ਵਿਲਕਦੀਆਂ ਜ਼ਿੰਦਾਂ ਦੀ ਦਾਸਤਾਨ

ਦਿਹਾੜੀ ’ਤੇ ਗਿਆ ਕਰਮੂ ਤੀਜੇ ਦਿਨ ਵੀ ਨਹੀਂ ਸੀ ਪਰਤਿਆ। ਉਸ ਦੀ ਪਤਨੀ, ਬੀਮਾਰ ਮਾਂ ਤੇ ਦੋ ਨਿੱਕੇ-ਨਿੱਕੇ ਬਾਲਾਂ ਨੇ ਅੱਜ ਵੀ ਢਿੱਡ ਨੂੰ ਗੰਢ ਮਾਰ ਲਈ ਸੀ। ਸ਼ਾਮੋ ਜੁਲਾਹੀ ਦੇ ਕੱਚੇ ਕੋਠੇ ਦੀ ਛੱਤ ਬਰਸਾਤਾਂ ਕਾਰਨ ਇਸ ਵਾਰ ਫਿਰ ਭੁੰਜੇ ਡਿੱਗ ਗਈ ਸੀ ਤੇ ਉਸ ਵਲੋਂ ਅਪਣੀ ਅੱਖ ਦਾ ਆਪਰੇਸ਼ਨ ਕਰਵਾਉਣ ਲਈ ਜੋੜੇ ਪੈਸੇ, ਛੱਤ ਦੀ ਮੁਰੰਮਤ ਕਰਵਾਉਣ ’ਤੇ ਲੱਗ ਗਏ।
‘ਅੱਖ ਦਾ ਕੀ ਏ, ਜਾਨ ਲੁਕਾਉਣ ਲਈ ਕੁੱਲੀ ਤਾਂ ਬਣਾਉਣੀ ਹੀ ਪਵੇਗੀ। ਇਕ ਅੱਖ ਤੋਂ ਨਾ ਵੀ ਦਿਸੇਗਾ ਤਾਂ ਕਿਹੜਾ ਹਨੇਰ ਪੈ ਚਲਿਐ?’ ਛੱਤ ਪਾਉਂਦਿਆਂ ਉਹ ਅਪਣੇ ਆਪ ਬੋਲੀ ਜਾ ਰਹੀ ਸੀ। ਉਸ ਦਾ ਮੁੰਡਾ ਵੀ ਉਸ ਦੀ ਮਦਦ ਕਰ ਰਿਹਾ ਸੀ ਕਾਨੇ ਪਾਉਣ ਵਿਚ।
ਜੀਤੇ ਦੀ ਤੀਵੀਂ ਇਸ ਵਰੇ੍ਹ ਵੀ ਜੀਉੂਂਦਾ ਜਵਾਕ ਨਹੀਂ ਸੀ ਜੰਮ ਸਕੀ। ਸਰਕਾਰੀ ਹਸਪਤਾਲ ਦੇ ਵਾਰਡ ਵਿਚ ਡੌਰ-ਭੌਰ ਪਈ ਉਹ ਪੱਖੇ ਵਲ ਤੱਕ ਰਹੀ ਸੀ। ਉਸ ਨੂੰ ਇੰਜ ਲੱਗਾ ਜਿਵੇਂ ਪੱਖਾ ਉਸ ਉਤੇ ਡਿਗਣ ਵਾਲਾ ਹੋਵੇ। ਉਹ ਵਾਰ-ਵਾਰ ਅਪਣੇ ਆਲੇ-ਦੁਆਲੇ ਹੱਥ ਮਾਰਦੀ ਤੇ ਜਵਾਕ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਪਰ….! ਡਾਕਟਰਾਂ ਨੇ ਪਹਿਲਾਂ ਹੀ ਆਖ ਦਿਤਾ ਸੀ ਕਿ ਚੰਗੀ ਖ਼ੁਰਾਕ ਨਾ ਮਿਲਣ ਕਾਰਨ ਬੱਚੇ ਦਾ ਵਿਕਾਸ ਨਹੀਂ ਹੋਇਆ।
ਚੰਗੀ ਖ਼ੁਰਾਕ….? ਜੀਤੇ ਨੇ ਹਸਪਤਾਲ ਦੇ ਵਿਹੜੇ ਵਿਚੋਂ ਅਸਮਾਨ ਵਲ ਵੇਖਿਆ। ਉਸ ਦੀਆਂ ਅੱਖਾਂ ਅੱਗੇ ਆਟੇ ਵਾਲਾ ਖ਼ਾਲੀ ਪੀਪਾ ਘੁੰਮਦਾ ਨਜ਼ਰ ਆਇਆ। 200 ਰੁਪਏ ਦੀ ਦਿਹਾੜੀ ਵੀ ਕਦੇ ਕਦੇ-ਕਦਾਈਂ ਈ ਮਿਲਦੀ ਐ। ਕਈ ਵਾਰ ਤਾਂ ਉਹ ਦੋ ਵੇਲੇ ਦੀ ਰੋਟੀ ਦਾ ਜੁਗਾੜ ਵੀ ਮਸਾਂ ਕਰਦਾ ਏ। ਅਜਿਹੀ ਗ਼ੁਰਬਤ ਵਿਚ ਉਹ ਅਪਣੀ ਤੀਵੀਂ ਨੂੰ ਚੰਗੀ ਖ਼ੁਰਾਕ ਕਿਥੋਂ ਖਵਾਉਂਦਾ?
