ਹਾਸ਼ੀਏ ‘ਤੇ ਬੈਠੇ ਲੋਕਾਂ ਦੀ ਬਾਤ ਹੈ ਕਹਾਣੀਕਾਰ ਲਾਲ ਸਿੰਘ ਸੱਤਵਾਂ ਕਹਾਣੀ ਸੰਗ੍ਰਹਿ ‘ਸੰਸਾਰ’

-ਡਾ. ਹਰਜਿੰਦਰ ਸਿੰਘ ਅਟਵਾਲ

ਲਾਲ ਸਿੰਘ ਪੰਜਾਬੀ ਕਾਹਣੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਨਾਂਅ ਹੈ। ਉਹ ਪਿਛਲੇ ਤੇਤੀ ਸਾਲਾਂ ਤੋ ਲਾਗਤਾਰ ਅਤੇ ਨਿੱਠ ਕੇ ਕਹਾਣੀ ਲਿਖ ਰਿਹਾ ਹੈ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1984 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਸੰਸਾਰ ਕਹਾਣੀ ਸੰਗ੍ਰਹਿ 2017 ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਇਹ ਉਸ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ। ਆਪਣੇ 33 ਸਾਲਾਂ ਦੇ ਸਿਜਣਾਤਮਕ ਕਾਰਜ ਦੌਰਾਨ ਉਸ ਨੇ ਲੱਗਭੱਗ ਏਨੀਆਂ ਕੁ ਹੀ ਕਹਾਣੀਆਂ ਲਿਖਿਆ ਹਨ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਹਿਜਤਾ ਨਾਲ ਕਹਾਣੀ ਲਿਖਦਾ ਆ ਰਿਹਾ ਹੈ। ਲਾਲ ਸਿੰਘ ਨੇ ਆਪਣੇ ਕਹਾਣੀ ਸਿਰਜਣਾ ਦੇ ਆਰੰਭਲੇ ਦੌਰ ਤੋਂ ਹੀ ਵਿਰਕ ਦੀ ਇਕਹਿਰੇ ਬਿਰਤਾਂਤ ਵਾਲੀ ਕਹਾਣੀ ਤੋ ਉਲਟ ਸੰਘਣੇ ਬਿਰਤਾਂਤ ਵਾਲੀ ਕਹਾਣੀ ਲਿਖੀ। ਪੰਜਾਬੀ ਕਹਾਣੀ ਸਿਰਜਣਾ ਦੇ ਇਤਿਹਾਸ ਵਿੱਚ ਇਹ ਇੱਕ ਅਜਿਹਾ ਦੌਰ ਆਉਂਦਾ ਹੈ, ਜਦੋਂ ਕਹਾਣੀਕਾਰ ਸੁਚੇਤ ਰੂਪ ਵਿੱਚਸਮਕਾਲੀ ਪ੍ਰਚਲਿਤ ਬਿਰਤਾਂਤ ਜੁਗਤ ਨੂੰ ਨਾ ਆਪਣਾਕੇ ਇੱਕ ਨਵੇਂ ਬਿਰਤਾਂਤ ਵਾਲੀ ਕਹਾਣੀ ਸਿਰਜਦੇ ਹਨ। ਲਾਲ ਸਿੰਘ ਉਸ ਵਰਗ ਵਿੱਚ ਸ਼ਾਮਲ ਹੈ ਅਤੇ ਮਹੱਤਵਪੂਰਨ ਹਸਤਾਖਰ ਹੈ। ਲਾਲ ਸਿੰਘ ਦੀ ਕਹਾਣੀ ਦਾ ਕੇਂਦਰ ਆਰੰਭਲੇ ਦੌਰ ਤੋਂ ਹੀ ਥੁੜਾਂ ਮਾਰੇ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ, ਉਹਨਾਂ ਦੀਆਂ ਪੀੜ੍ਹਾਂ ਆਦਿ ਹੀ ਰਿਹਾ ਹੈ। ਇਸ ਤੱਥ ਦੀ ਤਸਦੀਕ ਉਹ ਇਸ ਪੁਸਤਕ ਵਿਚਲੇ ਆਪਣੇ ਲੇਖ…. ”ਇਨ ਹੀ ਕੀ ਕਿਰਪਾ ਸੇਏ……”…. ਵਿੱਚ ਕਰਦਾ ਕਹਿੰਦਾ ਹੈ :

