ਸਿੱਖ ਧਰਮ ਵਿਚ ਕੇਸਾਂ ਦੀ ਮਹੱਤਤਾ

0
141

“ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ, ਨਾਮ ਸਿੰਘ ਰੱਖੇ।

ਸਿੱਖ ਅਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ”। (ਪੰਨਾ-੨੦)

ਵਿਆਖਿਆ : ਸਿੱਖ ਧਰਮ ਵਿਚ ਕੇਸ ਰਖਣੇ ਇਕ ਜ਼ਰੂਰੀ ਕਰਮ ਹੈ ਉਵੇਂ ਦਾ ਹੀ ਜਿਵੇਂ ਅਸੀ ਸਰੀਰ ਦੇ ਬਾਕੀ ਅੰਗਾਂ ਦੀ ਸੰਭਾਲ ਕਰਦੇ ਹਾਂ। ਕੇਸਾਂ ਦੀ ਬੇਅਦਬੀ ਕਰਨ ਵਾਲੀ ਰੀਤ ਸਿੱਖ ਧਰਮ ਵਿਚ ਉਕਾ ਹੀ ਪ੍ਰਵਾਨ ਨਹੀਂ ਕੀਤੀ ਗਈ। ਕੁਦਰਤੀ ਸਰੂਪ ਨੂੰ ਕਾਇਮ ਰੱਖਣ ਅਤੇ ਉਸ ਦੀ ਸੰਭਾਲ ਕਰਨ ਨੂੰ ਸਤਿਕਾਰਿਆ ਗਿਆ ਹੈ। ਕੇਸਾਧਾਰੀ ਰਹਿਣਾ ਕੇਵਲ ਸਿੱਖ ਗੁਰੂਆਂ ਨੇ ਹੀ ਨਹੀਂ ਅਪਣਾਇਆ ਸਗੋਂ ਕਈ ਹੋਰ ਧਰਮਾਂ ਦੇ ਆਗੂ ਖ਼ੁਦ ਵੀ ਕੇਸਾਧਾਰੀ ਅਤੇ ਦਸਤਾਰਧਾਰੀ ਸਨ। ਸ਼ੁਰੂ ਤੋਂ ਹੀ ਹਰ ਆਮ ਤੇ ਖ਼ਾਸ ਲੋਕ ਕੇਸਾਂ ਦੀ ਸੰਭਾਲ ਕਰਦੇ ਆ ਰਹੇ ਹਨ। ਪਰ ਕਈ ਫ਼ਿਰਕਿਆਂ ਜਾਂ ਮੱਤ ਨੇ ਕੇਸਾਂ ਨੂੰ ਸਰੀਰ ਤੋਂ ਹਟਾਉਣ ਤੋਂ ਗੁਰੇਜ਼ ਵੀ ਨਹੀਂ ਕੀਤਾ ਅਤੇ ਇਸ ਤਰ੍ਹਾਂ ਦੀ ਇਕ ਵਖਰੀ ਪਿਰਤ ਵੀ ਪਾਈ, ਜਿਵੇਂ ਰੋਂਡ ਮੋਂਡ ਸਾਧੂ, ਭਿਕਸ਼ੂ ਆਦਿ। ਪਰ ਉਥੇ ਨਾਲ ਹੀ ਲੰਮੀਆਂ ਜਟਾਵਾਂ ਵਧਾਉਣ ਵਾਲੇ ਫਿਰਕੇ ਵੀ ਮੌਜੂਦ ਹਨ। ਸੋ ਇਸ ਤਰ੍ਹਾਂ ਕੁੱਝ ਅਜਿਹੇ ਪ੍ਰਭਾਵ ਅਤੇ ਸਮੇਂ ਦੇ ਪ੍ਰਭਾਵ ਨੂੰ ਕਬੂਲ ਕਰ ਕੇ ਫ਼ੈਸ਼ਨਪ੍ਰਸਤੀ ਦੇ ਅਸਰ ਹੇਠ ਕੇਸਾਂ ਰਹਿਤ ਹੋਣਾ ਇਕ ਰੁਝਾਨ ਬਣਦਾ ਗਿਆ/ਜਾ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਮੀਡੀਆ ਦੇ ਪ੍ਰਭਾਵ ਅਧੀਨ ਅਤੇ ਹੋਰ ਕਈ ਕਾਰਨਾਂ ਤਹਿਤ ਸਿੱਖਾਂ ਵਿਚ ਵੀ ਕੇਸਾਂ ਰਹਿਤ ਰਹਿਣ ਵਾਲਿਆਂ ਦੀ ਗਿਣਤੀ ਵਿਚ ਭਰਵਾਂ ਵਾਧਾ ਹੋਇਆ ਹੈ। ਪਤਿਤਪੁਣੇ ਦੇ ਇਸ ਮਾਰੂ ਪ੍ਰਭਾਵ ਦੇ ਹੋਰ ਭਾਵੇਂ ਅਨੇਕਾਂ ਕਾਰਨ ਹੋ ਸਕਦੇ ਹਨ ਪਰ ਅਸਲ ਕਾਰਨ ਸਿੱਖ ਪਰਵਾਰਾਂ ਨੂੰ ਗੁਰਮਤਿ ਵਿਚਾਰਧਾਰਾ ਅਤੇ ਅਪਣੀ ਵਿਰਾਸਤ ਦੀ ਸੋਝੀ ਨਾ ਹੋਣਾ ਹੈ। ਗੁਰਬਾਣੀ, ਇਤਿਹਾਸ ਅਤੇ ਅਪਣੇ ਨਿਵੇਕਲੇ ਸਭਿਆਚਾਰ ਦੀ ਸਮਝ ਕਿਸੇ ਬੱਚੇ ਨੂੰ ਸ਼ੁਰੂ ਤੋਂ ਹੀ ਨਹੀਂ ਦਿਤੀ ਜਾਂਦੀ ਪਰ ਮੀਡੀਆ ਦਾ ਅੰਨ੍ਹਾਂ ਪ੍ਰਭਾਵ ਉਹ ਜ਼ਰੂਰ ਕਬੂਲ ਕਰ ਲੈਂਦਾ ਹੈ ਅਤੇ ਕੇਸਾਂ ਤੋਂ ਰਹਿਤ ਹੋਣ ਦੇ ਰਾਹੇ ਪੈ ਜਾਂਦਾ ਹੈ। ਕੇਸਾਂ ਤੋਂ ਰਹਿਤ ਹੋਣ ਦੇ ਨਾਲ ਨਾਲ ਦਸਤਾਰ ਸਜਾਉਣ ਤੋਂ ਉਸ ਨੇ ਸੁਭਾਵਕ ਹੀ ਵਾਂਝਾ ਹੋ ਜਾਣਾ ਹੈ। ਤੇ ਫਿਰ ਦੇਖਾ ਦੇਖੀ ਬਾਕੀ ਲੋਕਾਂ ਵਾਂਗ ਹੋਰ ਮਨਮੱਤਾਂ ਅਤੇ ਬੁਰੇ ਰਾਹ ਵੀ ਚੁਣ ਲੈਂਦਾ ਹੈ। ਉਤੋਂ ਸਿਤਮ ਦੀ ਗੱਲ ਇਹ ਹੈ ਕਿ ਉਸ ਦੇ ਮਾਤਾ ਪਿਤਾ ਜਾਂ ਹੋਰ ਬਜ਼ੁਰਗ ਵੀ ਇਸ ਪੱਖੋਂ ਬੇਧਿਆਨੇ ਹੀ ਰਹਿੰਦੇ ਹਨ ਅਤੇ ਹਲਕੀ ਜਿਹੀ ਪ੍ਰਤੀਕ੍ਰਿਆ ਵੀ ਜ਼ਾਹਰ ਨਹੀਂ ਕਰਦੇ। ਅਪਣੀ ਸਭਿਅਤਾ ਅਤੇ ਵਿਰਸੇ ਨੂੰ ਇਕੋ ਝਟਕੇ ਨਾਲ ਹੀ ਤਿਆਗਣ ਦਾ ਰਾਹ ਖੁਲ•ਾ ਹੋ ਜਾਂਦਾ ਹੈ ਜਦੋਂ ਕਿ ਸਿੱਖ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਅਤੇ ਹੋਰ ਬਾਕੀ ਸਾਰੇ ਮਹਾਨ ਗੁਰਸਿੱਖ ਸਖ਼ਸ਼ੀਅਤਾਂ ਕੇਸਾਧਾਰੀ ਅਤੇ ਦਸਤਾਰਧਾਰੀ ਸਨ। ਗੁਰਬਾਣੀ ਵਿਚ ਵੀ ਮਨੁੱਖ ਨੂੰ ਰੱਬੀ ਰਜ਼ਾ ਦੀ ਪਾਲਣਾ ਕਰਨ ਦੀ ਹੀ ਪ੍ਰੇਰਨਾ ਕੀਤੀ ਗਈ ਹੈ।
“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।” (ਪੰਨਾ-੧)

ਅਪਣੇ ਸਰੂਪ ਦੀ ਸੰਭਾਲ ਕਰਨੀ ਸੁਚੇਤ ਕੌਮਾਂ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਸਰੂਪ ਤੋਂ ਮੁਨਕਰ ਹੋਣ ਵਾਲੇ ਲੋਕ ਹੌਲੀ ਹੌਲੀ ਬਾਕੀ ਮਾਨਤਾਵਾਂ ਅਤੇ ਅਸੂਲਾਂ ਤੋਂ ਵੀ ਦੂਰ ਜਾਣ ਲਗਦੇ ਹਨ ਜੋ ਕਿ ਕਿਸੇ ਵਿਰਾਸਤ ਲਈ ਪਤਨ ਦਾ ਰਾਹ ਹੈ। ਸਿੱਖ ਰਹਿਤ ਮਰਿਆਦਾ ਦੀ ਉਪਰੋਕਤ ਮਦ ਵਿਚ ਸਿੱਖ ਨੂੰ ਹੁਕਮ ਹੈ ਕਿ ਉਹ ਅਪਣੇ ਲੜਕੇ ਅਤੇ ਲੜਕੀ ਦੇ ਕੇਸ ਸਾਬਤ ਰੱਖੇ ਅਤੇ ਉਨ੍ਹਾਂ ਦਾ ਬੁਰਾ ਨਾ ਮੰਗੇ। ਜਮਾਂਦਰੂ ਕੇਸ ਹੀ ਸਾਬਤ ਰੱਖੇ ਜਾਣ। ਹਿੰਦੂ ਮਾਨਤਾਵਾਂ ਨਾਲ ਸਬੰਧ ਰੱਖਣ ਵਾਲਿਆਂ ਵਿਚ ਬੱਚੇ ਦਾ ਮੁੰਡਨ ਸੰਸਕਾਰ ਕਰਵਾਇਆ ਜਾਂਦਾ ਹੈ ਅਤੇ ਉਸ ਦੇ ਜਮਾਂਦਰੂ ਕੇਸ ਲਾਹ ਦਿਤੇ ਜਾਂਦੇ ਹਨ। ਦੇਖਾ ਦੇਖੀ ਕੁੱਝ ਇਕ ਅੱਧ ਸਿੱਖ ਪਰਵਾਰ ਵੀ ਇਹੋ ਜਿਹੀ ਫ਼ਜ਼ੂਲ ਰਸਮ ਕਰਨ ਲੱਗ ਜਾਂਦੇ ਹਨ ਕਿ ਪਹਿਲੇ ਕੇਸ ਅਪਵਿਤਰ ਜਾਂ ਚੰਗੇ ਨਹੀਂ ਹਨ ਇਸ ਲਈ ਮੁੰਡਨ ਕਰਨਾ ਜ਼ਰੂਰੀ ਹੈ। ਅਜਿਹਾ ਵਹਿਮ ਪਾਲਣਾ ਮਨਮੱਤ ਅਤੇ ਅਗਿਆਨਤਾ ਹੈ। ਸਿੱਖ ਨੂੰ ਅਪਣੇ ਬੱਚਿਆਂ ਦੇ ਕੇਸ ਅਰੰਭ ਤੋਂ ਹੀ ਜਮਾਂਦਰੂ ਹੀ ਸਾਬਤ ਰੱਖਣੇ ਚਾਹੀਦੇ ਹਨ ਅਤੇ ਇਨ੍ਹਾਂ ਦਾ ਬੁਰਾ ਨਹੀਂ ਮੰਗਣਾ ਚਾਹੀਦਾ। ਪਰ ਅਜਿਹਾ ਤਾਂ ਹੀ ਮੁਮਕਿਨ ਹੋਵੇਗਾ ਜੇਕਰ ਮਾਤਾ ਪਿਤਾ ਖ਼ੁਦ ਇਸ ਪ੍ਰਤੀ ਸੁਚੇਤ ਹੋਣਗੇ। ਆਰੰਭ ਤੋਂ ਹੀ ਅਪਣੀ ਔਲਾਦ ਨੂੰ ਸਿੱਖ ਸਿਧਾਂਤਾਂ ਅਤੇ ਵਿਰਸੇ ਦੀ ਜਾਣਕਾਰੀ ਦੇਣੀ ਪਵੇਗੀ ਅਤੇ ਉਨ੍ਹਾਂ ਦੀ ਪ੍ਰਵਰਿਸ਼ ਵੀ ਸਿੱਖ ਰਹੁ ਰੀਤਾਂ ਮੁਤਾਬਕ ਕਰਨੀ ਹੋਵੇਗੀ। ਪਰ ਇਸ ਲਈ ਮਾਤਾ ਪਿਤਾ ਨੂੰ ਖ਼ੁਦ ਵੀ ਸਿੱਖ ਵਿਚਾਰਧਾਰਾ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ। ਜਿਹੋ ਜਿਹੇ ਸੰਸਕਾਰ ਬੱਚੇ ਨੂੰ ਆਰੰਭ ਤੋਂ ਮਿਲਦੇ ਹਨ ਉਹੀ ਉਸ ਦੇ ਸਾਰੀ ਉਮਰ ਲਈ ਸਾਥੀ ਬਣ ਜਾਂਦੇ ਹਨ। ਜਦੋਂ ਘਰਾਂ ਵਿਚ ਅਪਣੇ ਮਾਤਾ ਪਿਤਾ ਨੂੰ ਸਿੱਖੀ ਧਰਮ ਪ੍ਰਤੀ ਰਹੁ ਰੀਤਾਂ ਕਰਦਿਆਂ ਜਾਂ ਸਿੱਖੀ ਪਿਆਰ ਦੀ ਗੱਲ ਕਰਦਿਆਂ ਹੀ ਨਹੀ ਦੇਖਿਆ ਸੁਣਿਆ ਜਾਂਦਾ ਤਾਂ ਬੱਚੇ ਕਿਹੋ ਜਿਹਾ ਪ੍ਰਭਾਵ ਕਬੂਲ ਕਰਨਗੇ ਸ਼ਪੱਸ਼ਟ ਹੀ ਹੈ। ਸਿੱਖਾਂ ਦੇ ਆਗੂਆਂ ਨੂੰ ਵੀ ਪਤਿਤਪੁਣੇ ਦਾ ਸ਼ੋਰ ਸ਼ਰਾਬਾ ਕਰਨ ਦੀ ਬਜਾਏ ਕੁੱਝ ਸਾਰਥਕ ਕੰਮ ਕਰਨੇ ਚਾਹੀਦੇ ਹਨ ਅਤੇ ਫ਼ਾਇਦੇਮੰਦ ਯਤਨ ਕਰਨੇ ਚਾਹੀਦੇ ਹਨ। ਸਿੱਖ ਧਾਰਮਕ ਅਸਥਾਨਾਂ ਨੂੰ ਕੇਵਲ ਪੂਜਾ ਵਜੋਂ ਹੀ ਨਹੀਂ ਸਿੱਖ ਸਿਧਾਂਤਾਂ ਦੇ ਪ੍ਰਚਾਰ ਮਾਧਿਅਮ ਵਜੋਂ ਵੀ ਵਰਤਣਾ ਚਾਹੀਦਾ ਹੈ। ਸਿੱਖ ਵਿਰਸੇ ਅਤੇ ਸਿਧਾਂਤਾਂ ਦੀ ਸੋਝੀ ਬੱਚਿਆਂ ਨੂੰ ਦੇਣ ਲਈ ਘਰ ਤੋਂ ਲੈ ਕੇ ਆਲੇ ਦੁਆਲੇ ਤਕ ਦਾ ਮਾਹੌਲ ਸਿਰਜਣ ਦੀ ਲੋੜ ਹੋਵੇਗੀ। ਮਾਪਿਆਂ ਨੂੰ ਪੂਰਨ ਰੂਪ ਵਿਚ ਸੁਚੇਤ ਹੋਣਾ ਪਵੇਗਾ।

-ਹਰਜਿੰਦਰ ਸਿੰਘ ‘ਸਭਰਾ’

ਮੋ: 9855598833