ਅਹਿਮਦਾਬਾਦ— ਹੁਣ ਗੁਜਰਾਤ ‘ਚ ਮਾਲ, ਦੁਕਾਨਾਂ ਤੇ ਵਪਾਰਕ ਸੰਸਥਾਨ ਹਫਤੇ ਭਰ 24 ਘੰਟੇ ਖੁੱਲ੍ਹੇ ਰੱਖੇ ਜਾ ਸਕਦੇ ਹਨ। ਸੂਬਾ ਸਰਕਾਰ ਨੇ ਫਰਵਰੀ ‘ਚ ਪਾਸ ਕਾਨੂੰਨ ਨੂੰ ਇਕ ਮਈ ਤੋਂ ਨੋਟੀਫਾਈ ਕਰ ਦਿੱਤਾ ਹੈ।
ਇਸ ਨਾਲ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਦੁਕਾਨਦਾਰਾਂ, ਮਾਲ ਅਤੇ ਵਪਾਰਕ ਸੰਸਥਾਨਾਂ ਨੂੰ ਵੀ ਫਾਇਦਾ ਹੋਵੇਗਾ। ਸ਼ਾਪਿੰਗ ਤੇ ਮਾਲ ਘੁੰਮਣ ਪਸੰਦ ਕਰਨ ਵਾਲੇ ਗੁਜਰਾਤੀ ਹੁਣ ਜਦੋਂ ਇੱਛਾ ਹੋਵੇ ਦਿਨ ਜਾਂ ਰਾਤ ਦੁਕਾਨ ਜਾਂ ਮਾਲ ‘ਚ ਜਾ ਕੇ ਖਰੀਦਦਾਰੀ ਕਰ ਸਕਦੇ ਹਨ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਨਗਰ ਪ੍ਰੀਸ਼ਦਾਂ ਦੀ ਹੱਦ ‘ਚ ਆਉਣ ਵਾਲੇ, ਰਾਸ਼ਟਰੀ ਰਾਜਮਾਰਗ, ਰੇਲਵੇ ਸਟੇਸ਼ਨ, ਸੂਬਾ ਟਰਾਂਸਪੋਰਟ ਡਿਪੋ, ਹਸਪਤਾਲ ਤੇ ਪੈਟਰੋਲ ਪੰਪ ਦੇ ਨਜ਼ਦੀਕੀ ਵਪਾਰਕ ਸੰਸਥਾਨ 24 ਘੰਟੇ ਖੋਲ੍ਹ ਕੇ ਰੱਖੇ ਜਾ ਸਕਦੇ ਹਨ।
ਨਵੇਂ ਕਾਨੂੰਨ ਨੇ ਗੁਜਰਾਤ ਕਿਰਤ ਵਿਭਾਗ ਦੇ ਦੁਕਾਨ ਤੇ ਵਪਾਰਕ ਨਿਯਮ 1948 ਦੀ ਜਗ੍ਹਾ ਲਈ ਹੈ। ਪਹਿਲਾਂ 1948 ਵਾਲੇ ਕਾਨੂੰਨ ਤਹਿਤ ਰਾਤ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤਕ ਦੁਕਾਨਾਂ ਨੂੰ ਖੋਲ੍ਹਣ ਦੀ ਮਨਾਹੀ ਸੀ। ਗੁਜਰਾਤ ਸਰਕਾਰ ਦਾ ਮੰਨਣਾ ਹੈ ਕਿ ਨਵੇਂ ਨਿਯਮ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲੇਗਾ। ਹਾਲਾਂਕਿ ਇਸ ਨਿਯਮ ਤਹਿਤ ਮਹਿਲਾਵਾਂ ਨੂੰ ਸਵੇਰੇ 6 ਵਜੇ ਤੋਂ ਰਾਤ 9 ਵਜੇ ਤਕ ਹੀ ਕੰਮ ‘ਤੇ ਰੱਖਿਆ ਜਾ ਸਕਦਾ ਹੈ। ਇਸ ਦੇ ਇਲਾਵਾ 8 ਘੰਟੇ ਤੋਂ ਵੱਧ ਕੰਮ ਕਰਨ ‘ਤੇ ਵਰਕਰਾਂ ਨੂੰ ਓਵਰਟਾਈਮ ਦੇਣਾ ਲਾਜ਼ਮੀ ਹੋਵੇਗਾ।