ਕੋਈ ਵੀ ਯਕੀਨ ਨਾਲ ਮੇਰੀ ਸਹੀ ਜਨਮ ਤੀਰਕ ਨਹੀਂ ਦੱਸ ਸਕਦਾ, ਭਾਵੇਂਕਿ ਕਈਆਂ ਨੂੰ ਪਤਾ ਹੈ ਕਿ ਮੇਰੀ ਜਾਨ ਕਿਸ ਦਿਨ ਬਚੀ ਸੀ – 2 ਅਕਤੂਬਰ 1992 ਨੂੰ। ਇਹ ਉਹੀ ਦਿਨ ਸੀ ਜਿਸ ਦਿਨ ਮੇਰੇ ਮਾਪੇ ‘ਪੁਲਿਸ ਮੁਕਾਬਲੇ’ ਵਿਚ ਮਾਰ ਦਿੱਤੇ ਗਏ ਸਨ ਤੇ ਮੇਰੇ ਮਾਪਿਆਂ ਦੇ ਕਾਤਲ ਇੰਨੇ ‘ਦਿਆਲੂ’ ਸਨ ਕਿ ਉਨ੍ਹਾਂ ਮੇਰੀ ਜਾਨ ਬਖਸ਼ ਦਿੱਤੀ। ਆਖਿਰ, ਇਕ ਛੋਟੀ ਬੱਚੀ ਤੋਂ ਉਨ੍ਹਾਂ ਨੂੰ ਕੀ ਖਤਰਾ ਹੋ ਸਕਦਾ ਸੀ?
ਮੈਂ ਅੰਮ੍ਰਿਤਸਰ ਜਿਲ੍ਹੇ ਦੀ ਖਡੂਰ ਸਾਹਿਬ ਤਹਿਸੀਲ ਵਿੱਚ ਪੈਂਦੇ ਨਾਗੋਕੇ ਪਿੰਡ ਵਿੱਚ ਵੱਡੀ ਹੋਈ। 12 ਸਾਲ ਦੀ ਉਮਰ ਤੱਕ ਮੈਂ ਇਹੀ ਸਮਝਦੀ ਸੀ ਕਿ ਮੇਰੇ ਚਾਚੀ-ਚਾਚਾ ਹੀ ਮੇਰੇ ਮਾਂ-ਪਿਉ ਹਨ। ਘਰ ਦੀ ਕੰਧ ਉੱਤੇ ਮੇਰੇ ਪਿਤਾ ਜੀ ਦੀ ਤਸਵੀਰ ਲੱਗੀ ਹੁੰਦੀ ਸੀ ਪਰ ਮੈਨੂੰ ਇਹੀ ਦੱਸਿਆ ਗਿਆ ਸੀ ਕਿ ਉਹ ਮੇਰੇ ਤਇਆ ਜੀ ਸਨ। ਮੇਰੇ ਕੋਲ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ।
12 ਸਾਲ ਦੀ ਉਮਰ ਵਿਚ ਮੈਨੂੰ ਗੁਰੂਆਸਰਾ (ਮੋਹਾਲੀ) ਵਿਖੇ ਭੇਜ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਓਥੇ ਪੜ੍ਹਾਈ ਵਧੀਆ ਹੋਵੇਗੀ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਇਹ ਖਾਲਿਸਤਾਨ ਲਹਿਰ ਦੌਰਾਨ ਆਪਣੇ ਮਾਪਿਆਂ ਨੂੰ ਗਵਾਉਣ ਵਾਲੇ ਬੱਚਿਆਂ ਲਈ ਆਸਰਾ-ਘਰ ਸੀ। ਇੱਥੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸ਼ਹੀਦ ਕਿਹਾ ਜਾਂਦਾ ਸੀ। ਇੱਥੇ ਹੀ ਮੈਨੂੰ ਦੱਸਿਆ ਗਿਆ ਕਿ ਮੇਰੀ ਕਹਾਣੀ ਵੀ ਦੂਜੇ ਬੱਚਿਆਂ ਵਾਲੀ ਹੀ ਏ, ਤੇ ਉਦੋਂ ਮੈਂ ਬਹੁਤ ਰੋਈ ਸਾਂ।
ਮੇਰੀ ਮਾਂ ਕੌਣ ਸੀ? ਮੇਰੇ ਪਿਤਾ ਜੀ ਕੌਣ ਸਨ? ਉਨ੍ਹਾਂ ਨੂੰ ਕਿਉਂ ਮਾਰਿਆ ਗਿਆ? ਉਨ੍ਹਾਂ ਨੂੰ ਸ਼ਹੀਦ ਕਿਉਂ ਕਹਿੰਦੇ ਨੇ? ਅਜਿਹੇ ਕਈ ਸਵਾਲ ਮੇਰੇ ਦਿਮਾਗ ਵਿਚ ਘੁੰਮਦੇ ਰਹਿੰਦੇ। ਇਹ ਸਭ ਬੜਾ ਡਰਾਉਣਾ ਸੀ। ਅਕਸਰ ਰਾਤ ਨੂੰ ਮੇਰੀ ਸੁੱਤੀ ਪਈ ਦੀ ਜਾਗ ਖੁੱਲ੍ਹ ਜਾਂਦੀ ਤੇ ਮੈਂ ਮੁੜਕੇ ਨਾਲ ਭਿੱਜੀ ਹੁੰਦੀ ਸਾਂ। ਮੈਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੀਦੇ ਸਨ। ਮੈਂ ਸੱਚ ਤੱਕ ਪਹੁੰਚਣਾ ਚਾਹੁੰਦੀ ਸਾਂ।
ਮੇਰੇ ਮਾਪਿਆਂ ਦੀ ਮੌਤ ਬਾਰੇ ਕਈ ਭਾਂਤ ਦੀਆਂ ਗੱਲਾਂ ਚੱਲਦੀਆਂ ਸਨ। ਸਾਡੇ ਕਈ ਰਿਸ਼ਤੇਦਾਰ ਕਹਿੰਦੇ ਸਨ ਕਿ ਮੇਰੇ ਮਾਪਿਆਂ ਨੂੰ ਸਕੂਟਰ ਤੇ ਜਾਂਦਿਆਂ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਸੀ ਪਰ ਕੁਝ ਹੋਰਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੁਲਿਸ ਨੇ ਬੱਸ ਵਿਚੋਂ ਲਾਹਿਆ ਸੀ। ਕਈ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਕਿ ਪੁਲਿਸੀਆਂ ਨੇ ਮੇਰੇ ਮਾਂ-ਪਿਉ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਸੀ ਪਰ ਕੁਝ ਹੋਰਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਆਪੇ ਹੀ ਆਪਣੇ-ਆਪ ਨੂੰ ਖਤਮ ਲਿਆ ਸੀ। ਮੇਰੇ ਪਰਵਾਰ ਵਾਲਿਆਂ ਨੂੰ ਹੁਣ ਇਨ੍ਹਾਂ ਗੱਲਾਂ ਨਾਲ ਬਹੁਤਾ ਫਰਕ ਨਹੀਂ ਸੀ ਪੈਂਦਾ। ਉਨ੍ਹਾਂ ਲਈ ਮੇਰੇ ਮਾਪੇ ਬੱਸ ‘ਗਾਇਬ’ ਹੋ ਗਏ ਸਨ।
ਸਮਾਂ ਪਾ ਕੇ ਮੈਨੂੰ ਕੁਝ ਸਵਾਲਾਂ ਦੇ ਜਵਾਬ ਮਿਲਣ ਲੱਗੇ। ਮੇਰੇ ਪਿਤਾ ਜੀ, ਗੁਰਮੁਖ ਸਿੰਘ ਨਾਗੋਕੇ, ਇਕ ਬਿਜਲੀਕਾਰ ਸਨ ਅਤੇ ਨਾਗੋਕੇ ਪਿੰਡ ਵਿਚ ਉਨ੍ਹਾਂ ਦੀ ਇਕ ਨਿੱਕੀ ਜਿਹੀ ਦੁਕਾਨ ਸੀ। ਉਨ੍ਹਾਂ ਦਾ ਕਈ ਗਾਹਕਾਂ ਤੇ ਬਿਜਲੀ ਵਾਲੇ ਸਾਮਨ ਦੇ ਕਾਰੋਬਾਰ ਵਾਲਿਆਂ ਨਾਲ ਵਿਹਾਰ ਸੀ। ਉਨ੍ਹਾਂ ਦਿਨਾਂ ਵਿਚ ਕੋਈ ਵੀ ਆਪਣੀ ਨਿੱਜੀ ਕਿੜ੍ਹ ਕੱਢਣ ਲਈ ਦੂਜੇ ਨੂੰ ‘ਖਾਲਿਸਤਾਨੀ’ ਕਹਿ ਦਿੰਦਾ ਸੀ ਤੇ ਬੇਤਹਾਸ਼ਾ ਤਾਕਤਾਂ ਨਾਲ ਲੈਸ ਪੁਲਿਸ ਵਾਲੇ ਅਜਿਹੇ ਬੰਦਿਆਂ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰ ਹੁੰਦੇ ਸਨ।
ਕਿਸੇ ਨੇ ਮੰਦਭਾਵਨਾ ਤਹਿਤ ਮੇਰੇ ਪਿਤਾ ਜੀ ਖਿਲਾਫ ਸ਼ਿਕਾਇਤ ਕਰ ਦਿੱਤੀ ਕਿ ਉਹ ਖਾਲਿਸਤਾਨੀ ਲਹਿਰ ਨਾਲ ਸੰਬੰਧਤ ਸਨ। ਇਸ ਤੋਂ ਬਾਅਦ ਸਾਡੇ ਪਰਵਾਰ ਉੱਤੇ ਸਰੀਰਕ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ। ਤੇ ਇਹ ਤਸ਼ੱਦਦ ਇੰਨਾ ਵਧ ਗਿਆ ਕਿ ਮੇਰੇ ਪਿਤਾ ਜੀ ਨੇ ਘਰ-ਬਾਰ ਛੱਡ ਕੇ ਲਹਿਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। 1980ਵਿਆਂ ਦੇ ਅਖੀਰ ਤੱਕ ਉਹ ਪੁਲਿਸ ਨੂੰ ਝਕਾਨੀ ਦਿੰਦੇ ਰਹੇ ਤੇ ਉਨ੍ਹਾਂ ਨੂੰ ਖਾੜਕੂ ਕਿਹਾ ਜਾਣ ਲੱਗ ਪਿਆ।
ਮੇਰੇ ਪਿਤਾ ਜੀ ਦੀ ਇਸ ਕਾਰਵਾਈ ਦਾ ਸੇਕ ਸਾਡੇ ਪਰਵਾਰ ਨੂੰ ਝੱਲਣਾ ਪਿਆ। ਪਿਤਾ ਜੀ ਦੀ ਗੈਰਮੌਜੂਦਗੀ ਵਿਚ ਪੁਲਿਸ ਲਗਾਤਾਰ ਸਾਡੇ ਘਰ ਛਾਪੇ ਮਾਰਦੀ ਰਹੀ ਅਤੇ ਮੇਰੇ ਦਾਦਾ-ਦਾਦੀ, ਚਾਚਾ-ਚਾਚੀ ਤੇ ਹਰੋਨਾਂ ਰਿਸ਼ਤੇਦਾਰਾਂ ਨੂੰ ਸਰੀਰਕ ਤੇ ਮਾਨਸਿਕ ਤਸੀਹੇ ਦਿੰਦੀ ਰਹੀ। ਪੁਲਿਸ ਵਾਲੇ ਉਨ੍ਹਾਂ ਦੀ ਮਾਰਕੁੱਟ ਕਰਦੇ, ਗੱਡੀਆਂ ਪਿੱਛੇ ਬੰਨ ਕੇ ਘਸੀਟਦੇ ਅਤੇ ਠਾਣਿਆਂ-ਹਵਾਲਾਤਾਂ ਵਿਚ ਬੰਦ ਕਰੀ ਰੱਖਦੇ ਸਨ।
