ਸਿਡਨੀ ‘ਚ ਚਮਕੇਗੀ ਹਿੰਦੀ, ਪੰਜਾਬੀ ਕਦੋਂ ਬਣੇਗੀ ਧੀ ਛਿੰਦੀ

ਸਿਡਨੀ — ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਇਕ ਵੱਖਰੀ ਸਹੂਲਤ ਦਿੱਤੀ ਜਾ ਰਹੀ ਹੈ। ਉਹ ਸਹੂਲਤ ਹੈ ਹਵਾਈ ਅੱਡੇ ‘ਤੇ ਲੱਗੇ ਸਾਈਨ ਬੋਰਡ, ਜਿਸ ‘ਤੇ ਅੰਗਰੇਜ਼ੀ ਦੇ ਨਾਲ-ਨਾਲ ਹੁਣ ਹਿੰਦੀ ਅਤੇ ਅਰਬੀ ਭਾਸ਼ਾ ਵਿਚ ਸਾਈਨ ਬੋਰਡ ਲਾਏ ਜਾਣਗੇ। ਇੱਥੇ ਦੱਸ ਦੇਈਏ ਕਿ ਸਿਡਨੀ ਸ਼ਹਿਰ ਦੀ ਖੂਬਸੂਰਤੀ ਕਰ ਕੇ ਭਾਰਤੀਆਂ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਦੇ ਲੋਕ ਇਸ ਵੱਲ ਖਿੱਚੇ ਆਉਂਦੇ ਹਨ। ਸਿਡਨੀ ਹਵਾਈ ਅੱਡੇ ਦੇ ਸੀ. ਈ. ਓ. ਜਿਊਫ ਕਲਬਰਟ ਨੇ ਕਿਹਾ ਕਿ ਪ੍ਰਮੁੱਖ ਜਾਣਕਾਰੀਆਂ ਅਤੇ ਉਡਾਣਾਂ ਸਬੰਧੀ ਜਾਣਕਾਰੀ ਵਾਲੇ ਬੋਰਡਾਂ ‘ਤੇ ਹੁਣ ਹਿੰਦੀ ਭਾਸ਼ਾ ਵੀ ਸ਼ਾਮਲ ਕੀਤੀ ਜਾਵੇਗੀ, ਤਾਂ ਕਿ ਯਾਤਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਸਿਡਨੀ ਹਵਾਈ ਅੱਡੇ ‘ਤੇ ਅੰਗਰੇਜ਼ੀ, ਜਰਮਨੀ, ਫਰਾਂਸ, ਕੋਰੀਆਈ, ਜਾਪਾਨੀ, ਸਪੇਨ ਅਤੇ ਚੀਨੀ ਭਾਸ਼ਾ ‘ਚ ਸੂਚਨਾਵਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ। ਹਿੰਦੀ ਅਤੇ ਅਰਬੀ ਨੂੰ ਮਿਲਾ ਕੇ ਸਾਈਨ ਬੋਰਡ ‘ਤੇ ਹੁਣ 9 ਭਾਸ਼ਾਵਾਂ ‘ਚ ਸੂਚਨਾ ਹੋਵੇਗੀ। ਜਿਊਫ ਨੇ ਕਿਹਾ ਕਿ ਅਸੀਂ ਉਪਲੱਬਧ ਭਾਸ਼ਾਵਾਂ ਦੀ ਸੂਚੀ ਵਿਚ ਹਿੰਦੀ ਅਤੇ ਅਰਬੀ ਨੂੰ ਜੋੜਨ ਵਿਚ ਖੁਸ਼ ਹਾਂ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਹਰ ਸਾਲ 16.5 ਫੀਸਦੀ ਭਾਰਤੀ ਅਤੇ ਮਿਡਲ ਈਸਟ ਤੋਂ ਲੋਕ ਘੁੰਮਣ-ਫਿਰਨ ਲਈ ਆਉਂਦੇ ਹਨ। ਜਨਗਣਨਾ ਮੁਤਾਬਕ ਆਸਟ੍ਰੇਲੀਆ ਵਿਚ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 1,59,652 ਹੈ। ਆਸਟ੍ਰੇਲੀਆ ਵਿਚ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ 10 ਟੌਪ ਦੀਆਂ ਭਾਸ਼ਾਵਾਂ ‘ਚ ਸ਼ਾਮਲ ਹੈ।

Leave a Reply

Your email address will not be published. Required fields are marked *