ਸਹਸ ਸਿਆਣਪਾ ਲਖ ਹੋਹਿ…

ਮੈਂ ਉਦੋਂ ਮਸਾਂ ਸੱਤ ਕੁ ਵਰ੍ਹਿਆਂ ਦੀ ਹੋਵਾਂਗੀ ਜਦ ਸਾਡੇ ਘਰ ਨਵਾਂ ਬੱਚਾ ਆਉਣ ਵਾਲਾ ਸੀ। ਮੈਂ ਮਾਂ ਨੂੰ ਵੇਖਦੀ। ਉਹ ਸਾਰਾ-ਸਾਰਾ ਦਿਨ ਫ਼ਿਕਰਾਂ ਵਿਚ ਘਿਰੀ ਰਹਿੰਦੀ। ਛੋਟੀ ਹੋਣ ਦੇ ਬਾਵਜੂਦ ਮੈਂ ਸਮਝ ਸਕਦੀ ਸੀ ਕਿ ਮੇਰੀ ਮਾਂ ਨੂੰ ਸਿਰਫ਼ ਮੇਰੇ ਭਰਾ ਦਾ ਇੰਤਜ਼ਾਰ ਸੀ ਕਿਉਕਿ ਮੇਰੀ ਦਾਦੀ ਅਕਸਰ ਇਹੀ ਕਹਿੰਦੀ ਰਹਿੰਦੀ ਕਿ ਹੁਣ ਤਾਂ ਮੈਨੂੰ ਵੰਸ਼ ਚਲਾਉਣ ਵਾਲਾ ਲਾਲ ਚਾਹੀਦੈ, ਲਾਲ। ਤੇ ਉਹ ਦਿਨ ਵੀ ਆ ਗਿਆ ਜਿਸ ਦਾ ਸੱਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਸਾਡੇ ਘਰ ਨੰਨ੍ਹੇ-ਮੁੰਨੇ ਜਹੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ। ਮੈਂ ਖ਼ੁਸ਼ੀ ਨਾਲ ਫੁੱਲੀ ਨਹੀਂ ਸੀ ਸਮਾ ਰਹੀ ਕਿਉਕਿ ਮੇਰੇ ਨਾਲ ਖੇਡਣ ਵਾਲਾ ਇਕ ਖਿਡੌਣਾ ਜੁ ਆ ਗਿਆ ਸੀ।
ਮੈਂ ਚਾਈਂ-ਚਾਈਂ ਹਸਦਿਆਂ ਪਾਪਾ ਨੂੰ ਕਿਹਾ, ‘‘ਪਾਪਾ ਵੇਖੋ! ਕਿੰਨੀ ਪਿਆਰੀ ਹੈ ਸਾਡੀ ਗੁੱਡੀ!’’ ਪਰ ਦਾਦੀ ਨੇ ਮੈਨੂੰ ਗੁੱਸੇ ’ਚ ਬਾਹੋਂ ਖਿੱਚ ਕੇ ਪਰ੍ਹਾਂ ਕਰਦਿਆਂ ਕਿਹਾ, ‘‘ਹਰ ਵੇਲੇ ਦੰਦੀਆਂ ਨਾ ਕਢਦੀ ਰਿਹਾ ਕਰ, ਮੌਕਾ ਵੀ ਵੇਖ ਲਿਆ ਕਰ।’’ ਦਾਦੀ ਦੀਆਂ ਝਿੜਕਾਂ ਸੁਣ ਕੇ ਮੇਰੀ ਖ਼ੁਸ਼ੀ ਰਫ਼ੂ ਚੱਕਰ ਹੋ ਗਈ। ਪਾਪਾ ਵੀ ਗੁੱਸੇ ਵਿਚ ਸਨ। ਮੈਂ ਵੇਖਿਆ ਕਿ ਮੇਰੀ ਮਾਂ ਦੀਆਂ ਅੱਖਾਂ ਵਿਚ ਵੀ ਹੰਝੂ ਸਨ। ਮੈਂ ਡਰੀ-ਸਹਿਮੀ ਕਮਰੇ ਤੋਂ ਬਾਹਰ ਆ ਗਈ। ਮਾਂ ਉਸ ਦਿਨ ਸਾਰਾ ਦਿਨ ਹਟਕੋਰੇ ਭਰ-ਭਰ ਰੋਂਦੀ ਰਹੀ। ਕਿਸੇ ਨੇ ਵੀ ਮਾਂ ਨੂੰ ਚੁੱਪ ਹੋਣ ਲਈ ਨਾ ਕਿਹਾ। ਮੈਂ ਮਾਂ ਨੂੰ ਚੁੱਪ ਕਰਾਉਣ ਲਈ ਉਸ ਦੇ ਕਮਰੇ ਵਿਚ ਗਈ ਤਾਂ ਦਾਦੀ ਨੇ ਮੈਨੂੰ ਵੀ ਝਿੜਕਾਂ ਮਾਰ ਕੇ ਬਾਹਰ ਆਉਣ ਲਈ ਕਿਹਾ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਏਨੀ ਪਿਆਰੀ ਗੁੱਡੀ ਆਈ ਏ, ਫਿਰ ਸਾਰੇ ਇੰਜ ਕਿਉ….?
ਹੌਲੀ-ਹੌਲੀ ਮਾਂ ਪ੍ਰਤੀ ਸੱਭ ਦਾ ਵਤੀਰਾ ਪਹਿਲਾਂ ਤੋਂ ਵੀ ਮਾੜਾ ਹੁੰਦਾ ਗਿਆ। ਦਾਦੀ ਅਤੇ ਪਾਪਾ ਅਕਸਰ ਮੰਮੀ ਨਾਲ ਲੜਦੇ-ਝਗੜਦੇ ਰਹਿੰਦੇ। ਮੇਰੀ ਮਾਂ ਸਾਰਾ-ਸਾਰਾ ਦਿਨ ਰੋਂਦੀ ਰਹਿੰਦੀ। ਮੈਂ, ਮਾਂ ਕੋਲ ਬੈਠੀ ਉਸ ਦੇ ਹੰਝੂ ਪੂੰਝਦੀ ਖ਼ੁਦ ਵੀ ਰੋਣ ਲੱਗ ਪੈਂਦੀ। ਮੈਨੂੰ ਰੋਂਦੀ ਵੇਖ ਕੇ ਮੇਰੀ ਮਾਂ ਮੈਨੂੰ ਘੁੱਟ ਕੇ ਛਾਤੀ ਨਾਲ ਲਗਾ ਲੈਂਦੀ ਤੇ ਮੇਰਾ ਸਿਰ ਪਲੋਸਣ ਲਗਦੀ। ਮੇਰੀ ਪਿਆਰੀ ਛੋਟੀ ਜਹੀ ਭੈਣ, ਸਾਰੀ ਦੁਨੀਆਂ ਤੋਂ ਬੇਖ਼ਬਰ ਚੁਪਚਾਪ ਪਈ ਰਹਿੰਦੀ। ਇਵੇਂ ਹੀ ਸਮਾਂ ਬੀਤਦਾ ਗਿਆ ਪਰ ਮੇਰੀ ਮਾਂ ਦੇ ਚਿਹਰੇ ’ਤੇ ਦੁੱਖਾਂ ਦੀ ਪਰਛਾਈ ਹੀ ਨਜ਼ਰ ਆਉਦੀ। ਮੈਂ ਵੇਖਦੀ ਕਿ ਪਾਪਾ ਹੁਣ ਮੰਮੀ ਨਾਲ ਬਹੁਤ ਘੱਟ ਬੋਲਦੇ ਸਨ। ਦਫ਼ਤਰ ਤੋਂ ਆ ਕੇ ਵੀ ਉਹ ਫ਼ੋਨ ’ਤੇ ਕਿੰਨੀ-ਕਿੰਨੀ ਦੇਰ ਕਿਸੇ ਨਾਲ ਗੱਲਾਂ ਕਰਦੇ ਰਹਿੰਦੇ। ਜੇ ਮੇਰੀ ਮਾਂ ਕੁੱਝ ਕਹਿੰਦੀ ਤਾਂ ਮੇਰੀ ਦਾਦੀ ਝੱਟ ਬੋਲ ਪੈਂਦੀ, ‘ਖ਼ਬਰਦਾਰ! ਮੁੰਡੇ ਨੂੰ ਕੁੱਝ ਕਿਹਾ ਤਾਂ। ਉਹ ਜੋ ਮਰਜ਼ੀ ਕਰੇ, ਜਿਸ ਨਾਲ ਮਰਜ਼ੀ ਗੱਲਾਂ ਕਰੇ, ਤੈਨੂੰ ਕੀ? ਤੂੰ ਚੁੱਪ ਕਰ ਕੇ ਬਸ ਰੋਟੀ ਖਾਈ ਜਾ, ਉਸ ਦੇ ਕਿਸੇ ਕੰਮ ’ਚ ਦਖ਼ਲ ਨਾ ਦੇ।’ ਦਾਦੀ ਦੀਆਂ ਗੱਲਾਂ ਸੁਣ ਕੇ ਮੇਰੀ ਮਾਂ ਹੌਕੇ ਭਰ-ਭਰ ਰੋਣ ਲਗਦੀ। ਰਾਤੀ ਵੀ ਪਾਪਾ, ਦਾਦੀ ਦੇ ਕਮਰੇ ਵਿਚ ਜਾ ਕੇ ਸੌਂ ਜਾਂਦੇ। ਜੇ ਮਾਂ ਬੁਲਾਉਣ ਜਾਂਦੀ ਤਾਂ ਪਾਪਾ-ਮੰਮੀ ਨੂੰ ਖਿੱਝ ਕੇ ਬੋਲਦੇ। ਮੇਰਾ ਮਨ ਬਹੁਤ ਉਦਾਸ ਹੋ ਜਾਂਦਾ। ਮੈਂ ਵੇਖਦੀ ਰਹਿੰਦੀ ਕਿ ਮੇਰੀ ਮਾਂ, ਮੇਰੀ ਛੋਟੀ ਭੈਣ ਨੂੰ ਛਾਤੀ ਨਾਲ ਲਗਾਈ ਰਾਤੀ ਕਿੰਨੀ-ਕਿੰਨੀ ਦੇਰ ਤਕ ਸਿਸਕੀਆਂ ਲੈਂਦੀ ਰਹਿੰਦੀ। ਮੈਨੂੰ ਇੰਜ ਲਗਦਾ ਜਿਵੇਂ ਮੇਰੀ ਮਾਂ ਰੋਣ ਲਈ ਹੀ ਬਣੀ ਹੈ।
ਤੇ ਫਿਰ… ਫਿਰ ਇਕ ਦਿਨ ਮੈਂ ਸਕੂਲੋਂ ਆਈ ਤਾਂ ਮੈਂ ਵੇਖਿਆ ਕਿ ਮਾਂ ਬਹੁਤ ਰੋ ਰਹੀ ਸੀ ਤੇ ਬੈਗ ’ਚ ਅਪਣਾ ਸਮਾਨ ਪਾ ਰਹੀ ਸੀ। ਮਾਂ ਨੂੰ ਇੰਜ ਵੇਖ ਮੈਂ ਵੀ ਰੋਣ ਲੱਗ ਪਈ ਤੇ ਮੈਂ ਮਾਂ ਨੂੰ ਪੁਛਿਆ, ‘‘ਕਿਥੇ ਜਾ ਰਹੇ ਹੋ?’’ ਮਾਂ ਨੇ ਬਿਨਾਂ ਕੁੱਝ ਬੋਲਿਆਂ ਮੈਨੂੰ ਛਾਤੀ ਨਾਲ ਘੁੱਟ ਲਿਆ ਤੇ ਮੇਰਾ ਮੂੰਹ ਚੰੁਮਣ ਲੱਗ ਪਈ। ਏਨੇ ਨੂੰ ਪਾਪਾ ਕਮਰੇ ’ਚ ਆ ਗਏ ਤੇ ਮੈਨੂੰ ਬਾਂਹ ਤੋਂ ਫੜ ਕੇ ਦਾਦੀ ਦੇ ਕਮਰੇ ’ਚ ਲੈ ਗਏ ਤੇ ਮੇਰੀ ਮਾਂ ਨੂੰ ਬਹੁਤ ਹੀ ਖਿੱਝ ਕੇ ਬੋਲੇ, ‘ਜਾਹ, ਹੁਣ ਡਰਾਮੇ ਕਿਉ ਕਰੀ ਜਾਨੀ ਏਂ।’’
ਮੈਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਹੀ ਕਿ ਮਾਂ ਕਿਥੇ ਜਾ ਰਹੀ ਏ। ਮੈਂ ਵੀ ਉੱਚੀ-ਉੱਚੀ ਰੋਣ ਲੱਗ ਪਈ ਤੇ ਦਾਦੀ ਨੂੰ ਪੁੱਛਣ ਲੱਗੀ ਕਿ ਮੰਮੀ ਕਿਥੇ ਚਲੀ ਏ? ਕੋਈ ਵੀ ਮੈਨੂੰ ਜਵਾਬ ਨਹੀਂ ਸੀ ਦੇ ਰਿਹਾ। ਮਾਂ ਅਪਣਾ ਸਮਾਨ ਤੇ ਮੇਰੀ ਛੋਟੀ ਭੈਣ ਨੂੰ ਚੱੁਕ ਕੇ ਖੜੀ ਰੋਂਦੀ ਹੋਈ ਮੈਨੂੰ ਵਾਰ-ਵਾਰ ਆਵਾਜ਼ਾਂ ਮਾਰ ਰਹੀ ਸੀ ਪਰ ਦਾਦੀ ਨੇ ਦਰਵਾਜ਼ਾ ਬੰਦ ਕਰ ਦਿਤਾ। ਮੈਂ ਬਾਹਰ ਜਾਣਾ ਚਾਹਿਆ ਤਾਂ ਦਾਦੀ ਮੈਨੂੰ ਮਾਰਨ ਨੂੰ ਪਈ। ਮਾਂ ਚਲੀ ਗਈ ਸੀ। ਮੈਂ ਬਹੁਤ ਦੇਰ ਤਕ ਰੋਂਦੀ ਰਹੀ ਪਰ ਮੈਨੂੰ ਕਿਸੇ ਨੇ ਚੁੱਪ ਨਾ ਕਰਾਇਆ।
ਮੇਰੀ ਮੰਮੀ ਦੇ ਜਾਣ ਤੋਂ ਬਾਅਦ ਕੁੱਝ ਸਮੇਂ ਬਾਅਦ ਹੀ ਮੇਰੀਆਂ ਭੂਆ ਹੁਰੀਂ ਆ ਗਈਆਂ। ਕੁੱਝ ਨਜ਼ਦੀਕ ਰਹਿੰਦੇ ਰਿਸ਼ਤੇਦਾਰ ਵੀ ਆ ਗਏ ਸਨ। ਦਾਦੀ ਗੁੱਸੇ ਵਿਚ ਬੋਲ ਰਹੀ ਸੀ, ‘‘ਅਸੀ ਨਹੀਂ ਰਖਣਾ ਹੁਣ ਇਸ ਨੂੰ… ਪੱਥਰ ਜੰਮ-ਜੰਮ ਲਾਈਨਾਂ ਲਾਈ ਜਾਂਦੀ ਏ। ਜੇ ਕਿਧਰੇ ਤੀਜਾ ਚਾਂਸ ਵੀ ਲੈ ਲੈਂਦੀ, ਫਿਰ ਵੀ ਇਸ ਨੇ ਪੱਥਰ ਹੀ ਜੰਮਣਾ ਸੀ। ਵੇਖ ਲੈਂਦੇ ਭਾਵੇਂ। ਮਸਾਂ ਕੱਢੀ ਏ।’’ ਵੱਡੀ ਭੂਆ ਕਹਿ ਰਹੀ ਸੀ, ‘‘ਮੰਮੀ, ਫ਼ਿਕਰ ਨਾ ਕਰੋ। ਇਸ ਤੋਂ ਸੋਹਣੀ ਭਾਬੀ ਲੱਭ ਕੇ ਲਿਆਵਾਂਗੇ।’ ਸੱਭ ਗੱਲਾਂ ’ਚ ਮਸਤ ਸਨ। ਮੇਰੇ ਪਾਪਾ ਬਹੁਤ ਖ਼ੁਸ਼ ਸਨ। ਮੈਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਇਹ ਸੱਭ ਕੀ ਹੋ ਰਿਹੈ? ਜੇ ਮੈਂ ਕਿਸੇ ਨੂੰ ਪੁਛਦੀ ਤਾਂ ਅੱਗੋਂ ਕੋਈ ਜਵਾਬ ਨਾ ਮਿਲਦਾ। ਸ਼ਾਮ ਤਕ ਮੇਰੀਆਂ ਭੂਆ ਤੇ ਬਾਕੀ ਸੱਭ, ਆਪੋ ਅਪਣੇ ਘਰ ਚਲੇ ਗਏ ਸਨ। ਘਰ ਵਿਚ ਸੰਨਾਟਾ ਜਿਹਾ ਛਾ ਗਿਆ ਸੀ।
ਸਵੇਰੇ ਮੈਨੂੰ ਮਾਂ ਦੀ ਬਜਾਏ ਦਾਦੀ ਨੇ ਸਕੂਲ ਜਾਣ ਲਈ ਤਿਆਰ ਕੀਤਾ। ਮੈਂ ਦਾਦੀ ਨੂੰ ਮਾਂ ਦੇ ਆਉਣ ਬਾਰੇ ਪੁਛਿਆ ਤਾਂ ਦਾਦੀ ਨੇ ਮੈਨੂੰ ਗੁੱਸੇ ਵਿਚ ਝਿੜਕਾਂ ਮਾਰੀਆਂ। ਮੈਂ ਚੁੱਪ ਕਰ ਗਈ ਤੇ ਅਪਣੀਆਂ ਅੱਖਾਂ ਵਿਚ ਆਏ ਹੰਝੂਆਂ ਨੂੰ ਪੂੰਝਣ ਲਗੀ। ਮੈਨੂੰ ਇੰਜ ਮਹਿਸੂਸ ਹੁੰਦਾ ਕਿ ਹੁਣ ਮੈਨੂੰ ਕੋਈ ਵੀ ਪਿਆਰ ਨਹੀਂ ਕਰਦਾ। ਸਮਾਂ ਅਪਣੀ ਚਾਲ ਟੁਰਦਾ ਜਾ ਰਿਹਾ ਸੀ। ਇਕ ਦਿਨ ਦਾਦਾ ਜੀ ਇਕੱਲੇ ਘਰ ਸਨ ਤਾਂ ਮੈਂ ਦਾਦਾ ਜੀ ਦੇ ਕੋਲ ਗਈ ਤੇ ਪੁਛਿਆ, ‘‘ਦਾਦਾ ਜੀ, ਮੰਮਾ ਕਦੋਂ ਆਉਣਗੇ?’’ ਦਾਦਾ ਜੀ ਮੇਰੇ ਮਾਸੂਮ ਚਿਹਰੇ ਵਲ ਤੱਕਣ ਲਗੇ। ਮੈਂ ਵੇਖਿਆ ਕਿ ਦਾਦਾ ਜੀ ਉਦਾਸ ਸਨ। ਉਨ੍ਹਾਂ ਨੇ ਮੇਰੇ ਹੰਝੂ ਪੂੰਝੇ ਤੇ ਮੈਨੂੰ ਛਾਤੀ ਨਾਲ ਲਾ ਲਿਆ ਤੇ ਬੋਲੇ, ‘‘ਛੇਤੀ ਹੀ ਤੇਰੀ ਮੰਮੀ ਨੂੰ ਲੈ ਆਵਾਂਗੇ।’’
ਸਮਾਂ ਬੀਤਦਾ ਜਾ ਰਿਹਾ ਸੀ। ਮੇਰਾ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਸੀ। ਮੈਂ ਇਕ ਦਿਨ ਪਾਪਾ ਨੂੰ ਮੰਮੀ ਬਾਰੇ ਪੁਛਿਆ ਤਾਂ ਪਾਪਾ ਨੇ ਖਿੱਝ ਕੇ ਮੇਰੇ ਮੂੰਹ ’ਤੇ ਇਕ ਥੱਪੜ ਜੜ ਦਿਤਾ ਤੇ ਬੋਲੇ, ‘‘ਖ਼ਬਰਦਾਰ! ਅੱਜ ਤੋਂ ਬਾਅਦ ਮੰਮੀ-ਮੰਮੀ ਕੀਤਾ ਤਾਂ। ਮਰ ਗਈ ਤੇਰੀ ਮੰਮੀ।’’ ਮੇਰੇ ਰੋਣ ਦੀ ਆਵਾਜ਼ ਸੁਣ ਕੇ ਦਾਦਾ ਜੀ ਝੱਟ ਦੌੜੇ ਆਏ ਤੇ ਮੈਨੂੰ ਚੁੱਕ ਕੇ ਬਾਹਰ ਲੈ ਗਏ।
ਤੇ ਫਿਰ…. ਇਕ ਦਿਨ ਮੈਨੂੰ ਪਤਾ ਲੱਗਾ ਕਿ ਮੇਰੀ ਮੰਮੀ ਹੁਣ ਕਦੇ ਨਹੀਂ ਆਵੇਗੀ ਕਿਉਕਿ ਪਾਪਾ ਨੇ ਮੇਰੀ ਮਾਂ ਨੂੰ ਤਲਾਕ ਦੇ ਦਿਤਾ ਸੀ। ਕਿਸੇ ਦਾ ਕੁੱਝ ਨਹੀਂ ਸੀ ਗਿਆ। ਜੇ ਨੁਕਸਾਨ ਹੋਇਆ ਸੀ ਤਾਂ ਸਿਰਫ਼ ਮੇਰਾ। ਮੇਰੀ ਮਾਂ ਸਦਾ ਲਈ ਮੇਰੇ ਤੋਂ ਖੋਹੀ ਜਾ ਚੁੱਕੀ ਸੀ।
ਵਕਤ ਬੀਤਦਿਆਂ ਦੇਰ ਨਾ ਲੱਗੀ। ਹੁਣ ਮੈਂ ਪਹਿਲਾਂ ਤੋਂ ਵੱਡੀ ਹੋ ਗਈ ਸੀ ਤੇ ਸੱਭ ਕੁੱਝ ਸਮਝਣ ਲੱਗ ਪਈ ਸੀ। ਪਰ ਮੇਰੀਆਂ ਅੱਖਾਂ ਨੂੰ ਹਮੇਸ਼ਾ ਮਾਂ ਦਾ ਇੰਤਜ਼ਾਰ ਰਹਿੰਦਾ। ਮੈਂ ਪਾਪਾ ਅਤੇ ਦਾਦੀ ਤੋਂ ਨਜ਼ਰ ਬਚਾ ਕੇ ਮਾਂ ਦੀ ਤਸਵੀਰ ਨਾਲ ਗੱਲਾਂ ਕਰਦੀ ਰਹਿੰਦੀ।
ਤੇ ਇਕ ਦਿਨ… ਘਰ ਵਿਚ ਸੱਭ ਬਹੁਤ ਖ਼ੁਸ਼ ਸਨ। ਕੁੱਝ ਰਿਸ਼ਤੇਦਾਰ ਵੀ ਆ ਗਏ ਸਨ। ਅੱਜ ਮੇਰੇ ਪਾਪਾ ਦਾ ਦੂਜਾ ਵਿਆਹ ਸੀ। ਸੱਭ ਮੇਰੀ ਨਵੀਂ ਮੰਮੀ ਨੂੰ ਲੈਣ ਚਲੇ ਗਏ ਸਨ। ਘਰ ਵਿਚ ਮੈਂ ਅਤੇ ਸਾਡੀ ਕੰਮ ਵਾਲੀ ਸੀ। ਉਸ ਦਿਨ ਮੈਂ ਅਪਣੇ ਕਮਰੇ ’ਚ ਵੜ ਕੇ ਬਹੁਤ ਰੋਈ। ਆਂਟੀ ਮੈਨੂੰ ਚੁੱਪ ਕਰਾਉਦੀ ਖ਼ੁਦ ਵੀ ਰੋ ਪਈ ਤੇ ਬੋਲੀ, ‘ਪੁੱਤਰ, ਤੈਨੂੰ ਵੇਖ-ਵੇਖ ਕੇ ਤਾਂ ਮੈਨੂੰ ਡਾਹਢਾ ਈ ਦੁੱਖ ਆਉਦੈ। ਕਿੰਨੀ ਚੰਗੀ ਸੀ ਤੇਰੀ ਮਾਂ। ਕੀ ਕਸੂਰ ਸੀ ਉਸ ਦਾ ਜੇ ਉਸ ਨੇ ਧੀਆਂ ਜੰਮੀਆਂ… ਰੱਬ ਡਾਹਢੇ ਨੂੰ ਵੀ ਉਸ ’ਤੇ ਤਰਸ ਨਾ ਆਇਆ। ਉਸ ਨੂੰ ਇਕ ਮੁੰਡਾ ਦੇ ਦੇਂਦਾ ਤਾਂ ਅੱਜ ਤੇਰੀ ਇਹ ਹਾਲਤ ਨਾ ਹੁੰਦੀ। ਮੈਂ ਤਾਂ ਉਦੋਂ ਹੀ ਬੜੀ ਵਾਰ ਤੇਰੀ ਦਾਦੀ ਨੂੰ ਆਖਿਆ ਸੀ ਬਈ ਟੈਸਟ ਕਰਵਾ ਲਉ ਤਾਂ ਕਹਿੰਦੀ ਸੀ ਅਸੀ ਤਾਂ ਧਾਰਮਕ ਬੰਦੇ ਆਂ। ਇਹ ਤਾਂ ਪਾਪ ਏ। ਫਿਰ ਉੁਨ੍ਹਾਂ ਨੂੰ ਪੁੱਛੇ ਬਈ ਨੂੰਹ ਨੂੰ ਘਰੋਂ ਕੱਢਣ ਲਗਿਆਂ ਤੁਹਾਡਾ ਧਰਮ ਕਿਥੇ ਸੀ? ਇਕ ਬੱਚੀ ਤੋਂ ਮਾਂ ਖੋਹਣ ਵੇਲੇ ਤੁਹਾਡਾ ਧਰਮ ਕਿਥੇ ਸੀ? ਟੈਸਟ ਕਰਾਉਣਾ ਮੰਨਿਆ ਬੁਰੀ ਗੱਲ ਏ ਤੇ ਸਰਕਾਰ ਇਸ ’ਤੇ ਰੋਕ ਵੀ ਲਾਈ ਜਾਂਦੀ ਹੈ ਪਰ ਨਾਲ ਹੀ ਦੂਜੇ ਜ਼ੁਲਮ ਜੋ ਕੁੜੀਆਂ ’ਤੇ ਹੋ ਰਹੇ ਹਨ, ਉਨ੍ਹਾਂ ਲਈ ਵੀ ਕਾਨੂੰਨ ਬਣਾਏ ਸਰਕਾਰ ਬਈ ਧੀਆਂ ਜੰਮਣ ਵਾਲੀ ਮਾਂ ਨਾਲ ਕੋਈ ਬੁਰਾ ਸਲੂਕ ਨਹੀਂ ਕਰ ਸਕਦਾ ਤੇ ਆਦਮੀ ਉਸ ਨੂੰ ਛੱਡ ਨਹੀਂ ਸਕਦਾ। ਵੈਸੇ ਵੀ ਮੁੰਡਾ ਜਾਂ ਕੁੜੀ ਹੋਣਾ ਤਾਂ ਆਦਮੀ ’ਤੇ ਨਿਰਭਰ ਕਰਦਾ ਏ, ਔਰਤ ’ਤੇ ਨਹੀਂ। ਮੈਨੂੰ ਅਨਪੜ੍ਹ ਨੂੰ ਪਤਾ ਹੈ ਪਰ ਇਹ ਪੜ੍ਹੇ ਲਿਖੇ ਹੋ ਕੇ….। ਜੇ ਕਿਧਰੇ ਇਨ੍ਹਾਂ ਦੀਆਂ ਅਪਣੀਆਂ ਧੀਆਂ ਨਾਲ ਇੰਜ ਹੁੰਦਾ, ਫਿਰ ਇਨ੍ਹਾਂ ਦੀਆਂ ਆਂਦਰਾਂ ਸੜਦੀਆਂ…।’’ ਤੇ ਆਂਟੀ ਚੁੰਨੀ ਦੇ ਲੜ ਨਾਲ ਹੰਝੂ ਪੂੰਝਦੀ ਮੇਰਾ ਸਿਰ ਪਲੋਸਣ ਲੱਗੀ।
ਸ਼ਾਮ ਨੂੰ ਸਾਰੇ ਮੇਰੀ ਨਵੀਂ ਮੰਮੀ ਨੂੰ ਲੈ ਕੇ ਆ ਗਏ। ਸੱਭ ਬਹੁਤ ਖ਼ੁਸ਼ ਸਨ। ਸਮਾਂ ਬੀਤਦਾ ਗਿਆ। ਮੈਂ ਹੈਰਾਨ ਸੀ ਅਪਣੇ ਪਾਪਾ ਨੂੰ ਦੇਖ-ਦੇਖ ਕੇ… ਮੇਰੇ ਪਾਪਾ, ਜੋ ਕਦੇ ਮੇਰੀ ਮੰਮੀ ਨੂੰ ਸਿੱਧੇ ਮੂੰਹ ਨਹੀਂ ਸੀ ਬੁਲਾਉਦੇ, ਹੁਣ ਸਾਰਾ-ਸਾਰਾ ਦਿਨ ਮੇਰੀ ਨਵੀਂ ਮਾਂ ਮਗਰ ਫਿਰਦੇ ਰਹਿੰਦੇ ਨੇ। ਹੁਣ ਘਰ ਵਿਚ ਦਾਦੀ ਦੀ ਕਦਰ ਹੌਲੀ ਹੌਲੀ ਘੱਟ ਗਈ ਸੀ ਤੇ ਮੇਰੀ ਨਵੀਂ ਮੰਮੀ ਹੀ ਪੂਰੇ ਘਰ ਦੀ ਕਰਤਾ-ਧਰਤਾ ਬਣ ਗਈ ਸੀ। ਜਿਥੇ ਪਹਿਲਾਂ ਮੇਰੀ ਮਾਂ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਦਾਦੀ ਬਾਹਰ ਘੁੰਮਦੀ ਸੀ, ਹੁਣ ਦਾਦੀ ਘਰ ਦਾ ਸਾਰਾ ਕੰਮ ਕਰਦੀ ਤੇ ਪਾਪਾ ਨਵੀਂ ਮੰਮੀ ਨੂੰ ਲੈ ਕੇ ਬਾਹਰ ਘੁੰਮਦੇ ਫਿਰਦੇ ਰਹਿੰਦੇ। ਜੇ ਦਾਦੀ ਕੁੱਝ ਕਹਿੰਦੀ ਤਾਂ ਪਾਪਾ ਦਾਦੀ ਨੂੰ ਖਿੱਝ ਕੇ ਪੈ ਜਾਂਦੇ। ਮੇਰੀ ਨਵੀਂ ਮੰਮੀ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਸੀ ਕਰਦੀ। ਪਾਪਾ ਪਹਿਲਾਂ ਮੈਨੂੰ ਕੁੱਝ ਪਿਆਰ ਕਰਦੇ ਸੀ, ਪਰ ਨਵੀਂ ਮੰਮੀ ਦੇ ਆਉਣ ਤੇ ਉਨ੍ਹਾਂ ਨੇ ਮੇਰੀ ਪ੍ਰਵਾਹ ਕਰਨੀ ਹੀ ਛੱਡ ਦਿਤੀ ਸੀ।
ਇਕ ਦਿਨ ਦੁਪਹਿਰ ਵੇਲੇ ਮੈਂ ਸੁੱਤੀ ਪਈ ਸੀ ਕਿ ਅਚਾਨਕ ਮੈਨੂੰ ਝਗੜੇ ਦੀ ਆਵਾਜ਼ ਸੁਣਾਈ ਦਿਤੀ। ਮੈਂ ਤ੍ਰਭਕ ਕੇ ਉਠੀ ਤਾਂ ਵੇਖਿਆ ਕਿ ਦਾਦੀ ਅਤੇ ਨਵੀਂ ਮੰਮੀ ਦੀ ਲੜਾਈ ਹੋ ਰਹੀ ਹੈ। ਦਾਦਾ ਜੀ ਚੁੱਪਚਾਪ ਬੈਠੇ ਸੀ। ਐਨੇ ਨੂੰ ਨਵੀਂ ਮੰਮੀ ਦੇ ਫ਼ੋਨ ਕਰਨ ’ਤੇ ਪਾਪਾ ਵੀ ਆ ਗਏ। ਪਾਪਾ ਆਉਦਿਆਂ ਹੀ ਗੁੱਸੇ ਵਿਚ ਦਾਦੀ ’ਤੇ ਵਰ੍ਹ ਪਏ। ਦਾਦੀ ਅੰਦਰ ਵੜ ਕੇ ਉੱਚੀ ਉੱਚੀ ਰੋਣ ਲੱਗੀ। ਅੱਜ ਪਹਿਲੀ ਵਾਰ ਮੈਨੂੰ ਦਾਦੀ ਅਪਣੀ ਮਾਂ ਵਾਂਗੂੰ ਰੋਂਦੀ ਨਜ਼ਰ ਆਈ ਸੀ। ਪਰ ਮੇਰੇ ਪਾਪਾ ਨਵੀਂ ਮੰਮੀ ਨੂੰ ਨਾਲ ਲੈ ਕੇ ਕਾਰ ’ਚ ਕਿਧਰੇ ਚਲੇ ਗਏ ਸੀ। ਵਕਤ ਗੁਜ਼ਰ ਰਿਹਾ ਸੀ। ਹੁਣ ਮੈਂ ਵੇਖਦੀ ਕਿ ਦਾਦੀ ਉਦਾਸ-ਉਦਾਸ ਰਹਿੰਦੀ, ਬਿਲਕੁਲ ਉਵੇਂ ਹੀ ਜਿਵੇਂ ਮੇਰੀ ਮਾਂ ਉਦਾਸ ਰਿਹਾ ਕਰਦੀ ਸੀ।
ਕੁੱਝ ਦਿਨਾਂ ਤੋਂ ਸਾਰੇ ਖ਼ੁਸ਼ ਨਜ਼ਰ ਆ ਰਹੇ ਸੀ। ਮੈਨੂੰ ਪਤਾ ਲੱਗਾ ਕਿ ਸਾਡੇ ਘਰ ਮੇਰੇ ਭਰਾ ਆਉਣ ਵਾਲੇ ਹਨ। ਟੈਸਟ ਤੋਂ ਡਾਕਟਰ ਨੇ ਦਸਿਆ ਕਿ ਜੌੜੇ ਮੁੰਡੇ ਹੋਣਗੇ ਤੇ ਪਾਪਾ, ਦੋ ਪੁੱਤਰਾਂ ਦੇ ਆਉਣ ਦੀ ਖ਼ੁਸ਼ੀ ਵਿਚ ਬਹੁਤ ਹੀ ਖ਼ੁਸ਼ ਰਹਿੰਦੇ। ਦਾਦੀ ਸਾਰਾ ਦਿਨ ਛੋਟੇ-ਛੋਟੇ ਕਪੜਿਆਂ ਦੀ ਸਿਲਾਈ ਕਰਦੀ ਰਹਿੰਦੀ। ਹੁਣ ਸਾਰੇ ਮੈਨੂੰ ਵੀ ਪਿਆਰ ਨਾਲ ਬੁਲਾਉਣ ਲੱਗ ਪਏ ਸੀ। ਮੈਂ ਵੀ ਬਹੁਤ ਖ਼ੁਸ਼ ਸੀ ਤੇ ਉਹ ਦਿਨ ਵੀ ਨੇੜੇ ਆ ਗਿਆ ਜਿਸ ਦਾ ਸੱਭ ਨੂੰ ਚਿਰਾਂ ਤੋਂ ਇੰਤਜ਼ਾਰ ਸੀ। ਪਾਪਾ ਨਵੀਂ ਮੰਮੀ ਨੂੰ ਲੈ ਕੇ ਹਸਪਤਾਲ ਚਲੇ ਗਏ। ਦਾਦੀ ਤੇ ਦਾਦਾ ਜੀ ਵੀ ਚਲੇ ਗਏ। ਮੈਂ ਸੱਭ ਦਾ ਇੰਤਜ਼ਾਰ ਕਰ ਰਹੀ ਸੀ।
ਬਾਹਰ ਕਾਰ ਰੁਕੀ ਤਾਂ ਮੈਂ ਦੌੜ ਕੇ ਗੇਟ ’ਤੇ ਗਈ। ਸਵੇਰ ਦੇ ਗਏ ਸੱਭ ਹੁਣ ਸ਼ਾਮ ਵੇਲੇ ਮੁੜੇ ਸੀ। ਮੈਂ ਵੇਖਿਆ ਕਿ ਪਾਪਾ ਰੋ ਰਹੇ ਸਨ। ਮੈਂ ਹੈਰਾਨ ਵੀ ਹੋਈ ਤੇ ਦੁਖੀ ਵੀ। ਪਤਾ ਲੱਗਾ ਕਿ ਨਵੀਂ ਮੰਮੀ, ਮੇਰੀਆਂ ਦੋ ਭੈਣਾਂ ਨੂੰ ਜਨਮ ਦੇ ਕੇ ਮਰ ਗਈ ਸੀ। ਦਾਦੀ ਵਾਰ ਵਾਰ ਕਹਿ ਰਹੀ ਸੀ ‘‘ਡਾਕਟਰ ਨੇ ਤਾਂ ਟੈਸਟ ’ਚ ਮੁੰਡੇ ਕਹੇ ਸੀ… ਇਹ ਕੁੜੀਆਂ ਕਿਵੇਂ ਆ ਗਈਆਂ?’’ ਪਾਪਾ ਅੰਦਰ ਕਮਰੇ ’ਚ ਵੜ ਗਏ ਸੀ ਤੇ ਨਿੱਕੀਆਂ-ਨਿੱਕੀਆਂ ਮੇਰੀਆਂ ਭੈਣਾਂ ਰੋ ਰਹੀਆਂ ਸਨ। ਦਾਦੀ, ਛੋਟੇ ਜਹੇ ਚੱਮਚ ਨਾਲ ਉਨ੍ਹਾਂ ਦੇ ਮੂੰਹ ’ਚ ਦੁੱਧ ਪਾਉਣ ਦੀ ਕੋਸ਼ਿਸ਼ ਕਰਦੀ ਹੋਈ ਹੌਕੇ ਭਰੀ ਜਾ ਰਹੀ ਸੀ। ਸੋਗ ਕਰਨ ਲਈ ਛੇਤੀ ਹੀ ਸਾਡਾ ਘਰ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨਾਲ ਭਰ ਗਿਆ ਸੀ। ਮੈਂ ਸੱਭ ਨੂੰ ਤੱਕੀ ਜਾ ਰਹੀ ਸੀ ਤੇ ਗੁਰਬਾਣੀ ’ਚੋਂ ਜਪੁ ਜੀ ਸਾਹਿਬ ਦੀ ਤੁਕ ‘ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ…’ ਵਾਰ ਵਾਰ ਮੇਰੇ ਕੰਨਾਂ ’ਚ ਗੂੰਜੀ ਜਾ ਰਹੀ ਸੀ।
ਮੋਬਾਈਲ : 95925-00172

Leave a Reply

Your email address will not be published. Required fields are marked *