ਹੜਤਾਲ- ਗੁਰਵਿੰਦਰ ਸਿੰਘ

ਬੱਸ ਅੱਡੇ ਤੇ ਖੜਿਆਂ ਨੂੰ ਡੇਢ ਘੰਟੇ ਤੋਂ ਵਧ ਹੋ ਗਿਆ ਸੀ। ਬੱਸ ਅਜੇ ਤਕ ਨਹੀਂ ਆਈ ਸੀ। ਬੱਸ ਅੱਡੇ ਤੇ ਹੋਰ ਸਵਾਰੀਆਂ ਵੀ ਖੜੀਆਂ ਸਨ।
‘‘ਸੁਣੋ ਜੀ, ਕਿਸੇ ਨੂੰ ਪੁੱਛੋ ਬੱਸ ਕਿਉਂ ਨਹੀਂ ਆਈ?’’ ਇਹ ਫ਼ਿਕਰਮੰਦ ਪਤਨੀ ਦੀ ਆਵਾਜ਼ ਸੀ ਜਿਹੜੀ ਅਪਣੇ ਚਾਰ ਸਾਲ ਦੇ ਬੱਚੇ ‘ਰਾਜੂ’ ਨੂੰ ਲੈ ਕੇ ਪਿੱਛੇ ਬੈਚ ’ਤੇ ਬੈਠੀ ਸੀ।
‘‘ਮੈ ਕਿਸ ਨੂੰ ਪੁਛਾਂ ਕੋਈ ਸਮਝ ਨਹੀਂ ਪੈਦੀ।’’ ਉਸ ਦੀ ਆਵਾਜ਼ ਵਿਚ ਚਿੰਤਾ ਅਤੇ ਬੇਵੱਸੀ ਦੀ ਝਲਕ ਸੀ।
‘‘ਕੁੱਝ ਦੇਰ ਹੋਰ ਉਡੀਕ ਕਰ ਲੈ। ਜੇ ਬੱਸ ਨਾ ਆਈ ਤਾਂ ਕੋਈ ਨਾ ਕੋਈ ਹੋਰ ਚੀਜ਼ ਮਿਲ ਜਾਵੇਗੀ।’’ ਉਸ ਨੇ ਪਤਨੀ ਨੂੰ ਹੌਸਲਾ ਦਿੰਦਿਆਂ ਕਹਿ ਤਾਂ ਦਿਤਾ ਪਰ ਅੰਦਰੋ ਉਸ ਦਾ ਮਨ ਵੀ ਹੌਸਲਾ ਛੱਡ ਰਿਹਾ ਸੀ।
ਰਾਜੂ ਬੁਖ਼ਾਰ ਨਾਲ ਤਪ ਰਿਹਾ ਸੀ। ਤੜਕੇ ਚਾਰ ਵਜੇ ਦਾ ਬੁਖਾਰ ਚੜ੍ਹਿਆ ਸੀ। ਪਿੰਡ ਵਿਚ ਕੋਈ ਡਾਕਟਰ ਨਾ ਹੋਣ ਕਰ ਕੇ ਉਹ ਠੰਢੇ ਪਾਣੀ ਦੀਆਂ ਪੱਟੀਆਂ ਕਰਦੇ ਰਹੇ ਸਨ। ਬੁਖਾਰ ਕੱੁਝ ਦੇਰ ਲਈ ਘੱਟ ਜਾਂਦਾ ਸੀ ਪਰ ਫਿਰ ਤੇਜ਼ ਹੋ ਜਾਂਦਾ ਸੀ। ਹੁਣ ਤਾਂ ਉਸ ਦੇ ਸਰੀਰ ਵਿਚੋਂ ਜਿਵੇਂ ਅੰਗਿਆੜੇ ਨਿਕਲ ਰਹੇ ਸਨ। ਪਤਨੀ ਲਗਾਤਾਰ ਗਿੱਲੀਆਂ ਪੱਟੀਆਂ ਉਸ ਦੇ ਮੱਥੇ ’ਤੇ ਰੱਖ ਰਹੀ ਸੀ।
‘‘ਭਾਅ ਜੀ, ਤੁਹਾਨੂੰ ਪਤੈ ਬੱਸ ਅਜੇ ਕਿਉਂ ਨਹੀਂ ਆਈ?’’ ਉਸ ਨੇ ਸਾਹਮਣੇ ਚਾਹ ਦੀ ਦੁਕਾਨ ਵਾਲੇ ਤੋਂ ਪੁਛਿਆ ਸੀ।
‘‘ਪਤਾ ਨਹੀਂ, ਸ਼ਾਇਦ ਕੋਈ ਹੜਤਾਲ-ਹੜਤੂਲ ਈ ਨਾ ਹੋਵੇ। ਇਕ ਤਾਂ ਪਿੰਡ ਬੈਠਿਆਂ ਆਪਾਂ ਨੂੰ ਪਤਾ ਵੀ ਨਹੀਂ ਲਗਦਾ ਕਿਸੇ ਗੱਲ ਦਾ।’’ ਕਹਿ ਕੇ ਉਹ ਚਾਹ ਬਣਾਉਣ ਲੱਗ ਗਿਆ ਸੀ।
ਦੂਰ ਸੜਕ ਵਲ ਵੇਖਦਿਆਂ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। ਇਕ ਟੈਂਪੂ ਆ ਰਿਹਾ ਸੀ। ‘‘ਚਲੋ ਦੇਰ ਨਾਲ ਹੀ ਸਹੀ ਸ਼ਹਿਰ ਤਾਂ ਪਹੁੰਚਾਂਗੇ।’’ ਉਸ ਨੇ ਦਿਲ ਵਿਚ ਸੋਚਿਆ।
‘‘ਹੇ ਪ੍ਰਮਾਤਮਾ, ਮੇਰੇ ਪੁੱਤਰ ਤੇ ਰਹਿਮ ਕਰ।’’ ਉਸ ਨੇ ਰੱਬ ਨੂੰ ਅਰਦਾਸ ਕੀਤੀ। ਟੈਪੂ ਨੇੜੇ ਆ ਕੇ ਰੁੱਕ ਗਿਆ। ਟੈਂਪੂ ਵਲ ਵੇਖ ਕੇ ਉਸ ਦੀ ਆਸ ਢਹਿ ਗਈ ਸੀ। ਸਵਾਰੀਆਂ ਤੂੜੀ ਵਾਂਗ ਭਰੀਆਂ ਹੋਈਆਂ ਸਨ। ਨੇੜੇ ਆਉਂਦਿਆਂ ਹੀ ਬੱਸ ਅੱਡੇ ਤੇ ਖੜੀਆਂ ਸਾਰੀਆਂ ਸਵਾਰੀਆਂ ਵੀ ਉਸ ’ਤੇ ਟੁੱਟ ਪਈਆਂ ਅਤੇ ਟੈਂਪੂ ਨਾਲ ਲਟਕ ਗਈਆਂ। ਉਸ ਪਤੀ ਪਤਨੀ ਦੇ ਟੈਂਪੂ ਦੇ ਬੈਠਣ ਤਾਂ ਦੂਰ, ਕਿਤੇ ਲਟਕਣ ਲਈ ਵੀ ਥਾਂ ਨਹੀਂ ਸੀ। ਫਿਰ ਉਹ ਲਟਕ ਕੇ ਵੀ ਕਿਵੇਂ ਜਾਂਦੇ, ਰਾਜੂ ਤਾਂ ਬਿਲਕੁਲ ਬੇਹੋਸ਼ ਹੋਇਆ ਪਿਆ ਸੀ।
‘‘ਭਰਾਵੋ, ਸਾਡੇ ਲਈ ਵੀ ਥੋੜੀ ਜਿਹੀ ਥਾਂ ਬਣਾ ਦਿਉ। ਮੇਰਾ ਬੱਚਾ ਬਹੁਤ ਬੀਮਾਰ ਹੈ। ਇਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ।’’ ਉਸ ਨੇ ਸਵਾਰੀਆਂ ਨੂੰ ਤਰਲਾ ਕੀਤਾ।
‘‘ਉਏ ਟੈਂਪੂ ਵਿਚ ਬਿਲਕੁਲ ਥਾਂ ਨਹੀਂ। ਪਿੱਛੇ ਹੋਰ ਆ ਜਾਵੇਗਾ। ਤੂੰ ਉਸ ਤੇ ਆ ਜਾਵੀ।’’ ਇਕ ਖੁਰਦਰੀ ਜਿਹੀ ਸ਼ਕਲ ਵਾਲਾ ਬੰਦਾ ਬੋਲਿਆ।
‘‘ਭਰਾਵਾ, ਔਖਾ ਸੌਖਾ ਹੋ ਕੇ ਨਾਲ ਹੀ ਲਟਕ ਜਾ। ਅੱਜ ਕੋਈ ਬੱਸ ਨਹੀਂ ਆਉਣੀ ਤੇ ਨਾ ਹੀ ਕੋਈ ਹੋਰ ਵਾਹਨ। ਅੱਜ ਹੜਤਾਲ ਹੈ। ’’ ਟੈਂਪੂ ਵਾਲਾ ਉਸ ਦੀ ਮਜਬੂਰੀ ਸਮਝ ਰਿਹਾ ਸੀ।
‘‘ਸੁਣੋ ਬਈ ਭਰਾਵੋ, ਮੈਂ ਤੁਹਾਨੂੰ ਲੈ ਤਾਂ ਚਲਦਾਂ ਪਰ ਸ਼ਹਿਰ ਤੋਂ ਬਾਹਰ ਹੀ ਛੱਡ ਦਿਆਂਗਾ। ਸ਼ਹਿਰ ਵਿਚ ਹੜਤਾਲ ਏ ਤੇ ਮੈਂ ਉਥੇ ਟੈਂਪੂ ਲਿਜਾ ਕੇ ਸ਼ੀਸ਼ੇ ਨਹੀਂ ਭੰਨਵਾਉਣੇ। ਅੱਗੇ ਤੁਹਾਨੂੰ ਤੁਰ ਕੇ ਹੀ ਜਾਣਾ ਪਊ।’’ ਟੈਂਪੂ ਵਾਲੇ ਨੇ ਸਵਾਰੀਆਂ ਨੂੰ ਕਹਿ ਦਿਤਾ ਸੀ। ਸਵਾਰੀਆਂ ਨੇ ਸਿਰ ਹਿਲਾਇਆ।
‘‘ਲਿਆ ਬੀਬਾ, ਬੱਚਾ ਮੈਨੂੰ ਫੜਾ ਦੇ, ਤੂੰ ਕਿਵੇਂ ਚੜੇਗੀ ਬੱਚੇ ਨੂੰ ਚੁੱਕ ਕੇ?’’ ਇਕ ਅਧਖੜਜਿਹੀ ਉਮਰ ਦੀ ਔਰਤ ਨੇ ਬੱਚੇ ਨੂੰ ਫੜ ਲਿਆ। ਬਾਕੀ ਸਾਰੀਆਂ ਸਵਾਰੀਆਂ ਸੀਟ ਦੇਣ ਦੇ ਡਰੋ ਨਜ਼ਰਾਂ ਚੁਰਾ ਰਹੀਆਂ ਸਨ। ਟੈਂਪੂ ਚੱਲ ਪਿਆ।
