ਵਿਜੈ ਮਾਲੀਆ ਦੇ ਮਾਲੀਏ ਦਾ ਹੋਊ ਨਿਬੇੜਾ

ਲੰਡਨ, 9 ਦਸੰਬਰ (ਏਜੰਸੀ)-9000 ਕਰੋੜ ਦੀ ਧੋਖਾਧੜੀ ਤੇ ਹਵਾਲਾ ਰਾਸ਼ੀ ਮਾਮਲੇ ‘ਚ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਸਬੰਧੀ ਮਾਮਲੇ ਦੀ ਸੁਣਵਾਈ ਲਈ ਸੀ. ਬੀ. ਆਈ. ਦੇ ਜੁਆਇੰਟ ਡਾਇਰੈਕਟਰ ਐਸ. ਸਾਈ ਮਨੋਹਰ ਦੀ ਅਗਵਾਈ ‘ਚ ਇਕ ਟੀਮ ਲੰਡਨ ਰਵਾਨਾ ਹੋਈ ਹੈ | ਸੂਤਰਾਂ ਅਨੁਸਾਰ ਉਨ੍ਹਾਂ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀ ਵੀ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਅਸਥਾਨਾ ਦੀ ਅਗਵਾਈ ‘ਚ ਬਣੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਮਨੋਹਰ ਮੈਂਬਰ ਸਨ | ਮਾਲਿਆ ਦੀ ਹਵਾਲਗੀ ਦੇ ਮਾਮਲੇ ‘ਚ ਅਦਾਲਤ ਸੋਮਵਾਰ ਨੂੰ ਫ਼ੈਸਲਾ ਸੁਣਾ ਸਕਦੀ ਹੈ | ਇਸ ਤੋਂ ਪਹਿਲਾਂ ਰਾਕੇਸ਼ ਅਸਥਾਨਾ ਕੋਲ ਇਸ ਕੇਸ ਦੀ ਜ਼ਿੰਮੇਵਾਰੀ ਸੀ | ਦੱਸਣਯੋਗ ਹੈ ਕਿ ਧੋਖਾਧੜੀ ਤੇ ਹਵਾਲਾ ਰਾਸ਼ੀ ਬਾਰੇ ਮਾਮਲੇ ਨਸ਼ਰ ਹੋਣ ਤੋਂ ਬਾਅਦ ਵਿਜੇ ਮਾਲਿਆ ਮਾਰਚ 2016 ‘ਚ ਬਰਤਾਨੀਆ ਫ਼ਰਾਰ ਹੋ ਗਿਆ ਸੀ, ਜਿਸ ਦੀ ਭਾਰਤ ਸਰਕਾਰ ਨੇ ਬਰਤਾਨੀਆ ਤੋਂ ਹਵਾਲਗੀ ਮੰਗੀ ਸੀ, ਜਿਸ ਸਬੰਧੀ ਲੰਡਨ ਦੀ ਵੇਸਟਮਿੰਸਟਰ ਮੈਜਿਸਟੇ੍ਰਟ ਅਦਾਲਤ ‘ਚ ਕੇਸ ਚੱਲ ਰਿਹਾ ਹੈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੈ | ਕਿੰਗਫਿਸ਼ਰ ਏਅਰ ਲਾਈਨਜ਼ ਦਾ ਸਾਬਕਾ ਮਾਲਕ 62 ਸਾਲਾ ਵਿਜੇ ਮਾਲਿਆ ਹਵਾਲਗੀ ਮਾਮਲੇ ‘ਚ ਗਿ੍ਫ਼ਤਾਰੀ ਤੋਂ ਬਾਅਦ ਅਪ੍ਰੈਲ ਤੋਂ ਜ਼ਮਾਨਤ ‘ਤੇ ਹੈ | ਹਵਾਲਗੀ ਸਬੰਧੀ ਕੇਸ ‘ਚ ਮਾਲਿਆ ਇਸ ਆਧਾਰ ‘ਤੇ ਲੜ ਰਹੇ ਹਨ ਕਿ ਉਨ੍ਹਾਂ ਿਖ਼ਲਾਫ਼ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ | ਹਾਲ ਹੀ ਵਿਚ ਆਪਣੀ ਇਕ ਟਵਿੱਟਰ ਪੋਸਟ ‘ਚ ਉਨ੍ਹਾਂ ਕਿਹਾ ਸੀ ਕਿ ਪੈਸਿਆਂ ਦੀ ਧੋਖਾਧੜੀ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਨੇ ਇਕ ਰੁਪਇਆ ਵੀ ਕਰਜ਼ ਨਹੀਂ ਲਿਆ | ਕਰਜ਼ ਲੈਣ ਵਾਲੀ ਕਿੰਗਫਿਸ਼ਰ ਏਅਰ ਲਾਈਨਜ਼ ਹੈ | ਉਨ੍ਹਾਂ ਕਿਹਾ ਕਿ ਪੈਸਾ ਵਪਾਰ ‘ਚੋਂ ਘਾਟਾ ਪੈਣ ਕਾਰਨ ਡੁੱਬਾ ਹੈ | ਇਸ ‘ਚ ਗਰੰਟਰ ਹੋਣਾ ਧੋਖਾਧੜੀ ਨਹੀਂ ਹੈ | ਉਨ੍ਹਾਂ ਕਿਹਾ ਸੀ ਕਿ ਉਹ 100 ਫ਼ੀਸਦੀ ਅਸਲ ਰਾਸ਼ੀ ਦੇਣ ਲਈ ਤਿਆਰ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਇਹ ਟਵਿੱਟਰ ਪੋਸਟ ਉਦੋਂ ਕੀਤੀ ਜਦੋਂ ਇਸ ਮਾਮਲੇ ਵਿਚ ਜੱਜ ਏਮਾ ਅਰਬੂਥਨੋਟ ਵਲੋਂ ਫ਼ੈਸਲਾ ਦੇਣ ਦੀ ਸੰਭਾਵਨਾ ਹੈ |

Leave a Reply

Your email address will not be published. Required fields are marked *