ਸਾਡੀ ਆਵਾਜ਼ ਸੁਣ ਕੇ ਉਹ ਇੱਕ ਦਮ ਬੋਲੀ, “ਮੇਰੇ ਪਿੰਦਰ ਦੀ ਕੋਈ ਖ਼ਬਰ ਲੈ ਕੇ ਆਏ ਹੋ, ਵੇ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ।” ਇਸ ਤੋਂ ਬਾਅਦ ਘਰ ਦੇ ਕੋਨੇ ਵਿੱਚ ਬੈਠੀ ਬਜ਼ੁਰਗ ਮਹਿਲਾ ਨੂੰ ਉਸ ਦਾ ਪਤੀ ਅਰਜਨ ਸਿੰਘ ਚੁੱਪ ਕਰਵਾ ਦਿੰਦਾ ਹੈ।ਮੈਨੂੰ ਨੇੜੇ ਪਈ ਕੁਰਸੀ ਉੱਤੇ ਬੈਠਣ ਲਈ ਆਖ ਅਰਜਨ ਸਿੰਘ ਆਪਣੀ ਪਤਨੀ ਦੇ ਅੱਥਰੂ ਸਾਫ਼ ਕਰਨ ਲੱਗ ਜਾਂਦਾ ਹੈ। ਅਰਜਨ ਸਿੰਘ ਦੱਸਦਾ ਹੈ ਕਿ ਉਸ ਦੀ ਪਤਨੀ ਦੇ ਦੋਵੇਂ ਹੱਥ ਕੰਮ ਨਹੀਂ ਕਰਦੇ।ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਬਜ਼ੁਰਗ ਮਹਿਲਾ ਕੰਬਦੀ ਆਵਾਜ਼ ਵਿੱਚ ਫਿਰ ਆਖਦੀ ਹੈ ਕਿ ‘ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਪਿੰਦਰ ਠੀਕ ਹੈ ਜਾਂ ਨਹੀਂ, ਕੋਈ ਉਸ ਨੂੰ ਲੈ ਆਓ। ਮੈ ਉਸ ਨੂੰ ਘੁੱਟ ਕੇ ਜੱਫੀਆਂ ਪਾਵਾਂਗੀ’।
ਇਹ ਬਜ਼ੁਰਗ ਮਹਿਲਾ ਮਾਲਟਾ ਕਿਸ਼ਤੀ ਕਾਂਡ ਵਿੱਚ ਲਾਪਤਾ ਹੋਏ ਵੀਹ ਸਾਲ ਦੇ ਪਲਵਿੰਦਰ ਸਿੰਘ ਦੀ ਮਾਂ ਮਹਿੰਦਰ ਕੌਰ ਹੈ ਅਤੇ ਪਿਆਰ ਨਾਲ ਉਸ ਨੂੰ ਪਿੰਦਰ ਆਖ ਕੇ ਬੁਲਾਉਂਦੀ ਸੀ।22 ਸਾਲ ਪਹਿਲਾਂ ਇਸ ਦਾ ਵੱਡਾ ਪੁੱਤਰ ਪਲਵਿੰਦਰ ਸਿੰਘ ਇਟਲੀ ਜਾਂਦਾ ਹੋਇਆ ਮਾਲਟਾ ਕਿਸ਼ਤੀ ਕਾਂਡ ਵਿੱਚ ਲਾਪਤਾ ਹੋ ਗਿਆ ਸੀ ਜਿਸ ਦਾ ਇੰਤਜ਼ਾਰ ਇਸ ਨੂੰ ਅੱਜ ਵੀ ਹੈ।ਪਲਵਿੰਦਰ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਮਾਲਟਾ ਕਿਸ਼ਤੀ ਕਾਂਡ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਉਸ ਦੀ ਪਤਨੀ ਉਸ ਤੋਂ ਬਾਅਦ ਦੀ ਸਦਮੇ ‘ਚ ਹੈ।ਉਨ੍ਹਾਂ ਦੱਸਿਆ ਕਿ ਜਦੋਂ ਵੀ ਸ਼ਹਿਰ ਤੋਂ ਘਰ ਆਉਂਦਾ ਤਾਂ ਅਕਸਰ ਮਹਿੰਦਰ ਕੌਰ ਆਪਣੇ ਪੁੱਤਰ ਦੀ ਖ਼ਬਰ ਸਾਰ ਮਿਲਣ ਦੀ ਉਮੀਦ ਨਾਲ ਉਸ ਨਾਲ ਗੱਲਾਂ ਕਰਦੀ ਹੈ। ਹਾਲਾਂਕਿ ਮਹਿੰਦਰ ਕੌਰ ਨੂੰ ਹੁਣ ਉੱਚਾ ਸੁਣਦਾ ਹੈ ਪਰ ਫੇਰ ਵੀ ਉਸ ਦੀ ਅੱਖਾਂ ਘਰ ਦੀ ਗਲੀ ਵੱਲ ਲੱਗੀਆਂ ਰਹਿੰਦੀਆਂ ਹਨ ਕਿ ਉਸ ਦਾ ਪੁੱਤਰ ਇੱਕ ਦਿਨ ਜ਼ਰੂਰ ਆਵੇਗਾ।
ਮਹਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਦੇ ਹੱਕ ਵਿਚ ਨਹੀਂ ਸੀ। ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਸਾਡੇ ਨਾਲ ਗੱਲ ਕਰਦਿਆਂ ਮਹਿੰਦਰ ਕੌਰ ਨੇ ਦੱਸਿਆ ‘ਕਿ ਉਸ ਨੇ ਪਲਵਿੰਦਰ ਨੂੰ ਬਹੁਤ ਰੋਕਿਆ ਪਰ ਰੁਕਿਆ ਨਹੀਂ। ਥੋੜ੍ਹਾ ਚੁੱਪ ਰਹਿਣ ਤੋਂ ਬਾਅਦ ਉਹ ਆਖਦੀ ਹੈ ਜਿਸ ਦਿਨ ਏਜੰਟ ਉਸ ਨੂੰ ਘਰੋਂ ਲੈ ਕੇ ਗਿਆ ਉਸ ਰਾਤ ਮੇਰਾ ਪੁੱਤਰ ਮਰੇ ਨਾਲ ਪਿਆ ਸੀ, ਪਰ ਉਹ ਮੈਨੂੰ ਸੁੱਤੀ ਪਈ ਨੂੰ ਹੀ ਛੱਡ ਕੇ ਚਲਾ ਗਿਆ।
ਮਹਿੰਦਰ ਕੌਰ ਆਖਦੀ ਹੈ ਉਸ ਦਾ ਦਿਲ ਨਹੀਂ ਮੰਨਦਾ ਕਿ ਉਸ ਦਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਹੈ, ਇਸ ਕਰਕੇ ਅੱਜ ਵੀ ਉਸ ਨੂੰ ਇੰਤਜ਼ਾਰ ਹੈ। ਮਹਿੰਦਰ ਕੌਰ ਆਖਦੀ ਹੈ ਕਿ ‘ ਪੁੱਤ ਦਾ ਵਿਛੋੜਾ ਮਾਂ ਹੀ ਜਾਣ ਸਕਦੀ ਹੈ’।
ਕੌਣ ਸੀ ਪਲਵਿੰਦਰ ਸਿੰਘ
20 ਸਾਲ ਦਾ ਪਲਵਿੰਦਰ ਸਿੰਘ, ਅਰਜਨ ਸਿੰਘ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਪੁੱਤਰ ਸੀ। ਪੜ੍ਹਾਈ ਤੋਂ ਬਾਅਦ ਉਸ ਨੇ ਪਿੰਡ ਆਲਮਗੀਰ ਕਾਲਾ ਸੰਘਿਆਂ ਵਿੱਚ ਪਿਤਾ ਨਾਲ ਹੀ ਕਾਰਪੈਂਟਰ ਦਾ ਕੰਮ ਸ਼ੁਰੂ ਕਰ ਦਿੱਤਾ। ਦੁਆਬੇ ਦੇ ਆਮ ਮੁੰਡਿਆਂ ਵਾਂਗ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ। ਫਿਰ ਇੱਕ ਏਜੰਟ ਮਿਲਿਆ ਜਿਸ ਨਾਲ ਢਾਈ ਲੱਖ ਰੁਪਏ ਵਿੱਚ ਇਟਲੀ ਭੇਜਣਾ ਸੌਦਾ ਤੈਅ ਹੋ ਗਿਆ।