‘‘ਹੈ ਨੀ, ਤੇਰਾ ਮੁੰਡਾ ਤਾਂ ਅੱਗ ਵਾਂਗੂ ਤਪ ਰਿਹਾ ਏ।’’ ਅਧਖੜ ਔਰਤ ਨੇ ਰਾਜੂ ਦੀ ਮਾਂ ਵਲ ਵੇਖਿਆ ਕਿਹਾ। ‘‘ਹਾਂ ਬੀਬੀ, ਸਵੇਰੇ ਤੜਕੇ ਦਾ ਬੁਖਾਰ ਚੜ੍ਹਿਐ।’’ ਉਸ ਨੇ ਜਵਾਬ ਦਿਤਾ। ‘‘ਇਸੇ ਲਈ ਤਾਂ ਸ਼ਹਿਰ ਲੈ ਕੇ ਜਾ ਰਹੇ ਹਾਂ।’’
‘‘ਅਪਣਾ ਤਾਂ ਇਨ੍ਹਾਂ ਹੜਤਾਲਾਂ ਨੇ ਹੀ ਜਿਉਣਾ ਹਰਾਮ ਕੀਤਾ ਹੋਇਐ। ਕਦੇ ਬਸਾਂ ਦੀ, ਕਦੇ ਦੁਕਾਨਾਂ ਦੀ, ਕਦੇ ਦਫ਼ਤਰਾਂ ਦੀ। ਵੇਖਾਂ, ਮੁੰਡਾ ਕਿਵੇਂ ਬੁਖਾਰ ਨਾਲ ਤੜਫੀ ਜਾਂਦੈ। ਵੇ ਵੀਰ ਟੈਂਪੂ ਵਾਲਿਆ, ਟੈਂਪੂ ਥੋੜੀ ਜਿਹੀ ਤੇਜ਼ ਚਲਾ।’’ ਅਧਖੜਔਰਤ ਵੀ ਇਕ ਮਾਂ ਸੀ।
ਰਾਜੂ ਨੇ ਅੱਖਾਂ ਖੋਲੀਆਂ ਸਨ। ਗਲੇ ਵਿਚੋਂ ਹੌਲੀ ਜਿਹੀ ਆਵਾਜ਼ ਨਿਕਲੀ। ਅਪਣੇ ਆਪ ਨੂੰ ਕਿਸੇ ਅਣਜਾਨ ਔਰਤ ਦੀ ਗੋਦ ਵਿਚ ਵੇਖ ਕੇ ਹੈਰਾਨ ਹੋ ਗਿਆ ਸੀ, ਕੁੱਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲ ਨਹੀਂ ਸੀ ਸਕਿਆ। ਅੱਖਾਂ ਦੁਬਾਰਾ ਬੰਦ ਹੋ ਗਈਆਂ।
‘‘ਵੇ ਭਾਈ, ਕਿਸੇ ਕੋਲ ਪਾਣੀ ਹੈ ਪੀਣ ਵਾਲਾ?’’ ਅਧਖੜਔਰਤ ਨੇ ਉੱਚੀ ਆਵਾਜ਼ ਵਿਚ ਪੁਛਿਆ, ‘‘ਆਹ ਮੇਰੀ ਬੋਤਲ ਫੜਾ ਬੀਬੀ ਨੂੰ।’’ ਟੈਂਪੂ ਵਾਲੇ ਨੇ ਅਪਣੇ ਨਾਲ ਵਾਲੀ ਸਵਾਰੀ ਨੂੰ ਕਿਹਾ। ਅਧਖੜਔਰਤ ਨੇ ਪਾਣੀ ਰਾਜੂ ਦੇ ਮੂੰਹ ਨੂੰ ਲਾਇਆ। ਦੋ ਕੁ ਘੁੱਟ ਪਾਣੀ ਪੀ ਕੇ ਰਾਜੂ ਫਿਰ ਬੇਹੋਸ਼ੀ ਵਿਚ ਚਲਾ ਗਿਆ ਸੀ।
‘‘ਹੇ ਵਾਹਿਗੁਰੂ, ਸੁੱਖ ਰੱਖੀ।’’ ਮਾਂ ਦੇ ਦਿਲ ਵਿਚੋਂ ਆਵਾਜ਼ ਨਿਕਲੀ। ਟੈਂਪੂ ਰੁੱਕ ਗਿਆ ਸੀ। ‘‘ਲਉ ਭਈ, ਉਤਰ ਜਾਉ।’’ ਟੈਂਪੂ ਨੂੰ ਸ਼ਹਿਰ ਤੋ ਦੋ ਕੁ ਕਿਲੋਮੀਟਰ ਬਾਹਰ ਹੀ ਬਰੇਕਾਂ ਲੱਗ ਗਈਆਂ ਸਨ।
‘‘ਅੱਗੇ ਨਹੀਂ ਜਾਣਾ, ਭਾਈ?’’ ਉਸ ਨੇ ਟੈਂਪੂ ਵਾਲੇ ਨੂੰ ਤਰਲਾ ਪਾਇਆ ਸੀ।
‘‘ਨਹੀਂ ਵੀਰ, ਅੱਗੇ ਖ਼ਤਰਾ ਏ। ਮੈਂ ਨਹੀਂ ਜਾਣਾ।’’ ਟੈਂਪੂ ਵਾਲੇ ਦਾ ਜਵਾਬ ਸੀ।
