ਵਰਤਮਾਨ ਸਮੇਂ ਵਿਚ ਲੰਗਰ ਦਾ ਬਦਲਦਾ ਸਰੂਪ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਤੇ ਊਚ-ਨੀਚ ਦੇ ਵਿਤਕਰਿਆਂ ਨੂੰ ਖ਼ਤਮ ਕਰਨ ਲਈ ਲੰਗਰ ਦੀ ਪ੍ਰਥਾ ਆਰੰਭ ਕੀਤੀ ਸੀ ਪਰ ਅਜੋਕੇ ਸਮੇਂ ਵਿਚ ਸਿੱਖੀ ਦੇ ਬਦਲਦੇ ਸਰੂਪ ਦੇ ਨਾਲ-ਨਾਲ, ਖਾਣ-ਪੀਣ, ਖਾਸ ਕਰ ਲੰਗਰ ਦੇ ਮਾਮਲੇ ਵਿਚ ਵੀ ਸਿੱਖਾਂ ਦੀ ਸੋਚ ਬਦਲੀ ਹੈ। ਲੰਗਰ ਦਾ ਸਰੂਪ ਅਤੇ ਪ੍ਰਕਿਰਿਆ ਬਦਲ ਚੁੱਕੀ ਹੈ। ਗੁਰੂ ਸਾਹਿਬਾਨ ਦੁਆਰਾ ਸ਼ੁਰੂ ਕੀਤੇ ਗਏ ਦਾਲ ਅਤੇ ਰੋਟੀ ਦੇ ਸਾਦੇ ਲੰਗਰ ਵਿਚ ਕਈ ਤਰ੍ਹਾਂ ਦੇ ਨਵੇਂ ਅਤੇ ਮਹਿੰਗੇ ਪਕਵਾਨ ਪ੍ਰਵੇਸ਼ ਕਰ ਚੁੱਕੇ ਹਨ। ਆਰੰਭ ਵਿਚ ਲੰਗਰ ਦਾ ਮੁੱਖ ਮਕਸਦ ਸਾਦੇ ਭੋਜਨ ਨਾਲ ਹਰ ਉਸ ਲੋੜਵੰਦ, ਗ਼ਰੀਬ, ਭੁੱਖੇ, ਨਿਰਧਨ ਅਤੇ ਅਪਾਹਜ (ਜੋ ਕਿਰਤ ਕਰਨ ਦੇ ਸਮਰੱਥ ਨਾ ਹੋਵੇ) ਦੇ ਪੇਟ ਦੀ ਭੁੱਖ ਮਿਟਾਉਣਾ ਸੀ, ਪਰ ਵਰਤਮਾਨ ਸਮੇਂ ਦੌਰਾਨ ਲੰਗਰ ਵਿਚ ਪਕੌੜੇ, ਜਲੇਬੀਆਂ, ਛੋਲੇ-ਪੂਰੀਆਂ, ਆਈਸ-ਕਰੀਮ, ਕੁਲਚੇ ਛੋਲੇ ਅਤੇ ਫਲ ਆਮ ਵਰਤਦੇ ਦੇਖੇ ਜਾ ਸਕਦੇ ਹਨ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬਾਨ ਦੇ ਸਮੇਂ ਲੰਗਰ ਵਿਚ ਦਾਲ-ਰੋਟੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਵਰਤਾਇਆ ਜਾਂਦਾ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਸਮੇਂ ਦੌਰਾਨ ਉਨ੍ਹਾਂ ਦੇ ਮਹਲ ਮਾਤਾ ਖੀਵੀ ਜੀ ਦੁੱਧ ਦੀ ਬਣੀ ਖੀਰ ਵਿਚ ਸ਼ੁੱਧ ਦੇਸੀ ਘਿਉ ਪਾ ਕੇ ਆਪ ਵਰਤਾਇਆ ਕਰਦੇ ਸਨ। ਭਾਈ ਸਤਾ ਜੀ ਤੇ ਬਲਵੰਡ ਜੀ ਦੁਆਰਾ ਵੀ ਮਾਤਾ ਖੀਵੀ ਜੀ ਦੇ ਇਸ ਯੋਗਦਾਨ ਦਾ ਜ਼ਿਕਰ ਗੁਰਬਾਣੀ ਵਿਚ ‘ਰਾਮਕਲੀ ਕੀ ਵਾਰ’ ਵਿਚ ਕੀਤਾ ਗਿਆ ਹੈ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 967)
