ਨਵੀਂ ਦਿੱਲੀ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਵਿਸ਼ਵ ਟੂਰ ਫਾਈਨਲਸ ਬੈਡਮਿੰਟਨ ਟੂਰਨਾਮੈਂਟ ‘ਚ ਜਿੱਤ ਦੇ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ। ਸਿੰਧੂ ਲਈ ਮੁਸ਼ਕਲ ਗਰੁੱਪ ਮੰਨੇ ਜਾ ਰਹੇ ਗਰੁੱਪ ਏ ‘ਚ ਉਨ੍ਹਾਂ ਨੇ ਆਪਣੀ ਪਹਿਲੀ ਚੁਣੌਤੀ ਨੂੰ ਸਿੱਧੇ ਗੇਮਾਂ ‘ਚ ਪਾਰ ਕੀਤਾ। ਪਿਛਲੀ ਵਾਰ ਦੀ ਉਪ ਜੇਤੂ ਭਾਰਤੀ ਖਿਡਾਰਨ ਨੇ ਮੌਜੂਦਾ ਚੈਂਪੀਅਨ ਅਕਾਨੇ ਯਾਮਾਗੁਚੀ ਨੂੰ 24-22, 21-15 ਨਾਲ ਹਰਾ ਕੇ ਬਿਹਤਰੀਨ ਸ਼ੁਰੂਆਤ ਕੀਤੀ। ਤੀਜੀ ਵਾਰ ਇਸ ਟੂਰਨਾਮੈਂਟ ‘ਚ ਉਤਰੀ ਸਿੰਧੂ ਨੇ ਕਈ ਮੌਕਿਆਂ ‘ਤੇ ਪਿੱਛੜਨ ਦੇ ਬਾਵਜੂਦ ਹਮਲਾਵਰ ਰੁਖ਼ ‘ਚ ਕਮੀ ਨਹੀਂ ਆਉਣ ਦਿੱਤੀ। ਪਹਿਲਾ ਗੇਮ 27 ਮਿੰਟ ਤੱਕ ਚੱਲਿਆ ਅਤੇ ਇਸ ‘ਚ ਦੋਹਾਂ ਸ਼ਟਲਰ ਨੇ ਇਕ ਦੂਜੇ ‘ਤੇ ਹਾਵੀ ਹੋਣ ‘ਤੇ ਕੋਈ ਕਸਰ ਨਹੀਂ ਛੱਡੀ।ਪਹਿਲੇ ਗੇਮ ਨੂੰ ਜਿੱਤਣ ‘ਚ ਸਿੰਧੂ ਨੂੰ ਕਰਨੀ ਪਈ ਜ਼ਿਆਦਾ ਮਿਹਨਤ
ਪਹਿਲੇ ਗੇਮ ਦੇ ਬ੍ਰੇਕ ਸਮੇਂ ਤੱਕ ਸਿੰਧੂ 6-1 ਨਾਲ ਪਿੱਛੇ ਚਲ ਰਹੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੀ ਵਿਰੋਧੀ ਯਾਮਾਗੁਚੀ ਦੇ ਬੈਕਹੈਂਡ ‘ਤੇ ਬਿਹਤਰੀਨ ਸਮੈਸ਼ ਲਗਾ ਕੇ ਸਕੋਰ 19-19 ਨਾਲ ਬਰਾਬਰ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਖਿਡਾਰਨਾਂ ਵਿਚਾਲੇ ਵੱਡੀ ਟੱਕਰ ਦੇਖਣ ਨੂੰ ਮਿਲੀ। ਕਦੀ ਸਿੰਧੂ ਬੜ੍ਹਤ ਬਣਾਉਂਦੀ ਤਾਂ ਕਦੀ ਯਾਮਾਗੁਚੀ ਸਫਲ ਹੁੰਦੀ, ਪਰ ਸਿੰਧੂ 24-22 ਨਾਲ ਆਪਣਾ ਗੇਮ ਜਿੱਤਣ ‘ਚ ਸਫਲ ਰਹੀ।
ਦੂਜੇ ਗੇਮ ‘ਚ ਹਾਵੀ ਰਹੀ ਸਿੰਧੂ
ਦੂਜੇ ਗੇਮ ‘ਚ ਯਾਮਾਗੁਚੀ ਨੇ ਭਾਰਤੀ ਖਿਡਾਰਨ ਦੇ ਬੈਕਹੈਂਡ ਨੂੰ ਨਿਸ਼ਾਨੇ ‘ਤੇ ਰਖ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਿੰਧੂ ਇਸ ਚੁਣੌਤੀ ਲਈ ਤਿਆਰ ਸੀ। ਯਾਮਾਗੁਚੀ ਨੇ ਹਾਲਾਂਕਿ ਦਬਾਅ ਬਣਾਏ ਰੱਖਿਆ ਅਤੇ ਇਸ ਵਿਚਾਲੇ ਸਿੰਧੂ ਨੇ ਵੀ ਇਕ ਗਲਤੀ ਕੀਤੀ, ਜਿਸ ਨਾਲ ਜਾਪਾਨੀ ਖਿਡਾਰਨ 6-3 ਨਾਲ ਵਾਧੇ ‘ਤੇ ਆ ਗਈ। ਯਾਮਾਗੁਚੀ ਨੇ ਇਸ ਤੋਂ ਬਾਅਦ ਬਾਹਰ ਸ਼ਾਟ ਮਾਰਿਆ ਅਤੇ ਇਕ ਵਾਰ ਫਿਰ ਉਨ੍ਹਾਂ ਦੀ ਸ਼ਟਲ ਨੈੱਟ ‘ਤੇ ਵੀ ਉਲਝੀ। ਇਸ ਨਾਲ ਸਿੰਧੂ ਨੂੰ ਵਾਪਸੀ ਦਾ ਮੌਕਾ ਮਿਲਿਆ ਅਤੇ ਉਹ 8-7 ਨਾਲ ਅੱਗੇ ਹੋ ਗਈ। ਦੂਜੇ ਗੇਮ ‘ਚ ਬ੍ਰੇਕ ਤੱਕ ਹਾਲਾਂਕਿ ਯਾਮਾਗੁਚੀ ਅੱਗੇ ਸੀ, ਪਰ ਬ੍ਰੇਕ ਦੇ ਬਾਅਦ ਸਿੰਧੂ ਨੇ ਯਾਮਾਗੁਚੀ ਦੀ ਗਲਤੀ ਦਾ ਲਾਹਾ ਲੈਂਦੇ ਹੋਏ ਉਸ ਵਿਰੁੱਧ ਵਾਧਾ ਬਣਾ ਲਿਆ। ਇਸ ਤੋਂ ਬਾਅਦ ਸਿੰਧੂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕੁਝ ਸਮੇਂ ਬਾਅਦ ਗੇਮ ਨੂੰ ਲਗਭਗ ਇਕਤਰਫਾ ਕਰ ਦਿੱਤਾ ਸੀ।