”….ਮੈਂ ਇਹ ਕਹਿਣ ਦੀ ਖੁੱਲ ਲਵਾਂਗਾ ਕਿ ਲੇਖਕ ਦੀ ਪਹਿਲੀ ਪ੍ਰਤੀਬੱਧਤਾ ਸੱਤਾਹੀਣ, ਲੁੱਟੇ-ਪੁੱਟੇ ਜਾ ਰਹੇ ਲੋਕਾਂ ਨਾਲ ਹੋਣੀ ਚਾਹੀਦੀ ਹੈ।”
ਲਾਲ ਸਿੰਘ ਦੀ ਕਹਾਣੀ ਵਿਚਲੇ ਇਸੇ ਕੇਂਦਰੀ ਥੀਮ ਦੀ ਪਛਾਣ ਕਰਦਿਆਂ ਤਾਂ ਰਘਬੀਰ ਸਿੰਘ ਸਿਰਜਣਾ ਇਸ ਪੁਸਤਕ ਦੇ ਸਰਵਰਕ ‘ਤੇ ਲਾਲ ਸਿੰਘ ਬਾਰੇ ਲਿਖਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਸਿਰਜਣਾ ਤੱਕ ਹੀ ਮਹਿਦੂਦ ਰੱਖਿਆ ਹੈ। ਕਹਾਣੀਕਾਰ ਦਾ ਸਵੈਕਥਨ ਅਤੇ ਉੱਘੇ ਗਲਪ ਆਲੋਚਕ ਦੀ ਰਾਇ ਲਾਲ ਸਿੰਘ ਦੀ ਕਹਾਣੀ ਵਿਚਲੇ ਤੱਥ ਅਤੇ ਕਹਾਣੀ ਕਲਾ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ, ਬੇਸ਼ੱਕ ਕਈ ਵਿਦਵਾਨ ਇਸ ਤੱਤ ਨਾਲ ਸਹਿਮਤ ਨਾ ਵੀ ਹੋਣ।
ਇਸ ‘ਸੰਸਾਰ’ ਕਹਾਣੀ ਸੰਗ੍ਰਹਿ ਵਿੱਚ ਲਾਲ ਸਿੰਘ ਦੀਆਂ ਛੇ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਹਨਾਂ ਸਾਰੀਆਂ ਹੀ ਕਹਾਣੀਆਂ ਵਿੱਚ ਸਮਕਾਲੀ ਸਮਾਜਿਕ ਸਰੋਕਾਰ, ਸਮਾਜਿਕ ਵਿਵਸਥਾ, ਸਮਾਜਿਕ ਤਬਦੀਲੀ ਦੀ ਇੱਛਾ ਕਰਕੇ ਲੋਕ ਤਬਦੀਲੀ ਲਈ ਜੂਝਦੇ ਲੋਕ ਆਦਿ ਦਾ ਕਹਾਣੀਕਾਰ ਨੇ ਚਿੱਤਰਨ ਕੀਤਾ ਹੈ। ਇਹ ਪੇਸ਼ਕਾਰੀ ਇੱਕ ਮੁਕੰਮਲ ਤਸਵੀਰ ਵੀ ਪੇਸ਼ ਕਰਦੀ ਹੈ ਅਤੇ ਸਮਕਾਲੀ ਕੁਰੀਤੀਆਂ ਨੂੰ ਵੰਗਾਰਦੇ ਲੋਕ ਨਾਇਕ ਵੀ ਪੇਸ਼ ਹੋਏ ਹਨ। ‘ਸੰਸਾਰ’ ਨਾਮੀ ਕਹਾਣੀ ਵਿੱਚ ਇੱਕ ਪਰਤ ਸੰਸਾਰ ਸਿੰਘ ਜ਼ੈਲਦਾਰ ਦੀ ਪੇਸ਼ ਹੋਈ ਹੈ। ਉਸ ਨੇ ਸਮਾਂਤਰ ਉਸ ਦੀ ਮੌਤ ਉਪਰੰਤ ਦਰਿਆ ਵਿੱਚ ਉਪਜੇ ਸੰਸਾਰ ਦੀ ਪਰਤ ਹੈ ਜੋ ਜੱਗੂ ਦੀ ਭੈਣ ਪੂਜਾ ਨੂੰ ਨਿਗਲ ਜਾਂਦੀ ਹੈ। ਇਸ ਕਹਾਣੀ ਦਾ ਫੌਜੀ ਗੱਜਣ ਇਸ ਸਾਰੀ ਖੇਡ ਨੂੰ ਸਮਝਦਾ ਵੀ ਹੈ ਅਤੇ ਭੀਮੇ ਤੇ ਜੱਗੂ ਨੂੰ ਸੁਚੇਤ ਕਰਨ ਦਾ ਯਤਨ ਵੀ ਕਰਦਾ ਹੈ। ਪਰ ਭੀਮੇ ਅਤੇ ਜੱਗੂ ਸੰਸਾਰ ਸਿੰਘ ਜ਼ੈਲਦਾ ਦੇ ਅਜਿਹੇ ਵਫਾਦਾਰ ਬਣਦੇ ਚੱਲਦੇ ਹਨ ਕਿ ਉਹ ਆਪਣੀਆਂ ਅੱਖਾਂ ਅਤੇ ਸੋਚ ਉਸ ਕੋਲ ਗਿਰਵੀ ਕਰੀ ਬੈਠੇ ਹਨ। ਜਦੋਂ ਗੱਜਣ ਫੌਜੀ ਵੱਲੋਂ ਸੰਸਾਰ ਦੇ ਖਤਰਨਾਕ ਸਮੁੰਦਰੀ ਜੀਵ ਹੋਣ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਸਬੂਤੇ ਬੰਦੇ ਨੂੰ ਹੀ ਨਿਗਲ ਜਾਂਦਾ ਹੈ ਜਾਂ ਜੱਗੂ ਹੋਰ ਯਕੀਨ ਕਰਦੇ ਹਨ ਪਰ ਉਂਦੋ ਤਾਂ ਜੱਗੂ ਧਾਅ ਕੇ ਗੱਜਣ ਫੌਜੀ ਨਾਲ ਜਾ ਚਿੰਬੜਦਾ, ਜਦੋਂ ਉਸ ਨੂੰ ਦੁਨਿਆਵੀ ਸੰਸਾਰ ਅਤੇ ਸਮੁੰਦਰੀ ਸੰਸਾਰ ਦਾ ਭੇਤ ਸਮਝ ਆ ਜਾਂਦਾ ਹੈ। ਇਸ ਕਹਾਣੀ ਵਿੱਚ ਲਾਲ ਸਿੰਘ ਆਪਣੀਆਂ ਹੋਰ ਕਹਾਣੀਆਂ ਵਾਂਗ ਆਪਣਾ ਫਲਸਫਾ ਪੇਸ਼ ਕਰਦਾ ਹੈ, ਕਦੇ ਬਿਰਤਾਂਤ ਦਾ ਜ਼ਾਹਰਾ ਤੌਰ ‘ਤੇ ਹਿੱਸਾ ਬਣਾ ਕੇ, ਕਦੇਂ ਲੁਕਵੇਂ ਰੂਪ ਵਿੱਚ। ਪੂੰਜੀਵਾਦੀ ਵਿਕਾਸ ਬਾਰੇ ਉਸ ਦੀ ਰਾਇ ਹੈ ਕਿ ”ਆਹ ਗੰਨਾ ਮਿੱਲ, ਆਹ ਪੁੱਲ ਦਾ ਨੀਂਹ ਪੱਥਰ, ਆਹ ਘੱਲੂਕਾਰਾ ਯਾਦਗਾਰ ….ਇਸ ਅਮਲ (ਲੁੱਟ) ਦੀ ਸ਼ੁਰੂਆਤ ਹੈ।” ਇਸ ਕਹਾਣੀ ਦੇ ਲੁਕਵੇਂ ਬਿਰਤਾਂਤ ਵਿੱਚ ਧਰਮ ਦਾ ਉਹ ਰੂਪ ਪੇਸ਼ ਹੋਇਆ ਹੈ, ਜੋ ਲੋਕਾਂ ਨੂੰ ਗੁਮਰਾਹ ਕਰਨ ਦੀ ਵਸੀਲਾ ਬਣਦਾ ਹੈ। ਭਾਵੇਂ ਉਹ ਕਿਸੇ ਵੀ ਯਾਦਗਾਰ ਦੇ ਰੂਪ ਵਿੱਚ ਹੋਵੇ। ਉਹ ਕਿਸੇ ਹੋਰ ਥਾਂ ਲਿਖਦਾ ਹੈ ਕਿ ਧਰਮ ਹਾਕਮਾਂ ਦੀ ਨਜ਼ਰ ਵਿੱਚ ਇੱਕ ਲਾਭਕਾਰੀ ਚੀਜ਼ ਹੈ। ਇੱਥੇ ਕਈ ਵਾਰ ਅਜਿਹਾ ਲੱਗਦਾ ਹੈ ਕਿ ਗੱਜਣ ਫੌਜੀ ਰਾਹੀਂ ਕਹਾਣੀਕਾਰ ਆਪਣੀ ਗੱਲ ਕਹਿ ਰਿਹਾ ਹੈ।

‘ਗਦਰ’ ਇਸ ਸੰਗ੍ਰਹਿ ਦੀ ਇੱਕ ਮਹੱਤਵਪੂਰਨ ਕਹਾਣੀ ਹੈ। ਇਹ ਵਿਚਲੇ ਊਧੋ ਮਾਮਾ ਅਤੇ ਵਿਰਕ ਚਾਚਾ ਦੋ ਅਜਿਹੇ ਵਿਅਕਤੀ ਪੇਸ਼ ਹੋਏ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਨਿੱਜੀ ਲਾਭ ਤਿਆਗ ਦਿੱਤੇ, ਪਰ ਉਹ ਆਪਣੀ ਸਰਕਾਰ ਵਿਚਲੇ ਆਪਣਿਆਂ ਹੱਥੋਂ ਹੀ ਜ਼ਲੀਲ ਹੋ ਰਹੇ ਹਨ। ਇਹ ਵੀ ਸੰਘਣੇ ਅਤੇ ਜਟਿਲ ਬਿਰਤਾਂਤ ਵਾਲੀ ਕਹਾਣੀ ਹੈ।

ਤੀਜੀ ਕਹਾਣੀ ‘ਜੁਬਾੜੇ’ ਵਿੱਚ ਸਮਾਜ ਦੇ ਅਖੌਤੀ ਵਿਕਾਸ ਨੇ ਆਮ ਲੋਕਾਂ ਨੂੰ ਕਿਵੇਂ ਨਿਗਲ ਲਿਆ ਹੈ। ਇਸ ਦਾ ਭਰਪੂਰ ਵਰਨਣ ਕਹਾਣੀਕਾਰ ਨੇ ਕੀਤਾ ਹੈ। ਸਮਾਜ ਵਿਚਲੇ ਹੋ ਰਹੇ ਆਰਥਿਕ ਵਿਕਾਸ ਨੇ ਕਿਵੇਂ ਛੋਟੇ-ਛੋਟੇ ਕਾਰੋਬਾਰ ਕਰਨ ਵਾਲਿਆਂ ਦਾ ਰੁਜ਼ਗਾਰ ਖੋਹ ਲਿਆ ਹੈ ਅਤੇ ਪੈਸਾ ਇਕੱਠਾ ਹੋ ਕੇ ਕੁਝ ਕੁ ਲੋਕਾਂ ਦੀ ਝੋਲੀ ਵਿੱਚ ਜਾ ਰਿਹਾ ਹੈ। ਪੂੰਜੀਵਾਦ ਦੇ ਇਸ ਸੁਭਾਅ ਨੂੰ ਕਹਾਣੀਕਾਰ ਨੇ ਬਾਖੂਬੀ ਪੇਸ਼ ਕੀਤਾ ਹੈ। ਸੇਠ ਰਾਮ ਗੋਪਾਲ ਪੁਰਾਣੀ ਸੋਚ ਅਨੁਸਾਰ ਮੰਡੀ ਵਿੱਚ ਵਿਚਰਨਾ ਚਾਹੁੰਦਾ ਹੈ, ਪਰ ਉਹ ਸਮੇਂ ਦੀ ਦੌੜ ਵਿੱਚ ਪੱਛੜ ਜਾਂਦਾ ਹੈ ਪਰ ਉਸ ਦੇ ਦੋਵੇਂ ਪੁੱਤਰ ਬਨਵਾਰੀ ਅਤੇ ਮਨਮੋਹਨ ਹਰ ਹੀਲਾ-ਵਸੀਲਾ ਵਰਤ ਕੇ ਆਪਣੀ ਪੂੰਜੀ ਨੂੰ ਕਈ ਗੁਣਾ ਵਧਾਈ ਜਾ ਰਹੇ ਹਨ। ਬੀਬੀ ਮੰਤਰੀ ਰਾਹੀਂ ਰਾਜਨੀਤੀ ਵਿਚਲਾ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਕਿਵੇਂ ਪਨਪ ਰਿਹਾ ਹੈ, ਇਸ ਦੀ ਮਿਸਾਲ ਵੀ ਬੜੀ ਨੇੜਿਉਂ ਹੋ ਕੇ ਪੇਸ਼ ਹੋਈ ਹੈ ।ਇਸ ਸਾਰੀ ਦੌੜ ਵਿੱਚ ਰਾਮ ਗੋਪਾਲ, ਮਹਿੰਗਾ ਸਿੰਘ, ਬਚਨ ਕੌਰ ਆਦਿ ਪਾਤਰ ਫਿੱਟ ਨਹੀਂ ਬੈਠਦੇ ਅਤੇ ਉਹ ਇਹ ਦੌੜ ਵਿੱਚੋਂ ਲਾਂਭੇ ਹੋ ਜਾਂਦੇ ਹਨ, ਜਦ ਕਿ ਇਸੇ ਸਦਮੇ ਨੂੰ ਨਾ ਸਹਾਰਦਾ ਹੋਇਆ ਸੇਠ ਗੋਪਾਲ ਜਿੰਦਗੀ ਦੀ ਦੌੜ ਵਿੱਚ ਹਾਰ ਜਾਂਦਾ ਹੈ।

ਬਹੁਤ ਦੇਰ ਪਹਿਲਾਂ ਸਾਡੇ ਇੱਕ ਹੋਰ ਪ੍ਰਤੀਬੱਧ ਅਤੇ ਕੁਲਵਕਤੀ ਕਹਾਣੀਕਾਰ ਸੰਤੋਖ ਸਿੰਘ ਧੀਰ ਨੇ ‘ਇੱਕ ਸਧਾਰਨ ਆਦਮੀ’ ਕਹਾਣੀ ਲਿਖੀ ਸੀ। ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੇ ਕਹਾਣੀ ਦੀ ਪ੍ਰੰਪਰਕ ਤਕਨੀਕ ਤੋਂ ਹਟ ਕੇ ਕਹਾਣੀ ਦੇ ਆਰੰਭ ਵਿੱਚ ਹੀ ਕਹਾਣੀ ਦੇ ਅੰਤ ਦੀ ਸੂਚਨਾ ਦੇ ਦਿੱਤੀ ਹੈ, ਪਰ ਧੀਰ ਨੇ ਉਹ ਕਹਾਣੀ ਏਨੀ ਖੂਬਸੂਰਤ ਅਤੇ ਭਾਵਪੂਰਤ ਤਕਨੀਕ ਨਾਲ ਪੇਸ਼ ਕੀਤੀ ਸੀ ਕਿ ਉਹ ਧੀਰ ਦੀਆਂ ਬੇਹਤਰੀਨ ਕਹਾਣੀਆਂ ਵਿੱਚ ਸ਼ਾਮਿਲ ਹੋ ਗਈ। ਇਸੇ ਤਰ੍ਹਾਂ ਇਸ ਸੰਗ੍ਰਹਿ ਵਿੱਚ ਲਾਲ ਸਿੰਘ ਦੀ ਕਹਾਣੀ ‘ਤੀਸਰਾ ਸ਼ਬਦ’ ਵੀ ਇਸੇ ਤਕਨੀਕ ਰਾਹੀ ਉਸਰੀ ਕਹਾਣੀ ਹੈ। ਕਹਾਣੀ ਦਾ ਪਹਿਲਾ ਵਾਕ ਇੱਕ ਤਰ੍ਹਾਂ ਉਸ ਕਹਾਣੀ ਦਾ ਅੰਤਲਾ ਵਾਕ ਹੈ।

