ਲਵ-ਮੈਰਿਜ ਦਾ ਖੌਫਨਾਕ ਅੰਤ, ਮੁੰਡੇ ਨੇ ਅੱਗ ਲਗਾ ਦਿੱਤੀ ਜਾਨ

ਨਵਾਂਸ਼ਹਿਰ: ਕੁੜੀ ਨਾਲ ਲਵ-ਮੈਰਿਜ ਕਰਨ ਵਾਲੇ ਨੌਜਵਾਨ ਵਲੋਂ ਕੁੜੀ ਦੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਸ ਨੇ ਇਕ ਵਿਅਕਤੀ ਖਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਤੀ 1 ਫਰਵਰੀ ਨੂੰ ਉਸ ਦਾ ਲੜਕਾ ਅਮਨਦੀਪ ਕੁਮਾਰ (24) ਕਰੀਬ 2-3 ਦਿਨ ਬਾਅਦ ਘਰ ਆਇਆ ਸੀ। ਰਾਤ ਕਰੀਬ ਸਵਾ 10 ਵਜੇ ਉਸ ਦੇ ਲੜਕੇ ਦੀਆਂ ਚੀਕਾਂ ਦੀ ਆਵਾਜ਼ ਆਉਣ ‘ਤੇ ਜਦੋਂ ਉਸ ਨੇ ਦੇਖਿਆ ਤਾਂ ਉਸ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਬੁਝਾ ਕੇ ਉਹ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਲੈ ਗਏ, ਜਿੱਥੇ ਉਸ ਨੂੰ ਪੀ.ਜੀ.ਆਈ. ਲਈ ਰੈਫਰ ਕਰ ਦਿੱਤਾ ਸੀ ਅਤੇ ਉੱਥੇ ਉਸ ਦੀ 8 ਫਰਵਰੀ ਨੂੰ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਦੱਸਿਆ ਸੀ ਕਿ ਕਰੀਬ 4 ਮਹੀਨੇ ਪਹਿਲਾਂ ਉਸ ਨੇ ਪਿੰਡ ਦੀ ਹੀ ਇਕ ਲੜਕੀ ਨਾਲ ਫਗਵਾੜਾ ਦੇ ਧਾਰਮਕ ਸਥਾਨ’ਤੇ ਵਿਆਹ ਕਰ ਲਿਆ ਸੀ। ਜਿਸ ਉਪਰੰਤ ਲੜਕੀ ਆਪਣੇ ਹੀ ਘਰ ‘ਚ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਇਸ ਗੱਲ ਸਬੰਧੀ ਪਿੰਡ ‘ਚ ਪਤਾ ਲੱਗ ਗਿਆ ਅਤੇ ਇਸ ਉਪਰੰਤ ਲੜਕੀ ਦੇ ਪਰਿਵਾਰ ਵਾਲਿਆਂ ਵਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਨੇ ਖੁਦ ਨੂੰ ਅੱਗ ਲਗਾ ਲਈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਮ੍ਰਿਤਕ ਵਲੋਂ ਡਿਊਟੀ ਮੈਜਿਸਟ੍ਰੇਟ ਨੂੰ ਦਿੱਤੇ ਬਿਆਨਾਂ ਅਤੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਰੋਹਿਤ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *