ਲੌਕਡਾਊਨ ਵਧਣ ਦੇ ਆਸਾਰ, CMs ਨਾਲ ਮੀਟਿੰਗ ਪਿੱਛੋਂ ਫ਼ੈਸਲਾ ਲੈਣਗੇ PM ਮੋਦੀ

ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 7,447 ਤੱਕ ਪੁੱਜ ਗਈ ਹੈ ਤੇ ਇਹ ਘਾਤਕ ਵਾਇਰਸ ਹੁਣ ਤੱਕ ਦੇਸ਼ ’ਚ 239 ਮਨੁੱਖੀ ਜਾਨਾਂ ਲੈ ਚੁੱਕਾ ਹੈ। ਦੇਸ਼ ’ਚ ਇਸ ਵੇਲੇ ਕੋਰੋਨਾ ਵਾਇਰਸ ਕਾਰਨ 21 ਦਿਨਾਂ ਦਾ ਲੌਕਡਾਊਨ ਲਾਗੂ ਹੈ। ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਅੱਜ ਵਿਡੀਓ–ਕਾਨਫ਼ਰੰਸਿੰਗ ਰਾਹੀਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ (CMs) ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਤੇ ਉੱਪ–ਰਾਜਪਾਲਾਂ ਨਾਲ ਵਿਚਾਰ–ਵਟਾਂਦਰਾ ਕਰਨਗੇ। ਇਸ ਮੀਟਿੰਗ ਤੋਂ ਬਾਅਦ ਹੀ ਐਲਾਨ ਹੋਵੇਗਾ ਕਿ ਕੀ ਲੌਕਡਾਊਨ ਨੂੰ ਦੇਸ਼ ’ਚ ਹੋਰ ਅੱਗੇ ਵਧਾਉਣਾ ਚਾਹੀਦਾ ਹੈ ਕਿ ਨਹੀਂ।

ਸ੍ਰੀ ਮੋਦੀ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫ਼ਿਊ ਤੇ ਲੌਕਡਾਊਨ ਆਉਂਦੀ 1 ਮਈ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਕੱਲ੍ਹ ਸ਼ਾਮ ਤੱਕ ਵਧ ਕੇ 151 ਹੋ ਗਈ ਸੀ ਤੇ ਹੁਣ ਤੱਕ ਇਹ ਵਾਇਰਸ ਇਸ ਸੂਬੇ ’ਚ 12 ਜਾਨਾਂ ਲੈ ਚੁੱਕਾ ਹੈ।

ਕੋਰੋਨਾ ਵਾਇਰਸ ਦੀ ਛੂਤ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਦੇਸ਼–ਪੱਧਰੀ ਲੌਕਡਾਊਨ ਨੂੰ ਦੋ ਹੋਰ ਹਫ਼ਤਿਆਂ ਲਈ ਵਧਾਏ ਜਾਣ ਦੇ ਸੰਕੇਤਾਂ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ 21 ਦਿਨਾਂ ਦੇ ਲੌਕਡਾਊਨ ਬਾਰੇ ਰਾਜ ਸਰਕਾਰਾਂ ਤੋਂ ਸੁਝਾਅ ਮੰਗੇ ਹਨ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹਾਲੇ ਤੱਕ ਭਾਰਤ ਵਿੱਚ ਵੱਖੋ–ਵੱਖਰੇ ਭਾਈਚਾਰਿਆਂ ਤੇ ਸਮੂਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਵਿਡ–19 ਛੂਤ ਨਹੀਂ ਫੈਲ ਰਹੀ ਹੈ, ਜਦ ਕਿ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਦੇਸ਼ ਨੂੰ ਕਲੱਸਟਰ ਕੇਸਜ਼ ਨਾਂਅ ਦੀ ਸ਼੍ਰੇਣੀ ਵਿੱਚ ਰੱਖਿਆ ਹੈ।

ਦੇਰ ਸ਼ਾਮੀਂ ਵਿਸ਼ਵ ਸਿਹਤ ਸੰਗਠਨ ਭਾਵ WHO ਨੇ ਕਿਹਾ ਕਿ ਮਹਾਮਾਰੀ ਰੋਕਣ ਲਈ ਲਾਈਆਂ ਪਾਬੰਦੀਆਂ ਨੂੰ ਕਾਹਲ਼ੀ ਵਿੱਚ ਹਟਾਉਣ ਨਾਲ ਇਹ ਜਾਨਲੇਵਾ ਵਾਇਰਸ ਮੁੜ ਆਪਣਾ ਕਹਿਰ ਵਧਾ ਸਕਦਾ ਹੈ।

ਪਿਛਲੇ ਵਰ੍ਹੇ ਦਸੰਬਰ ’ਚ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ 17 ਲੱਖ ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਦਾ ਇਲਾਜ ਦੁਨੀਆ ਦੇ ਵੱਖੋ–ਵੱਖਰੇ ਹਸਪਤਾਲਾਂ ’ਚ ਹੋ ਰਿਹਾ ਹੈ।

ਮਹਾਰਾਸ਼ਟਰ, ਤਾਮਿਲ ਨਾਡੂ, ਜੰਮੂ–ਕਸ਼ਮੀਰ ਤੇ ਉੱਤਰ ਪ੍ਰਦੇਸ਼ ਜਿਹੇ ਕਈ ਰਾਜਾਂ ’ਚ ਕੋਵਿਡ–19 ਦੀ ਛੂਤ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।

Leave a Reply

Your email address will not be published. Required fields are marked *