ਵਿਹੜੇ ਚ ਕਾਰ ਤੇ ਵਿਚ ਸ਼ਰਾਬ, ਖੂੰਜੇ ਚ ਲੁਕੀ ਬੈਠੀ ਵਿਚਾਰੀ ਕਿਤਾਬ

ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ । ਮੇਰਾ ਇਹ ਲਿਖਣ ਤੋਂ ਭਾਵ ਇਹ ਨਹੀਂ ਕਿ ਮੈ ਕਿਤਾਬਾਂ ਲਿਖੀਆਂ ਤੇ ਤਾਂ ਲਿਖ ਰਿਹਾਂ । ਮੈ ਲਿਖ ਰਿਹਾਂ ਕਿ ਅਸੀਂ ਪੰਜਾਬੀ ਸਾਹਿਤ ਦਾ ਕੀ ਮੁੱਲ ਪਾਉਂਦੇ ਹਾਂ ? ਕੀ ਸਾਡੇ ਕੋਲ ਪੈਸੇ ਹੈ ਨਹੀਂ ਜਾਂ ਅਸੀਂ ਪੰਜਾਬੀ ਸਾਹਿਤ ਨੂੰ ਫਾਲਤੂ ਚੀਜ਼ ਸਮਝਦੇ ਹਾਂ ? ਹਰ ਬੋਲੀ ਵਿੱਚ ਕਿਤਾਬਾਂ ਛਪਦੀਆਂ । ਚੰਗੀਆਂ ਮਾੜੀਆਂ । ਅੰਗਰੇਜ਼ੀ ਦੀ ਕਿਤਾਬ ਆਮ ਤੌਰ ਤੇ 15-20 ਡਾਲਰ ਦੀ ਵਿਕਦੀ ਹੈ ਤੇ ਲੱਖਾਂ ਦੀ ਤਦਾਦ ਚ ਲੋਕ ਖਰੀਦਦੇ ਹਨ । ਇਹ ਨਹੀਂ ਕਿ ਅੰਗਰੇਜ਼ੀ ਵਿੱਚ ਸਸਤੀਆਂ ਕਿਤਾਬਾਂ ਨਹੀਂ ਛਪਦੀਆਂ ਪਰ ਉਹ ਵੀ ਲੋਕ ਮੁੱਲ ਲੈ ਕੇ ਖਰੀਦਣਗੇ ਭਾਵੇਂ ਇਕ ਦੋ ਡਾਲਰ ਦੇ ਕੇ ਖਰੀਦਣ । ਹੁਣ ਕਿਤਾਬਾਂ ਦੇ PDF ਵੀ ਮਿਲਦੇ ਹਨ ਪਰ ਕੋਈ ਵੀ ਕਿਸੇ ਕੋਲੋਂ ਮੰਗਦਾ ਨਹੀਂ ਤੇ ਨਾ ਹੀ ਕੋਈ ਕਿਤਾਬ ਮੰਗ ਕੇ ਪੜਦਾ, ਉਹ ਸਾਰੇ ਪੈਸੇ ਦੇ ਕੇ Download ਕਰਦੇ ਹਨ ।

ਲੋਕਾਂ ਨੂੰ ਪੜ੍ਹਨ ਦਾ ਸ਼ੌਕ ਹੈ ਤੇ ਜਾਂ ਉਹ ਖਰੀਦ ਕੇ ਪੜ੍ਹਨਗੇ ਜਾਂ ਫੇਰ ਉਨਾਂ ਦੇ ਹਰ ਸ਼ਹਿਰ ਦੇ ਕੋਨੇ ਕੋਨੇ ਵਿੱਚ ਹਰ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ ਹੋਈਆਂ ਹਨ । ਉਹ ਤੁਹਾਨੂੰ ਦੁਨੀਆਂ ਭਰ ਵਿੱਚੋਂ ਕੋਈ ਵੀ ਕਿਤਾਬ ਮੰਗਾ ਕੇ ਦੇ ਦਿੰਦੇ ਹਨ ਬੇਸ਼ਰਤ ਕਿ ਉਹ ਕਿਤਾਬ ਮਿਲਦੀ ਹੋਵੇ । ਮੈ ਖ਼ੁਦ ਇਕ ਨਿੱਕੇ ਜਹੇ ਸ਼ਹਿਰ ਵਿੱਚ ਰਹਿੰਦਾ ਸੀ ਤੇ ਮੈ ਉਨਾਂ ਨੂੰ ਕਿਹਾ ਕਿ ਇੱਥੇ ਪੰਜਾਬੀ ਵਿੱਚ ਕਿਤਾਬਾਂ ਨਹੀਂ ਹਨ । ਉਨਾਂ ਨੇ ਮੇਰੇ ਕੋਲੋਂ ਲਿਸਟ ਮੰਗੀ ਤੇ ਬੱਜਟ ਦਿੱਤਾ ਕਿ ਇੰਨੇ ਪੈਸਿਆਂ ਵਿੱਚ ਦੱਸ ਕਿੱਥੋਂ ਮੰਗਾਈਏ । ਮੈ ਅੰਮ੍ਰਿਤਸਰ ਦਾ ਐਡਰੈਸ ਦਿੱਤਾ ਤੇ ਅੰਮ੍ਰਿਤਸਰ ਵਾਲ਼ਿਆਂ ਨੇ ਉਨਾ ਨੂੰ ਰੱਜ ਕੇ ਲੁਟਿਆ । ਅੱਧੀਆਂ ਕਿਤਾਬਾਂ ਹੋਰ ਭੇਜਤੀਆਂ ਤੇ ਅੱਧੇ ਪੈਸੇ ਖਾ ਲਏ । ਲਾਇਬ੍ਰੇਰੀ ਵਾਲੇ ਬਹੁਤ ਨਿਰਾਸ਼ ਹੋਏ ਕਿ ਤੁਹਾਡੇ ਲੋਕ ਕਿਹੋ ਜਹੇ ਹਨ ? ਮੈ ਫੇਰ ਉਨਾਂ ਨੂੰ ਕੋਲੋਂ ਕਿਤਾਬਾਂ ਖਰੀਦ ਕੇ ਦੇ ਕੇ ਆਇਆ ।

ਆਪਣੀ ਕੁੜੀ ਰੂਪੀ ਕੌਰ ਕੈਨੇਡਾ ਚ ਰਹਿਣ ਵਾਲੀ ਅੰਗਰੇਜ਼ੀ ਵਿੱਚ ਲਿਖਦੀ ਹੈ ਤੇ ਉਹਦੀ ਕਿਤਾਬ Milk and Honey ਲੱਖਾਂ ਦੀ ਤਦਾਦ ਵਿੱਚ ਕਿਤਾਬ ਵਿਕੀ ਹੈ ਤੇ ਮੈ ਸੋਚਦਾਂ ਕਿ ਜੇ ਇਹ ਕੁੜੀ ਪੰਜਾਬੀ ਵਿੱਚ ਲਿਖਦੀ ਤਾਂ ਮੈਨੂੰ ਨੀ ਲੱਗਦਾ ਕਿ ਪੰਜ ਸੌ ਕਾਪੀ ਵੀ ਵਿਕ ਜਾਂਦੀ । ਅੱਧਿਆਂ ਨੇ ਗਾਲਾਂ ਧਰ ਲੈਣੀਆਂ ਸੀ । ਫੇਰ ਅਸੀਂ ਪੰਜਾਬੀ ਬੋਲੀ ਨੂੰ ਕਿਵੇਂ ਪਰਮੋਟ ਕਰ ਸਕਾਂਗੇ ?ਸਾਡੇ ਕੋਲ ਮਹਿੰਗੀਆਂ ਕਾਰਾਂ ਲਈ ਪੈਸੇ ਹਨ । ਕੋਠੀਆਂ ਲਈ ਪੈਸੇ ਹਨ । ਸ਼ਰਾਬ ਪੀਣ ਲਈ ਪੈਸੇ ਹਨ
ਬੰਦਾ ਖੜਾ ਹੀ ਪੰਜ ਸੱਤ ਸੌ ਦਾ ਖਾਣਾ ਖਾ ਜਾਂਦਾ । ਗਾਉਣ ਵਾਲੇ ਸੁਣਨੇ ਹੋਣ ਵਿਆਹਾਂ ਤੇ ਸੂਟ ਸਮਾਉਣੇ ਹੋਣ ਫ਼ਿਲਮ ਦੇਖਣੀ ਹੋਵੇ ਪੈਸੇ ਦੀ ਪ੍ਰਵਾਹ ਨਹੀਂ ਪਰ ਜਦੋਂ ਕਿਤਾਬ ਖਰੀਦਣੀ ਹੋਵੇ ਫੇਰ ਇਕ ਦੂਜੇ ਤੋਂ ਮੰਗ ਕੇ ਮੈ ਆਪ ਦੇ ਤਜਰਬੇ ਤੋਂ ਦੱਸਦਾਂ । ਮੇਰਾ ਕਿਤਾਬ ਲਿਖਣ ਦਾ ਕੋਈ ਇਰਾਦਾ ਨਹੀਂ ਸੀ ਤੇ ਨਾ ਹੀ ਮੈ ਲੇਖਕ ਹਾਂ ਪਰ ਲਫ਼ਜ਼ਾਂ ਦੀ ਲੋਅ ਨੂੰ ਬਹੁਤ ਸਲਾਹਿਆ ਗਿਆ ਮੇਰੇ ਕੋਲੋਂ ਜਿਸ ਜਿਸ ਨੇ ਮੰਗੀ ਮੈ ਬਹੁਤਿਆਂ ਨੂੰ ਕੋਲੋਂ ਖ਼ਰਚਾ ਲਾ ਕੇ ਭੇਜੀ । ਪਹਿਲਾਂ ਛਪਾਈ ਦਾ ਖ਼ਰਚਾ ਤੇ ਫੇਰ ਕੈਨੇਡਾ ਮੰਗਾਉਣ ਦਾ ਇਕ ਕਿਤਾਬ ਦਾ ਤਕਰੀਬਨ ਤਿੰਨ ਡਾਲਰ ਖ਼ਰਚਾ । ਅੱਗੇ ਭੇਜਣ ਦਾ 5-10 ਡਾਲਰ ਦਾ ਖ਼ਰਚਾ । ਇਕ ਕੁੜੀ ਨੇ ਅਸਟਰੇਲੀਆ ਮੰਗਾਈ ਤੇ ਮੈਨੂੰ 35$ ਲੱਗੇ ਭੇਜਣ ਦੇ ਤੇ ਉਹਨੇ ਇਕ ਵਾਰ ਵੀ ਧੰਨਵਾਦ ਨਹੀਂ ਕਿਹਾ । ਮੇਰੇ ਆਪਣੇ ਯਾਰ ਦੋਸਤ ਰਿਸ਼ਤੇਦਾਰ ਕਿਤਾਬ ਮੁਫ਼ਤ ਲੈ ਕੇ ਗਏ ਤੇ ਸਿਰਫ ਇਕ ਨੇ ਆਪਦਾ ਵਿਚਾਰ ਦਿੱਤਾ ਨਹੀਂ ਕਹਿ ਦਿੰਦੇ ਹਨ ਕਿ ਕੋਈ ਮੰਗ ਕੇ ਲੈ ਗਿਆ ਮੈ ਪੜੀ ਨਹੀਂ ਹਾਲੇ ।

