ਜ਼ਿੰਦਗੀ – ਮਨਪ੍ਰੀਤ ਕੌਰ ਭਾਟੀਆ,

‘‘ਸੁਣੋ ਜੀ, ਹੁਣ ਤਾਂ ਮੈਂ ਬਸ ਅੱਕੀ ਪਈ ਆਂ। ਕੁੱਝ ਕਰਨਾ ਈ ਪੈਣੈ ਹੁਣ ਸ਼ੀਲਾ ਦਾ।’’
‘‘ਕੀ ਹੋ ਗਿਆ ਹੁਣ?’’ ਰਾਮ ਚੰਦ ਨੇ ਅਪਣੀ ਪਤਨੀ ਰਸ਼ਮੀ ਦੇ ਮੱਥੇ ’ਤੇ ਉਭਰੇ ਹੋਏ ਵੱਟ ਵੇਖਦੇ ਹੀ ਕਿਹਾ।
‘‘ਹੋਣਾ ਕੀ ਐ, ਮੁੰਡੇ ਨੂੰ ਪੜ੍ਹਾਉਣ-ਲਿਖਾਉਣ ਤੇ ਵਿਆਹੁਣ ’ਤੇ ਅਸੀ ਲੱਖਾਂ ਰੁਪਏ ਖ਼ਰਚ ਦਿਤੇ ਤੇ ਉਸ ਦੇ ਸਹੁਰਿਆਂ ਨੇ ਕੌਡੀ ਮੁੱਲ ਨਹੀਂ ਪਾਇਆ ਉਸ ਦਾ। ਕਦੇ ਕੋਈ ਚੱਜ ਦੀ ਚੀਜ਼ ਆਈ ਵੇਖੀ ਏ ਤੁਸੀ ਉਸ ਦੇ ਸਹੁਰਿਆਂ ਤੋਂ? ਭੁੱਖ ਦੇ ਮਾਰੇ ਹੋਏ ਨਾ ਹੋਣ ਤਾਂ। ਤੇ ਉਤੋਂ ਇਹ ਸ਼ੀਲਾ ਘਰ ਦਾ ਪੂਰਾ ਕੰਮ ਵੀ ਨਹੀਂ ਕਰਦੀ ਤੇ ਕਈ ਗੱਲਾਂ ਵਿਚ ਮੇਰੇ ਵਿਰੁਧ ਜਾਣ ਦੀ ਵੀ ਕੋਸ਼ਿਸ਼ ਕਰਦੀ ਹੈ। ਬਸ ਬਹੁਤ ਹੋ ਗਿਆ ਹੁਣ।’’
‘‘ਫਿਰ ਕੀ ਕਰੀਏ…?’’ ਰਾਮ ਚੰਦ ਗੰਭੀਰਤਾ ਨਾਲ ਬੋਲਿਆ।
‘‘ਕੁੱਝ ਨਾ ਬੋਲਿਉ… ਬਸ ਧਿਆਨ ਨਾਲ ਮੇਰੀ ਗੱਲ ਸੁਣੋ। ਮੈਂ ਤੇ ਰਮੇਸ਼ ਨੇ ਮਿਲ ਕੇ ਯੋਜਨਾ ਬਣਾਈ ਏ।’’
‘‘ਕੀ…?’’
‘‘ਬਸ ਇਹੀ ਕਿ ਕਲ ਹਮੇਸ਼ਾ ਵਾਂਗ ਤੁਸੀ ਤੇ ਰਮੇਸ਼ ਦਫ਼ਤਰ ਚਲੇ ਜਾਇਉ। ਕੰਮ ਵਾਲੀ ਦੇ ਜਾਂਦਿਆਂ ਹੀ ਮੈਂ ਸ਼ੀਲਾ ਨੂੰ ਕਿਸੇ ਕੰਮ ਲਾ ਕੇ 12 ਕੁ ਵਜੇ ਦੇ ਕਰੀਬ ਗੈਸ ਖੁਲ੍ਹੀ ਛੱਡ ਕੇ ਰਸੋਈ ਦੇ ਬੂਹੇ-ਬਾਰੀਆਂ ਬੰਦ ਕਰ ਛੱਡੂੰ। ਕੁੱਝ ਦੇਰ ਬਾਅਦ ਨੂੰਹ ਨੂੰ ਕਹਿੰਦੀ ਜਾਊਂ ਕਿ ਰੋਟੀ ਸਬਜ਼ੀ ਬਣਾ ਲਈਂ ਤੇ ਆਪ ਕਿਸੇ ਘਰ ਚਲੀ ਜਾਊਂ। ਪਿਛੋਂ ਆਪੇ ਇਕੱਲੀ ਸੜ ਮਰੇਗੀ ਤੇ ਕਿਸੇ ਨੂੰ ਸਾਡੇ ’ਤੇ ਸ਼ੱਕ ਵੀ ਨਹੀਂ ਹੋਵੇਗਾ।’’
… ਤੇ ਅਗਲੀ ਸਵੇਰ ਬਿਲਕੁਲ ਉਵੇਂ ਹੀ ਰਸ਼ਮੀ ਕਿਸੇ ਜਾਣ ਪਛਾਣ ਵਾਲੇ ਘਰ ਚਲੀ ਗਈ। ਉਥੇ ਵਕਤ ਬੀਤ ਰਿਹਾ ਸੀ। ਉਹ ਹੈਰਾਨ ਸੀ। ਉਸ ਨੂੰ ਆਇਆਂ ਕਾਫ਼ੀ ਸਮਾਂ ਬੀਤ ਗਿਆ ਸੀ ਪਰ ਕੋਈ ਖ਼ਬਰ ਹੀ ਨਹੀਂ ਸੀ ਆਈ। ਸੋਚਦੀ ਹੋਈ ਉਹ ਉਠ ਕੇ ਘਰ ਵਲ ਹੋ ਤੁਰੀ। ਘਰ ਜਾ ਕੇ ਜਦੋਂ ਉਸ ਨੇ ਜਿੰਦਾ ਲੱਗਾ ਵੇਖਿਆਂ ਤਾਂ ਉਹ ਹੈਰਾਨ ਰਹਿ ਗਈ। ਇਧਰੋਂ-ਉਧਰੋਂ ਪੁਛਿਆ ਤਾਂ ਕਿਸੇ ਨੇ ਏਨਾ ਹੀ ਦਸਿਆ ਕਿ ਸ਼ੀਲਾ ਬਹੁਤ ਘਬਰਾਈ ਹੋਈ ਕਿਧਰੇ ਗਈ ਹੈ। ਰਸ਼ਮੀ ਦੇ ਚਿਹਰੇ ’ਤੇ ਇਕ ਰੰਗ ਆਵੇ ਤੇ ਇਕ ਜਾਵੇ। ਏਨੇ ਨੂੰ ਰਾਮ ਚੰਦ ਬੇਹੱਦ ਘਬਰਾਇਆ ਹੋਇਆ ਆਇਆ ਤੇ ਭਰੇ ਗਲੇ ਨਾਲ ਮਸਾਂ ਬੋਲਿਆ, ‘‘ਛੇਤੀ ਚਲ… ਮੈਂ ਕਦੋਂ ਦਾ ਤੈਨੂੰ ਲਭਦਾਂ… ਰਮੇਸ਼ ਦਾ ਐਕਸੀਡੈਂਟ… ਹੋ ਗਿਐ… ਹਸ…ਪ…ਤਾਲ ’ਚ …’ ਤੇ ਉਸ ਦੇ ਬੇਕਾਬੂ ਹੋਏ ਹੰਝੂ ਗੱਲ੍ਹਾਂ ’ਤੇ ਉਤਰ ਆਏ। ਰਸ਼ਮੀ ਘਬਰਾਈ ਹੋਈ ਪਤੀ ਨਾਲ ਸਕੂਟਰ ਪਿੱਛੇ ਬੈਠ ਕੇ ਹਸਪਤਾਲ ਪਹੁੰਚੀ।
‘‘ਡਾਕਟਰ ਸਾਹਿਬ…. ਸਾਡਾ…. ਬੇ….ਟਾ….’’ ਰਸ਼ਮੀ ਹੌਂਕੇ ਭਰਦੀ ਅੱਗੋਂ ਬੋਲ ਨਾ ਪਾਈ।
‘‘ਤਹਾਡੇ ਬੇਟੇ ਦਾ ਖ਼ੂਨ ਬਹੁਤ ਹੀ ਜ਼ਿਆਦਾ ਵਹਿ ਗਿਆ ਸੀ ਤੇ ਉਸ ਦਾ ਦੁਰਲੱਭ ਬਲੱਡ ਗਰੁਪ ਹੋਣ ਕਾਰਨ ਅਸੀ ਬਹੁਤ ਚਿੰਤਤ ਹੋ ਗਏ ਸਾਂ ਪਰ ਹੁਣ ਤੁਸੀ ਫ਼ਿਕਰ ਨਾ ਕਰੋ। ਫ਼ੋਨ ਸੁਣਦੇ ਹੀ ਬਿਲਕੁਲ ਵਕਤ ’ਤੇ ਤੁਹਾਡੀ ਨੂੰਹ ਸ਼ੀਲਾ ਪਹੁੰਚ ਗਈ। ਦੋਹਾਂ ਪਤੀ-ਪਤਨੀ ਦਾ ਬਲੱਡ ਗਰੁੱਪ ਇਕੋ ਸੀ, ਇਸ ਲਈ ਮੁਸ਼ਕਲ ਨਹੀਂ ਹੋਈ। ਨਹੀਂ ਤਾਂ ਕੁੱਝ ਵੀ…। ਹੁਣ ਉਹ ਖ਼ਤਰੇ ਤੋਂ ਬਾਹਰ ਹੈ।’’
ਉਨ੍ਹਾਂ ਛੇਤੀ ਨਾਲ ਅੰਦਰ ਜਾ ਕੇ ਵੇਖਿਆ। ਰਮੇਸ਼ ਬੇਹੋਸ਼ ਸੀ ਤੇ ਕੋਲ ਦੂਜੇ ਬੈੱਡ ਤੇ ਪਈ ਸ਼ੀਲਾ ਉਨ੍ਹਾਂ ਨੂੰ ਵੇਖ ਕੇ ਮੁਸਕਰਾ ਪਈ। ਸ਼ਰਮਸਾਰ ਹੋਏ ਰਸ਼ਮੀ ਤੇ ਰਾਮ ਚੰਦ ਤੋਂ ਕੁੱਝ ਨਾ ਬੋਲਿਆ ਗਿਆ। ਪਸ਼ਚਾਤਾਪ ਦੇ ਹੰਝੂ ਕੇਰਦਿਆਂ ਬਸ ਉਨ੍ਹਾਂ ਨੇ ਸ਼ੀਲਾ ਦੇ ਸਿਰ ’ਤੇ ਹੱਥ ਫੇਰ ਦਿਤਾ।
– ਮਨਪ੍ਰੀਤ ਕੌਰ ਭਾਟੀਆ,

Leave a Reply

Your email address will not be published. Required fields are marked *