਿਨ ਉਹ ਭਾਰਤ ਦੀ ਕ੍ਰਿਕਟ ਟੀਮ ਵਿਚ ਖੇਡ ਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਏਗਾ | ਸਾਲ 2018 ਵਿਚ ਉਹ ਕੋਹਲਾਪੁਰ ਵਿਚ ਖੇਡੇ ਗਏ ਵੇਜਨ ਟੂਰਨਾਮੈਂਟ ਦਾ ਹਿੱਸਾ ਵੀ ਬਣਿਆ | ਦਸੰਬਰ, 2018 ਵਿਚ ਅਹਿਮਦਾਬਾਦ ਵਿਚ ਅਜੀਤ ਵਾਡੇਕਰ ਮੈਮੋਰੀਅਲ ਕੱਪ ਵਿਚ ਖੇਡ ਕੇ ਵੀ ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਸ ਨੇ ਭਾਰਤ ਦੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ | ਰੌਸ਼ਨ ਵਰਸਾ ਆਖਦਾ ਹੈ ਕਿ ਉਸ ਨੂੰ ਅਪਾਹਜ ਹੋਣ ਦਾ ਦੁੱਖ ਨਹੀਂ, ਦੁੱਖ ਉਹ ਹੁੰਦਾ ਹੈ ਕਿ ਜਦੋਂ ਕੋਈ ਵੀ ਵਿਅਕਤੀ ਆਪਣੇ-ਆਪ ਨੂੰ ਅਪਾਹਜ ਮੰਨ ਕੇ ਜ਼ਿੰਦਗੀ ਦੀ ਹਾਰ ਮੰਨ ਜਾਂਦਾ ਹੈ ਪਰ ਹਾਰ ਮੰਨਣੀ ਉਸ ਦੇ ਹਿੱਸੇ ਨਹੀਂ ਹੈ ਅਤੇ ਉਹ ਦਲੇਰੀ ਅਤੇ ਹੌਸਲੇ ਦੀ ਜ਼ਿੰਦਾ ਮਿਸਾਲ ਖੁਦ ਆਪ ਹੈ | ਰੌਸ਼ਨ ਵਰਸਾ ਨੇ ਦੱਸਿਆ ਕਿ ਕ੍ਰਿਕਟ ਦੀ ਦੁਨੀਆ ਵਿਚ ਕਾਮਯਾਬੀ ਦੇ ਪੈਰ ਚੁੰਮਣ ਲਈ ਉਸ ਦੇ ਮਾਂ-ਬਾਪ ਦਾ ਬਹੁਤ ਹੱਥ ਹੈ ਅਤੇ ਉਨ੍ਹਾਂ ਨੇ ਹਰ ਪਲ ਸਹਿਯੋਗ ਦਿੱਤਾ ਹੈ ਅਤੇ ਉਹ ਬੇਹੱਦ ਰਿਣੀ ਹੈ ਆਪਣੇ ਕੋਚ ਨਲਿਤ ਚੌਧਰੀ ਦਾ, ਜਿਹੜਾ ਉਸ ਨੂੰ ਕ੍ਰਿਕਟ ਦੀ ਟਰੇਨਿੰਗ ਦਿਨ-ਰਾਤ ਮਿਹਨਤ ਕਰਕੇ ਕਰਵਾ ਰਿਹਾ ਹੈ |