ਇਸ ਤੋਂ ਭੈੜਾ ਹਾਲ ਤਾਂ ਦੀਪੇ ਦੇ ਬਾਪੂ ਦਾ ਸੀ। ਢਾਰੇ ਵਿਚ ਪਿਆ ਉਹ ਦਿਨ-ਰਾਤ ਟਾਹਰਾਂ ਪਿਆ ਮਾਰਦਾ ਰਹਿੰਦਾ। ਹੌਲੀ-ਹੌਲੀ ਉਸ ਦੀਆਂ ਟਾਹਰਾਂ ਚੀਕਾਂ ਤੇ ਫਿਰ ਹੌਕਿਆਂ ਵਿਚ ਬਦਲ ਗਈਆਂ। ਰੇਹੜਾ ਚਲਾ ਕੇ ਅਪਣਾ ਗੁਜ਼ਾਰਾ ਕਰਦਾ ਸੀ। ਇਕ ਦਿਨ ਐਸੀ ਸੱਟ ਵੱਜੀ ਕਿ ਉਹ ਮੰਜੇ ਤੋਂ ਨਾ ਉਠ ਸਕਿਆ। ਮੁੰਡਿਆਂ ਨੇ ਪਹਿਲਾਂ ਉਸ ਦਾ ਇਲਾਜ ਕਰਵਾਇਆ, ਸਰਕਾਰੀ ਹਸਪਤਾਲ ਵਾਲਿਆਂ ਨੇ ਲੱਤ ਦੀ ਹੱਡੀ ਦਾ ਆਪਰੇਸ਼ਨ ਕਰਨ ਲਈ ਵੱਡੇ ਹਸਪਤਾਲ ਰੈਫ਼ਰ ਕਰ ਦਿਤਾ। ਘਰ ਦੀ ਸਾਰੀ ਜਮ੍ਹਾਂ ਪੂੰਜੀ ਆਪਰੇਸ਼ਨ ’ਤੇ ਲੱਗ ਗਈ। ਮਹੀਨਾ ਭਰ ਹਸਪਤਾਲ ਦੇ ਚੱਕਰਾਂ ਵਿਚ ਘਰ ਦਾ ਜਲੂਸ ਨਿਕਲ ਗਿਆ। ਉਨ੍ਹਾਂ ਚੁੱਕ ਕੇ ਬਾਪੂ ਨੂੰ ਘਰ ਲਿਆ ਧਰਿਆ। ਦਵਾ-ਦਾਰੂ ਨਾ ਮਿਲਣ ਕਾਰਨ ਉਸ ਦਾ ਜ਼ਖ਼ਮ ਨਾਸੂਰ ਬਣ ਗਿਆ ਸੀ ਤੇ ਉਸ ਵਿਚ ਕੀੜੇ ਚੱਲਣ ਲੱਗ ਪਏ। ਦਰਦ ਨਾਲ ਉਸ ਦੀਆਂ ਚੀਕਾਂ ਨਿਕਲਦੀਆਂ। ਉਹ ਉੱਚੀ ਉਚੀ ਰੋਂਦਾ, ਫਿਰ ਹੌਲੀ ਹੌਲੀ ਉਸ ਦੀ ਆਵਾਜ਼ ਮੱਧਮ ਪੈ ਗਈ। ਉਸ ਦੀਆਂ ਚੀਕਾਂ ਇਕ ਦਿਨ ਸਿਸਕੀਆਂ ਵਿਚ ਬਦਲ ਗਈਆਂ ਤੇ ਫਿਰ ਖ਼ਾਮੋਸ਼ ਹੋ ਗਈਆਂ।
ਮੰਜੇ ’ਤੇ ਪਏ ਅਪਣੇ ਪੁੱਤਰ ਦੀ ਜਾਨ ਬਚਾਉਣ ਲਈ ਡਾਕਟਰ ਦੇ ਹਾੜੇ ਕਢਦੀ ਸੰਤੀ ਨੇ ਤਾਂ ਅਪਣੇ ਪੋਤਰੇ ਦੀ ਉਂਗਲ ਡਾਕਟਰ ਨੂੰ ਫੜਾਉਂਦਿਆਂ ਇਥੋਂ ਤਕ ਆਖ ਦਿਤਾ ਸੀ, ‘‘‘ਡਾਕਟਰ ਸਾਹਬ, ਮੇਰੇ ਪੁੱਤਰ ਨੂੰ ਬਚਾ ਲਉ। ਇਸ ਬਦਲੇ ਮੇਰਾ ਪੋਤਰਾ ਸਾਰੀ ਉਮਰ ਤੇਰੇ ਘਰ ਦਾ ਕੰਮ ਕਰਦਾ ਰਹੇਗਾ।’ ਸ਼ਾਇਦ ਡਾਕਟਰ ਕੋਲ ਉਸ ਦੇ ਪੁੱਤਰ ਦਾ ਇਲਾਜ ਤਾਂ ਸੀ ਪਰ, ਨਿੱਕਾ ਬਾਲ ਉਸ ਦੀ ਫ਼ੀਸ ਨਹੀਂ ਸੀ ਪੂਰੀ ਕਰ ਸਕਦਾ। ਇਨ੍ਹਾਂ ਸਾਰੀਆਂ ਕਹਾਣੀਆਂ ਵਿਚਲੇ ਪਾਤਰਾਂ ਦੇ ਨਾਮ ਮਨ-ਘੜਤ ਹੋ ਸਕਦੇ ਨੇ ਪਰ ਇਹ ਕਹਾਣੀਆਂ ਮਨ-ਘੜਤ ਨਹੀਂ ਤੇ ਨਾ ਹੀ ਇਹ ਕਿਸੇ ਹੋਰ ਮੁਲਕ ਵਿਚ ਵਾਪਰੀਆਂ ਤੇ ਘਟੀਆਂ ਹਨ। ਇਹ ਸਾਡੇ ਹੀ ਆਜ਼ਾਦ ਭਾਰਤ ਦੇ ਕਿਸੇ ਨਾ ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਦੀ ਗ਼ਰੀਬ ਬਸਤੀ ਦੇ ਲੋਕਾਂ ਦੀ ਜ਼ਿੰਦਗੀ ਵਿਚ ਵਾਪਰਨ ਵਾਲੇ ਵੱਡੇ ਦੁਖਾਂਤ ਨੇ।
ਅੱਜ, ਮੁਲਕ ਆਜ਼ਾਦੀ ਦੀ 66ਵੀਂ ਵਰੇ੍ਹਗੰਢ ਮਨਾ ਰਿਹੈ ਤੇ ਇਨ੍ਹਾਂ ਜਸ਼ਨਾਂ ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ। ਕੀ ਇਨ੍ਹਾਂ ਜਸ਼ਨਾਂ ਵਿਚ ਸਾਡੇ ਮੁਲਕ ਦੇ ਰਹਿਨੁਮਾਵਾਂ ਨੂੰ ਕਰਮੂ ਦੀ ਬੀਮਾਰ ਮਾਂ ਤੇ ਭੁੱਖੇ ਬੱਚੇ ਤੇ ਤੀਵੀਂ, ਸ਼ਾਮੋ ਜੁਲਾਹੀ ਦੀ ਦਿਨੋ-ਦਿਨ ਘਟਦੀ ਅੱਖਾਂ ਦੀ ਰੋਸ਼ਨੀ, ਘਰ ਦੀ ਡਿੱਗੀ ਛੱਤ, ਜੀਤੇ ਦੀ ਹਸਪਤਾਲ ਦੇ ਪੱਖੇ ਵਲ ਝਾਕਦੀ ਤੀਵੀਂ, ਜ਼ਖ਼ਮਾਂ ਦੇ ਅਸਹਿ ਦਰਦ ਕਾਰਨ ਦੀਪੇ ਦੇ ਬਾਪੂ ਦੀਆਂ ਸਿਸਕੀਆਂ ਵਿਚ ਬਦਲਦੀਆਂ ਚੀਕਾਂ ਤੇ ਪੁੱਤਰ ਦੀ ਜਾਨ ਬਚਾਉਣ ਲਈ ਸੰਤੀ ਵਲੋਂ ਡਾਕਟਰ ਦੇ ਕੱਡੇ ਹਾੜੇ ਯਾਦ ਆਉਣਗੇ?