ਲੰਗਰ ਵਿਚ ਖੀਰ ‘ਚ ਘਿਉ ਪਾ ਕੇ ਛਕਾਉਣ ਦੇ ਪਿੱਛੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੁੱਖ ਮਨੋਰਥ ਸਿੱਖਾਂ ਨੂੰ ਸਰੀਰਕ ਤੌਰ ‘ਤੇ ਤਾਕਤਵਰ ਬਣਾਉਣਾ ਸੀ। ਉੱਘੇ ਇਤਿਹਾਸਕਾਰ ਖੁਸ਼ਵੰਤ ਸਿੰਘ ਆਪਣੀ ਪੁਸਤਕ ‘ਹਿਸਟਰੀ ਆਫ ਦਾ ਸਿੱਖਸ’ ਵਿਚ ਲਿਖਦੇ ਹਨ ਕਿ ਦੂਜੇ ਗੁਰੂ ਨੇ ਖਡੂਰ ਸਾਹਿਬ ਵਿਖੇ ਇਕ ਅਖਾੜਾ ਬਣਵਾਇਆ ਸੀ, ਜਿੱਥੇ ਉਨ੍ਹਾਂ ਦੇ ਸਿੱਖ ਕਸਰਤ ਕਰਿਆ ਕਰਦੇ ਸਨ ਅਤੇ ਘੋਲ ਘੁਲਦੇ ਰਹਿੰਦੇ ਸਨ। ਉਨ੍ਹਾਂ ਦੀ ਅਜਿਹੀ ਪਰੰਪਰਾ ਕਾਰਨ ਉਨਾਂ ਦੇ ਉਤਰਾਧਿਕਾਰੀਆਂ ਲਈ ਸਿੱਖਾਂ ਵਿਚੋਂ ਬਲਵਾਨ ਪੁਰਸ਼ਾਂ ਦੀ ਸੈਨਾ ਦਾ ਨਿਰਮਾਣ ਕਰਨਾ ਸੌਖਾ ਹੋ ਗਿਆ। ਪਰ ਲੰਗਰ ਵਿਚ ਪ੍ਰਵੇਸ਼ ਕੀਤੇ ਅਜੋਕੇ ਪਕਵਾਨਾਂ ਵਿਚੋਂ ਜ਼ਬਾਨ ਦੇ ਚਟਕਾਰਿਆਂ ਤੋਂ ਅੱਗੇ ਕੋਈ ਹੋਰ ਤਰਕ ਜਾਂ ਚੀਜ਼ ਨਜ਼ਰ ਨਹੀਂ ਆਉਂਦੀ। ਲੋਕਾਂ ਦੁਆਰਾ ਵੀ ਉਸ ਲੰਗਰ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਜਿਸ ਵਿਚ ਸਾਦੀ ਦਾਲ-ਰੋਟੀ ਤੋਂ ਬਿਨਾਂ ਕੁਝ ਹੋਰ ਵਰਤ ਰਿਹਾ ਹੋਵੇ। ਅਤਿ ਅਫ਼ਸੋਸਜਨਕ ਦ੍ਰਿਸ਼ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਸ਼ਹੀਦੀ ਜੋੜ ਮੇਲਿਆਂ ‘ਤੇ ਇਸ ਤਰ੍ਹਾਂ ਦੇ ਵੰਨ-ਸੁਵੰਨੇ ਪਕਵਾਨਾਂ ਦੇ ਲੰਗਰ ਲੱਗੇ ਦੇਖਦੇ ਹਾਂ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਂਹਾਂ ਵਿਚ ਚਿਣਵਾਉਣ ਦੀ ਘਟਨਾ ਨੂੰ ਯਾਦ ਕਰਕੇ ਹਰ ਵਿਅਕਤੀ ਦਾ, ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਹਿਰਦਾ ਵਲੂੰਧਰਿਆ ਜਾਂਦਾ ਹੈ ਅਤੇ ਅੱਖਾਂ ਨਮ ਹੋ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਉਨ੍ਹਾਂ ਪਵਿੱਤਰ ਰੂਹਾਂ ਨੂੰ ਸ਼ਰਧਾਂਜਲੀ ਦੇਣ ਫ਼ਤਹਿਗੜ੍ਹ ਸਾਹਿਬ ਪੁੱਜਦੀਆਂ ਹਨ। ਪਰ ਕੀ ਅਸੀਂ ਇਸ ਤਰ੍ਹਾਂ ਦੇ ਵੱਖਰੇ-ਵੱਖਰੇ ਪਕਵਾਨਾਂ ਦੇ ਲੰਗਰ ਲਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਾਂ? ਜਾਂ ਫਿਰ ਦੇਖਾ-ਦੇਖੀ ਆਪਣੇ ਪਿੰਡ, ਗਲੀ ਜਾਂ ਮੁਹੱਲੇ ਦੀ ਫੋਕੀ ਸ਼ਾਨ ਬਣਾਉਣ ਲਈ ਦਿਖਾਵਾ ਕਰ ਰਹੇ ਹਾਂ। ਖੁਸ਼ੀ ਅਤੇ ਗ਼ਮੀ ਦੇ ਭੋਗਾਂ ‘ਤੇ ਵੀ ਲੰਗਰ ਵਿਚ ਇਸ ਤਰ੍ਹਾਂ ਦੇ ਪਕਵਾਨ ਅਕਸਰ ਦੇਖੇ ਜਾ ਸਕਦੇ ਹਨ ਅਤੇ ਲੰਗਰ ਦਾ ਸਾਦਾਪਨ ਲਗਾਤਾਰ ਖ਼ਤਮ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਸਿੱਖੀ ਦੇ ਮੁੱਢ ਨਾਲ ਹੀ ਹੋਈ ਸੀ।
ਪੰਜਾਬ ਵਿਚ ਸਰਹਿੰਦ ਦੇ ਸ਼ਹੀਦੀ ਜੋੜ ਮੇਲੇ ‘ਤੇ ਪਿੰਡ-ਪਿੰਡ ਅਤੇ ਸ਼ਹਿਰਾਂ ਵਿਚ ਮੁਹੱਲੇ-ਮੁਹੱਲੇ ਹਜ਼ਾਰਾਂ ਦੀ ਗਿਣਤੀ ਵਿਚ ਲੰਗਰ ਲਗਾਏ ਜਾਂਦੇ ਹਨ। ਹਰ ਕਿਲੋਮੀਟਰ ਦੇ ਫ਼ਾਸਲੇ ‘ਤੇ ਇਕ ਨਵਾਂ ਲੰਗਰ ਆ ਮਿਲਦਾ ਹੈ। ਲੰਗਰ ਪ੍ਰਬੰਧਕਾਂ ਵਲੋਂ ਸੜਕ ‘ਤੇ ਜਾਂਦੇ ਹਰ ਰਾਹਗੀਰ ਨੂੰ ਧੱੱਕੇ ਨਾਲ ਰੋਕ-ਰੋਕ ਕੇ ਲੰਗਰ ਛਕਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਦੂਸਰੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਰੱਜੇ ਹੋਏ ਲੋਕਾਂ ਨੂੰ ਹੋਰ ਰਜਾਇਆ ਜਾਂਦਾ ਹੈ। ਪਰ ਇਸ ਦੇ ਉਲਟ ਬਹੁਤ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਭਰ ਪੇਟ ਰੋਟੀ ਵੀ ਨਸੀਬ ਨਹੀਂ ਹੁੰਦੀ। ਸੜਕ ਦੇ ਫੁੱਟਪਾਥਾਂ, ਫਲਾਈਓਵਰਾਂ ਦੇ ਹੇਠਾਂ, ਗੁਰਦੁਆਰਿਆਂ ਤੇ ਮੰਦਰਾਂ ਦੇ ਬਾਹਰ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ‘ਤੇ ਸੈਂਕੜੇ ਲੋਕ ਅਜਿਹੇ ਪਾਏ ਜਾਂਦੇ ਹਨ, ਜਿਹੜੇ ਸਰੀਰਕ ਤੌਰ ‘ਤੇ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਨਹੀਂ ਹੁੰਦੇ। ਇੰਨੇ ਲੰਗਰ ਲੱਗੇ ਹੋਣ ਦੇ ਬਾਵਜੂਦ ਉਹ ਪੇਟ ਦੀ ਭੁੱਖ ਮਿਟਾਉਣ ਲਈ ਵਿਲਕਦੇ ਰਹਿੰਦੇ ਹਨ। ਬਹੁਤੇ ਲੋਕ ਉਨ੍ਹਾਂ ਦੀ ਸਰੀਰਕ ਹਾਲਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ‘ਕੋਈ ਕੰਮ ਧੰਦਾ ਕਰ ਲਿਆ ਕਰ’ ਕਹਿ ਕੇ ਚਲਦੇ ਬਣਦੇ ਹਨ। ਗੁਰਬਾਣੀ ਦੇ ਸੰਦੇਸ਼ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ॥’ ਅਨੁਸਾਰ ਅੱਜ ਜ਼ਰੂਰਤ ਭੋਜਨ ਲੋੜਵੰਦਾਂ ਤੱਕ ਪਹੁੰਚਾਉਣ ਦੀ ਹੈ, ਨਾ ਕਿ ਕਾਰਾਂ, ਗੱਡੀਆਂ ਰੋਕ-ਰੋਕ ਕੇ ਰੱਜਿਆਂ ਨੂੰ ਹੋਰ ਰਜਾਉਣ ਦੀ। ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਦਾ ਅਧਿਕਾਰੀ ਬਣਨਾ ਚਾਹੀਦਾ ਹੈ।
ਪੰਗਤ ਨੂੰ ਸੰਗਤ ਨਾਲੋਂ ਜੁਦਾ ਨਹੀਂ ਕੀਤਾ ਜਾ ਸਕਦਾ। ਇਹ ਇਕੋ ਸਿੱਕੇ ਦੇ ਦੋ ਪਹਿਲੂ ਹਨ। ਮਨੁੱਖ ਦੀ ਸਮੱਸਿਆਗ੍ਰਸਤ ਹਸਤੀ ਦਾ ਉਧਾਰ ਕਰਨਾ ਹੀ ਇਨ੍ਹਾਂ ਦਾ ਪ੍ਰਮੁੱਖ ਮਕਸਦ ਹੈ। ਗੁਰੂ ਸਾਹਿਬ ਨੇ ਸੰਗਤ ਨਾਲੋਂ ਪੰਗਤ ਨੂੰ ਪਹਿਲਾ ਦਰਜਾ ਦਿੱਤਾ ਹੈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਨੇਮ ਬਣ ਗਿਆ ਸੀ ਕਿ ਜੇ ਕੋਈ ਵਿਅਕਤੀ ਉਨ੍ਹਾਂ ਨੂੰ ਮਿਲਣ ਆਵੇ, ਉਹ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕੇ। ਉਨ੍ਹਾਂ ‘ਪਹਿਲੇ ਪੰਗਤ ਪਾਛੈ ਸੰਗਤ’ ਕਹਿ ਕੇ ਪੰਗਤ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਸੀ। ਪਰ ਅੱਜ ਦੇ ਤੇਜ਼ ਅਤੇ ਪਦਾਰਥਵਾਦੀ ਯੁੱਗ ਵਿਚੋਂ ਪੰਗਤ ਮਨਫੀ ਹੁੰਦੀ ਜਾਪਦੀ ਹੈ। ਲੰਗਰ ਨੂੰ ਪੰਗਤ ਵਿਚ ਬਿਠਾ ਕੇ ਛਕਾਉਣ ਦੀ ਬਜਾਏ ਚਲਦੀਆਂ ਬੱਸਾਂ, ਟਰੱਕਾਂ ਅਤੇ ਕਾਰਾਂ ਦੇ ਸ਼ੀਸ਼ਿਆਂ ਵਿਚੋਂ ਦੀ ਹੀ ਲੋਕਾਂ ਤੱਕ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਉੱਚੇ ਜਿਹੇ ਮੇਜ਼ ਉੱਪਰ ਚੜ੍ਹ ਕੇ ਲੋਕਾਂ ਦੀ ਭੀੜ ਨੂੰ ਛੋਲੇ-ਪੂੜੀਆਂ, ਕੁਲਚੇ-ਛੋਲੇ ਜਾਂ ਫਲ ਫੜਾਉਣ ਦਾ ਦ੍ਰਿਸ਼, ਜਿਸ ਵਿਚ ਲੋਕ ਇਕ-ਦੂਜੇ ਨੂੰ ਧੱਕੇ ਮਾਰ-ਮਾਰ ਕੇ, ਪੈਰ ਮਿੱਧਦੇ, ਅਕਸਰ ਦੇਖਣ ਨੂੰ ਮਿਲਦਾ ਹੈ। ਖੁਸ਼ੀ ਜਾਂ ਗ਼ਮੀ ਦੇ ਮੌਕੇ ‘ਤੇ ਕਰਵਾਏ ਗਏ ਅਖੰਡ ਪਾਠ ਤੋਂ ਬਾਅਦ ਗੁਰੂ ਕੇ ਅਤੁੱਟ ਲੰਗਰ ਨੂੰ ਪੰਗਤ ਵਿਚ ਬਿਠਾ ਕੇ ਛਕਾਉਣ ਦੀ ਥਾਂ, ਟੇਬਲਾਂ ਉੱਤੇ ਲਗਾ ਦਿੱਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਆਏ ਧਾਰਮਿਕ ਆਗੂ ਵੀ ਬਿਨਾਂ ਕਿਸੇ ਝਿਜਕ ਦੇ ਇਸ ਵਿਚ ਸ਼ਰੀਕ ਹੋ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ ਵਿਚ ਵੀ ਲੰਗਰ ਛਕਣ ਜਾਂ ਛਕਾਉਣ ਲਈ ਪੰਗਤ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਆਪਣੇ ਜੀਵਨ ਦੇ ਅੰਤਿਮ ਸਮੇਂ ਦੌਰਾਨ ਕਰਤਾਰਪੁਰ ਵਿਖੇ ਆਪ ਨਿਯਮ ਅਨੁਸਾਰ ਸਮੂਹਿਕ ਪ੍ਰਾਰਥਨਾ ਉਪਰੰਤ ਸੰਗਤ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਸਨ। ਗੁਰੂ ਸਾਹਿਬ ਦੇ ਵਚਨ ‘ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ’ ਅਨੁਸਾਰ ਮਾਨਵ ਜਾਤੀ ਦੀ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ-ਪੰਗਤ ਦੀ ਏਕਤਾ ਦਾ ਹੋਣਾ ਬੇਹੱਦ ਲਾਜ਼ਮੀ ਹੈ।
ਸੇਵਾ ਭਾਵਨਾ ਦੀ ਕਮੀ ਅਤੇ ਸਮੇਂ ਦੀ ਘਾਟ ਕਾਰਨ ਲੰਗਰ ਛਕਾਉਣ ਲਈ ਭਾਂਡਿਆਂ ਦੀ ਥਾਂ ਹੁਣ ਡਿਸਪੋਜ਼ਲ ਭਾਂਡਿਆਂ ਨੇ ਲੈ ਲਈ ਹੈ। ਗੁਰੂ ਸਾਹਿਬਾਨ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ ਕਿ ਲੰਗਰ ਦੀ ਇਹ ਸੇਵਾ ਬੜੀ ਉੱਤਮ ਸੇਵਾ ਹੈ। ਗੁਰੂ ਦਾ ਲੰਗਰ ਇਕ ਤਰ੍ਹਾਂ ਦੀ ਪ੍ਰਯੋਗਸ਼ਾਲਾ ਹੈ, ਜਿੱਥੇ ਸੇਵਾ ਦੀ ਜਾਂਚ ਸਿੱਖਣੀ ਹੁੰਦੀ ਹੈ। ਲੰਗਰ ਦੀ ਸੇਵਾ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਸ ਵਿਚ ਲੱਗਾ ਹਰ ਵਿਅਕਤੀ ਕੁਝ ਨਾ ਕੁਝ ਹੱਥੀਂ ਸੇਵਾ ਜ਼ਰੂਰ ਕਰਦਾ ਹੈ, ਜਿਵੇਂ ਝਾੜੂ ਦੇਣਾ, ਜੂਠੇ ਭਾਂਡੇ ਮਾਂਜਣਾ। ਇਹ ਜਿੱਥੇ ਨਿਮਰਤਾ ਸੇਵਾ ਭਾਵ ਉਪਜਾਉਂਦੇ ਹਨ, ਉੱਥੇ ਸੇਵਾ ਦੇ ਕੰਮਾਂ ਨੂੰ ਉੱਦਮ, ਉਤਸ਼ਾਹ ਤੇ ਲਗਨ ਨਾਲ ਕਰਨ ਦੀ ਆਦਤ ਵੀ ਪਾਉਂਦੇ ਹਨ। ਜਦੋਂ ਗੁਰੂ ਅਮਰਦਾਸ ਜੀ ਪਹਿਲੀ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਆਏ ਤਾਂ ਉਨ੍ਹਾਂ ਨੂੰ ਪਹਿਲੀ ਸਿੱਖਿਆ ਹੀ ਇਹ ਦਿੱਤੀ ਗਈ ਸੀ ਕਿ ਉਹ ਹਰ ਰੋਜ਼ ‘ਜਪੁ ਜੀ ਸਾਹਿਬ’ ਪੜ੍ਹ ਕੇ ਗੁਰਮਤਿ ਵਿਚਾਰਧਾਰਾ ਨੂੰ ਸਮਝ ਕੇ ਅਤੇ ਲੰਗਰ ਦੇ ਭਾਂਡੇ ਮਾਂਜ ਕੇ ਅਮਲੀ ਤੌਰ ‘ਤੇ ਭਾਰੇ ਗਉਰੇ ਬਣਨ। ਗੁਰੂ ਸਾਹਿਬ ਦਾ ਵਿਚਾਰ ਸੀ ਕਿ ਉਹ ਭਾਂਡੇ ਮਾਂਜ ਕੇ ਅਤਿ ਨਿਮਰਤਾ ਤੇ ਗ਼ਰੀਬੀ ਦੇ ਘਰ ਵਿਚ ਪ੍ਰਵੇਸ਼ ਕਰਨ ਅਤੇ ਆਪਣੇ ਅੰਦਰ ਦੀ ਸਾਰੀ ਮੈਲ ਧੋ ਦੇਣ।
ਵਰਤਮਾਨ ਸਮੇਂ ਦੌਰਾਨ ਲੰਗਰ ਵਿਚ ਡਿਸਪੋਜ਼ਲ ਭਾਂਡਿਆਂ ਦਾ ਵਧਦਾ ਰੁਝਾਨ ਲੋਕਾਂ ਵਿਚ ਸੇਵਾ ਭਾਵਨਾ ਦੀ ਕਮੀ ਨੂੰ ਦਰਸਾਉਂਦਾ ਹੈ, ਕਿਉਂਕਿ ਲੰਗਰ ਛਕਣ ਤੋਂ ਬਾਅਦ ਹਰ ਵਿਅਕਤੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦੇ ਜੂਠੇ ਭਾਂਡੇ ਕੋਈ ਹੋਰ ਇਨਸਾਨ ਮਾਂਜ ਦੇਵੇ। ਇਸ ਕਰਕੇ ਡਿਸਪੋਜ਼ਲ ਭਾਂਡਿਆਂ ਦੀ ਅਧਿਕ ਵਰਤੋਂ ਹੋਣ ਲੱਗੀ ਹੈ। ਲੰਗਰ ਦੀ ਸਮਾਪਤੀ ਤੋਂ ਬਾਅਦ ਜੂਠੇ ਡਿਸਪੋਜ਼ਲ ਭਾਂਡਿਆਂ ਦੇ ਖਿਲਰਨ ਕਰਕੇ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿਚ ਗੰਦ ਲੰਮੇ ਸਮੇਂ ਤੱਕ ਜਿਉਂ ਦਾ ਤਿਉਂ ਹੀ ਰਹਿੰਦਾ ਹੈ। ਕਿਸੇ ਵਿਅਕਤੀ ਵਲੋਂ ਵੀ ਝਾੜੂ ਦੇ ਕੇ ਸਫ਼ਾਈ ਦੀ ਸੇਵਾ ਨਹੀਂ ਕੀਤੀ ਜਾਂਦੀ।
ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਅਨੁਸਾਰ ਲੰਗਰ ਅਤੇ ਕਿਰਤ ਵਿਚ ਅੰਤਰ-ਅਨੁਸ਼ਾਸਨੀ ਸੰਬੰਧ ਹੈ। ਗੁਰਮਤਿ ਦ੍ਰਿਸ਼ਟੀ ਅਨੁਸਾਰ ਕਿਰਤ-ਵਿਹੂਣੇ ਲੰਗਰ ਵਿਚੋਂ ਨਾ ਤਾਂ ਰੂਹਾਨੀ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਇਸ ਦੀ ਸਾਰਥਿਕਤਾ ਰਹਿੰਦੀ ਹੈ। ਲੰਗਰ ਲਈ ਸੱਚੀ-ਸੁੱਚੀ ਕਿਰਤ ਨਾਲ ਜੁੜਨਾ ਜ਼ਰੂਰੀ ਹੈ। ਇਸ ਲਈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਦੇ ਬ੍ਰਹਮ-ਭੋਜ ਨੂੰ ਛੱਡ ਕੇ ਭਾਈ ਲਾਲੋ ਜੀ ਦੇ ਰੁੱਖੇ-ਮਿੱਸੇ ਪ੍ਰਸ਼ਾਦੇ ਨੂੰ ਤਰਜੀਹ ਦਿੱਤੀ ਸੀ। ਮਲਿਕ ਭਾਗੋ ਦੇ ਵੰਨ-ਸਵੰਨੇ ਪਕਵਾਨ ਲੰਗਰ ਨਹੀਂ ਸਨ, ਬਲਕਿ ਭਾਈ ਲਾਲੋ ਜੀ ਦਾ ਪਰਸ਼ਾਦਾ ਹੀ ਇਕ ਕਿਰਤੀ ਦੀ ਕਿਰਤ ਕਮਾਈ ਦਾ ਲੰਗਰ ਸੀ।
ਲੰਗਰ ਸੰਸਥਾ ਸਿੱਖ ਧਰਮ ਵਿਚ ਇਕ ਖਾਸ, ਵਿਲੱਖਣ, ਨਿਵੇਕਲਾ ਅਤੇ ਉੱਚ ਸਥਾਨ ਰੱਖਦੀ ਹੈ। ਇਸ ਸੰਸਥਾ ਨੇ ਸਿੱਖ ਧਰਮ ਨੂੰ ਵਿਲੱਖਣ ਰੂਪ ਪ੍ਰਦਾਨ ਕੀਤਾ ਹੈ। ਲੰਗਰ ਕਰਕੇ ਹੀ ਸੰਗਤ ਤੇ ਪੰਗਤ ਦਾ ਸਿਧਾਂਤ ਪ੍ਰਪੱਕ ਹੋਇਆ ਹੈ। ਲੰਗਰ ਦੀ ਸਾਰਥਿਕਤਾ ਨੂੰ ਸਮਝਦੇ ਹੋਏ ਸਾਂਝੀ ਪੰਗਤ ਵਿਚ ਬੈਠ ਕੇ ਗੁਰੂ ਕੇ ਲੰਗਰ ਦੀ ਮਹਾਨਤਾ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਲੰਗਰ ਵਿਚ ਜਾ ਕੇ ਸਭ ਪ੍ਰਾਣੀ-ਮਾਤਰ ਰਲ ਕੇ ਭੋਜਨ ਛਕਣ ਤਾਂ ਭਾਈਚਾਰਕ ਅਤੇ ਆਰਥਿਕ ਏਕਤਾ ਦਾ ਇਸ ਤੋਂ ਵੱਧ ਅਤੇ ਚੰਗਾ ਪ੍ਰਗਟਾਵਾ ਹੋਰ ਕੀ ਹੋ ਸਕਦਾ ਹੈ। ਏਕਤਾ ਦੀ ਇਹ ਤਾਲੀਮ ਜੀਵਨ ਵਿਚ ਪੱਕੀ ਹੋ ਕੇ ਸਾਰੇ ਜੀਵਨ ਨੂੰ ਇਸ ਰੰਗ ਵਿਚ ਹੀ ਰੰਗ ਦੇਵੇਗੀ।
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