ਆਗਰਾ : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਇਕ ਸਬਜ਼ੀ ਵੇਚਣ ਵਾਲੇ ਨੂੰ ਕਰੋਨਾ ਵਾਇਰਸ ਦਾ ਪਾਜ਼ੀਟਿਵ ਪਾਏ ਜਾਣ ਤੋਂ ਤਰਥੱਲੀ ਮੱਚ ਗਈ। ਨੇੜਲੇ ਇਲਾਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਖਬਰ ਪ੍ਰਾਪਤ ਹੋਣ ਤੱਕ ਲਗਪਗ ਦੋ ਹਜ਼ਾਰ ਲੋਕਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਬੀਤੇ ਦਿਨੀਂ ਕੇਜੀਐਮਯੂ ਤੋਂ ਆਈ 24 ਪ੍ਰਭਾਵਿਤ ਲੋਕਾਂ ਦੀ ਰਿਪੋਰਟ ਵਿਚ ਇਹ ਸਬਜ਼ੀ ਵਾਲਾ ਵੀ ਸ਼ਾਮਲ ਸੀ। ਇਸ ਤੋਂ ਬਾਅਦ ਇਹ ਇਲਾਕਾ ਹਾਟਸਪਾਟ ਐਲਾਨ ਦਿਤਾ ਅਤੇ ਸੀਲ ਕਰ ਦਿਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਸਬਜ਼ੀ ਵੇਚਣ ਦੇ ਸੰਪਰਕ ਆਏ ਲੋਕਾਂ ਦਾ ਪਤਾ ਲਗਾ ਰਹੀ ਹੈ। ਹਰੀਪਰਵਤ ਥਾਣਾ ਦੇ ਮੁਖੀ ਨੇ ਦਸਿਆ ਕਿ ਫ਼੍ਰੀਗੰਜ ਰੋਡ ਖੇਤਰ ਵਿਚ ਪੁਲਿਸ ਨੇ ਚੌਕਸੀ ਵਾਧਾ ਦਿਤੀ ਹੈ।
ਪ੍ਰਭਾਵਿਤ ਸਬਜ਼ੀ ਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਸ ਨੇ ਲੌਕਡਾਊਨ ਦੌਰਾਨ ਹੀ ਸਬਜ਼ੀ ਵੇਚਣਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ ਆਟੋ ਚਲਾਉਣ ਦਾ ਕੰਮ ਕਰਦਾ ਸੀ। ਆਮਦਨੀ ਦਾ ਵਸੀਲਾ ਬੰਦ ਹੋਣ ਕਾਰਨ ਉਸ ਨੇ ਸਬਜ਼ੀਆਂ ਵੇਚਣ ਦਾ ਫ਼ੈਸਲਾ ਕੀਤਾ ਸੀ। ਪਰਿਵਾਰਕ ਮੈਂਬਰਾਂ ਨੇ ਹੋਰ ਦਸਿਆ ਕਿ ਸਬਜ਼ੀਆਂ ਸਿਕੰਦਰਾ ਮੰਡੀ ਤੋਂ ਲਿਆਂਦਾ ਸੀ। ਪੰਜ ਦਿਨ ਪਹਿਲਾਂ ਉਸ ਦੀ ਸਿਹਤ ਖਰਾਬ ਹੋਈ ਸੀ। ਇਸ ਤੋਂ ਬਾਅਦ ਟੈਸਟ ਕਰਵਾਉਣ ਲਈ ਉਹ ਖ਼ੁਦ ਹੀ ਜ਼ਿਲ੍ਹੇ ਦੇ ਹਸਪਤਾਲ ਵਿਚ ਗਿਆ ਸੀ। ਜਿਥੇ ਉਸ ਨੂੰ ਭਰਤੀ ਕਰ ਲਿਆ ਸੀ।
ਸਨਿੱਚਰਵਾਰ ਨੂੰ ਆਗਰਾ ਵਿਚ ਇਸ ਲਾਗ ਦੀ ਬੀਮਾਰੀ ਦੇ 24 ਨਵੇਂ ਮਾਮਲੇ ਆਉਣ ਨਾਲ ਜਿਥੇ ਵਿਚ ਕੁੱਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 196 ਹੋ ਗਈ ਹੈ। ਆਗਰਾ ਵਿੱਚ ਕੁੱਲ ਪੰਜ ਲੋਕਾਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ਜਦਕਿ 13 ਲੋਕਾਂ ਦੇ ਠੀਕ ਹੋਣ ਸਬੰਧੀ ਪੁਸ਼ਟੀ ਹੋਈ ਹੈ ਅਤੇ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਜ਼ਿਲ੍ਹੇ ਵਿਚ ਪ੍ਰਭਾਵਿਤ ਲੋਕਾਂ ਵਿਚ 73 ਦਾ ਸਬੰਧ ਨਿਜਾਮੂਦੀਨ ਵਿਚ ਤਬਲੀਗੀ ਜਮਾਤ ਨਾਲ ਦਸਿਆ ਜਾ ਰਿਹਾ ਹੈ।