ਟੋਰਾਂਟੋ – ਦੇਸ਼ ਦੇ ਨਜ਼ਦੀਕੀ ਟਾਪੂ ‘ਤੇ ਘੱਟ ਸਮੇਂ ‘ਚ ਪਹੁੰਚਣ ਲਈ ਦੁਨੀਆ ਦੇ ਪਹਿਲੇ ਇਲੈਕਟ੍ਰਾਨਿਕ ਸੀ-ਪਲੇਨ ਨੂੰ ਕੈਨੇਡਾ ‘ਚ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੋਵੇਗੀ ਕਿ ਇਹ ਬਿਨਾਂ ਪ੍ਰਦੂਸ਼ਣ ਦੇ ਕੰਮ ਕਰੇਗਾ ਅਤੇ ਸਮੁੰਦਰ ਤੋਂ ਹੀ ਟੇਕ-ਆਫ ਕਰੇਗਾ ਜਿਸ ਨਾਲ ਰਨਵੇਅ ਦੀ ਵੀ ਜ਼ਰੂਰਤ ਨਹੀਂ ਪਵੇਗੀ।
ਇਸ MagniX ਸੀ-ਪਲੇਨ ਨੂੰ ਕੈਨੇਡਾ ਦੀ Harbour Air ਕੰਪਨੀ ਵੱਲੋਂ ਬਣਾਇਆ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਬਣਾਉਣ ਤੋਂ ਬਾਅਦ ਦੁਨੀਆ ਦੀ ਪਹਿਲੀ ਫੁਲੀ ਇਲੈਕਟ੍ਰਾਨਿਕ ਏਅਰਲਾਈਨ ਬਣ ਜਾਵੇਗੀ। ਇਸ ਪਲੇਨ ਨੂੰ ਇਕ ਵਾਰ ਚਾਰਜ ਕਰਕੇ ਕਰੀਬ 60 ਮਿੰਟ ਤੱਕ ਉਡਾਇਆ ਜਾ ਸਕਦਾ ਹੈ, ਜਿਸ ‘ਚੋਂ 30 ਮਿੰਟ ਤੱਕ ਆਨ ਮੋਡ ‘ਚ ਅਤੇ 30 ਮਿੰਟ ਤੱਕ ਰਿਜ਼ਰਵ ਮੋਡ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਸੀ-ਪਲੇਨ ‘ਚ 220 kWh ਦੀਆਂ ਬੈਟਰੀਆਂ ਨੂੰ ਲਾਇਆ ਗਿਆ ਹੈ ਜਿਨ੍ਹਾਂ ਨੂੰ Magni 500 ਇਲੈਕਟ੍ਰਿਕ ਮੋਟਰਸ ਨਾਲ ਅਟੈਚ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਸੀ-ਪਲੇਨ 750 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ। ਇਸ ਨੂੰ ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਨਜ਼ਦੀਕੀ ਟਾਪੂਆਂ ‘ਤੇ ਯਾਤਰੀਆਂ ਨੂੰ ਆਸਾਨੀ ਨਾਲ ਪਹੁੰਚਾਉਣ ਲਈ ਇਸਤੇਮਾਲ ਕੀਤਾ ਜਾਵੇਗਾ। ਕੰਪਨੀ ਨੂੰ ਉਮੀਦ ਹੈ ਕਿ ਜੇਕਰ ਇਨ੍ਹਾਂ ਨੂੰ ਕੰਮ ‘ਚ ਲਿਆਂਦਾ ਜਾਵੇ ਤਾਂ 70 ਫੀਸਦੀ ਲੋਕ ਇਨਾਂ ਦਾ ਇਸਤੇਮਾਲ ਕਰਨਗੇ। ਦੱਸ ਦਈਏ ਕਿ Harbour Air ਕੰਪਨੀ ਫਿਲਹਾਲ ਵੈਂਕੂਵਰ ਅਤੇ ਸੀਏਟਲ ‘ਚ ਕੁਲ ਮਿਲਾ ਕੇ 42 ਸੀ-ਪਲੇਸ ਚਲਾ ਰਹੀ ਹੈ ਪਰ ਇਨ੍ਹਾਂ ਨੂੰ ਈਧਨ ਨਾਲ ਚਲਾਇਆ ਜਾ ਰਿਹਾ ਹੈ। ਕੰਪਨੀ ਨੇ ਪਲਾਨ ਬਣਾਇਆ ਹੈ ਕਿ ਜਲਦ ਹੀ ਇਨ੍ਹਾਂ ਨੂੰ ਵੀ ਇਲੈਕਟ੍ਰਿਕ ਕਰਨ ‘ਤੇ ਕੰਮ ਕੀਤਾ ਜਾਵੇਗਾ।