ਲੰਗਰ ਰਸਦ ”ਤੇ ਲੱਗੇ ਜੀ.ਐੱਸ.ਟੀ. ਦੀ ਪਹਿਲੀ ਕਿਸ਼ਤ 57 ਲੱਖ ਰੁਪਏ ਹੋਏ ਵਾਪਸ

ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਐੱਨ.ਡੀ.ਏ. ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਇਸਤੇਮਾਲ ਹੁੰਦੀ ਸਮੱਗਰੀ ‘ਤੇ ਲੱਗੇ ਜੀ.ਐੱਸ.ਟੀ. ਨੂੰ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਸਿੱਖਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਲੁਧਿਆਣਾ ਦੀ ਜੀ.ਐੱਸ.ਟੀ. ਅਥਾਰਟੀ ਨੂੰ 57 ਲੱਖ ਰੁਪਏ ਜੀ.ਐੱਸ.ਟੀ. ਦੀ ਰਾਸ਼ੀ ਰੀਫੰਡ ਕਰ ਦਿੱਤੀ ਹੈ, ਜੋ ਕਿ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇਗੀ। ਇਹ ਜੀ.ਐੱਸ.ਟੀ. ਰੀਫੰਡ ਦੀ ਪਹਿਲੀ ਕਿਸ਼ਤ ਹੈ ਅਤੇ ਇਸ ਤੋਂ ਬਾਅਦ ਇਹ ਰੀਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਮੁੱਦੇ ਨੂੰ ਸਿੱਖਾਂ ਦੀ ਤਸੱਲੀ ਮੁਤਾਬਿਕ ਹੱਲ ਕੀਤਾ ਹੈ।
ਇਥੇ ਦੱਸਣਯੋਗ ਹੈ ਕਿ ਪਿਛਲੀ ਐਨ.ਡੀ.ਏ. ਸਰਕਾਰ ਨੇ ‘ਸੇਵਾ ਭੋਜ ਯੋਜਨਾ’ ਤਹਿਤ ਵਿੱਤੀ ਮੱਦਦ ਦੇ ਕੇ ਲੰਗਰ ਰਸਦ ਨੂੰ ਜੀ.ਐਸ.ਟੀ. ਤੋਂ ਛੋਟ ਦੇਣ ਦਾ ਫੈਸਲਾ ਕੀਤਾ ਸੀ। ਇਹ ਸਕੀਮ ਤਹਿਤ ਗੁਰਦੁਆਰਿਆਂ ਅਤੇ ਲੰਗਰ ਛਕਾਉਣ ਵਾਲੀਆਂ ਹੋਰ ਧਾਰਮਿਕ ਸੰਸਥਾਵਾਂ ‘ਤੇ ਲੱਗਣ ਵਾਲੇ ਕੇਂਦਰੀ ਜੀ.ਐਸ.ਟੀ. ਅਤੇ ਆਈ.ਜੀ.ਐਸ.ਟੀ. ਨੂੰ ਵਾਪਸ ਮੋੜਣ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ 2018 ਵਿਚ ਹਰਸਿਮਰਤ ਨੇ ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਅੰਦਰ ਲੰਗਰ ਤਿਆਰ ਕਰਨ ਲਈ ਇਸਤੇਮਾਲ ਹੁੰਦੀ ਰਸਦ ਉਪਰੋਂ ਜੀ.ਐਸ.ਟੀ. ਹਟਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਬਹੁਤ ਜਲਦੀ ਸਵੀਕਾਰ ਕਰ ਲਿਆ ਗਿਆ ਸੀ ਅਤੇ ਇਸ ਵਾਸਤੇ ਸੇਵਾ ਭੋਜ ਯੋਜਨਾ ਤਿਆਰ ਕੀਤੀ ਗਈ ਸੀ।

Leave a Reply

Your email address will not be published. Required fields are marked *