ਸਮਾਜਿਕ ਮੁੱਦੇ ਛੂੰਹਦੀ ਫ਼ਿਲਮ ੳ ਅ

0
122

ਚੰਗੀ ਗੱਲ ਹੈ ਕਿ ਨਵੇਂ ਸਾਲ ਦਾ ਆਗਾਜ਼ ਨਵੇਂ ਅਰਥ-ਭਰਪੂਰ ਸਿਨਮੇ ਨਾਲ ਹੋਣ ਜਾ ਰਿਹਾ ਹੈ। ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਦੀ ਗੱਲ ਕਰਦੀ ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫ਼ਿਲਮਜ਼ ਅਤੇ ਨਰੇਸ਼ ਕਥੂਰੀਆ ਫ਼ਿਲਮਜ਼ ਦੇ ਬੈਨਰ ਦੀ ਨਵੀਂ ਫ਼ਿਲਮ ‘ੳ ਅ’ ਪੰਜਾਬ ਦੇ ਡਿਜੀਟਿਲ ਹੋ ਰਹੇ ਵਿੱਦਿਅਕ ਅਦਾਰਿਆਂ ਦੀ ਕਾਰਜ ਪ੍ਰਣਾਲੀ ਤੇ ਮਹਿੰਗੇ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾਉਣ ਦੀ ਦੌੜ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕਰੇਗੀ। ਹਰੇਕ ਮਾਂ ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹਨ ਪ੍ਰੰਤੂ ਮਹਿੰਗੇ ਸਕੂਲਾਂ ਦੇ ਖ਼ਰਚੇ ਝੱਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਫ਼ਿਲਮ ਜਿੱਥੇ ਮਾਪਿਆਂ ਦੀਆਂ ਮਜਬੂਰੀਆਂ, ਮਾਨਸਿਕਤਾ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਵਿਚਲੀ ਹੀਣ ਭਾਵਨਾਂ ਦੀ ਕਹਾਣੀ ਪੇਸ਼ ਕਰਦੀ ਹੈ, ਉੱਥੇ ਮਾਂ-ਬੋਲੀ ਤੋਂ ਦੂਰ ਹੋ ਕੇ ਅੰਗਰੇਜ਼ੀ ਬੋਲੀ ਨੂੰ ਦਿੱਤੀ ਜਾ ਰਹੀ ਪਹਿਲ ਦੀ ਤਰਾਸਦੀ ਵੀ ਬਿਆਨ ਕਰਦੀ ਹੈ। ਨਰੇਸ਼ ਕਥੂਰੀਆ ਵਲੋਂ ਲਿਖੀ ਕਹਾਣੀ ਅਤੇ ਸਕਰੀਨ ਪਲੇਅ ਆਧਾਰਤ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਦਾ ਇਹ ਲੇਖਕ ਅਤੇ ਨਿਰਦੇਸ਼ਕ ਬਤੌਰ ਨਿਰਮਾਤਾ ਵੀ ਇਸ ਫ਼ਿਲਮ ਨਾਲ ਜੁੜਿਆ ਹੋਇਆ ਹੈ। ਫ਼ਿਲਮ ਦੇ ਡਾਇਲਾਗ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਵਿਚ ਤਰਸੇਮ ਜੱਸੜ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ ਤੇ ਮਾਸਟਰ ਤੇਜ਼ਅਰਸ਼ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਕ ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਨੇ ਮਿਲ ਕੇ ਕੀਤਾ ਹੈ। ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਸਾਰਥਕ ਕਾਮੇਡੀ ਭਰਪੂਰ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਦੀ ਵੀ ਗੱਲ ਕਰੇਗੀ।