ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹਾਂਗਕਾਂਗ ‘ਚ ਸਜਾਇਆ ਗਿਆ ਨਗਰ ਕੀਰਤਨ

ਹਾਂਗਕਾਂਗ — ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਤੋਂ ਸਿੰਗ ਸੀ ਸਪੋਰਟਸ ਗਰਾਊਂਡ ਤੱਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਰਵਾਨਗੀ ਹੈੱਡ ਗ੍ਰੰਥੀ ਗਿਆਨੀ ਜਤਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਕੀਤੀ ਗਈ। ਫੁੱਲਾਂ ਨਾਲ ਸਜੀ ਵਿਸ਼ੇਸ਼ ਗੱਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਸ਼ੋਭਿਤ ਸਰੂਪ ਨਾਲ ਪੰਜ ਸਿੰਘ ਸਾਹਿਬਾਨ ਅਤੇ ਨਿਸ਼ਾਨਚੀ ਸਿੰਘ ਵਲੋਂ ਰਵਾਨਗੀ ਕੀਤੀ ਗਈ। ਖ਼ਾਲਸਾਈ ਪੁਸ਼ਾਕ ਵਿਚ ਸਜੇ ਸਿੰਘ ਵਲੋਂ ਨਗਾਰੇ ‘ਤੇ ਚੋਟਾਂ ਕੀਤੀਆਂ ਜਾ ਰਹੀਆਂ ਸਨ ਅਤੇ ਬਾਈਕਰਜ਼ ਕਲੱਬ ਦੇ ਨੌਜਵਾਨ ਦਸਤਾਰਾਂ ਸਜਾਈ ਮੋਟਰਸਾਈਕਲਾਂ ‘ਤੇ ਅੱਗੇ ਚੱਲ ਰਹੇ ਸਨ। ਪਿੱਛੇ ਬੱਸਾਂ ਵਿਚ ਸੰਗਤਾਂ ਵਲੋਂ ਗੁਰ ਸ਼ਬਦ ਦੇ ਜਾਪ ਕੀਤੇ ਜਾ ਰਹੇ ਸਨ।
ਸਿੰਗ ਸੀ ਪਹੁੰਚਦਿਆਂ ਹੀ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨਾਲ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਜੇ ਦੀਵਾਨ ਵਿਚ ਪੰਜਾਬ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ ਵਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਮੌਜੂਦਾ ਪੰਥਕ ਹਾਲਾਤਾਂ ‘ਤੇ ਪੰਥਕ ਏਕਤਾ ਦੀ ਬਹਾਲੀ ਤੇ ਵਡਮੁੱਲੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ। ਭਾਈ ਜ਼ੋਰਾ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਜਗਤਾਰ ਸਿੰਘ ਸ਼ਿਮਲੇ ਵਾਲੇ, ਰਾਗੀ ਗੁਰਚਰਨ ਸਿੰਘ ਅਤੇ ਹਾਂਗਕਾਂਗ ਦੀਆਂ ਬੀਬੀਆਂ ਅਤੇ ਬੱਚਿਆਂ ਵਲੋਂ ਗੁਰਬਾਣੀ ਗਾਇਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਮਨਪ੍ਰੀਤ ਸਿੰਘ ਦੇ ਕਵੀਸ਼ਰੀ ਜੱਥੇ ਅਤੇ ਕਥਾਵਾਚਕ ਭਾਈ ਹਰਵਿੰਦਰ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਮਟਵਾਨੀ ਵਾਲਿਆਂ ਵਲੋਂ ਸੰਗਤਾਂ ਨਾਲ ਗੁਰੂ ਇਤਿਹਾਸ ਦੀ ਸਾਂਝ ਪਾਈ ਗਈ।ਇਸ ਮੌਕੇ ਬੱਚਿਆਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

Leave a Reply

Your email address will not be published. Required fields are marked *