ਨਵੀਂ ਦਿੱਲੀ : ਮਾਲ ਅਤੇ ਸੇਵਾ ਕਰ ਪਰਿਸ਼ਦ ਵਾਹਨਾਂ ਦੇ ਟਾਇਰਾਂ ‘ਤੇ ਜੀਐਸਟੀ ਦਰ ਨੂੰ 28 ਫ਼ੀ ਸਦੀ ਤੋਂ ਘਟਾ ਕੇ 18 ਫ਼ੀ ਸਦੀ ਕਰ ਸਕਦੀ ਹੈ। ਜੀਐਸਟੀ ਪਰਿਸ਼ਦ ਦੀ ਅਗਲੀ ਬੈਠਕ ਸਨਿਚਰਵਾਰ ਨੂੰ ਹੈ। ਉੱਚ ਅਧਿਕਾਰੀ ਨੇ ਦਸਿਆ ਕਿ ਇਹ ਕਦਮ ਸੱਭ ਤੋਂ ਉੱਚੀ 28 ਫ਼ੀ ਸਦੀ ਦੀ ਕਰ ਸਲੈਬ ਨੂੰ ਤਰਕਸੰਗਤ ਬਣਾਉਣ ਲਈ ਚੁਕਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਕਲ ਕਿਹਾ ਸੀ ਕਿ 1200 ਤੋਂ ਜ਼ਿਆਦਾ ਵਸਤੂਆਂ ਅਤੇ ਸੇਵਾਵਾਂ ਵਿਚੋਂ 99 ਫ਼ੀ ਸਦੀ ‘ਤੇ 18 ਫ਼ੀ ਸਦੀ ਜਾਂ ਉਸ ਤੋਂ ਘੱਟ ਜੀਐਸਟੀ ਲੱਗੇਗਾ।
ਅਧਿਕਾਰੀ ਨੇ ਦਸਿਆ, ‘ਵਾਹਨ ਟਾਇਰਾਂ ‘ਤੇ 28 ਫ਼ੀ ਸਦੀ ਜੀਐਸਟੀ ਨਾਲ ਆਮ ਆਦਮੀ ਪ੍ਰਭਾਵਤ ਹੋ ਰਿਹਾ ਹੈ। 22 ਦਸੰਬਰ ਨੂੰ ਹੋਣ ਵਾਲੀ ਜੀਐਸਟੀ ਪਰਿਸ਼ਦ ਦੀ ਬੈਠਕ ਵਿਚ ਮੁੱਖ ਧਿਆਨ ਆਮ ਆਦਮੀ ‘ਤੇ ਜੀਐਸਟੀ ਦਾ ਬੋਝ ਘਟਾਉਣ ਵਲ ਹੋਵੇਗਾ।’ ਫ਼ਿਲਹਾਲ 28 ਫ਼ੀ ਸਦੀ ਸਲੈਬ ਵਿਚ 34 ਚੀਜ਼ਾਂ ਹਨ ਜਿਨ੍ਹਾਂ ਵਿਚ ਟਾਇਰ, ਡਿਜੀਟਲ ਕੈਮਰਾ, ਏਅਰ ਕੰਡੀਸ਼ਨਰ, ਡਿਸ਼ ਵਾਸ਼ਿੰਗ ਮਸ਼ੀਨ, ਮਾਨੀਟਰ ਅਤੇ ਪ੍ਰੋਜੈਕਟਰ ਆਦਿ ਸ਼ਾਮਲ ਹਨ।
ਸੀਮਿੰਟ ‘ਤੇ ਕਰ ਦੀ ਦਰ ਨੂੰ ਘਟਾ ਕੇ 18 ਫ਼ੀ ਸਦੀ ਕਰਨ ਨਾਲ ਸਰਕਾਰ ‘ਤੇ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ ਪਰ ਇਸ ਦੇ ਬਾਵਜੂਦ ਜੀਐਸਟੀ ਪਰਿਸ਼ਦ ਇਹ ਕਦਮ ਚੁੱਕ ਸਕਦੀ ਹੈ। ਜਿਹੜੇ ਉਤਪਾਦ 28 ਫ਼ੀ ਸਦੀ ਕਰ ਸਲੈਬ ਵਿਚ ਕਾਇਮ ਰੱਖੇ ਜਾਣਗੇ, ਉਨ੍ਹਾਂ ਵਿਚ ਸ਼ੁੱਧ ਪਾਣੀ, ਸਿਗਰੇਟ, ਬੀੜੀ, ਤਮਾਕੂ, ਪਾਨ ਮਸਾਲਾ, ਵਾਹਨ, ਜਹਾਜ਼, ਰਿਵਾਲਵਰ ਅਤੇ ਪਿਸਤੌਲ ਆਦਿ ਸ਼ਾਮਲ ਹਨ। ਜੀਐਸਟੀ ਦੀਆਂ ਪੰਜ ਕਰ ਸਲੈਬਾਂ ਸਿਫ਼ਰ, 8, 12, 18 ਅਤੇ 28 ਫ਼ੀ ਸਦੀ ਹਨ।