ਪਲਵਿੰਦਰ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਏਜੰਟ ਨੂੰ ਸੱਤਰ ਹਜ਼ਾਰ ਰੁਪਏ ਐਡਵਾਂਸ ਦੇ ਰੂਪ ਵਿੱਚ ਦਿੱਤੇ ਗਏ ਅਤੇ ਉਸ ਤੋਂ ਬਾਅਦ ਪਲਵਿੰਦਰ ਸਿੰਘ ਜਿਸ ਦੀ ਉਮਰ ਉਸ ਸਮੇਂ ਵੀਹ ਸਾਲ ਸੀ, ਏਜੰਟ ਨਾਲ ਘਰੋਂ ਇਟਲੀ ਲਈ ਨਵੰਬਰ 1996 ਵਿੱਚ ਘਰੋਂ ਚਲਾ ਗਿਆ।
ਅਰਜਨ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਉਡਾਣ ਰਾਹੀਂ ਪਲਵਿੰਦਰ ਸਿੰਘ ਨੂੰ ਕਿਸੇ ਹੋਰ ਮੁਲਕ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਸਮੁੰਦਰੀ ਜਹਾਜ਼ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਬਾਕੀ ਮੁੰਡਿਆਂ ਵਾਂਗ ਉਸ ਨੂੰ ਇਟਲੀ ਵਿੱਚ ਦਾਖਲ ਕਰਵਾਇਆ ਜਾਣਾ ਸੀ। ਇਸ ਗੱਲ ਦਾ ਪਤਾ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਲੱਗਾ ਜਦਕਿ ਏਜੰਟ ਨੇ ਸਿੱਧੀ ਇਟਲੀ ਦੀ ਫਲਾਈਟ ਕਰਵਾਉਣ ਦਾ ਵਾਅਦਾ ਉਨ੍ਹਾਂ ਨਾਲ ਕੀਤਾ ਸੀ।
ਅਰਜਨ ਸਿੰਘ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਪਲਵਿੰਦਰ ਸਿੰਘ ਦੀ ਅੰਤਿਮ ਵਾਰ ਉਨ੍ਹਾਂ ਨਾਲ ਫ਼ੋਨ ਰਾਹੀਂ ਇੱਕ ਵਾਰ ਗੱਲਬਾਤ ਹੋਈ ਸੀ ਜਿਸ ਵਿੱਚ ਉਸ ਨੇ ਆਖਿਆ ਸੀ ਕਿ ਉਹ ਸਮੁੰਦਰੀ ਜਹਾਜ਼ ਰਾਹੀਂ ਇਟਲੀ ਜਾ ਰਹੇ ਹਨ ਅਤੇ ਸ਼ਿੱਪ ਵਿੱਚ ਹੋਰ ਵੀ ਬਹੁਤ ਸਾਰੇ ਪੰਜਾਬੀ ਮੁੰਡੇ ਹਨ।
ਅਰਜਨ ਸਿੰਘ ਦੱਸਦਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ੋਨ ਆਇਆ ਪਰ ਇਹ ਫ਼ੋਨ ਕਿਸ਼ਤੀ ਡੁੱਬਣ ਬਾਰੇ ਸੀ। ਇਹ ਫ਼ੋਨ ਕਾਲਾ ਸੰਘਿਆਂ ਦੇ ਮਨਦੀਪ ਸਿੰਘ ਨਾਮਕ ਨੌਜਵਾਨ ਨੇ ਕੀਤਾ ਸੀ ਜੋ ਇਸ ਹਾਦਸੇ ਵਿੱਚੋਂ ਬਚਣ ਵਾਲੇ 24 ਮੁੰਡਿਆਂ ਵਿੱਚੋਂ ਇੱਕ ਸੀ। ਅਰਜਨ ਸਿੰਘ ਨੇ ਆਖਿਆ ਕਿ ਇਸ ਕਿਸ਼ਤੀ ਕਾਂਡ ਤੋਂ ਬਾਅਦ ਉਹ ਮਨਦੀਪ ਸਿੰਘ ਨਾਮਕ ਨੌਜਵਾਨ ਨੂੰ ਮਿਲਿਆ ਵੀ ਸੀ ਪਰ ਉਸ ਦੇ ਜਵਾਬ ਵੀ ਉਸ ਦੀ ਤਸੱਲੀ ਨਹੀਂ ਕਰਵਾ ਸਕੇ।