‘‘ਪਰ ਮੇਰਾ ਪੁੱਤਰ ਬਹੁਤ ਢਿੱਲਾ ਏ। ਇਹਦਾ ਜਲਦੀ ਹਸਪਤਾਲ ਪਹੁੰਚਣਾ ਬਹੁਤ ਜ਼ਰੂਰੀ ਏ।’’ ਉਸ ਨੇ ਮਿੰਨਤ ਕੀਤੀ। ‘‘ਨਹੀਂ ਭਰਾਵਾ, ਮੈਂ ਵੀ ਬਾਲ ਬੱਚੇਦਾਰ ਆਂ। ਇਹ ਖਰੂਦੀ ਜੇ ਕਿਤੇ ਫੜ ਲੈਣ ਤਾਂ ਸ਼ੀਸ਼ੇ ਭੰਨ ਦਿੰਦੇ ਨੇ ਤੇ ਕਈ ਵਾਰ ਤਾਂ ਗੱਡੀਆਂ ਸਾੜ ਦਿੰਦੇ ਨੇ। ਜੇ ਮੇਰੇ ਵੱਸ ਹੁੰਦਾ ਤਾਂ ਮੈਂ ਜ਼ਰੂਰ ਤੇਰੀ ਮਦਦ ਕਰਦਾ।’’ ਟੈਂਪੂ ਵਾਲੀ ਦੀ ਆਵਾਜ਼ ਵਿਚ ਵੀ ਦਰਦ ਸੀ। ਉਸ ਦੀਆਂ ਅੱਖਾਂ ਕਹਿ ਰਹੀਆਂ ਸਨ ਕਿ ਉਹ ਮਦਦ ਕਰਨੀ ਚਾਹੁੰਦਾ ਸੀ ਪਰ ਡਰਦਾ ਸੀ। ਆਖ਼ਰ ਉਹ ਵੀ ਤਾਂ ਇਕ ਪਿਉ ਸੀ।
ਟੈਂਪੂ ਵਾਲੇ ਦੀਆਂ ਅੱਖਾਂ ਵਿਚ ਦਇਆ ਵੇਖ ਕੇ ਉਸ ਨੂੰ ਕੱੁਝ ਮਦਦ ਦੀ ਉਮੀਦ ਹੋਈ ਸੀ। ਉਸ ਨੇ ਉਸ ਦੇ ਅੱਗੇ ਹੱਥ ਜੋੜ ਦਿਤੇ ਸਨ, ‘‘ਮੇਰੀ ਸਹਾਇਤਾ ਕਰ ਮੇਰੇ ਵੀਰ, ਮੇਰਾ ਇਕੋ ਇਕ ਬੱਚਾ ਏ। ਜੇ ਇਹਨੂੰ ਕੁੱਝ ਹੋ ਗਿਆ ਤਾਂ…।’’ ਦੋਵੇਂ ਪਤੀ ਪਤਨੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸਨ।
‘‘ਚੱਲੋ’’ ਟੈਂਪੂ ਵਾਲੇ ਦੀਆਂ ਅੱਖਾਂ ਵਿਚ ਵੀ ਇਕ ਨਿਸਚਾ ਆ ਗਿਆ ਸੀ। ‘‘ਜਿਹੜੀ ਹੋਊ, ਵੇਖੀ ਜਾਊਗੀ।’’ ਉਨ੍ਹਾਂ ਨੂੰ ਟੈਂਪੂ ਵਿਚ ਬੈਠਣ ਦਾ ਇਰਾਦਾ ਕਰ ਕੇ ਉਹ ਆਪ ਡਰਾਈਵਰ ਸੀਟ ਤੇ ਜਾ ਬੈਠਾ ਸੀ। ਅਜੇ ਉਹ ਸ਼ਹਿਰ ਤੋਂ ਕੱੁਝ ਬਾਹਰ ਹੀ ਸਨ ਕਿ ਪੁਲਿਸ ਦਾ ਨਾਕਾ ਲਗਿਆ ਹੋਇਆ ਸੀ।
‘‘ਤੁਸੀ ਅੱਗੇ ਨਹੀਂ ਜਾ ਸਕਦੇ। ਅੱਗੇ ਹੜਤਾਲੀਆਂ ਨੇ ਜਾਮ ਲਾਇਆ ਹੋਇਆ ਏ।’’ ਇਕ ਹੌਲਦਾਰ ਨੇ ਕਿਹਾ।
‘‘ਸਰਦਾਰ ਜੀ, ਮੇਰੇ ਬੱਚੇ ਦੀ ਹਾਲਤ ਬਹੁਤ ਖ਼ਰਾਬ ਏ। ਰਾਤ ਦਾ ਬੁਖਾਰ ਨਾਲ ਤਪ ਰਿਹਾ ਏ। ਬੇਸੁਰਤ ਹੋਇਆ ਪਿਆ ਏ। ਮੇਹਰਬਾਨੀ ਕਰ ਕੇ ਮੈਨੂੰ ਅੱਗੇ ਜਾਣ ਦਿਉ’’ ਉਸਨੇ ਮਿੰਨਤ ਕੀਤੀ।
‘‘ਨਹੀਂ ਨਹੀਂ! ਸਾਨੂੰ ਉਤੋਂ ਹੁਕਮ ਮਿਲਿਆ ਹੈ। ਅਸੀ ਕਿਸੇ ਨੂੰ ਅੱਗੇ ਨਹੀਂ ਜਾਣ ਦੇਣਾ।’’ ਹਵਾਲਦਾਰ ਨੇ ਸਖ਼ਤ ਆਵਾਜ਼ ਵਿਚ ਨਾਂਹ ਕਰ ਦਿਤੀ ਸੀ।
ਉਸ ਦਾ ਦਿਲ ਡੁੱਬ ਰਿਹਾ ਸੀ। ਥੋੜੀ ਦੂਰ ਰੁੱਖ ਹੇਠਾਂ ਐਸ.ਐਚ.ਓ. ਬੈਠਾ ਫ਼ਾਈਲਾਂ ਵੇਖ ਰਿਹਾ ਸੀ। ਉਹ ਡਰਦੇ ਡਰਦੇ ਐਸ.ਐਚ.ਓ. ਵਲ ਵਧੇ।
‘‘ਸਾਹਬ ਜੀ, ਮੇਰਾ ਪੁੱਤਰ ਬੁਖਾਰ ਨਾਲ ਤੜਫ਼ ਰਿਹਾ ਹੈ। ਸਾਨੂੰ ਅੱਗੇ ਜਾਣ ਦਿਉ।’’ ਉਹ ਜਾਂਦੇ ਹੀ ਐਸ.ਐਚ.ਓ. ਦੇ ਸਾਹਮਣੇ ਗੋਡਿਆਂ ਭਾਰ ਬੈਠ ਗਏ।
ਅੱਧਖੜ ਉਮਰ ਦੇ ਐਸ.ਐਚ.ਓ. ਨੇ ਸਿਰ ਚੁੱਕਆ। ਐਨਕ ਉੱਚੀ ਕੀਤੀ ਤੇ ਫਿਰ ਉਸ ਵਲ ਵੇਖਿਆ ਸੀ। ਮੱਥੇ ਤੇ ਤਿਉੜੀਆਂ ਸਨ। ਤਿਉੜੀਆਂ ਵੇਖ ਕੇ ਉਸ ਦਾ ਕਲੇਜਾ ਕੰਬ ਗਿਆ ਸੀ।
‘‘ਤੈਨੂੰ ਹੌਲਦਾਰ ਨੇ ਰੋਕਿਆ ਨਹੀਂ?’’ ਉਸ ਦੀ ਆਵਾਜ਼ ਵਿਚ ਗੁੱਸਾ ਤੇ ਖਿੱਝ ਸੀ। ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ। ਉਸ ਨੇ ਹੱਥ ਜੋੜ ਦਿਤੇ ਸਨ।
‘‘ਸਾਹਬ ਜੀ, ਸਾਨੂੰ ਅੱਗੇ ਜਾ ਲੈਣ ਦਿਉ। ਜੇ ਮੇਰੇ ਬੱਚੇ ਨੂੰ ਕੁੱਝ ਹੋ ਗਿਆ ਤਾਂ…।’’ ਉਸ ਦਾ ਗੱਚ ਭਰ ਆਇਆ ਸੀ। ਉਹ ਗੱਲ ਪੂਰੀ ਨਹੀਂ ਕਰ ਸਕਿਆ ਸੀ।
‘‘ਤੇਰੇ ਵਰਗੇ ਸਾਡੇ ਕੋਲ ਬਥੇਰੇ ਆਉਂਦੇ ਨੇ। ਬਹਾਨੇ ਬਣਾ ਕੇ ਲੰਘ ਜਾਂਦੇ ਨੇ ਤੇ ਫਿਰ ਸ਼ਹਿਰ ਜਾ ਕੇ ਭੰਨ ਤੋੜ ਕਰਦੇ ਨੇ। ਭੁਗਤਨਾ ਸ਼ਰੀਫ ਲੋਕਾਂ ਨੂੰ ਪੈਂਦੇ। ਚੱਲ ਦੌੜ ਜਾ ਇਥੋ।’’
‘‘ਨਹੀਂ ਨਹੀਂ, ਸਾਹਬ ਜੀ। ਮੈਂ ਝੂਠ ਨਹੀ ਬੋਲ ਰਿਹਾ।’’ ਉਹ ਦੌੜ ਕੇ ਰਾਜੂ ਨੂੰ ਉਸ ਦੀ ਮਾਂ ਦੀ ਝੋਲੀ ਵਿਚੋਂ ਚੁੱਕ ਕੇ ਲੈ ਆਇਆ। ‘‘ਆਹ ਵੇਖੋ ਸਾਹਬ ਜੀ, ਬਿਲਕੁਲ ਬੇਸੁਰਤ ਹੋਇਆ ਪਿਐ।’’ ਅੱਖਾਂ ਵਿਚੋਂ ਪਾਣੀ ਉਸੇ ਤਰ੍ਹਾਂ ਹੀ ਵਗ ਰਿਹਾ ਸੀ।
ਐਸ.ਐਚ.ਓ. ਨੇ ਰਾਜੂ ਨੂੰ ਹੱਥ ਲਾ ਕੇ ਵੇਖਿਆ। ਪਿੰਡਾ ਅੱਗ ਵਾਂਗੂ ਤਪ ਰਿਹਾ ਸੀ। ਮੂੰਹ ਸੁੱਕ ਗਿਆ ਸੀ। ਬੁੱਲਾਂ ਤੇ ਪਾਪੜੀਆਂ ਜੰਮ ਗਈਆਂ ਸਨ।
‘‘ਉਏ, ਦੇਵ ਰਾਜ! ਇਧਰ ਆ।’’ ਉਸ ਨੇ ਇਕ ਸਿਪਾਹੀ ਨੂੰ ਆਵਾਜ਼ ਮਾਰੀ। ‘‘ਜਾ ਮੇਰਾ ਮੋਟਰਸਾਈਕਲ ਲੈ ਜਾ। ਮੁੰਡੇ ਦੀ ਹਾਲਤ ਬਹੁਤ ਖ਼ਰਾਬ ਹੈ। ਇਹਦੇ ਨਾਲ ਜਾ ਤੇ ਇਹਦੀ ਮਦਦ ਕਰ ਜਿੰਨੀ ਕੁ ਹੋ ਸਕਦੀ ਹੈ।’’ ਉਸ ਨੇ ਜੇਬ ਵਿਚੋਂ 500 ਰੁਪਈਆ ਕੱਢ ਕੇ ਸਿਪਾਹੀ ਨੂੰ ਫੜਾ ਦਿਤਾ ਸੀ।
ਸਿਪਾਹੀ ਨੇ ਦੋਵਾਂ ਪਤੀ-ਪਤਨੀ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਅਤੇ ਸ਼ਹਿਰ ਵਲ ਲੈ ਗਿਆ। ਸ਼ਹਿਰ ਬਿਲਕੁਲ ਸੁੰਨਸਾਨ ਸੀ। ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਸੀ। ਉਹ ਹਸਪਤਾਲ ਵਿਚ ਪਹੁੰਚ ਚੁੱਕੇ ਸਨ। ਹਸਪਤਾਲ ਵਿਚ ਮਰੀਜ਼ਾਂ ਦਾ ਬੁਰਾ ਹਾਲ ਸੀ।
ਉਹ ਡਾਕਟਰ ਕੋਲ ਗਏ। ਮਰੀਜ਼ਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ। ਪਤਾ ਲਗਿਆ ਕਿ ਆਵਾਜਾਈ ਬੰਦ ਹੋਣ ਕਾਰਨ ਸਿਰਫ਼ ਲੋਕਲ ਸਟਾਫ਼ ਹੀ ਹਸਪਤਾਲ ਪਹੁੰਚਿਆ। ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਡਾਕਟਰ ਅਤੇ ਨਰਸਾਂ ਅੱਜ ਨਹੀਂ ਆਏ ਸਨ। ਪੰਜ ਡਾਕਟਰਾਂ ਵਾਲੇ ਹਸਪਤਾਲ ਵਿਚ ਇਕੋ ਹੀ ਡਾਕਟਰ ਸੀ ਅਤੇ ਉਹੀ ਸਾਰੇ ਮਰੀਜ਼ ਵੇਖ ਰਿਹਾ ਸੀ। ਪਰਚੀ ਕਟਵਾਉਣ ਤੋਂ ਬਾਅਦ ਉਹ ਇਕ ਨਰਸ ਨੂੰ ਮਿਲੇ ਸਨ। ਨਰਸ ਨੇ ਬੱਚੇ ਦਾ ਬੁਖਾਰ ਚੈੱਕ ਕੀਤਾ। ਬੱਚੇ ਦੀ ਹਾਲਤ ਬਹੁਤ ਬੁਰੀ ਸੀ। ਉਹ ਉਨ੍ਹਾਂ ਨੂੰ ਨਾਲ ਲੈ ਕੇ ਡਾਕਟਰ ਦੇ ਕਮਰੇ ਵਿਚ ਚਲੀ ਗਈ। ਲਾਈਨ ਵਿਚ ਲੱਗੇ ਮਰੀਜ਼ਾਂ ਨੇ ਨੱਕ ਮੂੰਹ ਤਾਂ ਚੜਾਇਆ ਸੀ ਪਰ ਪੁਲਿਸ ਵਾਲਾ ਅਤੇ ਨਰਸ ਨਾਲ ਹੋਣ ਕਾਰਨ ਕੱੁਝ ਬੋਲੇ ਨਹੀਂ ਸਨ।
ਡਾਕਟਰ ਨੇ ਰਾਜੂ ਨੂੰ ਚੈੱਕ ਕੀਤਾ। ਉਸ ਦੇ ਚਿਹਰੇ ਤੇ ਫ਼ਿਕਰਮੰਦੀ ਦੇ ਭਾਵ ਉਭਰੇ ਸਨ। ‘‘ਤੁਸੀ ਬਹੁਤ ਹੀ ਦੇਰ ਕਰ ਦਿਤੀ ਹੈ। ਬੱਚੇ ਦੀ ਹਾਲਤ ਬਹੁਤ ਨਾਜ਼ੁਕ ਹੈ। ਫਿਰ ਵੀ ਅਸੀ ਕੋਸ਼ਿਸ਼ ਕਰਦੇ ਹਾਂ।’’ ਡਾਕਟਰ ਨੇ ਬਿਨਾਂ ਕੋਈ ਦੇਰ ਕੀਤੇ ਬੱਚੇ ਦਾ ਇਲਾਜ ਸ਼ੁਰੂ ਕਰ ਦਿਤਾ ਸੀ ਅਤੇ ਉਨ੍ਹਾਂ ਨੂੰ ਦਵਾਈ ਲਿਆਉਣ ਲਈ ਪਰਚੀ ਲਿਖ ਦਿਤੀ ਸੀ। ‘‘ਇਹ ਦਵਾਈ ਤੁਰਤ ਲੈ ਆਉ। ਬੱਚੇ ਲਈ ਬਹੁਤ ਜ਼ਰੂਰੀ ਹੈ।’’ ਪਤਨੀ ਨੂੰ ਰਾਜੂ ਕੋਲ ਛੱਡ ਕੇ ਉਹ ਦਵਾਈ ਲੈਣ ਲਈ ਬਾਹਰ ਨਿਕਲ ਗਿਆ। ਸਿਪਾਹੀ ਵੀ ਰਾਜੂ ਕੋਲ ਰੁਕ ਗਿਆ ਸੀ।
ਉਸਨੇ ਪੂਰੇ ਬਾਜ਼ਾਰ ਦਾ ਗੇੜਾ ਕੱਢ ਲਿਆ ਸੀ। ਮੈਡੀਕਲ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ, ਉਸਦਾ ਦਿਲ ਡੁਬਦਾ ਜਾ ਰਿਹਾ ਸੀ। ਫਿਰ ਉਸ ਨੂੰ ਚਾਹ ਦੀ ਇਕ ਬੰਦ ਪਈ ਦੁਕਾਨ ਦੇ ਖ਼ਾਲੀ ਬੈਚਾਂ ਤੇ ਬੈਠੇ ਕੁੱਝ ਲੋਕ ਤਾਸ਼ ਖੇਡ ਰਹੇ ਦਿਖਾਈ ਦਿਤੇ।
‘‘ਬਾਈ ਜੀ, ਇਥੇ ਕੋਈ ਦਵਾਈਆਂ ਦੀ ਕੋਈ ਹੋਰ ਦੁਕਾਨ ਹੈ?’’ ਉਸ ਨੇ ਉਨ੍ਹਾਂ ਨੂੰ ਪੁਛਿਆ ਸੀ। ‘‘ਨਹੀਂ ਬਈ, ਸਾਰੀਆਂ ਦੁਕਾਨਾਂ ਅੱਜ ਬੰਦ ਹਨ। ਤੈਨੂੰ ਅੱਜ ਕਿਤੋ ਵੀ ਕੱੁਝ ਨਹੀਂ ਮਿਲਣਾ। ਜਾ ਵਾਪਸ ਮੁੜ ਜਾ।’’ ਤਾਸ਼ ਖੇਡਦੇ ਬੰਦਿਆਂ ਵਿਚੋਂ ਇਕ ਤੀਹ ਕੁ ਸਾਲਾਂ ਦੇ ਬੰਦੇ ਨੇ ਜਵਾਬ ਦਿਤਾ।
ਜਵਾਬ ਉਸ ਦੇ ਸਿਰ ਵਿਚ ਹਥੌੜੇ ਵਾਂਗ ਵਜਿਆ ਸੀ। ਉਹ ਇਕ ਕਦਮ ਵੀ ਅੱਗੇ ਨਹੀਂ ਵਧਾ ਸਕਿਆ ਅਤੇ ਉਥੇ ਹੀ ਬੈਠ ਗਿਆ ਸੀ। ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਪੈਰ ਤੁਰਨੋ ਜਵਾਬ ਦੇ ਗਏ ਸਨ। ਜੀਭ ਜਿਵੇਂ ਤਾਲੂ ਨਾਲ ਹੀ ਚਿਪਕ ਗਈ ਹੋਵੇ।
‘‘ਕੀ ਹੋਇਆ?’’ ਤਾਸ਼ ਖੇਡਦੇ ਬੰਦਿਆਂ ਨੇ ਖੇਡਣਾ ਛੱਡ ਦਿਤਾ ਸੀ। ਦੋ ਬੰਦੇ ਉਸ ਵਲ ਵਧੇ ਅਤੇ ਉਸ ਨੂੰ ਉਠਾ ਕੇ ਬੈਚ ਤੇ ਬਿਠਾ ਦਿਤਾ ਸੀ।
ਉਹ ਕੱੁਝ ਬੋਲ ਨਹੀਂ ਸਕਿਆ। ਬਸ ਗਿੱਲੀਆਂ ਅੱਖਾਂ ਨਾਲ ਉਨ੍ਹਾਂ ਵਲ ਵੇਖੀ ਜਾ ਰਿਹਾ ਸੀ। ਉਨ੍ਹਾਂ ਵਿਚੋਂ ਇੱਕ ਨੇ ਕੋਲ ਪਈ ਪਾਣੀ ਦੀ ਬੋਤਲ ਵਿਚੋਂ ਪਾਣੀ ਦਾ ਗਿਲਾਸ ਭਰ ਕੇ ਉਸ ਦੇ ਮੂੰਹ ਨੂੰ ਲਾਇਆ। ਦੂਜੇ ਨੇ ਹੱਥ ਵਿਚੋਂ ਪਰਚੀ ਫੜ ਕੇ ਵੇਖੀ।
‘‘ਉਏ! ਇਹ ਤਾਂ ਕਿਸੇ ਦੀ ਦਵਾਈ ਲੈਣ ਆਇਆ ਹੈ।’’ ਪਰਚੀ ਫੜਣ ਵਾਲੇ ਨੇ ਦੂਜਿਆਂ ਨੂੰ ਦਸਿਆ ਸੀ।
‘‘ਪਰ ਆਪਾਂ ਕੀ ਕਰ ਸਕਦੇ ਹਾਂ! ਹਰ ਇਕ ਨੂੰ ਅਪਣੀ ਜਾਨ ਪਿਆਰੀ ਹੈ। ਆਪਾਂ ਅਪਣੀ ਦੁਕਾਨ ਦਾ ਨੁਕਸਾਨ ਥੋੜਾ ਕਰਵਾਉਣਾ ਹੈ?’’ ਜਵਾਬ ਦੇਣ ਵਾਲਾ ਸ਼ਾਇਦ ਕਿਸੇ ਦਵਾਈਆਂ ਦੀ ਦੁਕਾਨ ਦਾ ਮਾਲਕ ਸੀ ਜਿਹੜਾ ਉਥੇ ਬੈਠਾ ਤਾਸ਼ ਖੇਡ ਰਿਹਾ ਸੀ। ਏਨੀ ਦੇਰ ਵਿਚ ਉਸ ਦੀ ਭਾਲ ਕਰਦਾ ਸਿਪਾਹੀ ਵੀ ਉਥੇ ਪਹੁੰਚ ਚੁੱਕਆ ਸੀ।
‘‘ਉਏ! ਤੂੰ ਅਜੇ ਤਕ ਦਵਾਈ ਲੈ ਕੇ ਨਹੀਂ ਆਇਆ। ਤੇਰੇ ਮੁੰਡੇ ਦੀ ਹਾਲਤ ਤਾਂ ਬਹੁਤ ਵਿਗੜ ਗਈ ਹੈ। ਡਾਕਟਰ ਨੇ ਮੈਨੂੰ ਤੇਰੇ ਪਿੱਛੇ ਭੇਜਿਆ ਹੈ।’’ ਸਿਪਾਹੀ ਨੇ ਉਸ ਨੂੰ ਮੋਢੇ ਤੋਂ ਫੜ ਕੇ ਝੰਜੋੜਿਆ। ਜਦ ਸਿਪਾਹੀ ਨੂੰ ਪਤਾ ਲਗਿਆ ਕਿ ਖੜੇ ਲੋਕਾਂ ਵਿਚ ਦੋ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕ ਸਨ ਤਾਂ ਉਸ ਨੇ ਉਨ੍ਹਾਂ ਨੂੰ ਬੱਚੇ ਦੀ ਦਵਾਈ ਦੇਣ ਲਈ ਬੇਨਤੀ ਕੀਤੀ। ਪਹਿਲਾਂ ਤਾਂ ਉਨ੍ਹਾਂ ਨੇ ਨਾਂਹ ਕੀਤੀ ਪਰ ਫਿਰ ਬਾਕੀ ਲੋਕਾਂ ਦੇ ਸਮਝਾਉਣ ’ਤੇ ਅਤੇ ਸਿਪਾਹੀ ਵਲੋਂ ਗਰੰਟੀ ਲੈਣ ਤੇ ਉਹ ਦਵਾਈ ਦੇਣ ਲਈ ਤਿਆਰ ਹੋ ਗਿਆ ਸੀ। ਉਸ ਨੇ ਦੁਕਾਨ ਦਾ ਸ਼ਟਰ ਥੋੜਾ ਜਿਹਾ ਚੁਕਿਆ ਸੀ ਅਤੇ ਪਰਚੀ ਲੈ ਕੇ ਦੁਕਾਨ ਦੇ ਅੰਦਰ ਚਲਾ ਗਿਆ ਸੀ। ਕੱੁਝ ਮਿੰਟ ਬਾਅਦ ਉਹ ਦਵਾਈਆਂ ਲੈ ਕੇ ਬਾਹਰ ਆਇਆ। ਦਵਾਈਆਂ ਵੇਖਦਿਆਂ ਹੀ ਉਸ ਨੂੰ ਜਿਵੇਂ ਖੰਭ ਲੱਗ ਗਏ ਸਨ। ਦਵਾਈਆਂ ਫੜ ਕੇ ਉਹ ਹਸਪਤਾਲ ਵਲ ਦੌੜਿਆ। ਕੱੁਝ ਹੀ ਪਲਾਂ ਵਿਚ ਉਹ ਹਸਪਤਾਲ ਦੇ ਅੰਦਰ ਦਾਖ਼ਲ ਹੋ ਗਿਆ ਸੀ। ਡਾਕਟਰ ਅਤੇ ਨਰਸ ਦੋਵੇਂ ਰਾਜੂ ਦੇ ਕੋਲ ਸਨ। ਡਾਕਟਰ ਰਾਜੂ ਨੂੰ ਹੀ ਵੇਖ ਰਿਹਾ ਸੀ।
‘‘ਡਾਕਟਰ ਸਾਹਬ! ਆਹ ਲਉ, ਮੈ ਦਵਾਈਆਂ ਲੈ ਆਇਆ ਹਾਂ। ਹੁਣ ਤਾਂ ਮੇਰਾ ਪੁੱਤਰ ਠੀਕ ਹੋ ਜਾਵੇਗਾ ਨਾ?’’ ਉਸ ਨੇ ਡਾਕਟਰ ਵਲ ਦਵਾਈਆਂ ਵਾਲਾ ਲਿਫਾਫ਼ਾ ਵਧਾ ਦਿਤਾ ਸੀ।
ਡਾਕਟਰ ਨੇ ਦਵਾਈਆਂ ਵਾਲਾ ਲਿਫ਼ਾਫ਼ਾ ਉਥੇ ਹੀ ਬੈਡ ਤੇ ਰੱਖ ਦਿਤਾ ਸੀ। ਉਸ ਦੇ ਮੋਢੇ ਤੇ ਹੱਥ ਰਖਿਆ ਤੇ ਫਿਰ ਬਿਨਾਂ ਕੱੁਝ ਕਹੇ, ਹਾਰੇ ਹੋਏ ਖਿਡਾਰੀ ਵਾਂਗ ਕਮਰੇ ’ਚੋਂ ਬਾਹਰ ਨਿਕਲ ਗਿਆ ਸੀ।
ਉਹ ਰਾਜੂ ਵਲ ਵਧਿਆ ਸੀ। ਮਾਸੂਮ ਬੱਚੇ ਦੀ ਆਤਮਾ ਕਿਸੇ ਹੜਤਾਲ ਦੀ ਪਰਵਾਹ ਕੀਤੇ ਬਗ਼ੈਰ ਉਥੋਂ ਉਡਾਰੀ ਮਾਰ ਚੁੱਕੀ ਸੀ।

Leave a Reply

Your email address will not be published. Required fields are marked *