ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਨੇ ਅਫਸਰਾਂ ਨੂੰ ਲਤਾੜਿਆ

0
142

ਜੀਰਕਪੁਰ : ਅੰਤਰਰਾਸਟਰੀ ਹਵਾਈ ਅੱਡੇ ਨੇੜੇ ਭਬਾਤ ਖੇਤਰ ਵਿੱਚ 100 ਮੀਟਰ ਵਾਲੇ ਮਨਾਹੀ ਖੇਤਰ ਵਿੱਚ ਬਣੀਆਂ ਉਸਾਰੀਆਂ ਦੇ ਮਾਮਲੇ ਵਿੱਚ ਅੱਜ ਨਗਰ ਕੌਂਸਲ ਵਲੋਂ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ ਦੇ ਵਿਦੇਸ਼ ਦੌਰੇ ਤੇ ਗਏ ਹੋਣ ਕਾਰਨ ਇਸ ਮੀਟਿੰਗ ਦੀ ਪ੍ਰਧਾਨਗੀ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਸੋਢੀ ਵਲੋਂ ਕੀਤੀ ਗਈ। ਇਸ ਮੀਟਿੰਗ ਲਈ ਸਿਰਫ ਤਿੰਨ ਮਤੇ ਰੱਖੇ ਗਏ ਸਨ ਜਿਨ੍ਹਾਂ ਦੀ ਪ੍ਰੋਸੀਡਿੰਗ ਵੀ ਤੁਰੰਤ ਤਿਆਰ ਕੀਤੀ ਗਈ ਜੋ ਕਿ ਨਗਰ ਕੌਂਸਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਮੀਟਿੰਗ ਦੌਰਾਨ ਵਿਸ਼ੇਸ਼ ਰੂਪ ਵਿੱਚ ਪੁੱਜੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਵਿਕਾਸ ਕਾਰਜਾਂ ਵੱਲ ਧਿਆਨ ਨਾ ਦੇਣ ਵਾਲੇ ਅਫਸਰਾਂ ਨੂੰ ਲਤਾੜ ਲਗਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਐਨ ਕੇ ਸ਼ਰਮਾ ਨੇ ਦਸਿਆ ਕਿ ਭਬਾਤ ਗੁਦਾਮ ਖੇਤਰ ਅਤੇ ਪਿੰਡ ਵਿੱਚ ਪ੍ਰਸ਼ਾਸ਼ਨ ਵਲੋਂ ਹਾਈਕੋਰਟ ਦੇ ਹੁਕਮਾ ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਿੱਚ ਕਿਸੇ ਵੀ ਤਰਾਂ ਦੇ ਕਾਨੂੰਨ ਦੀ ਪਾਲਣਾ ਨਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਵਰਕ ਆਫ ਡਿਫੈਂਸ ਐਕਟ 1903 ਤਹਿਤ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਿੱਚ ਕਿਸੇ ਵੀ ਉਸਾਰੀ ਨੂੰ ਢਾਹੁਣ ਤੋਂ ਪਹਿਲਾਂ ਬਕਾਇਦਾ ਉਸਾਰੀ ਕਰਤਾ ਨੂੰ ਅਪਣਾ ਪੱਖ ਰੱਖਣ ਦਾ ਸਮਾ ਦਿੱਤਾ ਜਾਦਾ ਹੈ। ਅਤੇ ਉਸ ਦੀ ਉਸਾਰੀ ਢਾਹੁਣ ਤੋਂ ਪਹਿਲਾਂ ਉਸ ਨੂੰ ਬਣਦਾ ਮੁਆਵਜਾ ਦਿੱਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਇਸੇ ਤਰਾਂ ਜੰਗਲਾਤ ਵਿਭਾਗ ਵਲੋਂ ਭਬਾਤ ਖੇਡ ਸਟੇਡੀਅਮ ਵਿੱਚ ਲੋਕਾਂ ਵਲੋਂ ਸਾਲਾ ਪੁਰਾਣੇ ਦਰਖਤ ਵੀ ਵੱਢ ਦਿੱਤੇ ਗਏ ਹਨ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਵਲੋਂ ਬਚਿਆ ਦੀ ਤਰਾਂ ਪਾਲੇ ਦਰਖਤ ਕੱਟਣ ਵਾਲੇ ਅਤੇ ਸਰਕਾਰੀ ਸੰਪਤੀ ਦਾ ਨੁਕਸਾਨ ਕਰਨ ਵਾਲੇ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਪੁਲਿਸ ਨੂੰ ਲਿਖਿਆ ਜਾਵੇ। ਇਸ ਤੋਂ ਇਲਾਵਾ ਜੀਰਕਪੁਰ ਅੰਬਾਲਾ ਮੁੱਖ ਸੜਕ ਤੇ ਸਥਿਤ ਆਈ ਡੀ ਬੀ ਆਈ ਬੈਂਕ ਨੇੜੇ ਕਿਸੇ ਬਿਲਡਰ ਵਲੋਂ ਨਗਰ ਕੌਸਲ ਦੇ ਪਾਰਕ ਤੇ ਕਬਜਾ ਕਰਨ ਦਾ ਸਖਤ ਨੋਟਿਸ ਲੈਂਦਿਆਂ ਉਸ ਖਿਲਾਫ ਸਖਤ ਕਾਰਵਾਈ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਮੌਜੂਦ ਕੌਂਸਲਰਾਂ ਨੇ ਦੋਸ਼ ਲਾਇਆਂ ਕਿ ਬੀਤੇ ਲੰਬੇ ਸਮੇ ਤੋਂ ਨਗਰ ਕੌਂਸਲ ਦੀ ਹਦੂਦ ਅੰਦਰ ਵਿਕਾਸ ਦੇ ਕਾਰਜ ਬੰਦ ਪਏ ਹਨ ਅਤੇ ਇਹ ਮੀਟਿੰਗਾਂ ਵੀ ਸਮੋਸੇ ਅਤੇ ਚਾਹ ਪੀਣ ਦਾ ਸਾਧਨ ਬਣ ਕੇ ਰਹਿ ਗਈਆ ਹਨ।ਉਨ੍ਹਾਂ ਕਿਹਾ ਕਿ ਸਬੰਧਤ ਅੀਧਕਾਰੀਆ ਨੂੰ ਅਪਣੇ ਵਾਰਡਾਂ ਵਿੱਚ ਹੋਣ ਵਾਲੇ ਕੰਮਾਂ ਅਤੇ ਸਮਸਿਆਵਾਂ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਵੀ ਕੰਮ ਨਹੀ ਹੋ ਰਿਹਾ। ਜਿਸ ਤੇ ਵਿਧਾਇਕ ਸ਼ਰਮਾ ਨੇ ਅਧਿਕਾਰੀਆਂ ਦੀ ਖੂਬ ਲਤਾੜ ਲਗਾਈ।ਇਸ ਮੌਕੇ ਨਗਰ ਕੌਂਸ਼ਲ ਦੇ ਮੁੱਖ ਕਾਰਜ ਸਾਧਕ ਅਫਸਰ ਗਰੀਸ਼ ਵਰਮਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਛੱਤਰ ਸਿੰਘ ਕੌਂਸਲਰ ਜਗਤਾਰ ਸਿੰਘ ਟਿਵਾਣਾ ਪ੍ਰਵੀਨ ਸ਼ਰਮਾ ਮਨੀਸ਼ਾ ਮਲਿਕ ਸ਼ੰਕੁਤਲਾ ਆਰਿਆ ਭਾਰਤ ਭੂਸ਼ਣ ਚੌਧਰੀ ਯਾਦਵਿੰਦਰ ਸ਼ਰਮਾ ਸਮੇੇਤ ਨਗਰ ਕੌਂਸਲ ਦੇ ਅਧਿਕਾਰੀ ਮੌਜੂਦ ਸਨ।