‘ਆਪਣੇ ਨਾਂਅ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਆਖਰ ਕਰ ਹੀ ਲਿਆ ਮੋਹਨ ਨੇ, ਮਜਬੂਰਨ।’

ਭਾਰਤੀ ਸਮਾਜ ਦਾ ਇੱਕ ਹਿੱਸਾ ਜਿਸ ਨੂੰ ਇੱਕ ਸੋਚੀ-ਸਮਝੀ ਚਾਲ ਅਧੀਨ ਸਮਾਜਿਕ ਤੌਰ ‘ਤੇ ਵਿਕਾਸ ਤੋਂ ਲਾਂਭੇ ਕੀਤਾ ਗਿਆ ਸੀ। ਹੌਲੀ-ਹੌਲੀ ਦੇਸ਼ ਦੀ ਆਜ਼ਾਦੀ ਉਪਰੰਤ, ਵਿਦਿਆ ਦੇ ਪਾਸਾਰ ਨਾਲ ਉਹ ਵਰਗ ਸਮਾਜਿਕ ਪਛਾਣ ਬਣਾਉਣ ਦੇ ਆਹਰ ਵਿੱਚ ਲੱਗਾ ਹੋਇਆ ਹੈ। ਪਹਿਲਾ ਇਸ ਵਰਗ ਨੂੰ ਇਸ ਹੱਦ ਤੱਕ ਅਣਗੌਲਿਆ ਕੀਤਾ ਗਿਆ ਸੀ ਕਿ ਉਹ ਇਹ ਵੀ ਮਹਿਸੂਸ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ ਕਿ ਉਹ ਵੀ ਦੂਜਿਆਂ ਵਾਂਗ ਇਨਸਾਨ ਹੈ। ਮੋਹਨ ਲਾਲ ਇਸ ਕਹਾਣੀ ਵਿੱਚ ਆਪਣੀ ਪਛਾਣ ਨੂੰ ਤਲਾਸ਼ ਕਰਦਾ ਨਜ਼ਰ ਆਉਂਦਾ ਹੈ। ਇਸ ਸਾਰੇ ਅਮਲ ‘ਚ ਉਸ ਦੀ ਪਤਨੀ,ਧੀ ਅਤੇ ਪੁੱਤਰ ਦੀ ਸੋਚ ਦੀ ਇੱਕ ਅਹਿਮ ਭੂਮਿਕਾ ਹੈ। ਲਾਲ ਸਿੰਘ ਇਹ ਮੰਨਦਾ ਹੈ ਕਿ ਸਾਡੇ ਕਹਾਣੀ ਲੇਖਕਾਂ ਨੇ ਆਮ ਕਰਕੇ ਦਲਿਤ ਗਿਣ ਹੁੰਦੇ ਵਰਗਾਂ ਦੀਆਂ ਲੋੜਾਂ-ਔਕੜਾਂ ਦੇ ਉਪ ਭਾਵੁਕ ਵਰਨਣ ਦੁਆਲੇ ਹੀ ਪਰਿਕਰਮਾ ਕੀਤੀ ਹੈ। ਇੱਥੇ ਲਾਲ ਸਿੰਘ ਮੋਹਣ ਲਾਲ ਵੱਲੋਂ ਆਪਣੀ ਪਛਾਣ ਲੱਭਣ ਦੇ ਉਪਰਾਲੇ ਵਿੱਚ ਚਿੰਤਨ ਰਾਹੀਂ ਆਈ ਚੇਤਨਾ ਵੱਲ ਸੰਕੇਤ ਕਰਨਾ ਹੈ। ਭਾਵੇਂ ਖੰਡਾ ਧਿਰ ਅਤੇ ਹਰਿ ਧਿਰ ਦਾ ਸੰਕੇਤਕ ਜ਼ਿਕਰ ਤਾਂ ਹੋਇਆ ਹੈ ਪਰ ਸਮਾਜ ਵਿਚਲੇ ਇਸ ਮੌਜੂਦ ਟਕਰਾਅ ਨੂੰ ਕਹਾਣੀਕਾਰ ਨੇ ਆਪਣੇ ਬਿਰਤਾਂਤ ਦਾ ਹਿੱਸਾ ਨਹੀ ਬਣਾਇਆ।