ਕੀ ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਹੋਣ ਵਾਲੇ ਲੋਕ, ਮੁਲਕ ਦੀ ਗ਼ੁਰਬਤ ਮਾਰੀ ਅਵਾਮ ਦੀਆਂ ਇਨ੍ਹਾਂ ਜ਼ਮੀਨੀ ਸਚਾਈਆਂ ਤੋਂ ਵਾਕਫ਼ ਹਨ? ਜੇ ਹਨ ਤਾਂ ਉਹ ਇਹਨਾਂ ਜਸ਼ਨਾਂ ਵਿਚ ਹਿੱਸਾ ਕਿਵੇਂ ਲੈ ਸਕਦੇ ਨੇ ਤੇ ਜੇਕਰ ਉਹ ਜਾਣਦੇ ਹੋਏ ਵੀ ਇਹ ਜਸ਼ਨ ਮਨਾ ਰਹੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਲੋਟੂ ਸਾਮਰਾਜ ਦਾ ਹਿੱਸਾ ਹਨ।
ਜਿਹੜੇ ਘਰ ਵਿਚ ਇਕ ਪਾਸੇ ਜਨਾਜ਼ੇ ਦੀ ਤਿਆਰੀ ਹੋ ਰਹੀ ਹੋਵੇ ਤਾਂ ਦੂਜੇ ਪਾਸੇ ਖ਼ੁਸ਼ੀਆਂ ਦੇ ਖੋਲ ਕਿਵੇਂ ਵਜ ਸਕਦੇ ਹਨ?
ਕੁੱਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਖ਼ਬਰ ਛਪੀ ਸੀ ਕਿ ਫਲਾਈਓਵਰ ਦੇ ਹੇਠਾਂ ਕੋਈ ਇਕ ਬਜ਼ੁਰਗ ਨੂੰ ਛੱਡ ਗਿਆ ਜੋ ਬੀਮਾਰ ਸੀ। ਸ਼ਾਮ ਤਕ ਜਦੋਂ ਕੋਈ ਉਸ ਨੂੰ ਲੈਣ ਨਾ ਆਇਆ ਤਾਂ ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ। ਦਸਦੇ ਹਨ ਕਿ ਬੀਮਾਰ ਅਤੇ ਭੁੱਖ ਨਾਲ ਬਜ਼ੁਰਗ ਦੀਆਂ ਹੱਡੀਆਂ ਤਕ ਦਿਸਣ ਲੱਗ ਪਈਆਂ ਸਨ। ਜਿਹੜਾ ਵਿਅਕਤੀ ਸਾਰਾ ਦਿਨ ਹੱਢ ਭੰਨਵੀਂ ਮਿਹਨਤ ਕਰ ਕੇ, ਦੋ ਵਕਤ ਦੀ ਰੋਟੀ ਮਸਾਂ ਖਾ ਸਕਦਾ ਹੈ, ਉਹ ਬੀਮਾਰੀ ਨਾਲ ਮਰ ਰਹੇ ਪਿਉ ਦਾ ਇਲਾਜ ਕਿਥੋਂ ਕਰਵਾਏਗਾ?