ਅਰਜਨ ਸਿੰਘ ਨੇ ਆਖਿਆ ਕਿ ਪੁੱਤਰ ਦਾ ਲਾਪਤਾ ਹੋਣ ਦਾ ਗ਼ਮ ਤਾਂ ਉਨ੍ਹਾਂ ਨੂੰ ਸਾਰੀ ਉਮਰ ਹੈ ਹੀ ਪਰ ਇਸ ਤੋਂ ਬਾਅਦ ਇਨਸਾਫ਼ ਲਈ ਜੋ ਦਰ ਦਰ ਠੋਕਰਾਂ ਖਾਦੀਆਂ ਇਸ ਦਾ ਗ਼ਮ ਉਸ ਨੂੰ ਜ਼ਿਆਦਾ ਹੈ। ਅਰਜਨ ਸਿੰਘ ਨੇ ਦੱਸਿਆ ਕਿ ਆਪਣੇ ਪੁੱਤਰ ਦਾ ਭਾਲ ਲਈ ਅਤੇ ਇਸ ਕਿਸ਼ਤੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਉਹ ਬਲਵੰਤ ਸਿੰਘ ਖੇੜਾ ਦੀ ਅਗਵਾਈ ਵਿਚ ਬਣੇ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਰਾਹੀਂ ਇਨਸਾਫ਼ ਦੀ ਲੜਾਈ ਹੁਣ ਵੀ ਲੜ ਰਿਹਾ ਹੈ।
ਅਰਜਨ ਸਿੰਘ ਮੁਤਾਬਕ ਕਰੀਬ ਚਾਰ ਕੁ ਸਾਲ ਪਹਿਲਾਂ ਉਸ ਨੂੰ ਪਲਵਿੰਦਰ ਸਿੰਘ ਦਾ ਡੈੱਥ ਸਰਟੀਫਿਕੇਟ ਮਿਲਿਆ ਹੈ ਪਰ ਉਸ ਦਾ ਦਿਲ ਅਜੇ ਵੀ ਇਸ ਗੱਲ ਦੀ ਹਾਮੀ ਨਹੀਂ ਭਰਦਾ। ਅਰਜਨ ਸਿੰਘ ਆਖਦਾ ਹੈ ਕਿ ਪੁੱਤਰ ਦਾ ਗ਼ਮ ਸਭ ਤੋਂ ਵੱਧ ਉਸ ਦੀ ਮਾਂ ਨੂੰ ਹੈ। ਉਨ੍ਹਾਂ ਆਖਿਆ ਕਿ ਪਲਵਿੰਦਰ ਦੇ ਸਦਮੇ ਕਰਨ ਉਸ ਦੀ ਪਤਨੀ ਦੀ ਸਰੀਰਕ ਅਤੇ ਮਾਨਸਿਕ ਹਾਲਤ ਠੀਕ ਨਹੀਂ ਹੈ।
ਹਾਦਸੇ ਤੋਂ ਬਾਅਦ ਦੀ ਜਿੰਦਗੀ
ਅਰਜਨ ਸਿੰਘ ਦੇ ਦੋ ਪੁੱਤਰ ਅਤੇ ਇੱਕ ਧੀ ਵਿਦੇਸ਼ ਵਿੱਚ ਰਹਿੰਦੀ ਹੈ। ਧੀ ਵਿਆਹ ਤੋਂ ਬਾਅਦ ਇੰਗਲੈਂਡ ਚਲੀ ਗਈ ਅਤੇ ਦੋਵੇਂ ਪੁੱਤਰ ਮਨੀਲਾ ਵਿੱਚ ਕੰਮ ਕਰਦੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਇਸ ਹਾਦਸੇ ਤੋਂ ਬਾਅਦ ਵੀ ਤੁਸੀਂ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਿਆ ਤਾਂ ਉਸ ਦਾ ਜਵਾਬ ਸੀ ਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਸਾਡੇ ਘਰ ਦੇ ਜੀਅ ਹੁਣ ਵਿਦੇਸ਼ ਜਾਣ ਪਰ ਘਰ ਦੀਆਂ ਤੰਗੀਆਂ ਅਤੇ ਬੱਚਿਆਂ ਦੀਆਂ ਆਪਣੀ ਖੁਆਇਸ਼ਾਂ ਵੀ ਮਾਪਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਵੱਡੀਆਂ ਕੋਠੀਆਂ ਅਤੇ ਕਾਰਾਂ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਕਾਰਨਾਂ ਵਿੱਚੋਂ ਇੱਕ ਹੈ।
ਅਰਜਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਨੌਜਵਾਨਾਂ ਕੋਲ ਕੰਮ ਨਹੀਂ ਹੈ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਜਿਵੇਂ ਹੀ 18 ਸਾਲ ਦੇ ਹੁੰਦੇ ਹਨ ਵਿਦੇਸ਼ ਜਾਣ ਨੂੰ ਲੋਚਦੇ ਹਨ। ਉਨ੍ਹਾਂ ਦੱਸਿਆ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਵਾਲੇ ਏਜੰਟ ਹੁਣ ਵੀ ਸਰਗਰਮ ਹਨ। ਉਨ੍ਹਾਂ ਸਵਾਲ ਕਰਦੇ ਹੋਏ ਆਖਿਆ ਕਿ ‘ਜੇਕਰ ਮਾਲਟਾ ਕਿਸ਼ਤੀ ਕਾਂਡ ਤੋਂ ਸਬਕ ਲਿਆ ਹੁੰਦਾ ਤਾਂ ਪਨਾਮਾ ਕਾਂਡ ਕਿਉਂ ਹੁੰਦਾ’।
ਪੁੱਤ ਵਿਦੇਸ਼ ਨਾ ਭੇਜੋ.. ਕਿਉਂਕਿ ਪੁੱਤ ਲੱਭਦੇ ਨਹੀਂ
ਗੱਲਬਾਤ ਤੋ ਬਾਅਦ ਜਦੋਂ ਅਸੀਂ ਅਰਜਨ ਸਿੰਘ ਦੇ ਘਰ ਤੋਂ ਰੁਖ਼ਸਤ ਹੋਣ ਲੱਗੇ ਤਾਂ ਮਹਿੰਦਰ ਕੌਰ ਨੇ ਫਿਰ ਮੈਨੂੰ ਆਵਾਜ਼ ਮਾਰੀ ਵੇ ਕਾਕਾ ਇੱਧਰ ਆ, ਨੇੜੇ ਜਾਣ ਉੱਤੇ ਉਸ ਨੇ ਫਿਰ ਉਮੀਦ ਨਾਲ ਆਖਿਆ ਤੂੰ ਮੈਨੂੰ ਪਿੰਦਰ ਦੀ ਖ਼ਬਰ ਸਾਰ ਦੇਣ ਲਈ ਆਵੇਂਗਾ ਨਾ, ਮੈਂ ਤੇਰਾ ਇੰਤਜ਼ਾਰ ਕਰਾਂਗੀ, ਮੈਂ ਚੁੱਪ ਸੀ ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਇਸ ਤੋਂ ਬਾਅਦ ਮੈਂ ਘਰ ਤੋਂ ਬਾਹਰ ਗਲੀ ਵਿੱਚ ਆ ਗਿਆ। ਪਰ ਮਹਿੰਦਰ ਕੌਰ ਦੀਆਂ ਆਵਾਜ਼ਾਂ ਅਜੇ ਵੀ ਕੰਨਾਂ ਵਿੱਚ ਪੈ ਰਹੀਆਂ ਸਨ ਉਹ ਆਖ ਰਹੀ ਸੀ, ਰੋਟੀ ਥੋੜ੍ਹੀ ਖਾ ਲਓ ਪਰ ਪੁੱਤ ਬਾਹਰ ਨਾ ਭੇਜੋ ਕਿਉਂਕਿ ਪੁੱਤ ਲੱਭਦੇ ਨਹੀਂ……..