ਜ਼ਿਲ੍ਹਾ ਪ੍ਰਸ਼ਾਸਨ ਨੇ ਲੰਗਰ ਲਈ ਕੋਈ ਪਾਸ ਜਾਰੀ ਨਹੀਂ ਕੀਤਾ : ਏ.ਡੀ.ਸੀ.

ਪਟਿਆਲਾ : ਕੋਵਿਡ-19 ਤੋਂ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋੜਵੰਦਾਂ ਤੱਕ ਖਾਣਾ ਤੇ ਰਾਸ਼ਨ ਪਹੁੰਚਾਉਣ ਲਈ ਰੈਡ ਕਰਾਸ ਦੀਆਂ ਟੀਮਾਂ ਵੱਲੋਂ ਪੂਰੀ ਇਹਤਿਆਤ ਨਾਲ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ਕਮਿਸ਼ਨਰ  ਕਮ- ਏ.ਡੀ.ਸੀ. (ਜ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਦੀ ਮਦਦ ਲਈ ਰੈਡ ਕਰਾਸ ਰਾਹੀਂ ਖਾਣਾ ਪਹੁੰਚਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਅਕਤੀ ਜਾ ਸੰਸਥਾ ਨੂੰ ਲੰਗਰ ਲਈ ਪਾਸ ਜਾਰੀ ਨਹੀਂ ਕੀਤੇ ਗਏ ਹਨ।

ਏ.ਡੀ.ਸੀ. ਨੇ ਦੱਸਿਆ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਜਦੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਕਿ ਇਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵੱਧ ਸਕਦਾ ਹੈ ਤਾਂ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਲੰਗਰ ਵੰਡਣ ‘ਤੇ ਪੂਰਨ ਪਾਬੰਦੀ ਲਗਾਕੇ ਸਿਰਫ਼ ਰੈਡ ਕਰਾਸ ਰਾਹੀਂ ਲੰਗਰ ਵੰਡਣ ਦੇ ਹੁਕਮ ਜਾਰੀ ਕੀਤੇ ਗਏ ਜੋ ਹੁਣ ਰੈਡ ਕਰਾਸ ਪਟਿਆਲਾ ਜ਼ਿਲ੍ਹੇ ਵਿੱਚ ਲੋੜਵੰਦਾਂ ਨੂੰ ਰੋਜ਼ਾਨਾ ਲੰਗਰ ਸਪਲਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕੋਵਿਡ-19 ਪਾਜ਼ੀਟਿਵ ਆਏ ਮਰੀਜ਼ਾ ਸਬੰਧੀ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਲੰਗਰ ਪਾਸ ਜਾਰੀ ਕੀਤੇ ਗਏ ਹਨ ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਅਕਤੀ ਜਾ ਸੰਸਥਾ ਨੂੰ ਲੰਗਰ ਪਾਸ ਨਹੀਂ ਜਾਰੀ ਕੀਤੇ ਗਏ ਅਤੇ ਸਿਰਫ਼ ਅਤਿ ਜ਼ਰੂਰੀ ਗਤੀਵਿਧੀਆਂ ਜਿਹਨਾਂ ਵਿਚ ਦਵਾਈਆਂ, ਰਾਸ਼ਨ ਤੇ ਸਬਜ਼ੀਆਂ ਦੀ ਘਰਾਂ ‘ਚ ਸਪਲਾਈ ਲਈ ਹੀ ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਕਰਫਿਊ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਹੈ ਤਾਂ ਉਸ ਖਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਨਾਕੇ ਲਗਾਕੇ ਬੇਲੋੜੀ ਆਵਾਜਾਈ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 100 ਪਾਸ ਰੱਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਇਹ ਕਰਫਿਊ ਬਿਮਾਰੀ ਤੋਂ ਪਟਿਆਲਾ ਵਾਸੀਆਂ ਦੇ ਬਚਾਅ ਲਈ ਲਗਾਇਆ ਗਿਆ ਹੈ ਇਸ ਲਈ ਹਰੇਕ ਵਿਅਕਤੀ ਇਸ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਦਾ ਸਾਥ ਦੇਵੇ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਹਿਫ਼ਾਜ਼ਤ ਲਈ  ਆਪਣੇ ਘਰ ਵਿੱਚ ਹੀ ਰਹੇ।

Leave a Reply

Your email address will not be published. Required fields are marked *