ਰੂਪੋਸ਼ੀ ਦੌਰਾਨ ਹੀ ਮੇਰੇ ਪਿਤਾ ਨੇ 1990 ਵਿਚ ਮੇਰੀ ਮਾਂ ਜਤਿੰਦਰ ਕੌਰ ਨਾਲ ਵਿਆਹ ਕਰਵਾਇਆ। ਮੇਰੀ ਮਾਂ ਆਪਣੀ ਪੜ੍ਹਾਈ ਪੂਰੀ ਕਰਕੇ ਬਿਜਲੀ ਮਹਿਕਮੇਂ ਵਿੱਚ ਨੌਕਰੀ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਵਿਆਹ ਤੋਂ ਬਾਅਦ ਉਹ ਵੀ ਮੇਰੇ ਪਿਤਾ ਨਾਲ ਬਿਨਾ ਕਿਸੇ ਪੱਕੇ ਥਾਂ-ਟਿਕਾਣੇ ਦੇ ਰੂਪੋਸ਼ ਜਿੰਦਗੀ ਜਿਓਣ ਲਈ ਮਜਬੂਰ ਹੋ ਗਈ। ਮੇਰੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਮੇਰੇ ਮਾਂ-ਪਿਉ ਨੂੰ ਪੁਲਿਸ ਨੇ ਲੁਧਿਆਣੇ ਜਿਲ੍ਹੇ ਦੇ ਚੱਕਮਾਫੀ ਪਿੰਡ ਵਿਚੋਂ ਚੁੱਕ ਲਿਆ ਅਤੇ ਲੁਧਿਆਣੇ ਦੇ ਪੁਲਿਸ ਮੁਖੀ ਰਾਜ ਕਿਸ਼ਨ ਬੇਦੀ ਦੇ ਘਰ ਲੈ ਗਏ। ਪੁਲਿਸ ਨੂੰ ਉਨ੍ਹਾਂ ਬਾਰੇ ਜਾਣਕਾਰੀ ਗੁਰਮੀਤ ਸਿੰਘ ਉਰਫ ਪਿੰਕੀ ਕੈਟ ਨੇ ਦਿੱਤੀ ਸੀ।
ਕਿਸੇ ਨੂੰ ਵੀ ਨਹੀਂ ਪਤਾ ਕਿ ਆਖਿਰ ਉਨ੍ਹਾਂ ਨਾਲ ਕੀ ਹੋਇਆ ਬੱਸ ਇੰਨਾ ਪਤਾ ਹੈ ਕਿ ਕੁਝ ਦਿਨ ਬਾਅਦ ਅਖਬਾਰਾਂ ਵਿਚ ਇਕ ਇਸ਼ਤਿਹਾਰ ਲੱਗਾ ਜਿਸ ਵਿਚ ਲੋਕਾਂ ਨੂੰ ਖੰਨੇ ਤੋਂ ਗੁਰਮੁਖ ਸਿੰਘ ਨਾਗੋਕੇ ਦੀ ਬੱਚੀ ਲੈ ਜਾਣ ਲਈ ਕਿਹਾ ਗਿਆ ਸੀ। ਮੇਰੇ ਚਾਚਾ ਜੀ ਸਾਡੇ ਪਿੰਡ ਦੇ ਸਰਪੰਚ ਨੂੰ ਨਾਲ ਲਿਜਾ ਕੇ ਮੈਨੂੰ ਲੈ ਆਏ।
ਤਿੰਨ ਸਾਲ ਪਹਿਲਾਂ ਮੈਂ ਆਪਣੇ ਮਾਪਿਆਂ ਦੀ ਮੌਤ ਲਈ ਜਿੰਮੇਵਾਰ ਬੰਦੇ ਨੂੰ ਵੇਖਿਆ। ਖਬਰਾਂ ਵਾਲਿਆਂ ਵੱਲੋਂ ‘ਮੁਕਾਬਲਿਆਂ ਦੇ ਮਾਹਰ’ ਗੁਰਮੀਤ ਸਿੰਘ ਪਿੰਕੀ ਕੈਟ ਨਾਲ ਕੀਤੀ ਗਈ ਮੁਲਾਕਾਤ ਵਿਚ ਉਹਨੇ ਪੰਜਾਬ ਵਿਚਲੇ ਝੂਠੇ ਮੁਕਾਬਲਿਆਂ ਬਾਰੇ ਗੱਲਬਾਤ ਕੀਤੀ ਸੀ। ਉਸ ਨੇ ਕਿਹਾ ਕਿ ‘ਕੈਟ’ ਤੋਂ ਭਾਵ ਸੀ ‘ਕਨਸੀਲਡ ਐਪਰੀਹੈਨਸ਼ਨ ਟਕਨੀਕਸ’, ਜਿਹੜੀ ਕਿ ਖਾੜਕੂ ਲਹਿਰ ਵੇਲੇ ਪੁਲਿਸ ਸਫਾਂ ਵਿਚ ਬਹੁਤ ਮਕਬੂਲ ਸੀ। ਉਸਨੇ ਕਿਹਾ ਕਿ ਉਦੋਂ ਕਿਸੇ ਨੂੰ ਵੀ ਚੁੱਕ ਲਿਆ ਜਾਂਦਾ ਸੀ, ਹਿਰਾਸਤ ਵਿਚ ਤਸ਼ੱਦਦ ਕੀਤਾ ਜਾਂਦਾ ਸੀ, ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਜ਼ਬਰੀ ਉਨ੍ਹਾਂ ਦੇ ਮੂੰਹ ਵਿਚ ਪੋਟਾਸ਼ੀਅਮ ਸਾਈਨਾਈਡ ਨਾਮੀ ਜ਼ਹਿਰ ਪਾ ਕੇ ਮਾਰ ਦਿੱਤਾ ਜਾਂਦਾ ਸੀ ਤੇ ਉਸ ਮੌਤ ਨੂੰ ਖੁਦਕੁਸ਼ੀ ਬਣਾ ਦਿੱਤਾ ਜਾਂਦਾ ਸੀ।
ਮੇਰੇ ਮਾਪਿਆਂ ਦੇ ਮਾਰੇ ਜਾਣ ਤੋਂ ਦੋ ਸਾਲ ਬਾਅਦ ਤੱਕ ਵੀ ਪੁਲਿਸ ਵਾਲੇ ਸਾਡੇ ਪਰਵਾਰ ਨੂੰ ਤੰਗ-ਪਰੇਸ਼ਾਨ ਕਰਦੇ ਰਹੇ। ਮੇਰੇ ਰਿਸ਼ਤੇਦਾਰ, ਜਿੰਨ੍ਹਾਂ ਦਾ ਕਿ ਖਾਲਿਸਤਾਨ ਦੀ ਲਹਿਰ ਨਾਲ ਵਾਹ-ਵਾਸਤਾ ਵੀ ਨਹੀਂ ਸੀ, ਉਨ੍ਹਾਂ ਦੀ ਵੀ ਪੁੱਛ-ਗਿੱਛ ਕੀਤੀ ਜਾਂਦੀ ਰਹੀ, ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ ਤੇ ਉਨ੍ਹਾਂ ਉੱਤੇ ਤਸ਼ੱਦਦ ਹੁੰਦਾ ਰਿਹਾ। ਸਾਡੇ ਘਰ ਨਿੱਤ ਪੁਲਿਸ ਦੇ ਛਾਪੇ ਪੈਂਦੇ ਸਨ। ਪਤਾ ਨਹੀਂ ਸਾਡਾ ਪਰਵਾਰ ਬਚਿਆ ਕਿਵੇਂ ਰਿਹਾ।
ਹੁਣ ਮੇਰਾ ਵਿਆਹ ਹੋ ਚੁੱਕਾ ਹੈ। ਮੈਨੂੰ ਨਵਾਂ ਘਰ ਤੇ ਚੰਗਾ ਸਨੇਹ ਵਾਲਾ ਪਰਵਾਰ ਮਿਲ ਗਿਆ ਹੈ। ਮੈਨੂੰ ਮੁਆਵਜ਼ਾ ਨਹੀਂ ਚਾਹੀਦਾ। ਮੈਨੂੰ ਸਰਕਾਰੀ ਨੌਕਰੀ ਵੀ ਨਹੀਂ ਚਾਹੀਦੀ। ਮੈਂ ਸਿਰਫ ਇਹ ਜਾਨਣਾ ਚਾਹੁੰਦੀ ਹਾਂ ਕਿ ਮੇਰੇ ਮਾਂ-ਪਿਉਂ ਕਿਵੇਂ ‘ਲਾਪਤਾ’ ਹੋ ਗਏ ਸਨ? ਕੀ ਮੇਰੇ ਪਿਤਾ ਖਿਲਾਫ ਕਿਸੇ ਜੁਰਮ ਬਾਬਤ ਕੋਈ ਇਤਲਾਹ ਜਾਂ ਮਾਮਲਾ ਦਰਜ਼ ਸੀ? ਜੇਕਰ ਸੀ ਤਾਂ ਉਸ ਖਿਲਾਫ ਅਦਾਲਤ ਵਿਚ ਮੁਕਦਮਾ ਚੱਲਣਾ ਚਾਹੀਦਾ ਸੀ ਨਾ ਕਿ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਮਾਰ ਦਿੱਤਾ ਜਾਣਾ ਚਾਹੀਦਾ ਸੀ। ਅਤੇ ਮੇਰੀ ਮਾਂ ਦਾ ਕੀ ਕਸੂਰ ਸੀ? ਮੈਨੂੰ ਆਪਣਾ ਬਚਪਨ ਮਾਪਿਆਂ ਲਈ ਵਿਲਕਦਿਆਂ ਕਿਉਂ ਗੁਜ਼ਾਰਨਾ ਪਿਆ? ਮੈਂ ਇਸੇ ਸੋਚ ਵਿਚ ਹੀ ਜਿਉਂ ਰਹੀਂ ਹਾਂ ਅਤੇ ਮੈਨੂੰ ਸਰਕਾਰ ਕੋਲੋਂ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ।