ਨਵੀਂ ਦਿੱਲੀ—ਆਮ ਕਰਕੇ ਅਮਰੀਕਾ, ਕੈਨੇਡਾ ‘ਚ ਸ਼ਨੀਵਾਰ ਤੇ ਐਤਵਾਰ ਨੂੰ ਲੋਕ ਵੀਕੈਂਡ ਦੇ ਤੌਰ ‘ਤੇ ਮਨਾਉਂਦੇ ਹਨ। ਇਨ੍ਹਾਂ ਦਿਨਾਂ ‘ਚ ਲੋਕ ਪਾਰਟੀਆਂ ਆਦਿ ‘ਚ ਮਸ਼ਰੂਫ ਰਹਿੰਦੇ ਹਨ। ਪਰੰਤੂ ਬੀਤੇ ਦਿਨੀਂ ਆਏ ਟਰੰਪ ਪ੍ਰਸ਼ਾਸਨ ਦੇ ਇਕ ਫੈਸਲੇ ਨੇ ਕਈ ਲੋਕਾਂ ਵਿਸ਼ੇਸ਼ ਕਰਕੇ ਭਾਰਤੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਸਣੇ ਕਈ ਲੋਕਾਂ ਲਈ ਇਹ ਦਿਨ ‘ਕਾਲਾ’ ਸੋਮਵਾਰ ਵੀ ਸਾਬਿਤ ਹੋ ਸਕਦਾ ਹੈ।
ਅਮਰੀਕਾ ਅੱਜ ਤੋਂ ਇਕ ਨਵੇਂ ਨਿਯਮ ਤਹਿਤ ਅਜਿਹੇ ਲੋਕਾਂ ਨੂੰ ਆਪਣੇ ਦੇਸ਼ ‘ਚੋਂ ਕੱਢਣ ਦਾ ਕੰਮ ਸ਼ੁਰੂ ਕਰ ਦੇਵੇਗਾ, ਜਿਨ੍ਹਾਂ ਦੀ ਅਮਰੀਕਾ ‘ਚ ਰਹਿਣ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਅਜਿਹੇ ਲੋਕਾਂ, ਜਿਨ੍ਹਾਂ ਦੀ ਵੀਜ਼ਾ ਵਧਾਉਣ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ ਜਾਂ ਸਥਿਤੀ ‘ਚ ਬਦਲਾਅ ਦੇ ਕਾਰਨ ਵੀਜ਼ਾ ਮਿਆਦ ਖਤਮ ਹੋ ਗਈ ਹੈ, ਨੂੰ ਅਮਰੀਕਾ ਛੱਡਣਾ ਪਵੇਗਾ। ਹਾਲਾਂਕਿ ਅਮਰੀਕੀ ਫੈਡਰਲ ਏਜੰਸੀ ਨੇ ਕਿਹਾ ਰੋਜ਼ਗਾਰ ਦੇ ਲਿਹਾਜ਼ ਨਾਲ ਅਮਰੀਕਾ ‘ਚ ਰੁਕਣ ਲਈ ਵੀਜ਼ਾ ਮਿਆਦ ਵਧਾਉਣ ਦੀ ਬੇਨਤੀ ਦੇ ਨਾਲ-ਨਾਲ ਮਨੁੱਖਤਾਵਾਦੀ ਅਰਜ਼ੀਆਂ ਅਤੇ ਪਟੀਸ਼ਨਾਂ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵਿਭਾਗ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਹ 1 ਅਕਤੂਬਰ ਤੋਂ ਨਵਾਂ ਕਾਨੂੰਨ ਲਾਗੂ ਕਰਨ ਲਈ ਅੱਗੇ ਦੇ ਕਦਮ ਚੁੱਕਣਗੇ। ਹਾਲ ਦੇ ਮਹੀਨਿਆਂ ‘ਚ ਐੱਚ.1 ਬੀ, ਵੀਜ਼ਾ ਧਾਰਕਾਂ ਦੀ ਵੀਜ਼ਾਂ ਮਿਆਦ ਵਧਾਉਣ ਦੀਆਂ ਅਰਜ਼ੀਆਂ ਖਾਰਿਜ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ‘ਚ ਵੱਡੀ ਗਿਣਤੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਹੈ। ਅਜਿਹੇ ‘ਚ ਨਵੇਂ ਕਾਨੂੰਨ ਨਾਲ ਅਮਰੀਕਾ ‘ਚ ਰਹਿ ਰਹੇ ਭਾਰਤੀਆਂ ‘ਤੇ ਵੱਡਾ ਅਸਰ ਪੈ ਸਕਦਾ ਹੈ।