ਹੀਰਾ ਕਾਰੋਬਾਰੀ ਦੇ ਕਤਲ ਦੇ ਮਾਮਲੇ ਚ ਗੋਪੀ ਬਹੂ ਦਾ ਦੋਸਤ ਗ੍ਰਿਫਤਾਰ

ਮੁੰਬਈ, 9 ਦਸੰਬਰ (ਏਜੰਸੀ)- ਟੀ.ਵੀ. ਸੀਰੀਅਲ ‘ਸਾਥ ਨਿਭਾਨਾ ਸਾਥੀਆ’ ਦੀ ਕਲਾਕਾਰ ਦੇਵੋਲੀਨਾ ਭੱਟੀਚਾਰੀਆ (ਗੋਪੀ ਬਹੂ) ਤੋਂ ਪੁਲਿਸ ਨੇ ਹੀਰਾ ਕਾਰੋਬਾਰੀ ਰਾਜੇਸ਼ਵਰ ਕਿਸ਼ੋਰੀਲਾਲ ਉਡਾਨੀ ਹੱਤਿਆ ਮਾਮਲੇ ‘ਚ ਪੁੱਛਗਿਛ ਪੂਰੀ ਕਰ ਲਈ ਹੈ | ਇਸ ਦੋਸ਼ ‘ਚ ਕਲਾਕਾਰ ਦੇ ਦੋਸਤ ਸਚਿਨ ਪਵਾਰ ਅਤੇ ਇਕ ਮੁਅੱਤਲ ਪੁਲਿਸ ਕਾਂਸਟੇਬਲ ਦਿਨੇਸ਼ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮੁੰਬਈ ਪੁਲਿਸ ਨੇ ਦੱਸਿਆ ਕਿ ਹੀਰਾ ਕਾਰੋਬਾਰੀ ਰਾਜੇਸ਼ਵਰ(57) ਮਹਾਰਾਸ਼ਟਰ ਸਰਕਾਰ ਦੇ ਇਕ ਮੰਤਰੀ ਦੇ ਸਾਬਕਾ ਨਿੱਜੀ ਸਕੱਤਰ ਅਤੇ ਨਿਰਮਾਤਾ ਕੰਪਨੀ ਦੇ ਮਾਲਕ ਸਚਿਨ ਪਵਾਰ ਦੀ ਦੋਸਤ ‘ਤੇ ਬੁਰੀ ਨਜ਼ਰ ਰੱਖਦਾ ਸੀ | ਪੁਛਗਿਛ ‘ਚ ਖੁਲਾਸਾ ਹੋਇਆ ਕਿ ਦੇਵੋਲੀਨਾ ਹੀ ਸਚਿਨ ਪਵਾਰ ਦੀ ਦੋਸਤ ਹੈ | ਉੱਥੇ ਹੀ ਮਿ੍ਤਕ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੁਲਿਸ ਕਾਂਸਟੇਬਲ ਦਿਨੇਸ਼ ਪਵਾਰ ਨਾਲ ਵਿਵਾਦ ਚੱਲ ਰਿਹਾ ਸੀ | ਦਿਨੇਸ਼ ‘ਤੇ ਪਹਿਲਾਂ ਹੀ ਜਬਰ ਜਨਾਹ ਦਾ ਮਾਮਲਾ ਦਰਜ ਹੈ ਅਤੇ ਉਹ ਮੁਅੱਤਲ ਚੱਲ ਰਿਹਾ ਹੈ | ਪੁਲਿਸ ਅਨੁਸਾਰ ਘਾਟ ਕੋਪਰ ਇਲਾਕੇ ‘ਚ ਰਹਿਣ ਵਾਲੇ ਹੀਰਾ ਕਾਰੋਬਾਰੀ ਰਾਜੇਸ਼ਵਰ ਕਿਸ਼ੋਰੀਲਾਲ ਉਡਾਨੀ 28 ਨਵੰਬਰ ਨੂੰ ਕੁਝ ਘੰਟਿਆਂ ‘ਚ ਵਾਪਸ ਆਉਣ ਦਾ ਕਹਿ ਕੇ ਘਰੋਂ ਗਿਆ ਸੀ, ਪਰ ਅਗਲੇ ਦਿਨ ਸਵੇਰ ਤੱਕ ਘਰ ਨਾ ਪਰਤਿਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਮੁੰਬਈ ਦੇ ਪੰਤ ਨਗਰ ਪੁਲਿਸ ਥਾਣੇ ‘ਚ ਲਾਪਤਾ ਦਾ ਮਾਮਲਾ ਦਰਜ ਕਰਾਇਆ ਸੀ | ਇਸ ਮਾਮਲੇ ‘ਚ ਜੁਟੀ ਪੁਲਿਸ ਨੂੰ ਸਮਝ ਆ ਗਈ ਕਿ ਮਾਮਲਾ ਪੇਚੀਦਾ ਹੈ | ਪੁਲਿਸ ਨੇ ਦੋ ਦਿਨ ਬਾਅਦ ਹੀ ਅਗਵਾ ਦਾ ਮਾਮਲਾ ਦਰਜ ਕਰ ਲਿਆ | ਲੰਘੇ ਸ਼ੁੱਕਰਵਾਰ ਨੂੰ ਮੁੰਬਈ ਦੇ ਪਨਵੇਲ ਇਲਾਕੇ ‘ਚ ਹਾਰੀ ਕਾਰੋਬਾਰੀ ਉਡਾਨੀ ਦੀ ਲਾਸ਼ ਬੇਹਦ ਖਰਾਬ ਹਾਲਤ’ਚ ਮਿਲੀ | ਪੁਲਿਸ ਨੇ ਰਾਜੇਸ਼ਵਰ ਦੇ ਫ਼ੋਨ ਦੀ ਕਾਲ ਡਿਟੇਲ ਕਢਵਾਈ | ਇਸ ‘ਚ ਮਸ਼ਹੂਰ ਟੀ.ਵੀ. ਕਲਾਕਾਰ ਦੇਵੋਲੀਨਾ ਦਾ ਨਾਂਅ ਵੀ ਸੀ, ਜਿਸ ਨੂੰ ਹਿਰਾਸਤ ‘ਚ ਲੈ ਕੇ ਪੁਲਿਸ ਨੇ ਪੁਛਗਿਛ ਕੀਤੀ ਅਤੇ ਮਾਮਲੇ ਦਾ ਖੁਲਾਸਾ ਹੋਇਆ |

Leave a Reply

Your email address will not be published. Required fields are marked *