ਦੇਸ਼ ਅੰਦਰ ਇਸ ਵੇਲੇ ਆਮ ਲੋਕਾਂ ਦਾ ਕਚੂਮਰ ਨਿਕਲਿਆ ਪਿਆ ਹੈ। ਕਿਸਾਨ ਖ਼ੁਦਕੁਸ਼ੀਆਂ ਦੇ ਰਾਹੇ ਪੈ ਰਹੇ ਹਨ। ਆਰਥਕ ਤੰਗੀ ਕਾਰਨ, ਮੁਲਕ ਵਿਚ, ਹਰ ਘੰਟੇ ਵਿਚ 3 ਤੋਂ 5 ਮੌਤਾਂ ਹੁੰਦੀਆਂ ਹਨ। ਆਮ ਆਦਮੀ ਅਪਣੇ ਬੱਚਿਆਂ ਦੀ ਇਕ ਨਿੱਕੀ ਤੋਂ ਨਿੱਕੀ ਖ਼ਾਹਿਸ਼ ਨੂੰ ਪੂਰੀ ਕਰਨ ਵਾਸਤੇ ਅੱਧੀ ਜ਼ਿੰਦਗੀ ਲਾ ਦਿੰਦਾ ਹੈ। ਮੁਲਕ ਵਿਚ 13 ਫ਼ੀ ਸਦੀ ਲੋਕ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ। 38 ਫ਼ੀ ਸਦੀ ਵਸੋਂ ਖੁਲ੍ਹੇ ਅਸਮਾਨ ਹੇਠ ਜ਼ਿੰਦਗੀ ਬਸਰ ਕਰਨ ਵਾਸਤੇ ਮਜਬੂਰ ਹਨ ਤੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵਾਸਤੇ ਪੂਰਾ ਦਿਨ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਮੁਲਕ ਦੀ 9 ਫ਼ੀ ਸਦੀ ਵੱਸੋਂ ਦੀ ਜ਼ਿੰਦਗੀ ਵਿਚ ਕਦੇ ਫੱਲ ਤੇ ਸਬਜ਼ੀਆਂ ਖ਼ਰੀਦਣ ਦੀ ਹਿੰਮਤ ਤਕ ਨਹੀਂ ਪਈ। ਇਸ ਵਸੋਂ ਵਲੋਂ ਫਲਾਂ ਦੇ ਸਵਾਦ ਸਿਰਫ਼ ਖ਼ੈਰਾਤ ਵਿਚ ਮਿਲਣ ’ਤੇ ਹੀ ਚੱਖੇ ਹੋਣਗੇ। ਮੁਲਕ ਵਿਚ 21 ਫ਼ੀ ਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਕਦੇ ਕਾਰ ਵਿਚ ਬੈਠ ਕੇ ਵੀ ਨਹੀਂ ਵੇਖਿਆ ਹੋਣਾ, ਹੋਟਲਾਂ ਢਾਬਿਆਂ ਤੇ ਜਾਣਾ ਤਾਂ ਦੂਰ ਦੀ ਗੱਲ ਹੈ। ਮੁਲਕ ਦੀ 48 ਫ਼ੀ ਸਦੀ ਵਸੋਂ ਅਜਿਹੀ ਹੈ ਜਿਥੇ ਮੁਢਲੀਆਂ ਸਹੂਲਤਾਂ ਤਕ ਨਹੀਂ ਅਤੇ ਇਹ ਲੋਕ ਸਾਫ਼ ਪਾਣੀ ਅਤੇ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਹਨ।
ਇਨ੍ਹਾਂ ਕਹਾਣੀਆਂ ਵਿਚਲੇ ਖਲਨਾਇਕ ਸਾਡੇ ਨੇਤਾ ਨੇ ਜਿਨ੍ਹਾਂ ਨੇ ਭਿ੍ਰਸ਼ਟਾਚਾਰ ਦੇ ਸਾਰੇ ਹੱਦ-ਬੰਨ੍ਹੇ ਟੱਪ ਕੇ ਇਨ੍ਹਾਂ ਕਹਾਣੀਆਂ ਵਿਚਲੇ ਪਾਤਰਾਂ ਦਾ ਹੱਕ ਮਾਰ ਲਿਆ ਹੈ।
ਆਜ਼ਾਦੀ ਦੇ 66 ਸਾਲ ਬਾਅਦ ਵੀ ਮੁਲਕ ਵਿਚ ਉਕਤ ਸਾਰੀਆਂ ਵਿਲਕਦੀਆਂ ਜ਼ਿੰਦਗੀਆਂ ਹੁਕਮਰਾਨਾ ਨੂੰ ਇਹੀ ਸਵਾਲ ਪੁੱਛ ਰਹੀਆਂ ਨੇ ਕਿ ਉਨ੍ਹਾਂ ਦੇ ਹਿੱਸੇ ਦੀਆਂ ਖ਼ੁਸ਼ੀਆਂ ਕਿਥੇ ਨੇ? ਕਿਥੇ ਹੈ ਉਨ੍ਹਾਂ ਦੇ ਹਿੱਸੇ ਦੀ ਆਜ਼ਾਦੀ ?
– ਰੋਜ਼ੀ ਸਿੰਘ,
ਫ਼ਤਹਿਗੜ੍ਹ ਚੂੜੀਆਂ, ਗੁਰਦਾਸਪੁਰ।
ਮੋਬਾਈਲ : 099889-64633

Leave a Reply

Your email address will not be published. Required fields are marked *