ਲੁਧਿਆਣਾ: ਬਰਸਾਤਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਵਾਲਿਆਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ ਕਿਉਂਕਿ ਉਹਨਾਂ ਨੂੰ ਪਿਛਲੇ ਸਾਲ ਆਏ ਹੜ੍ਹ ਦੀਆਂ ਯਾਦਾਂ ਤਾਜ਼ੀਆਂ ਹੋਣ ਲੱਗ ਪਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਹੜ੍ਹ ਦੇ ਨਾਲ ਜੋ ਤਬਾਹੀ ਹੋਈ ਸੀ ਉਸ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ। ਉਸ ਨੂੰ ਯਾਦ ਕਰ ਕੇ ਅੱਜ ਵੀ ਉਹ ਸਹਿਮ ਜਾਂਦੇ ਹਨ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬਾਰ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਸਮੇਂ ਸਿਰ ਤਿਆਰੀਆਂ ਕਰ ਲਈਆਂ ਗਈਆਂ ਹਨ। ਜਿਸ ਨਾਲ ਉਹਨਾਂ ਨੂੰ ਕੁਝ ਰਾਹਤ ਮਹਿਸੂਸ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਲਗਾਤਾਰ ਕੰਮ ਕਰਵਾ ਰਿਹਾ ਹੈ ਸਾਰੇ ਬੰਨ ਪੱਕੇ ਕੀਤੇ ਜਾ ਰਹੇ ਹਨ।
ਦੂਸਰੇ ਪਾਸੇ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਹੜ੍ਹਾਂ ਦੀ ਰੋਕਥਾਮ ਲਈ ਹਰ ਪ੍ਰਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਨਰੇਗਾ ਦੇ ਤਹਿਤ ਮਜਦੂਰਾਂ ਤੋਂ ਸਾਰੇ ਕੰਮ ਕਰਵਾਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਇਕ ਮੀਟਿੰਗ ਕਰ ਕੇ ਪੁਲਿਸ, ਫੌਜ, ਐਨ ਡੀ ਆਰ ਐਫ, ਐਸ ਡੀ ਆਰ ਐਫ ਆਦਿ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਆਦੇਸ਼ ਦੇ ਦਿੱਤੇ ਗਏ ਹਨ।