ਕੈਲਗਰੀ ਤੋਂ ਫ਼ੋਨ ਆਇਆ ਕਿ ਕਿਤਾਬ ਕਿੱਥੋਂ ਮਿਲੂ ?
ਮੈ ਕਿਹਾ ਮੈ ਭੇਜ ਦਿਨਾਂ । ਮੈਨੂੰ ਕਹਿੰਦੀ PDF ਹੈ ?
ਮੈ ਕਿਹਾ ਹੈਗੀ ਪਰ ਮੇਰਾ ਤਿੰਨ ਚਾਰ ਲੱਖ ਰੁਪਈਆ ਖਰਚ ਹੋ ਚੁੱਕਾ ਉਹ ਦੇ ਦੇ ਮੈ PDF ਭੇਜ ਦਿਨਾਂ ਜਾਂ ਫੇਰ 15$ ਭੇਜ ਦੇ । ਮੁੜ ਕੇ ਅੱਜ ਫ਼ੋਨ ਆਉਂਦਾ । ਮੈਨੂੰ ਜਸਵੰਤ ਸਿੰਘ ਕੰਵਲ ਦੀ ਇਕ ਗੱਲ ਯਾਦ ਆਉੰਦੀ ਹੈ ਕਿ ਉਹ ਗੱਡੀ ਵਿੱਚ ਸਫਰ ਕਰ ਰਿਹਾ ਸੀ ਤੇ ਸਾਹਮਣੇ ਬੈਠੇ ਗੋਰੇ ਨੇ ਚਾਹ ਦਾ ਕੱਪ ਮੰਗਾਇਆ ਤੇ ਮੈ ਉਹਦੀ ਰੀਸ ਕਰਨੀ ਹੱਤਕ ਸਮਝੀ ਤੇ ਮੈ ਕਾਫ਼ੀ ਮੰਗਾਈ ! ਕੰਵਲ ਸਾਹਿਬ ਲਿਖਦੇ ਨੇ ਅਗਲੇ ਸਟੇਸ਼ਨ ਤੇ ਗੋਰਾ ਉਤਰ ਗਿਆ ਤੇ ਮੇਰੇ ਸਾਹਮਣੇ ਉਹ 100 ਸਫ਼ੇ ਦਾ ਖ਼ਰੀਦਿਆ ਹੋਇਆ ਅਖਬਾਰ ਜੋ ਉਹ ਛੱਡ ਗਿਆ ਸੀ ਮੇਰਾ ਮੂੰਹ ਚੜਾ ਰਿਹਾ ਸੀ । ਇਹ ਹੁੰਦੀ ਹੈ ਆਪਣੀ ਬੋਲੀ ਨਾਲ ਮੁਹੱਬਤ ਤੇ ਉਹਦਾ ਸਤਿਕਾਰ । ਅਸੀਂ ਅਖ਼ਬਾਰਾਂ ਦਾ ਪੰਨਾ ਪੰਨਾ ਖਲਾਰ ਕੇ ਦੱਸ ਜਣੇ ਬੱਸਾਂ ਵਿੱਚ ਪੜਨ ਵਾਲੇ ਕਿਤਾਬਾਂ ਦੇ PDF ਭਾਲਦੇ ਹਾਂ ਜੋ ਕਿ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਹੀ ਨਹੀਂ ਉਹਨੂੰ ਨੌਕਰਾਣੀ ਤੋਂ ਵੀ ਘਟੀਆ ਦਰਜਾ ਦੇ ਕੇ ਪੈਰਾਂ ਵਿੱਚ ਰੋਲਿਆ ਜਾਂਦਾ । ਜੇ ਵਾਕਿਆ ਹੀ ਪੰਜਾਬੀ ਬੋਲੀ ਨੂੰ ਉੱਪਰ ਚੁੱਕਣਾ ਫੇਰ ਕਿਤਾਬਾਂ ਦੇ ਰਿਵਿਊ ਪੜੋ ਤੇ ਵਧੀਆ ਕਿਤਾਬ ਨੂੰ ਕਦੀ ਵੀ ਮੰਗ ਕੇ ਨਾ ਪੜੋ ਤੇ ਨਾ ਹੀ PDF ਭਾਲੋ । ਗੱਲ ਲਿਖਾਰੀ ਦੀ ਨਹੀਂ ਸਾਡੀ ਸੋਚ ਦੀ ਹੈ । ਮੰਗ ਕੇ ਪੜੀ ਕਿਤਾਬ ਮੰਗ ਕੇ ਸਿਗਰਟ ਪੀਣ ਵਾਂਗ ਹੈ । । ਸੋਚਿਓ ਸਾਡੇ ਕੋਲ਼ ਨਵੇਂ ਲਿਖਾਰੀ ਕਿਓਂ ਨੀ ਪੈਦਾ ਹੋ ਰਹੇ ..ਕਿਓਂ ਨੀ ਸੁਚਾਰੂ ਸਾਹਿਤ ਸਿਰਜਿਆ ਜਾ ਰਿਹਾ! ਸਮਾਂ ਮਿਲ਼ੇ ਸੋਚਿਓ ਜ਼ਰੂਰ ..!

ਸੁਰਜੀਤ ਸਿੰਘ ਕੈਨੇਡਾ

Leave a Reply

Your email address will not be published. Required fields are marked *