ਹੈ ਕੋਈ ਸ਼ੱਕ , ਧੂੰਆਂ ਰਿਹਾ ਫੱਕ

0
130

ਚੰਡੀਗੜ੍ਹ: ਇੱਥੇ 7ਵੀਂ ਜਮਾਤ ‘ਚ ਪੜ੍ਹਦੇ ਇਕ ਵਿਦਿਆਰਥੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸਾਈਕਲ ਚਲਾਉਂਦੇ ਸਮੇਂ ਟਰੈਕ ‘ਤੇ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣੂੰ ਕਰਾਇਆ ਹੈ। ਜਾਣਕਾਰੀ ਮੁਤਾਬਕ ਸੈਕਟਰ-49 ਦਾ ਰਹਿਣ ਵਾਲਾ ਸ਼ੌਰਿਆ ਸਾਗਰ ਸ਼ਰਮਾ ਸੈਕਟਰ-26 ਸਥਿਤ ਸਕੂਲ ‘ਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਘਰ ਤੋਂ ਸਾਈਕਲ ‘ਤੇ ਨਿਕਲਦਾ ਹੈ ਅਤੇ ਸਵੇਰੇ-ਸ਼ਾਮ ਵੱਖ-ਵੱਖ ਰਸਤਿਆਂ ਰਾਹੀਂ ਘਰ ਪੁੱਜਦਾ ਹੈ। ਉਸ ਨੇ ਕਿਹਾ ਕਿ ਉਹ ਸਾਈਕਲ ਚਲਾ ਕੇ ਵਾਤਵਾਰਣ ਬਚਾ ਰਿਹਾ ਹੈ ਪਰ ਖੁਦ ਖਤਰੇ ‘ਚ ਹੈ ਕਿਉਂਕਿ ਉਸ ਨੂੰ ਪ੍ਰਦੂਸ਼ਣ ਦਾ ਧੂੰਆਂ ਫੱਕਣਾ ਪੈਂਦਾ ਹੈ। ਸ਼ੌਰਿਆ ਨੇ ਹਾਈਕੋਰਟ ਨੂੰ ਦੱਸਿਆ ਕਿ ਸਾਈਕਲ ਟਰੈਕ ਵੱਖਰੇ ਹੋਣੇ ਚਾਹੀਦੇ ਹਨ ਕਿਉਂਕਿ ਸਾਈਕਲ ਚਲਾਉਣ ਵਾਲਿਆਂ ਨੂੰ ਕਾਰਾਂ ਅਤੇ ਟੂ-ਵ੍ਹੀਲਰ ਵਾਲੇ ਕੁਝ ਨਹੀਂ ਸਮਝਦੇ।
ਉਸ ਨੇ ਦੱਸਿਆ ਕਿ ਸੈਕਟਰ-32 ਚੌਂਕ ਨੂੰ ਕਰਾਸ ਕਰਨ ਤੋਂ ਬਾਅਦ ਘਰਾਂ ਨਾਲ ਸਾਈਕਲ ਟਰੈਕ ਬਣਿਆ ਹੈ, ਜਿੱਥੇ ਲੋਕ ਗੰਦਾ ਪਾਣੀ ਸੁੱਟ ਦਿੰਦੇ ਹਨ ਅਤੇ ਟਰੈਕ ‘ਤੇ ਫਿਸਲਣ ਹੋ ਜਾਂਦੀ ਹੈ ਪਰ ਉਹ ਇਨ੍ਹਾਂ ਪਰੇਸ਼ਾਨੀਆਂ ਨੂੰ ਪਾਰ ਕਰਦਾ ਹੋਇਆ ਸਕੂਲ ਪੁੱਜ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਹਾਈਕੋਰਟ ਵੀ ਸਾਈਕਲ’ਤੇ ਹੀ ਆਇਆ ਹੈ। ਸ਼ੌਰਿਆ ਨੇ ਕਿਹਾ ਕਿ ਸਾਈਕਲ ਟਰੈਕ ਪੂਰੀ ਤਰ੍ਹਾਂ ਰੈਨੋਵੇਟ ਹੋਣ ਅਤੇ ਹਰ ਲਾਈਟ ਪੁਆਇੰਟ ‘ਤੇ ਪੁਲਸ ਕਰਮੀ ਸਾਈਕਲ ਚਾਲਕਾਂ ਦੀ ਮਦਦ ਕਰਨ। ਜਸਟਿਸ ਅਮੋਲ ਰਤਨ ਸਿੰਘ ਨੇ ਸ਼ੌਰਿਆ ਦੀ ਤਾਰੀਫ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਅਜਿਹੇ ਨਾਗਰਿਕਾਂ ਦੀ ਲੋੜ ਹੈ, ਜੋ ਸ਼ਹਿਰ ਨੂੰ ਬਿਹਤਰ ਬਣਾਉਣ ‘ਚ ਮਦਦ ਕਰਨ। ਫਿਲਹਾਲ ਅਦਾਲਤ ‘ਚ ਐਮਿਕਸ ਕਿਊਰੀ ਵਕੀਲ ਰੀਟਾ ਕੋਹਲੀ ਨੂੰ ਮਾਮਲੇ ਦੀ ਅਗਲੀ ਸੁਣਵਾਈ 29 ਨੂੰ ਕਰਨ ਅਤੇ ਇਸ ਸਬੰਧੀ ਸੁਝਾਅ ਦੇਣ ਦੇ ਨਿਰਦੇਸ਼ ਦਿੱਤੇ ਹਨ।