‘ਆਪਣੇ ਆਪਣੇ ਮੁਹਾਜ਼’ ਕਹਾਣੀ ਦੇਸ਼ ਦੇ ਉਸ ਇਤਿਹਾਸ ਨੂੰ ਫਲੋਰਦੀ ਹੈ, ਜੋ ਗੌਰਵਮਈ ਵੀ ਹੈ ਅਤੇ ਜਿਸ ਦੀ ਕਾਜਸ਼ੀਲਤਾ ਦੇ ਫਲਸਰੂਪ ਅਸੀਂ ਅੱਜ ਆਜ਼ਾਦੀ (ਜਿਹੋ ਜਿਹੀ ਹੈ ) ਦਾ ਨਿੱਘ ਮਾਣ ਰਹੇ ਹਾਂ। ਇਸ ਕਹਾਣੀ ਵਿੱਚ ਬਿੰਦਰ ਅਜਿਹੇ ਪਾਤਰ ਵੱਜੋਂ ਪੇਸ਼ ਹੋਇਆ ਹੈ, ਜੋ ਇਤਿਹਾਸ ਨੂੰ ਆਪਣੀ ਜੀਵਨ ਦੀ ਗੌਰਵ ਗਾਥਾ ਲਿਖਣ ਲਈ ਵਰਤਦਾ ਹੈ। ਉਹ ਭਾਵੇਂ ਸਧਾਰਨ ਘਰ ਦਾ ਜੀਅ ਹੈ ,ਪਰ ਉਸ ਨੂੰ ਆਪਣੀ ਮਾਂ ਦੀ ਸ਼ਕਲ ਗਦਰੀ ਗੁਲਾਬ ਕੌਰ ਨਾਲ ਮਿਲਦੀ-ਜੁਲਦੀ ਲੱਗਦੀ ਹੈ। ਇਸ ਸਾਰੇ ਇਤਿਹਾਸ ਨੂੰ ਉਹ ਘੋਖਦਾ ਹੈ ਅਤੇ ਫਿਰ ਆਪਣੇ ਆਪ ਨੂੰ ਉਸ ਇਤਿਹਾਸ ਦਾ ਹਾਣੀ ਬਣਾਉਣ ਦਾ ਯਤਨ ਕਰਦਾ ਹੈ। ਲਾਲ ਸਿੰਘ ਮੰਨਦਾ ਹੈ ਕਿ ਪ੍ਰਗਤੀਸ਼ੀਲਤਾ ਅਤੇ ਪ੍ਰਗਤੀਵਾਦ ਅੱਜ ਵੀ ਅਜਿਹੇ ਸੰਕਲਪ ਹਨ, ਜੋ ਪੂਰੀ ਮਨੁੱਖਤਾ ਲਈ ਕਲਿਆਣਕਾਰੀ ਵਿਵਸਥਾ ਉਸਾਰ ਸਕਣ ਦੀ ਸ਼ਕਤੀ ਰੱਖਦੇ ਹਨ। ਭਾਵੇਂ ਕਈ ਉਦਾਹਰਣਾਂ ਅਜਿਹੀਆਂ ਵੀ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ ਕਿ ਇਸ ਸਿਧਾਂਤ ਦੇ ਪੈਰੋਕਾਰਾਂ ਦਾ ਹੌਸਲਾ ਢਾਹ ਰਹੀਆਂ ਹਨ, ਪਰ ਫਿਰ ਵੀ ਹੋਚੀ ਮਿੰਨ ਦੀ ਸਾਦਗੀ ਅਤੇ ਵਚਨਬੱਧਤਾ ਇਹਨਾਂ ਕਾਮਿਆਂ ਅੰਦਰੋਂ ਖਿਸਕ ਚੁੱਕੀ ਦ੍ਰਿੜਤਾ ਨੂੰ ਮੁੜ ਪੈਰਾਂ ਸਿਰ ਕਰ ਸਕਦੀ ਹੈ। ਆਪਣੇ ਇਸ ਕਥਨ ਦੀ ਪੁਸ਼ਟੀ ਲਈ ਉਹ ਇਸ ਕਹਾਣੀ ਦੇ ਕੇਂਦਰੀ ਪਾਤਰ ਬਿੰਦਰ ਦੀ ਉਦਾਹਰਨ ਦਿੰਦਾ ਹੈ ।ਕਹਾਣੀ ਦਾ ਬਿਰਤਾਂਤ ਅਤੇ ਕਹਾਣੀਕਾਰ ਦੇ ਸਵੈਕਥਨ ਨੂੰ ਇਕੱਠੇ ਰੱਖ ਕੇ ਦੇਖਦੇ ਹਾਂ ਤਾਂ ਇਹ ਜਾਪਦਾ ਹੈ ਕਿ ਲਾਲ ਸਿੰਘ ਕਹਾਣੀ ਬਾਹਰੇ ਆਪਣੇ ਕਥਨ ਦੀ ਪੁਸ਼ਟੀ ਲਈ ਕਹਾਣੀ ਦੇ ਬਿਰਤਾਂਤ ਨੂੰ ਸਹਿਜ ਨਹੀ ਰਹਿਣ ਦਿੰਦਾ। ਬਿੰਦਰ ਦੀ ਪਤਨੀ ਦਲਬੀਰ ਹੌਲੀ-ਹੌਲੀ ਪੂੰਜੀਪਤੀਆਂ ਦੀ ਕਤਾਰ ਦਾ ਹਿੱਸਾ ਬਣੀ ਜਾ ਰਹੀ ਹੈ, ਬਿੰਦਰ ਇਸ ਦਾ ਕਿਤੇ ਵਿਰੋਧ ਕਰਦਾ ਨਜ਼ਰ ਨਹੀਂ ਆਉਂਦਾ, ਪਰ ਅਚਾਨਕ ਕਹਾਣੀ ਦੇ ਅੰਤਲੇ ਪੰਨੇ ‘ਤੇ ਉਹ ਹਾਕਮਾਂ ਵਾਂਗ ਪਤਨੀ ਨੂੰ ਹੁਕਮ ਕਰਦਾ ਹੈ ਅਤੇ ਗਦਰੀ ਗੁਲਾਬ ਕੌਰ ਅਤੇ ਬਾਬੇ ਭਕਨੇ ਦੇ ਚਿੱਤਰ ਆਪਣੇ ਗੁਰੂ ਨੂੰ ਬਣਾਉਣ ਲਈ ਕਹਿ ਰਿਹਾ ਹੈ। ਇਹ ਪ੍ਰਸੰਗ ਕਹਾਣੀ ਦੇ ਬਿਰਤਾਂਤ ਦਾ ਸਹਿਜ ਰੂਪ ਨਹੀਂ ਰਿਹਾ, ਸਗੋਂ ਸਾਡੀ ਮੁੱਢਲੀ ਪ੍ਰਗਤੀਵਾਦੀ ਕਹਾਣੀ ਦੇ ਨਾਲ ਜਾ ਜੁੜਦਾ ਹੈ। ਇੱਥੇ ਪੁਸਤਕ ਦੇ ਸਰਵਰਕ ‘ਤੇ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਕੀਤੀ ਟਿੱਪਣੀ ਸਾਰਥਿਕ ਜਾਪਦੀ ਹੈ ਕਿ ਲਾਲ ਸਿੰਘ ਕੋਲ ਉਹ ਲੁਕਵੀਂ ਜੁਗਤ ਨਹੀ, ਜੋ ਆਪਣੀ ਸਿਰਜਣਤਮਕਤਾ ਦੇ ਨਾਲ-ਨਾਲ ਉਸ ਨੂੰ ਚਮਕਾ ਕੇ ਪੇਸ਼ ਕਰਨ ਲਈ ਲੇਖਕਾਂ ਵੱਲੋਂ ਅਕਸਰ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ।ਬੇਸ਼ੱਕ ਇਹ ਸੰਭਵ ਹੈ ਕਿ ਗੌਰਵਮਈ ਇਤਿਹਾਸ ਜਾਂ ਚਿੰਤਕ ਬਿੰਦਰ ਨੂੰ ਚੇਤੰਨ ਕਰਦਾ ਹੈ। ਉਤਸ਼ਾਹੀ ਪਾਠਕਾਂ ਨੂੰ ਇਹ ਪ੍ਰਸੰਗ ਬਹੁਤ ਪਸੰਦ ਆਵੇਗਾ, ਪਰ ਕਹਾਣੀ ਦੀ ਸਹਿਜ ਤੋ ਵਿੱਚ ਇਹ ਝਟਕਾ ਮਹਿਸੂਸ ਹੁੰਦਾ ਹੈ ਕਿ ਬਿੰਦਰ ਵਿੱਚ ਲਾਲ ਸਿੰਘ ਪੂਰੀ ਤਰ੍ਹਾਂ ਪ੍ਰਵੇਸ਼ ਕਰ ਗਿਆ ਹੈ।

ਇਸ ਸੰਗ੍ਰਹਿ ਦੀ ‘ਅੱਗੇ ਸਾਖੀ ਹੋਰ ਚੱਲੀ’ ਆਖਰੀ ਕਹਾਣੀ ਹੈ ।ਨਵੇਂ ਉਸਰ ਰਹੇ ਸਮਾਜ ਪ੍ਰਬੰਧ ਵਿੱਚ ਪੁਰਾਣੀਆਂ ਕਦਰਾਂ-ਕੀਮਤਾਂ ਕਿਵੇਂ ਤਹਿਸ-ਨਹਿਸ ਹੋ ਰਹੀਆਂ ਹਨ ਅਤੇ ਉਹਨਾਂ ਦੀ ਥਾਂ ਉਹ ਕਦਰਾਂ-ਕੀਮਤਾਂ ਪ੍ਰਚੱਲਤ ਹੋ ਰਹੀਆਂ ਹਨ, ਜੋ ਸਿੱਧੇ ਰੂਪ ਵਿੱਚ ਪੂੰਜੀਵਾਦ ਦੀ ਦੇਣ ਹਨ। ਮੈਂ (ਕਰਮਜੀਤ) ਪਾਤਰ ਸਾਰੀ ਗਾਥਾ ਬਿਆਨੀਆਂ ਰੂਪ ਵਿੱਚ ਪੇਸ਼ ਕਰਦੀ ਹੈ। ਘਰ ਜਾਂ ਸਿਰਾਂ ਤੇ ਛੱਤ ਹੋਣ ਦਾ ਸੰਕਲਪ ਬਦਲਦਾ ਜਾ ਰਿਹਾ ਹੈ। ਕਰਮਜੀਤ ਦੇ ਦੋਨੋਂ ਪੁੱਤਰ ਜੋ ਡਾਕਟਰ ਹਨ ਤੇ ਡਾਕਟਰ ਬੀਵੀਆਂ ਨਾਲ ਨਵੇਂ ਜ਼ਮਾਨੇ ਵਿੱਚ ਨਵੀਂ ਤਰਜ਼ ਦੀ ਜਿੰਦਗੀ ਜੀਊਣਾ ਲੋਚਦੇ ਹਨ, ਪਰ ਕਰਮਜੀਤ ਦਾ ਪਤੀ ਕੰਵਲਜੀਤ ਇੱਕ ਵੱਖਰੀ ਤਰ੍ਹਾਂ ਦੀ ਜਿੰਦਗੀ ਜੀਅ ਰਹੇ ਹਨ, ਜਿਸ ਕਰਕੇ ਦੋਵੇਂ ਬੱਚੇ ਆਪਦੀ ਮਾਂ ਨੂੰ ਇੰਜ ਮੁਖਾਤਬ ਹੁੰਦੇ ਹਨ, ”ਕੀ ਖੱਟਿਆ ਡੈਡੀ ਨੇ ਇਮਾਨਦਾਰੀ ‘ਚੋਂ ਮੰਮੀ।” ਬੱਚੇ ਅਸਲ ਵਿੱਚ ਇਸ ਸੋਚ ਦੇ ਬਣ ਗਏ ਸਨ ਕਿ ਜੇ ਸੇਵਾ ਭਾਵਨਾ ਵਾਲੇ ਰਵਾਇਤੀ ਰੁਜ਼ਗਾਰੀ ਕਿੱਤੇ ਨੂੰ ਜੇ ਮੁਨਾਫੇਦਾਰ ਵਪਾਰਕ ਧੰਦੇ ਵਿੱਚ ਬਦਲ ਲਿਆ ਜਾਵੇ ਤਾਂ ਉਹ ਵੀ ਆਸੇ-ਪਾਸੇ ਫੈਲੇ ਨਵੇਂ ਬਾਜ਼ਾਰ ਵਿੱਚ ਰਲ ਮਿਲ ਜਾਣਗੇ। ਇਹ ਕਹਾਣੀ ਇਕ ਸੰਘਣੇ ਬਿਰਤਾਂਤ ਵਾਲੀ ਕਹਾਣੀ ਹੈ, ਜਿਸ ਵਿੱਚੋਂ ਕਈ ਪ੍ਰਸ਼ਨ ਵੀ ਉੱਠਦੇ ਹਨ। ਇਸ ਕਥਾ ਵਿੱਚ ਮੈਂ (ਕਰਮਜੀਤ) ਪਾਤਰ ਸੂਬੇਦਾਰ ਠਾਕੁਰ ਦਲੀਪ ਸਿੰਘ ਦੇ ਘਰ ਰਹਿੰਦੀ ਹੈ ਕਿਰਾਏਦਾਰ ਵਜੋਂ, ਉਸ ਦੇ ਪੁੱਤਰ ਦਿਲਾਵਰ ਦਾ ਜ਼ਿਕਰ ਸੰਕੇਤਕ ਰੂਪ ਵਿੱਚ ਇੱਕ-ਦੋ ਥਾਵਾਂ ‘ਤੇ ਹੋਇਆ ਮਿਲਦਾ ਹੈ, ਪਰ ਕਥਾ ਪ੍ਰਸੰਗ ਵਿੱਚ ਇਹ ਕਥਨ ਦੀ ਭੂਮਿਕਾ ਹੈ, ਇਸ ਬਾਰੇ ਪਾਠਕ ਭੰਬਲਭੂਸੇ ਵਿੱਚ ਪਿਆ ਰਹਿੰਦਾ ਹੈ। ਪਤਾ ਨਹੀਂ ਲੱਗਦਾ ਕਿ ਕਹਾਣੀਕਾਰ ਇਸ ਪ੍ਰਸੰਗ ਰਾਹੀ ਕੀ ਕਹਿ ਰਿਹਾ ਹੈ।

ਕਹਾਣੀ ਦੀ ਤਕਨੀਕ ਦੀ ਗੱਲ ਕਰਦਿਆਂ ਲਾਲ ਸਿੰਘ ਅਨਯ ਪੁਰਖ ਦੀ ਵਿਧੀ ਵਾਲੀ ਕਹਾਣੀ ਨੂੰ ਵਧੇਰੇ ਪ੍ਰਭਾਵਸ਼ਾਲੀ ਮੰਨਦਾ ਹੈ। ਉਪਰੋਤਕ ਕਹਾਣੀ ਕਿਉਂ ਜੋ ਉਸ ਨੇ ਉਤਮ ਪੁਰਖੀ ਤਕਨੀਕ ਰਾਹੀ ਉਸਾਰੀ ਹੈ। ਸ਼ਾਇਦ ਇਸ ਕਰਕੇ ਅਸਪੱਸ਼ਟਤਾ ਆ ਗਈ ਹੈ। ਇਸ ਪੁਸਤਕ ਵਿੱਚ ਵੀ ਲਾਲ ਸਿੰਘ ਸਿਰਜਣਾ ਵੱਲ ਵਧੇਰੇ ਧਿਆਨ ਦਿੰਦਾ ਹੈ। ਉਹ ਫਲਸਲੇ ਦਾ ਕਹਾਣੀਕਾਰ ਹੈ ।ਕਹਾਣੀ ਦੇ ਆਰੰਭ ਤੋਂ ਲੈ ਕੇ ਅੰਤਮ ਪੜਾਅ ਤੱਕ ਉਹ ਅਤਿ ਸੁਚੇਤ ਰੂਪ ਵਿੱਚ ਆਪਣੇ ਫਲਸਫੇ ਨੂੰ ਪੇਸ਼ ਕਰਨ ਦੀ ਤਾਕ ਵਿੱਚ ਰਹਿੰਦਾ ਹੈ। ਅਜਿਹਾ ਕਰਦਿਆਂ ਕਈ ਵਾਰ ਕਹਾਣੀ ਦੇ ਬਿਰਤਾਂਤ ਸਿਰਜਣ ਦੀ ਪ੍ਰਕਿਰਿਆ ਸਹਿਜ ਨਹੀਂ ਰਹਿੰਦੀ। ਫਿਰ ਵੀ ਉਹ ਜਿਸ ਵਚਨਬੱਧਤਾ ਨਾਲ ਇੱਕ ਉਸਾਰੂ ਜੀਵਨ ਸਿਧਾਂਤ ਨਾਲ ਜੁੜ ਕੇ ਕਹਾਣੀ ਲਿਖਦਾ ਆ ਰਿਹਾ ਹੈ, ਉਹ ਕੋਈ ਛੋਟੀ ਪ੍ਰਾਪਤੀ ਨਹੀਂ।

Leave a Reply

Your email address will not be published. Required fields are marked *